image caption:

ਰਿਹਾਅ ਕੀਤੇ ਜਾਣ ਵਾਲੇ ਸਿੱਖ ਕੈਦੀਆਂ ਵਿਚੋਂ ਪੰਜ ਪਹਿਲਾਂ ਹੀ ਜੇਲ੍ਹ ਵਿਚੋਂ ਬਾਹਰ

ਚੰਡੀਗੜ੍ਹ-  ਕੇਂਦਰ ਸਰਕਾਰ ਵਲੋਂ ਟਾਡਾ ਅਧੀਨ ਜੇਲ੍ਹ ਵਿਚ ਬੰਦ 8 ਸਿੱਖ ਕੈਦੀਆਂ ਦੀ ਰਿਹਾਈ ਦੇ ਫੈਸਲੇ ਦਾ ਸਿਹਰਾ ਲੈਣ ਲਈ ਭਾਵੇਂ ਕਿ ਸੂਬੇ ਦੀ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਦੌੜ ਲੱਗੀ ਹੋਈ ਹੈ। ਪਰ ਅਸਲ ਵਿਚ ਇਨ੍ਹਾਂ ਕੈਦੀਆਂ ਵਿਚੋਂ 5 ਪਹਿਲਾਂ ਹੀ ਜੇਲ੍ਹ ਵਿਚੋਂ ਬਾਹਰ ਹਨ ਅਤੇ ਇੱਕ ਕੈਦੀ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਪਿਛਲੇ ਸਾਲ ਫਿਰੋਜ਼ਪੁਰ ਦੇ ਸਵਰਨ ਸਿੰਘ, ਅੰਮ੍ਰਿਤਸਰ ਵਾਸੀ ਹਰਦੀਪ ਸਿੰਘ, ਵਰਿਆਮ ਸਿੰਘ ਜੋ ਕਿ ਉਤਰ ਪ੍ਰਦੇਸ਼ ਦੀ ਬਾਂਸ ਬਰੇਲੀ ਜੇਲ੍ਹ ਵਿਚ ਬੰਦ ਸਨ ਅਤੇ ਨਾਭਾ ਜੇਲ੍ਹ ਵਿਚ ਬੰਦ ਪਾਤੜਾਂ ਵਾਸੀ ਦਿਲਬਾਗ ਸਿੰਘ ਨੂੰ ਰਿਹਾਅ ਕਰ ਦਿੱਤਾ ਸੀ। ਜਨਵਰੀ 2016 ਵਿਚ ਰਿਹਾਅ ਕੀਤੇ ਅਜਨਾਲਾ ਵਾਸੀ ਬਲ ਸਿੰਘ ਦੀ ਮੌਤ ਹੋ  ਚੁੱਕੀ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਹੈ, ਉਨ੍ਹਾਂ ਬਾਰੇ ਸੂਚੀ ਅਜੇ ਮਿਲਣੀ ਹੈ। ਪਹਿਲਾਂ ਹੀ ਰਿਹਾਅ ਹੋ ਚੁੱਕੇ ਕੈਦੀਆਂ ਦੇ ਨਾਂ ਸੂਚੀ ਵਿਚ ਸ਼ਾਮਲ ਹੋਣ ਬਾਰੇ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਸਰਕਾਰ ਨੇ ਕੈਦੀਆਂ ਦੀ ਸੂਚੀ ਨੂੰ ਅਪਡੇਟ ਨਹੀਂ ਕੀਤਾ।