image caption:

ਕੈਨੇਡਾ ਦੇ ਸ਼ਹਿਰਾਂ ਨੂੰ ਮਿਲੇਗਾ ਪ੍ਰਵਾਸੀਆਂ ਨੂੰ ਸੱਦਣ ਦਾ ਅਧਿਕਾਰ

ਮਿਊਂਸਪਲ ਨੌਮਿਨੀ ਪ੍ਰੋਗਰਾਮ ਸ਼ੁਰੂ ਕਰੇਗੀ ਲਿਬਰਲ ਪਾਰਟੀ
ਟੋਰਾਂਟੋ,-  ਲਿਬਰਲ ਪਾਰਟੀ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਨਵੇਂ ਮਿਊਂਸਪਲ ਨੌਮਿਨੀ ਪ੍ਰੋਗਰਾਮ ਦੀ ਸਿਰਜਣਾ ਕੀਤੀ ਜਾਵੇਗੀ ਅਤੇ ਕੈਨੇਡਾ ਦੇ ਸ਼ਹਿਰਾਂ ਤੇ ਕਸਬਿਆ ਲਈ ਨਵੇਂ ਪ੍ਰਵਾਸੀਆਂ ਨੂੰ ਆਕਰਸ਼ਤ ਕਰਨਾ ਸੌਖਾ ਹੋ ਜਾਵੇਗਾ। ਲਿਬਰਲ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਮਿਊਂਸਪਲ ਨੌਮਿਨੀ ਪ੍ਰੋਗਰਾਮ ਤਹਿਤ ਹਰ ਸਾਲ ਘੱਟੋ-ਘੱਟ 5 ਹਜ਼ਾਰ ਨਵੇਂ ਪ੍ਰਵਾਸੀ ਕੈਨੇਡਾ ਸੱਦੇ ਜਾਣਗੇ। ਦੱਸ ਦੇਈਏ ਕਿ ਕੈਨੇਡਾ ਦੇ ਕਈ ਸ਼ਹਿਰ ਅਜਿਹੇ ਹਨ ਜਿਨਾਂ ਦੀ ਆਬਾਦੀ ਵਿਚ ਤੇਜ਼ ਵਾਧਾ ਨਹੀਂ ਹੋ ਰਿਹਾ ਜਦਕਿ ਨਵੇਂ ਨਿਯਮਾਂ ਰਾਹੀਂ ਉਨਾਂ ਨੂੰ ਇੰਮੀਗ੍ਰੇਸ਼ਨ ਖੇਤਰ ਵਿਚ ਵਧੇਰੇ ਅਧਿਕਾਰ ਮਿਲਣਗੇ ਅਤੇ ਮਿਊਂਸਪੈਲਟੀਜ਼ ਆਪਣੀ ਮਰਜ਼ੀ ਮੁਤਾਬਕ ਨਵੇਂ ਪ੍ਰਵਾਸੀਆਂ ਨੂੰ ਸੱਦ ਸਕਣਗੀਆਂ। ਲਿਬਰਲ ਪਾਰਟੀ ਨੇ 2017 ਵਿਚ ਸ਼ੁਰੂ ਹੋਏ ਐਟਲਾਂਟਿਕ ਇੰਮੀਗ੍ਰੇਸ਼ਨ ਪਾਇਲਟ ਪ੍ਰਾਜੈਕਟ ਨੂੰ ਵੀ ਪੱਕੇ ਤੌਰ 'ਤੇ ਚਲਾਉਣ ਦਾ ਵਾਅਦਾ ਕੀਤਾ ਹੈ ਜਿਸ ਰਾਹੀਂ 5 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਕੈਨੇਡਾ ਦੇ ਘੱਟ ਆਬਾਦੀ ਵਾਲੇ ਰਾਜਾਂ ਵਿਚ ਵਸਾਇਆ ਜਾ ਸਕੇਗਾ। ਲਿਬਰਲ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਨਾਲ ਕੈਨੇਡਾ ਦੀਆਂ ਮਿਊਂਸਪੈਲਟੀਜ਼ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਹਾਲਾਂਕਿ ਮਿਊਂਸਪਲ ਨੌਮਿਨੀ ਪ੍ਰੋਗਰਾਮ ਨੂੰ ਸੰਚਾਲਤ ਕਰਨ ਦੇ ਤਰੀਕਿਆਂ ਉਪਰ ਚਾਨਣਾ ਨਹੀਂ ਪਾਇਆ ਗਿਆ ਪਰ ਲਿਬਰਲ ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਤੌਰ-ਤਰੀਕਿਆਂ ਬਾਰੇ ਭਵਿੱਖ ਵਿਚ ਫ਼ੈਸਲਾ ਲਿਆ ਜਾਵੇਗਾ ਅਤੇ ਇਸ ਪ੍ਰੋਗਰਾਮ ਦਾ ਘੇਰਾ ਹੋਰ ਵੀ ਵਧਾਇਆ ਜਾ ਸਕਦਾ ਹੈ। ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਦੇ ਸਾਬਕਾ ਇੰਮੀਗ੍ਰੇਸ਼ਨ ਰਿਸਰਚਰ ਕਰੀਮ ਅਲ-ਅਸਲ ਦਾ ਕਹਿਣਾ ਸੀ ਕਿ ਛੋਟੇ ਅੰਕੜੇ ਤੋਂ ਸ਼ੁਰੂਆਤ ਬਿਹਤਰ ਕਦਮ ਸਾਬਤ ਹੋਵੇਗਾ ਅਤੇ ਸਮੇਂ ਦੇ ਨਾਲ-ਨਾਲ ਮਿਊਂਸਪਲ ਨੌਮਿਨੀ ਪ੍ਰੋਗਰਾਮ ਅਧੀਨ ਕੈਨੇਡਾ ਸੱਦੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ।