image caption:

ਸੇਵਾ ਮੁਕਤ ਅਫਸਰਾਂ ਨੇ ਪ੍ਰਧਾਨ ਮੰਤਰੀ ਵੱਲ ਪੱਤਰ ਲਿਖ ਕੇ ਰੋਸ ਜ਼ਾਹਰ ਕੀਤਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 71 ਸੇਵਾ ਮੁਕਤ ਅਫਸਰਾਂ ਨੇ ਪੱਤਰ ਲਿਖ ਕੇ ਵਿੱਤ ਮੰਤਰਾਲੇ ਦੇ ਚਾਰ ਸੇਵਾ ਮੁਕਤ ਅਫਸਰਾਂ ਉੱਤੇ ਆਈ ਐੱਨ ਐਕਸ ਮੀਡੀਆ ਮਾਮਲੇ 'ਚ ਕੇਸ ਦਰਜ ਕੀਤੇ ਜਾਣ ਉੱਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਇਮਾਨਦਾਰ ਅਫਸਰਾਂ ਦਾ ਹੌਸਲਾ ਢਹੇਗਾ ਤੇ ਉਹ ਕੋਈ ਵੀ ਅਹਿਮ ਕਾਰਵਾਈ ਕਰਨ ਤੋਂ ਪਰਹੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਤਰਕ ਸੰਗਤ ਸਮਾਂ ਲਾਜ਼ਮੀ ਹੋਣਾ ਚਾਹੀਦਾ ਹੈ ਜਿਸ ਮਗਰੋਂ ਕੋਈ ਫਾਈਲ ਦੁਬਾਰਾ ਖੋਲ੍ਹੀ ਜਾ ਸਕੇ।
ਆਪਣੀ ਕਿਸਮ ਦੇ ਇਸ ਪੱਤਰ ਉਤੇ ਸਾਬਕਾ ਕੈਬਨਿਟ ਸਕੱਤਰ ਕੇ ਐੱਮ ਚੰਦਰਸ਼ੇਖਰ, ਸਾਬਕਾ ਵਿਦੇਸ਼ ਸਕੱਤਰ ਅਤੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੈਨਨ, ਸਾਬਕਾ ਵਿੱਤ ਸਕੱਤਰ ਸੁਜਾਤਾ ਸਿੰਘ ਅਤੇ ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਜੂਲੀਓ ਰਿਬੇਰੋ ਵਰਗੇ ਸੇਵਾ ਮੁਕਤ ਅਫਸਰਾਂ ਨੇ ਦਸਖਤ ਕੀਤੇ ਹਨ। ਇਨ੍ਹਾਂ ਸਾਬਕਾ ਅਫਸਰਾਂ ਨੇ ਸਿਰਫ ਸਿਆਸੀ ਲਾਹਾ ਲੈਣ ਲਈ ਕੁਝ ਚੋਣਵੇਂ ਸੇਵਾਮੁਕਤ ਅਤੇ ਮੌਜੂਦਾ ਅਫਸਰਾਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਨ੍ਹਾਂ ਅਫਸਰਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਸਰਕਾਰ ਨੇ ਨੀਤੀ ਆਯੋਗ ਦੇ ਇੱਕ ਸਾਬਕਾ ਸੀ ਈ ਓ ਸਿੰਧੂਸ੍ਰੀ ਕੁੱਲਰ, ਛੋਟੇ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਸਾਬਕਾ ਸਕੱਤਰ ਅਨੂਪ ਕੇ ਪੁਜਾਰੀ, ਵਿੱਤ ਮੰਤਰਾਲੇ ਦੇ ਸਾਬਕਾ ਡਾਇਰੈਕਟਰ ਪ੍ਰਬੋਧ ਸਕਸੈਨਾ ਅਤੇ ਵਿੱਤੀ ਮਾਮਲਿਆਂ ਦੇ ਸਾਬਕਾ ਅੰਡਰ ਸੈਕਟਰੀ ਰਾਬਿੰਦਰ ਪ੍ਰਸਾਦ ਦੇ ਖਿਲਾਫ ਆਈ ਐੱਨ ਐਕਸ ਮੀਡੀਆ ਮਾਮਲੇ 'ਚ ਕੇਸ ਦਰਜ ਕਰਨ ਦੀ ਸੀ ਬੀ ਆਈ ਨੂੰ ਇਜਾਜ਼ਤ ਦਿੱਤੀ ਸੀ। ਇਨ੍ਹਾਂ ਅਫਸਰਾਂ ਨੇ ਸਰਕਾਰ 'ਤੇ ਸਿਆਸੀ ਲਾਹਾ ਲੈਣ ਲਈ ਅਫਸਰਾਂ ਨੂੰ ਅਪਰਾਧਕ ਕਾਰਵਾਈ ਦਾ ਸਾਹਮਣਾ ਕਰਨ ਲਈ ਮਜਬੂਰ ਕਰਨ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਜੇ ਸਰਕਾਰ ਵੱਲੋਂ ਮਿੱਥ ਕੇ ਕੁਝ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਬਾਕੀ ਦੇ ਇਮਾਨਦਾਰ ਅਤੇ ਕਾਬਲ ਅਫਸਰ ਜ਼ਰੂਰ ਨਿਰਾਸ਼ ਹੋਣਗੇ।