image caption:

ਪੀ ਐੱਮ ਸੀ ਬੈਂਕ ਘੁਟਾਲਾ: ਸਾਬਕਾ ਚੇਅਰਮੈਨ ਵਰਿਆਮ ਸਿੰਘ ਗ੍ਰਿਫਤਾਰ

ਮੁੰਬਈ- ਮੁੰਬਈ ਪੁਲਸ ਦੇ ਆਰਥਿਕ ਅਪਰਾਧ ਵਿੰਗ ਨੇ ਕੱਲ੍ਹ ਪੰਜਾਬ ਤੇ ਮਹਾਰਾਸ਼ਟਰ ਕੋਆਪਰੇਟਿਵ (ਪੀ ਐੱਮ ਸੀ) ਬੈਂਕ ਘੁਟਾਲਾ ਕੇਸ 'ਚ ਸਾਬਕਾ ਚੇਅਰਮੈਨ ਵਰਿਆਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਵਰਨਣ ਯੋਗ ਹੈ ਕਿ 4355 ਕਰੋੜ ਰੁਪਏ ਦੇ ਇਸ ਘੁਟਾਲੇ ਵਿੱਚ ਇਹ ਚੌਥੀ ਗ੍ਰਿਫਤਾਰੀ ਹੈ। ਮੁੰਬਈ ਪੁਲਸ ਦਾ ਈ ਈ ਓ ਵਿੰਗ ਇਸ ਤੋਂ ਪਹਿਲਾਂ ਪੀ ਐੱਮ ਸੀ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੇ ਥਾਮਸ ਅਤੇ ਐੱਚ ਡੀ ਆਈ ਐੱਲ ਗਰੁੱਪ ਦੇ ਡਾਇਰੈਕਟਰ ਪਿਤਾ-ਪੁੱਤਰ ਰਾਕੇਸ਼ ਵਾਧਵਨ ਅਤੇ ਗਾਰੰਗ ਵਾਧਵਨ ਨੂੰ ਗ੍ਰਿਫਤਾਰ ਕਰ ਚੁੱਕਾ ਹੈ।
ਪੰਜਾਬ ਮਹਾਰਾਸ਼ਟਰ ਕੋਆਪਰੇਟਿਵ (ਪੀ ਐੱਮ ਸੀ) ਬੈਂਕ ਵਿੱਚ 4355 ਕਰੋੜ ਰੁਪਏ ਦੇ ਘੁਟਾਲੇ ਵਿੱਚ ਗ੍ਰਿਫਤਾਰ ਸਾਬਕਾ ਐੱਮ ਡੀ ਜੋਏ ਥਾਮਸ ਨੂੰ ਅਦਾਲਤ ਨੇ ਕੱਲ੍ਹ 17 ਅਕਤੂਬਰ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁੰਬਈ ਪੁਲਸ ਦੇ ਆਰਥਿਕ ਅਪਰਾਧ ਵਿੰਗ (ਈ ਓ ਡਬਲਯੂ) ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਥਾਮਸ ਨੂੰ ਕੱਲ੍ਹ ਵਧੀਕ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਐੱਸ ਜੀ ਸ਼ੇਖ਼ ਸਾਹਮਣੇ ਪੇਸ਼ ਕੀਤਾ ਸੀ। ਪੁਲਸ ਵੱਲੋਂ ਘੁਟਾਲਾ ਸਾਜ਼ਿਸ਼ ਦੀ ਪੁੱਛਗਿੱਛ ਲਈ ਥਾਮਸ ਦਾ ਰਿਮਾਂਡ ਮੰਗਣ 'ਤੇ ਅਦਾਲਤ ਨੇ ਉਸ ਨੂੰ 17 ਅਕਤੂਬਰ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ। ਥਾਮਸ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਦੇ ਕਲਾਈਂਟ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।