image caption:

ਢੱਡਰੀਆਂ ਵਾਲੇ ਨੇ ਕਿਹਾ: ਬੇਸ਼ੱਕ ਪੰਥ ਵਿੱਚੋਂ ਕੱਢ ਦਿਓ, ਪਰ ਮੇਰੇ ਉੱਤੇ ਝੂਠੇ ਦੋਸ਼ ਨਾ ਲਾਓ

ਸ੍ਰੀ ਮਾਛੀਵਾੜਾ ਸਾਹਿਬ- ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਸਿੱਖ ਪੰਥ 'ਚੋਂ ਕੱਢ ਦਿੱਤਾ ਜਾਵੇ, ਪਰ ਐਵੇਂ ਝੂਠੇ ਦੋਸ਼ ਲਾ ਕੇ ਉਨ੍ਹਾਂ ਬਾਰੇ ਸੰਗਤ ਨੂੰ ਗੁੰਮਰਾਹ ਕਰਨਾ ਗਲਤ ਹੈ।
ਵਰਨਣ ਯੋਗ ਹੈ ਕਿ ਸਿੱਖ ਧਰਮ ਦੇ ਕੁਝ ਪ੍ਰਚਾਰਕਾਂ ਅਤੇ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਵਿਖੇ ਪੇਸ਼ ਹੋ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਤੀ ਪੱਤਰ ਦਿੱਤਾ ਹੈ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਗੁਰੂ ਇਤਿਹਾਸ ਪ੍ਰਤੀ ਸ਼ੰਕੇ ਖੜੇ ਕਰਦੇ ਅਤੇ ਮਾਈ ਭਾਗੋ ਦਾ ਅਕਸ ਵਿਗਾੜਨ ਲਈ ਮਨਘੜਤ ਤੱਥ ਪੇਸ਼ ਕਰਦੇ ਹਨ। ਇਸ ਤੋਂ ਬਾਅਦ ਸੰਤ ਰਣਜੀਤ ਸਿੰਘ ਨੇ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਰਾਹੀਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਨ੍ਹਾਂ ਦੇ ਹਨ, ਬੇਸ਼ੱਕ ਮੈਨੂੰ ਪੰਥ ਵਿੱਚੋਂ ਕੱਢ ਦਿਓ, ਪਰ ਜੋ ਮੇਰੇ ਉਪਰ ਝੂਠਾ ਦੋਸ਼ ਲਾਇਆ ਜਾ ਰਿਹਾ ਹੈ, ਉਹ ਗਲਤ ਹੈ। ਉਨ੍ਹਾ ਨੇ ਕਿਹਾ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜੋ ਲਿਖਿਆ ਹੋਇਆ ਹੈ, ਉਨ੍ਹਾਂ ਨੇ ਓਹੀ ਸੰਗਤ ਨੂੰ ਦੱਸਿਆ ਹੈ। ਸੰਤ ਢੱਡਰੀਆਂ ਵਾਲੇ ਨੇ ਕਿਹਾ ਕਿ ਉਹ ਆਪਣੇ ਕਹੇ ਹੋਏ ਸ਼ਬਦਾਂ ਉੱ'ਤੇ ਕਾਇਮ ਹਨ ਕਿ ਝੂਠੇ ਦੋਸ਼ ਲਾਉਣ ਵਾਲਿਆਂ ਦੇ ਅੱਗੇ ਕਦੀ ਨਹੀਂ ਝੁਕਣਗੇ। ਉਨ੍ਹਾ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਨ ਅਤੇ ਅੱਗੋਂ ਵੀ ਏਸੇ ਤਰ੍ਹਾਂ ਕਰਦੇ ਰਹਿਣਗੇ, ਬੇਸ਼ੱਕ ਉਨ੍ਹਾਂ ਦਾ ਸਾਰਾ ਕੁਝ ਚਲਾ ਜਾਵੇ।
ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ ਵਿੱਚ ਇਸ ਦੇ ਬਾਅਦ ਵਿਦੇਸ਼ਾਂ ਦੀਆਂ ਕੁਝ ਸਿੱਖ ਜਥੇਬੰਦੀਆਂ ਵੀ ਬੋਲ ਪਈਆਂ ਹਨ। ਕੈਲੀਫੋਰਨੀਆ ਸਥਿਤ ਦਸ਼ਮੇਸ਼ ਦਰਬਾਰ ਆਫ ਲੋਡਾਈ ਐਂਡ ਸਟਾਕਟਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਗਈ ਅਤੇ ਉਥੋਂ ਦੇ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਦਲਬੀਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਟਿਵਾਣਾ ਤੇ ਸੈਕਟਰੀ ਅਵਤਾਰ ਸਿੰਘ ਰੰਧਾਵਾ ਵੱਲੋਂ ਲਿਖੀ ਚਿੱਠੀ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਗਈ ਹੈ ਕਿ ਸੰਤ ਢੱਡਰੀਆਂ ਬਾਰੇ ਵਿਵਾਦ ਪੈਦਾ ਕਰ ਰਹੇ ਅਸਲ ਵਿੱਚ ਗੁਰਮਤਿ ਵਿਰੋਧੀ ਇਤਿਹਾਸ ਦੇ ਹਾਮੀ ਹਨ। ਦਸ਼ਮੇਸ਼ ਦਰਬਾਰ ਆਫ ਲੋਡਾਈ ਐਂਡ ਸਟਾਕਟਨ ਕੈਲੀਫੋਰਨੀਆ ਦੀ ਸਮੂਹ ਸੰਗਤ ਬੇਨਤੀ ਕਰਦੀ ਹੈ ਕਿ ਦੂਰਅੰਦੇਸ਼ੀ ਫੈਸਲਾ ਲਿਆ ਜਾਵੇ।