image caption:

ਅਮਰੀਕਾ ਵਿੱਚ ਪੀ ਆਰ ਲੈਣ ਲਈ ਹੈਲਥ ਕੇਅਰ ਦਾ ਖ਼ਰਚ ਖੁਦ ਚੁੱਕਣਾ ਪਵੇਗਾ

ਵਾਸ਼ਿੰਗਟਨ- ਅਮਰੀਕਾ ਦੀ ਸਰਕਾਰ ਉਨ੍ਹਾਂ ਪਰਵਾਸੀਆਂ ਨੂੰ ਪੱਕੀ ਰਿਹਾਇਸ਼ ਦਾ ਵੀਜ਼ਾ ਨਹੀਂ ਦੇਵੇਗੀ, ਜਿਹੜੇ ਪੀ ਆਰ ਲੈਣ ਪਿੱਛੋਂ ਆਪਣੇ ਸਿਹਤ ਦੇ ਖ਼ਰਚੇ ਨਹੀਂ ਚੁੱਕ ਸਕਦੇ ਜਾਂ ਹੈਲਥ ਇੰਸ਼ੋਰੈਂਸ ਲੈਣ ਵਿੱਚ ਅਸਮਰੱਥ ਹਨ। ਵੀਜ਼ਾ ਨਿਯਮ ਸਖ਼ਤ ਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਇਕ ਮੈਨੀਫੈਸਟੋ ਵੀ ਜਾਰੀ ਕੀਤਾ ਹੈ, ਜਿਸ ਦੀ ਵਿਵਸਥਾ ਆਉਣ ਵਾਲੀ ਤਿੰਨ ਨਵੰਬਰ ਤੋਂ ਲਾਗੂ ਹੋ ਜਾਵੇਗੀ।
ਵਰਨਣ ਯੋਗ ਹੈ ਕਿ ਅਮਰੀਕਾ ਉੱਤੇ ਜਾਇਜ਼ ਅਤੇ ਨਾਜਾਇਜ਼ ਪਰਵਾਸੀਆਂ ਦਾ ਬੋਝ ਘੱਟ ਕਰਨਾ 2016 ਦੀਆਂ ਚੋਣਾਂ ਵਿੱਚ ਡੋਨਾਲਡ ਟਰੰਪ ਨੇ ਅਹਿਮ ਮੁੱਦਾ ਬਣਾਇਆ ਸੀ। ਤਾਜ਼ਾ ਕਦਮ ਨਾਲ ਜਾਇਜ਼ ਪਰਵਾਸ ਉੱਤੇ ਡੋਨਾਲਡ ਟਰੰਪ ਇੱਕ ਸ਼ਿਕੰਜਾ ਕੱਸਣ ਲੱਗੇ ਹਨ, ਜਿਸ ਨਾਲ ਕਈ ਭਾਰਤੀ ਪ੍ਰਭਾਵਤ ਹੋਣਗੇ। ਅਮਰੀਕਾ ਵਿੱਚ ਪੱਕੇ ਰਹਿਣ ਦੀ ਇਜਾਜ਼ਤ, ਯਾਨੀ ਗ੍ਰੀਨ ਕਾਰਡ ਲੈਣ ਲਈ ਪਹਿਲਾਂ ਪੀ ਆਰ ਵੀਜ਼ਾ ਲੈਣਾ ਜ਼ਰੂਰੀ ਹੈ। ਨਵਾਂ ਨਿਯਮ ਲਾਗੂ ਹੋਣ ਨਾਲ ਵੀਜ਼ਾ ਅਰਜ਼ੀ ਦੇ ਵਕਤ ਹੀ ਅਰਜ਼ੀ ਕਰਤਾ ਨੂੰ ਦੱਸਣਾ ਪਵੇਗਾ ਕਿ ਉਹ ਅਮਰੀਕਾ ਪੁੱਜਣ ਤੋਂ 30 ਦਿਨ ਦੇ ਵਿੱਚ ਆਪਣੇ ਹੈਲਥ ਕੇਅਰ ਦਾ ਖ਼ਰਚਾ ਕਿਵੇਂਂ ਚੁੱਕਣਗੇ। ਵ੍ਹਾਈਟ ਹਾਊਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਅਰਜ਼ੀ ਦੇਣ ਵਾਲਾ ਤਸੱਲੀ ਕਰਾਉਣ ਵਾਲਾ ਜਵਾਬ ਜਾਂ ਸਬੂਤ ਨਾ ਦੇ ਸਕੇਗਾ ਤਾਂ ਵੀਜ਼ਾ ਨਹੀਂ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਨਵੇਂ ਨਿਯਮ ਵਿਦਿਆਰਥੀ ਵੀਜ਼ਾ ਤੇ ਸ਼ਰਨਾਰਥੀਆਂ ਉੱਤੇ ਲਾਗੂ ਨਹੀਂ ਹੋਣਗੇ।
ਆਪਣੇ ਇਸ ਕਦਮ ਨੂੰ ਸਹੀ ਦੱਸਦੇ ਹੋਏ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਨਾਗਰਿਕਾਂ ਦੇ ਮੁਕਾਬਲੇ ਤਿੰਨ ਗੁਣਾ ਜਾਇਜ਼ ਪਰਵਾਸੀ ਅਜਿਹੇ ਹਨ, ਜਿਨ੍ਹਾਂ ਕੋਲ ਨਾ ਸਿਹਤ ਬੀਮਾ ਹੈ ਤੇ ਨਾ ਉਹ ਹੈਲਥ ਕੇਅਰ ਦਾ ਖ਼ਰਚ ਚੁੱਕਣ ਜੋਗੇ ਹਨ। ਇਸ ਦੀ ਪੱਖ ਵਿੱਚ ਅਧਿਕਾਰੀਆਂ ਨੇ ਕੈਸਰ ਫੈਮਿਲੀ ਫਾਊਂਡੇਸ਼ਨ ਦੇ ਅਧਿਐਨ ਦਾ ਹਵਾਲਾ ਦਿੱਤਾ ਹੈ, ਜਿਸ ਮੁਤਾਬਕ ਅੱਠ ਫ਼ੀਸਦੀ ਅਮਰੀਕੀਆਂ ਦੇ ਮੁਕਾਬਲੇ 23 ਫ਼ੀਸਦੀ ਜਾਇਜ਼ ਪਰਵਾਸੀਆਂ ਨੇ ਸਿਹਤ ਬੀਮਾ ਨਹੀਂ ਕਰਾਇਆ। ਟਰੰਪ ਨੇ ਕਿਹਾ, &lsquoਜਿਨ੍ਹਾਂ ਪਰਵਾਸੀਆਂ ਕੋਲ ਸਿਹਤ ਬੀਮਾ ਨਹੀਂ ਹੁੰਦਾ, ਉਹ ਸਾਡੇ ਹੈਲਥ ਕੇਅਰ ਸਿਸਟਮ, ਹਸਪਤਾਲਾਂ ਤੇ ਟੈਕਸ ਦਾਤਾਵਾਂ ਉੱਤੇ ਬੋਝ ਬਣਦੇ ਹਨ। ਇਸੇ ਲਈ ਨਿਯਮ ਵਿੱਚ ਬਦਲਾਅ ਕੀਤਾ ਹੈ।''