image caption:

ਰਾਮ ਮੰਦਰ 'ਤੇ ਫੈਸਲੇ ਤੋਂ ਪਹਿਲਾਂ ਭਾਰਤ 'ਚ ਵੜੇ 7 ਅੱਤਵਾਦੀ, ਸੁਰੱਖਿਆ ਅਲਰਟ ਜਾਰੀ

ਲਖਨਊ: ਉੱਤਰ ਪ੍ਰਦੇਸ਼ ਵਿੱਚ ਅਯੋਧਿਆ ਵਿਵਾਦ ਦੇ ਫੈਸਲੇ ਤੋਂ ਪਹਿਲਾਂ ਇੱਕ ਅੱਤਵਾਦੀ ਸਾਜਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਸੱਤ ਅੱਤਵਾਦੀਆਂ ਦੇ ਨੇਪਾਲ ਦੇ ਰਸਤੇ ਭਾਰਤ ਵਿੱਚ ਦਾਖਲ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਕਾਰਨ ਮਹਾਰਾਜਗੰਜ ਸਰਹੱਦ ਦੇ ਨਾਲ ਲੱਗਦੇ ਗੁਆਂਢੀ ਇਲਾਕਿਆਂ ਵਿੱਚ ਜਾਂਚ ਜਾਰੀ ਹੈ।
ਸ੍ਰੀ ਰਾਮ ਜਨਮ ਭੂਮੀ ਦੇ ਲੰਬੇ ਵਿਵਾਦ ਦੇ ਫੈਸਲੇ ਤੋਂ ਪਹਿਲਾਂ ਹੀ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹਨ। ਸੁਰੱਖਿਆ ਏਜੰਸੀਆਂ ਕੋਲ ਇਨਪੁੱਟ ਹੈ ਕਿ ਅੱਤਵਾਦੀ ਭਾਰਤ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਖੁਫੀਆ ਰਿਪੋਰਟ ਅਨੁਸਾਰ ਅੱਤਵਾਦੀਆਂ ਦਾ ਇੱਕ ਸਮੂਹ ਨੇਪਾਲ ਦੇ ਰਸਤੇ ਭਾਰਤ ਵਿੱਚ ਘੁਸਪੈਠ ਕਰ ਗਿਆ ਹੈ। ਉਨ੍ਹਾਂ ਦੀ ਗਿਣਤੀ ਸੱਤ ਹੈ, ਜਿਨ੍ਹਾਂ ਵਿੱਚੋਂ ਤਿੰਨ ਅੱਤਵਾਦੀ ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਭਾਰਤ ਪਹੁੰਚੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਗੋਰਖਪੁਰ ਜਾਂ ਨੇੜਲੇ ਜ਼ਿਲ੍ਹਿਆਂ ਵਿੱਚ ਪਨਾਹ ਲੈ ਸਕਦੇ ਹਨ। ਉਨ੍ਹਾਂ ਲਈ ਇੱਥੋਂ ਅਯੋਧਿਆ ਪਹੁੰਚਣਾ ਸੌਖਾ ਹੋਵੇਗਾ। ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਸੂਬੇ ਦੇ ਜ਼ਿਲ੍ਹਿਆਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਤੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਅਯੋਧਿਆ, ਵਾਰਾਣਸੀ, ਮਥੁਰਾ ਤੇ ਸੂਬੇ ਵਿੱਚ ਪੁਲਿਸ ਸਿਖਲਾਈ ਕੇਂਦਰਾਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ। ਸੱਤ ਵਿੱਚੋਂ ਤਿੰਨ ਅੱਤਵਾਦੀਆਂ ਦੀ ਪਛਾਣ ਹੋ ਗਈ ਹੈ।