image caption:

ਕਾਰ ਚਲਾਉਣਾ ਸਿਖ ਰਹੇ ਭਾਰਤੀ ਬੱਚੇ ਨੇ ਗ਼ਲਤੀ ਨਾਲ ਮਾਂ 'ਤੇ ਚੜ੍ਹਾਈ ਕਾਰ

ਦੁਬਈ -  ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸ਼ਾਰਜਾਹ ਵਿਚ ਕਾਰ ਚਲਾਉਣਾ ਸਿਖ ਰਹੇ 17 ਸਾਲ ਦੇ ਭਾਰਤੀ ਬੱਚੇ ਨੇ ਗ਼ਲਤੀ ਨਾਲ ਆਪਣੀ ਮਾਂ 'ਤੇ ਕਾਰ ਚੜ੍ਹਾ ਦਿੱਤੀ। ਇਸ ਹਾਦਸੇ ਵਿਚ ਉਸ ਦੀ ਮਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਇਹ ਪਰਿਵਾਰ ਉੱਤਰ ਪ੍ਰਦੇਸ਼ ਦਾ ਰਹਿਣਾ ਵਾਲਾ ਹੈ।
ਖਲੀਜ਼ ਟਾਈਮਜ਼ 'ਚ ਦੋਸਤ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸ਼ਾਰਜਾਹ ਦੇ ਮੁਵੀਲਾਹ ਇਲਾਕੇ ਵਿਚ ਰਹਿਣ ਵਾਲਾ ਇਹ ਬੱਚਾ ਪੰਜ ਭੈਣਾਂ-ਭਰਾਵਾਂ 'ਚ ਸਭ ਤੋਂ ਵੱਡਾ ਹੈ। ਉਹ ਆਪਣੀ ਕਾਰ ਨੂੰ ਪਾਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਬਰੇਕ ਦੀ ਥਾਂ ਐਕਸੀਲੇਟਰ ਦੱਬ ਗਿਆ ਅਤੇ ਕਾਰ ਪਾਰਕਿੰਗ ਦੇ ਬਾਹਰ ਬੈਠੀ ਉਸ ਦੀ ਮਾਂ 'ਤੇ ਚੜ੍ਹ ਗਈ। ਭਾਰਤੀ ਸਕੂਲ ਵਿਚ 12ਵੀਂ ਦਾ ਇਹ ਵਿਦਿਆਰਥੀ ਅਜੇ ਡਰਾਈਵਿੰਗ ਕਲਾਸਾਂ ਲੈ ਰਿਹਾ ਸੀ। ਉਸ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ।
ਹਾਦਸੇ 'ਚ ਚਾਰ ਸਾਲਾ ਭਾਰਤੀ ਬੱਚੀ ਦੀ ਮੌਤ : ਯੂਏਈ 'ਚ ਹੀ ਇਕ ਹੋਰ ਹਾਦਸੇ ਵਿਚ ਦੁਬਈ ਦੇ ਜੇਬਲ ਅਲੀ ਇਲਾਕੇ ਵਿਚ ਚਾਰ ਸਾਲ ਦੀ ਭਾਰਤੀ ਬੱਚੀ ਦੀ ਮੌਤ ਹੋ ਗਈ। ਸਕੂਲ ਦੇ ਬਾਹਰ ਹੋਈ ਇਸ ਘਟਨਾ 'ਚ ਬੱਚੀ ਦੀ ਮਾਂ ਜ਼ਖ਼ਮੀ ਹੈ। ਖਲੀਜ਼ ਟਾਈਮਜ਼ ਅਨੁਸਾਰ ਗੱਡੀ ਨੂੰ ਬੈਕ ਕਰਦੇ ਸਮੇਂ ਇਕ ਡਰਾਈਵਰ ਨੇ ਮਾਂ-ਬੇਟੀ ਨੂੰ ਦਰੜ ਦਿੱਤਾ।