image caption:

ਪੰਜਾਬ ਵਿਧਾਨ ਸਭਾ ਵੱਲੋਂ ਗੁਰੂ ਨਾਨਕ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੱਦਾ

550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਇਜਲਾਸ ਵਿਚ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ
ਚੰਡੀਗੜ,-  ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਅੱਜ ਸੱਦਿਆ ਗਿਆ। ਇਜਲਾਸ ਦਾ ਆਰੰਭ ਭਾਵੇਂ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੇ ਭਾਸ਼ਣ ਨਾਲ ਹੋਇਆ ਪਰ ਇਸ ਤੋਂ ਪਹਿਲਾਂ ਪੰਜ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕੁਲਬੀਰ ਸਿੰਘ ਜ਼ੀਰਾ, ਫ਼ਤਿਹਜੰਗ ਬਾਜਵਾ, ਵਰਿੰਦਰਮੀਤ ਸਿੰਘ ਪਾਹੜਾ ਅਤੇ ਦਰਸ਼ਨ ਬਰਾਡ ਸਿਰੋਪਾਉ ਧਾਰਨ ਕਰ ਕੇ ਆਏ ਅਤੇ ਗੁਰਬਾਣੀ ਉਚਾਰਨ ਕਰਦਿਆਂ ਵਿਲੱਖਣ ਮਿਸਾਲ ਪੇਸ਼ ਕੀਤੀ। ਇਜਲਾਸ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਰਾਜਪਾਲ ਸਤਿਆਦੇਵ ਨਾਰਾਇਣ ਆਰਿਆ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਨੇ ਵੀ ਸੰਬੋਧਨ ਕੀਤਾ। ਬਾਬੇ ਨਾਨਕ ਦੀ ਯਾਦ ਵਿਚ ਸੱਦੇ ਗਏ ਸੈਸ਼ਨ ਦੌਰਾਨ ਵੀ ਸਿਆਸਤ ਭਾਰੂ ਨਜ਼ਰ ਆਈ। ਬਾਬੇ ਨਾਨਕ ਦੀਆਂ ਸਿੱਖਿਆਵਾਂ ਅਤੇ ਫਲਸਫ਼ੇ ਦਾ ਹਵਾਲਾ ਦਿੰਦਿਆਂ ਵੱਡੇ ਦਾਅਵੇ ਕੀਤੇ ਗਏ ਪਰ ਇਸ ਮੌਕੇ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਤੱਕ ਨਹੀਂ ਲਿਆ ਜਦਕਿ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਨਾਂ ਲੈਣਾ ਉਹ ਬਿਲਕੁਲ ਨਾ ਭੁੱਲੇ। ਇਜਲਾਸ ਵਿਚ ਸ਼ਾਮਲ ਹੋਏ ਹੋਰਨਾਂ ਖ਼ਾਸ ਮਹਿਮਾਨਾਂ ਵਿਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਚੌਧਰੀ ਸੰਤੋਖ ਸਿੰਘ, ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਵੀ.ਆਈ.ਪੀ. ਗੈਲਰੀ ਵਿਚ ਬੈਠੇ ਨਜ਼ਰ ਆਏ।