image caption:

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ 20 ਲੱਖ ਡਾਲਰ ਦਾ ਜੁਰਮਾਨਾ

ਨਿਊਯਾਰਕ :  ਨਿਊਯਾਰਕ ਦੀ ਇੱਕ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਉਨ੍ਹਾ ਦੇ ਚੈਰੀਟੇਬਲ ਫਾਊਂਡੇਸ਼ਨ ਦੇ ਗਲਤ ਇਸਤੇਮਾਲ ਦੇ ਲਈ 20 ਲੱਖ ਡਾਲਰ ਯਾਨੀ ਕਿ ਕਰੀਬ 15 ਕਰੋੜ ਰੁਪਏ ਦਾ ਜੁਰਮਾਨਾ ਦੇਣ ਦਾ ਆਦੇਸ਼ ਦਿੱਤਾ। ਅਦਾਲਤ ਵਿਚ ਟਰੰਪ 'ਤੇ ਇਹ ਦੋਸ਼ ਸਹੀ ਸਾਬਤ ਹੋਏ ਹਨ ਕਿ ਉਨ੍ਹਾਂ ਨੇ ਅਪਣੇ ਚੈਰੀਟੇਬਲ ਫਾਊਂਡੇਸ਼ਨ ਦਾ ਇਸਤੇਮਾਲ ਅਪਣੇ ਰਾਜਨੀਤਕ ਅਤੇ ਬਿਜ਼ਨਸ ਨਾਲ ਜੁੜੇ ਹਿਤਾਂ ਨੂੰ ਸਾਧਣ ਦੇ ਲਈ ਕੀਤਾ ਸੀ।
ਰਿਪੋਰਟ ਮੁਤਾਬਕ ਜੱਜ ਸੈਲਿਅਨ ਸਕਰਾਪੁਲਾ ਨੇ ਇਸ ਮਾਮਲੇ 'ਤੇ ਅਪਣਾ ਫੈਸਲਾ ਸੁਣਾਉਂਦੇ ਹੋਏ ਇਹ ਵੀ  ਆਦੇਸ਼ ਦਿੱਤਾ ਕਿ ਟਰੰਪ ਫਾਊਂਡੇਸ਼ਨ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਇਸ ਫਾਊਂਡੇਸ਼ਨ ਦੇ ਬਾਕੀ ਬਚੇ ਹੋਏ ਫੰਡ ਕਰੀਬ 17 ਲੱਖ ਡਾਲਰ ਨੂੰ ਹੋਰ ਗੈਰ ਲਾਭਕਾਰੀ ਸੰਗਠਨਾਂ ਵਿਚ ਵੰਡ ਦਿੱਤਾ ਜਾਵੇ।
ਨਿਊਯਾਰਕ ਦੇ ਅਟਾਰਨੀ ਜਨਰਲ ਜੇਮਸ ਨੇ ਪਿਛਲੇ ਸਾਲ ਟਰੰਪ 'ਤੇ ਇਹ ਮੁਕਦਮਾ ਦਾਇਰ ਕੀਤਾ ਸੀ। ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਵਾਰ 'ਤੇ ਇਹ ਦੋਸ਼ ਲਾਏ ਸੀ। ਟਰੰਪ ਅਤੇ ਉਨ੍ਹਾਂ ਦੇ ਪਰਵਾਰ ਨੇ ਗੈਰ ਕਾਨੂੰਨੀ ਢੰਗ ਨਾਲ ਇਸ ਫਾਊਂਡੇਸ਼ਨ ਦਾ ਇਸਤੇਮਾਲ ਅਪਣੇ ਵਪਾਰ ਅਤੇ ਰਾਸ਼ਟਰਪਤੀ ਚੋਣਾਂ ਦੌਰਾਨ ਅਪਣੀ ਕੈਂਪੇਨ ਦੇ ਲਈ ਕੀਤਾ।
ਅਟਾਰਨੀ ਜਨਰਲ ਜੇਮਸ ਨੇ ਇਹ ਮੁਕਦਮਾ ਦਾਇਰ ਕਰਦੇ ਹੋਏ ਰਾਸ਼ਟਰਪਤੀ ਟਰੰਪ 'ਤੇ 2.8 ਮਿਲੀਅਨ (28 ਲੱਖ) ਡਾਲਰ ਨੁਕਸਾਨ ਪੂਰਤੀ ਦੀ ਮੰਗ ਕੀਤੀ ਸੀ। ਲੇਕਿਨ ਜੱਜ ਸਕਰਾਪੁਲਾ ਨੇ ਇਸ ਰਕਮ ਨੂੰ ਘੱਟ ਕਰਦੇ ਹੋਏ 20 ਲੱਖ ਡਾਲਰ ਕਰ ਦਿੱਤਾ। ਫਾਊਂਡੇਸ਼ਨ ਦੇ ਵਕੀਲ ਨੇ ਪਹਿਲਾਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ 'ਤੇ ਇਹ ਮੁਕਦਮਾ ਸਿਆਸਤ ਨਾਲ ਪ੍ਰੇਰਤ ਹੈ।