image caption: ਰਜਿੰਦਰ ਸਿੰਘ ਪੁਰੇਵਾਲ

ਗੁਰੂ ਨਾਨਕ ਦਾ ਖੁੱਲ੍ਹਾ ਲਾਂਘਾ ਤੇ ਕੈਪਟਨ ਦੀ ਨੀਤੀ

   ਹੁਣੇ ਜਿਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਖੋਲ੍ਹਣ ਖਿਲਾਫ਼ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਆਈਐਸਆਈ ਇਸ ਰਾਹੀਂ ਭਾਰਤ ਖਿਲਾਫ਼ ਹਿੰਸਕ ਖੇਡ ਖੇਡੇਗੀ।  ਉਨ੍ਹਾਂ ਇਹ ਤਰਕ ਦਿੱਤਾ ਹੈ ਕਿ ਸਿੱਖ ਭਾਈਚਾਰਾ ਪਿਛਲੇ 70 ਸਾਲਾਂ ਤੋਂ ਪਵਿੱਤਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦੀ ਮੰਗ ਕਰਦਾ ਆ ਰਿਹਾ ਸੀ ਪ੍ਰੰਤੂ ਪਾਕਿਸਤਾਨ ਵਲੋਂ ਅਚਾਨਕ ਇਸ ਮੰਗ ਨੂੰ ਸਵੀਕਾਰ ਕਰ ਲੈਣਾ ਪਾਕਿਸਤਾਨ ਦੇ ਛੁਪੇ ਇਰਾਦਿਆਂ ਦਾ ਸੰਕੇਤ ਹੈ, ਜਿਸ ਦਾ ਮਕਸਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਕੇ ਭਾਈਚਾਰੇ ਵਿਚ ਦਰਾਰ ਪੈਦਾ ਕਰਨਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਲਾਂਘਾ ਖੋਲ੍ਹਣ ਅਤੇ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਯੂਨੀਵਰਸਿਟੀ ਖੋਲ੍ਹ ਕੇ ਸਿੱਖਾਂ ਨੂੰ ਖ਼ੁਸ਼ ਕਰਨ ਦਾ ਮਕਸਦ ਪੰਜਾਬ ਵਿਚ ਗੜਬੜੀ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਸੁਆਲ ਇਹ ਉੱਠਦਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੇ ਲਾਂਘੇ ਖੁੱਲ੍ਹਣ 'ਤੇ ਖੁਸ਼ੀ ਨਹੀਂ ਹੋਈ ਤੇ ਸਮੁੱਚੀ ਕੌਮ ਉਸ ਨੂੰ ਆਈ ਐਸ ਆਈ ਦੀ ਏਜੰਟ ਜਾਪ ਰਹੀ ਹੈ ਤਾਂ ਉਸ ਨੂੰ ਗੁਰੂ ਨਾਨਕ ਸਮਾਗਮਾਂ 'ਤੇ ਹਿੱਸਾ ਨਹੀਂ ਲੈਣਾ ਚਾਹੀਦਾ। ਕੀ ਮੋਦੀ ਸਰਕਾਰ ਜੋ ਲਾਂਘੇ ਬਾਰੇ ਉਪਰਾਲੇ ਕੀਤੇ ਹਨ, ਉਸ ਪਿੱਛੇ ਵੀ ਆਈ ਐਸ ਆਈ ਦੀ ਸ਼ਾਜ਼ਿਸ਼ ਹੈ? ਜਦ ਦੋ ਦੇਸ ਗੁਰੂ ਨਾਨਕ ਦੀ ਕਿਰਪਾ ਕਰਕੇ ਇਕੱਠੇ ਹੋ ਰਹੇ ਹਨ ਤੇ ਗੁਰੂ ਨਾਨਕ ਉਨ੍ਹਾਂ ਦਾ ਆਧਾਰ ਬਣ ਰਿਹਾ ਹੈ ਤਾਂ ਕੈਪਟਨ ਨੂੰ ਇਸ ਬਾਰੇ ਕੀ ਤਕਲੀਫ ਹੈ? ਇੱਥੋਂ ਤੱਕ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਖੁੱਲ੍ਹੇ ਲਾਂਘੇ ਦੀ ਪ੍ਰਸ਼ੰਸ਼ਾ ਕਰ ਚੁੱਕੇ ਹਨ ਤਾਂ ਕੈਪਟਨ ਦਾ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਇਹ ਸੁਆਲ ਉਠਾਉਣਾ ਗੈਰ ਵਾਜ਼ਿਬ ਹੈ। ਅਸੀਂ ਨਹੀਂ ਸੋਚਦੇ ਕਿ ਉਹ ਸਿੱਖ ਸੋਚ ਰੱਖੇ। ਪਰ ਪੰਜਾਬ ਪ੍ਰਤੀ ਹਿੱਤੂ ਸੋਚ ਰੱਖਣਾ ਕੈਪਟਨ ਦੀ ਜ਼ਿੰਮੇਵਾਰੀ ਤੇ ਰਾਜਨੀਤਕ ਧਰਮ ਹੈ। ਜੇਕਰ ਭਾਰਤ-ਪਾਕਿ ਤਣਾਅ ਕਾਰਨ ਜੰਗ ਛਿੜਦੀ ਹੈ ਤਾਂ ਤਬਾਹੀ ਦੋਹਾਂ ਪੰਜਾਬਾਂ ਦੀ ਹੋਣੀ ਹੈ। ਇਸ ਬਾਰੇ ਕੈਪਟਨ ਨੂੰ ਸੰਤੁਲਿਤ ਸੋਚ ਰੱਖਣੀ ਚਾਹੀਦੀ ਸੀ। ਕੈਪਟਨ ਨੂੰ ਭਗਵੇਂਵਾਦੀਆਂ ਦੇ ਹਥਿਆਰਬੰਦ ਕੈਂਪ ਨਜ਼ਰ ਕਿਉਂ ਨਹੀਂ ਆਉਂਦੇ। ਉਨ੍ਹਾਂ ਨੂੰ ਇਹ ਕਿਉਂ ਨਜ਼ਰ ਨਹੀਂ ਆਉਂਦਾ ਜਦੋਂ ਇਹ ਮੁਸਲਮਾਨਾਂ ਨੂੰ ਦਲਿਤਾਂ ਨੂੰ ਹਥਿਆਰਬੰਦ ਹੋ ਕੇ ਮਾਰਦੇ ਕੁੱਟਦੇ ਹਨ, ਜਿਨ੍ਹਾਂ ਮਗਰ ਫਿਰਕੂ ਸਿਆਸਤਦਾਨ ਹਨ? ਨਾ ਪੁਲੀਸ ਕੇਸ ਦਰਜ ਕਰਦੀ ਹੈ ਤੇ ਨਾ ਹੀ ਅਦਾਲਤ ਸਜ਼ਾ ਦਿੰਦੀ ਹੈ। ਸਭ ਮੌਬ ਲਿਚਿੰਗ ਵਿਚ ਸ਼ਾਮਲ ਹਨ। ਕੀ ਇਹ ਆਈਐਸਆਈ ਵਰਗੇ ਖਤਰਨਾਕ ਨਹੀਂ? ਪਰ ਕੈਪਟਨ ਇਸ ਬਾਰੇ ਚੁੱਪ ਕਿਉਂ ਹੈ?
   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕੈਪਟਨ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕਰਤਾਰਪੁਰ ਲਾਂਘੇ ਦੀ ਹੋਂਦ ਬਾਰੇ ਸੁਆਲ ਖੜ੍ਹੇ ਕਰਕੇ ਕਰੋੜਾਂ ਸਿੱਖਾਂ ਦੇ ਵਿਸ਼ਵਾਸ ਤੇ ਸ਼ਰਧਾ ਉੱਪਰ ਸ਼ੱਕ ਪ੍ਰਗਟਾ ਰਿਹਾ ਹੈ। ਕੈਪਟਨ ਦੇ ਬਿਆਨਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ ਤੇ ਕੈਪਟਨ ਨੂੰ ਮਾਫੀ ਮੰਗਣੀ ਚਾਹੀਦੀ ਹੈ।
    ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ 9 ਨਵੰਬਰ ਨੂੰ ਖੁੱਲਣ ਵਾਲੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਟਿੱਪਣੀਆਂ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਸੀ ਕਿ ਅਜਿਹੇ ਸਮੇਂ ਵਿਚ ਜਦੋਂ ਹਰ ਕੋਈ ਉਸ ਦਿਨ ਦਾ ਇੰਤਜਾਰ ਕਰ ਰਿਹਾ ਹੈ ਜਦੋਂ ਉਹ ਕੋਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਵੇ, ਅਜਿਹੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਦੋ ਦਿਨਾਂ ਤੋਂ ਅਧਿਆਤਮਕ ਪ੍ਰਸੰਗਤਾ ਨੂੰ ਢਾਹ ਲਾ ਰਹੇ ਹਨ। ਉਹ ਨਾ ਸਿਰਫ ਸਿੱਖ ਭਾਈਚਾਰੇ ਨਹੀਂ, ਸਗੋਂ ਸਿੱਖ ਧਰਮ ਦੇ ਮੂਲ ਦਰਸ਼ਨ ਨੂੰ ਤੋੜ ਕੇ ਇਕ ਏਜੰਟ ਦੇ ਰੂਪ ਵਿਚ ਕੰਮ ਕਰ ਰਹੇ ਹਨ। ਉਹ ਆਰਐੱਸਐੱਸ ਦੀ ਉਸ ਲਾਈਨ ਨੂੰ ਅੱਗੇ ਵਧਾ ਰਹੇ ਹਨ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਖੁੱਲ੍ਹਣਾ ਸੰਘਰਸ਼ ਕਾਰਨ ਨਹੀਂ, ਸਗੋਂ ਆਈਐੱਸਆਈ ਦੀਆਂ ਚਾਲਾਂ ਕਾਰਨ ਹੋਇਆ ਹੈ। ਕੈਪਟਨ ਖੁੱਲ੍ਹੇ ਲਾਂਘੇ ਬਾਰੇ ਆਪਣੇ ਬਿਆਨ ਇੰਝ ਪੇਸ਼ ਕਰ ਰਹੇ ਹਨ ਜਿਵੇਂ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਦੀ ਸੇਵਾ ਦਾ ਮੁੱਖ ਉਦੇਸ਼ ਹੁਣ ਅੱਤਵਾਦੀਆਂ ਨੂੰ ਸਿਖਲਾਈ ਦੇਣਾ ਹੋਵੇਗਾ? ਬੀਰ ਦਵਿੰਦਰ ਦਾ ਕਹਿਣਾ ਸੀ ਕਿ ਕੈਪਟਨ ਭਾਰਤ ਸਰਕਾਰ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਜੋ ਫਰੰਟਮੈਨ ਦੇ ਤੌਰ 'ਤੇ ਕੰਮ ਕਰ ਰਹੇ ਹਨ ਤੇ ਪੂਰੀ ਸ਼ਿੱਦਤ ਨਾਲ ਸਿੱਖ ਕੌਮ ਨੂੰ ਬਦਨਾਮ ਕਰ ਰਿਹਾ ਹੈ ਤੇ ਹਿੰਦ-ਪਾਕਿ ਏਕਤਾ ਵਿਚ ਅੜਿੱਕਾ ਬਣਿਆ ਹੋਇਆ ਹੈ। ਜਦਕਿ ਸਿੱਖ ਪੰਥ ਦੀ ਇੱਛਾ ਹੈ ਕਿ ਕਦੋਂ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਹੋਵੇ।
ਇਹ ਗੱਲ ਸੱਚ ਉਨ੍ਹਾਂ ਨੇ ਕਿਹਾ ਕਿ ਸੀਐੱਮ ਦਾ ਬਿਆਨ ਸਿੱਖ ਕੌਮ ਤੇ ਅਮਨ ਦੇ ਵਿਰੋਧੀ ਹਨ। ਕੈਪਟਨ ਵਾਲੀ ਗੱਲ ਭਗਵੇਂ, ਮੁਤੱਸਬੀ ਵੀ ਦੁਹਰਾ ਰਹੇ ਹਨ ਤੇ ਭਾਰਤ ਦਾ ਰਾਸ਼ਟਰਵਾਦੀ ਮੀਡੀਆ ਵਾਰ-ਵਾਰ ਕੈਪਟਨ ਦੇ ਬਿਆਨ ਨੂੰ ਲੈ ਕੇ ਸਿੱਖ ਪੰਥ ਨੂੰ ਬਦਨਾਮ ਕਰ ਰਿਹਾ ਹੈ ਕਿ ਜਿਵੇਂ ਉਨ੍ਹਾਂ ਨੇ ਖੁੱਲ੍ਹੇ ਲਾਂਘੇ ਦੀ ਹਮਾਇਤ ਕਰਕੇ ਕੋਈ ਜ਼ੁਰਮ ਕਰ ਦਿੱਤਾ ਹੋਵੇ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਦੀ ਸਾਲਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ। ਇਸ ਦੀ ਸਿੱਖ ਕੌਮ ਧੰਨਵਾਦੀ ਹੈ, ਜੋ ਭਾਰਤ-ਪਾਕਿਸਤਾਨ ਤੇ ਦੱਖਣੀ ਏਸ਼ੀਆ ਵਿਚ ਅਮਨ ਚਾਹੁੰਦੇ ਹਨ, ਉਹ ਵੀ ਗੁਰੂ ਨਾਨਕ ਦੀ ਰਹਿਮਤ ਮੰਗ ਰਹੇ ਹਨ। ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀਆਂ ਦੇਸ਼ ਦੇ ਖ਼ੂਨੀ ਵੰਡ ਤੋਂ ਬਾਅਦ, ਸਿੱਖ ਪੰਥ ਤੋਂ ਵਿਛੋੜੇ ਗਏ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਸਿਕ ਨੂੰ ਲੈ ਕੇ ਸ਼ੁਰੂ ਹੋਈਆਂ ਜੋਦੜੀਆਂ ਤੇ ਅਰਦਾਸਾਂ ਦੇ ਮਨਜ਼ੂਰ ਥੀਵਣ ਦਾ ਵਕਤ ਆ ਚੁੱਕਾ ਹੈ ਤੇ ਇਸ ਦੌਰਾਨ ਅਮਨ ਪਸੰਦ ਲੋਕਾਂ ਨੂੰ ਨਫ਼ਰਤਾਂ ਫੈਲਾਉਣ ਵਾਲੇ ਲੋਕਾਂ ਵਿਰੁੱਧ ਡੱਟ ਕੇ ਖਲੌਣਾ ਹੋਵੇਗਾ ਅਤੇ ਕਰਤਾਰਪੁਰ ਖੁੱਲ੍ਹਾ ਲਾਂਘਾ ਦੀ ਹਮਾਇਤ ਬੁਲੰਦ ਕਰਨੀ ਹੋਵੇਗੀ ਤੇ ਇਹ ਵੀ ਉਪਰਾਲਾ ਕਰਨਾ ਹੋਵੇਗਾ ਕਿ ਇਹ ਸਦੀਵੀਂ ਖੁੱਲ੍ਹਾ ਰਹੇ।
ਕਰਤਾਰਪੁਰ ਸਾਹਿਬ ਗੁਰੂ ਨਾਨਕ ਪੰਥ ਲਈ ਇਕ ਰੂਹਾਨੀ ਖਿੱਚ ਦਾ ਸੋਮਾ ਹੈ ਤਾਂ ਉਸ ਦੇ ਦਰਸ਼ਨ ਦੀਦਾਰਿਆਂ ਵੱਲ ਜਾਂਦੀ ਰੂਹਾਨੀ ਪਗਡੰਡੀ ਹਰ ਕਿਸਮ ਦੇ ਤਣਾਅ ਤੇ ਆਪਸੀ ਖਿੱਚੋਤਾਣ ਤੋਂ ਮੁਕਤ ਹੋਣੀ ਚਾਹੀਦੀ ਹੈ ਅਤੇ ਕਿੰਨਾ ਚੰਗਾ ਹੋਵੇ ਜੇ ਸਾਰਾ ਆਲਮ (ਦੋਵੇਂ ਪਾਸੇ) ਰੂਹਾਨੀ ਸੋਚ ਵਿਚੋਂ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਜੁੜੇ ਤੇ ਜੰਗਬਾਜਾਂ ਤੇ ਬਾਬਰਾਂ ਵਿਰੁੱਧ ਆਪਣਾ ਸੁਨੇਹਾ ਦੇਵੇ ਤੇ ਸਾਨੂੰ ਨੇਸ਼ਨ ਸਟੇਟ ਦੀ ਨਹੀਂ, ਵੈਲਫੇਅਰ ਸਟੇਟ ਦੀ ਲੋੜ ਹੈ, ਜਿਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਬੇਗਮਪੁਰਾ ਤੇ ਹਲੇਮੀ ਰਾਜ ਦੇ ਰੂਪ ਵਿਚ ਦਰਜ ਹੈ।
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਮਾਰੋਹਾਂ 550 ਸਾਲ ਦੇ ਮੌਕੇ ਕੈਪਟਨ ਅਮਰਿੰਦਰ ਸਿੰਘ ਆਪਣੇ ਬਾਰੇ 550 ਵਾਰੀ ਸੋਚ ਲੈਣਾ ਚਾਹੀਦਾ ਹੈ ਕਿ ''ਅੰਧੀ ਰਯਤਿ ਗਿਆਨ ਵਿਹੂਣੀ'' ਵਾਲੀ ਤਸ਼ਬੀਹ ਤੋਂ ਉਨ੍ਹਾਂ ਦਾ ਕਿਰਦਾਰ ਕਿੰਨੀ ਕੁ ਦੂਰ ਹੈ?
ਜੇਕਰ ਕੈਪਟਨ ਦੀ ਸੋਚ ਗੁਰੂ ਨਾਨਕ ਦੀ ਸੋਚ ਵਿਚ ਭਿੱਜੀ ਹੁੰਦੀ ਤਾਂ ਲਾਂਘਾ ਦੂਰ ਤੱਕ ਜਾਂਦਾ।  ਗੁਰੂ ਦੀ ਨਜ਼ਰ ਵਿਚ ਬਾਬਰ, ਔਰੰਗਜ਼ੇਬ, ਹਿਟਲਰ ਤੇ ਹਰੇਕ ਤਰ੍ਹਾਂ ਦੇ ਨਸਲਵਾਦੀ ਇਕੋ ਜਿਹੇ ਹਨ। ਕੈਪਟਨ ਅਮਰਿੰਦਰ ਸਿੰਘ ਕਿੱਥੇ ਖਲੌਦੇ ਹਨ, ਇਹ ਹੁਣ ਉਨ੍ਹਾਂ ਲਈ ਸੋਚਣ ਦਾ ਮੌਕਾ ਹੈ। ਇਹ ਠੀਕ ਹੈ ਕਿ ਅਖੌਤੀ ਰਾਸ਼ਟਰਵਾਦੀਆਂ ਦੀਆਂ ਅੱਖੀਆਂ ਵਿੱਚ ਗੁਰੂ ਨਾਨਕ ਦਾ ਪੰਥ ਰੜਕੇਗਾ, ਜੋ ਕਿ ਅਮਨ ਦਾ ਸੁਨੇਹਾ ਦੇ ਰਿਹਾ ਹੈ ਤੇ ਖੁੱਲ੍ਹੇ ਲਾਂਘੇ ਦੀ ਗੱਲ ਕਰ ਰਿਹਾ ਹੈ।

ਰਜਿੰਦਰ ਸਿੰਘ ਪੁਰੇਵਾਲ