image caption: ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲੇ ਦਿਨ

ਜਾਹਰ ਪੀਰ ਜਗਤ ਗੁਰ ਬਾਬਾ - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਲੇਖ

ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ? ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।

ਲੇਖਕ: ਕੁਲਵੰਤ ਸਿੰਘ &lsquoਢੇਸੀ&rsquo

    ਅੱਜ ਦੁਨੀਆਂ ਭਰ ਵਿਚ ਗੁਰੂ ਨਾਨਕ ਸਾਹਿਬ ਜੀ ਦਾ ੫੫੦ਵਾਂ ਪ੍ਰਕਾਸ਼ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮਨੌਤ ਵਿਚ ਵੱਡੇ ਵੱਡੇ ਨਗਰ ਕੀਰਤਨ ਕੱਢੇ ਜਾ ਰਹੇ ਹਨ, ਵੱਡੇ ਵੱਡੇ ਦੀਵਾਨ ਲਾਏ ਜਾ ਰਹੇ ਹਨ ਅਤੇ ਕਰੋੜਾਂ ਰੁਪਿਆ ਖਰਚਿਆ ਜਾ ਰਿਹਾ ਹੈ। ਮੀਡੀਏ ਵਿਚ ਜਾਂ ਤਾਂ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦੀ ਕਵਰੇਜ ਹੈ ਜਾਂ ਰਿਵਾਇਤੀ ਦੀਵਾਨਾ, ਨਗਰ ਕੀਰਤਨਾ ਅਤੇ ਲੰਗਰਾਂ ਦੀ। ਬਹੁਤ ਘੱਟ ਲੋਕ ਹਨ ਜੋ ਇਸ ਸ਼ਤਾਬਦੀ ਨੂੰ ਮੁੱਖ ਰੱਖਕੇ ਗੁਰੂ ਸਾਹਿਬ ਦੀ ਸਿੱਖੀ ਨੂੰ ਸੰਜੀਦਗੀ ਨਾਲ ਸਮਝਣ ਦਾ ਯਤਨ ਕਰਦੇ ਹੋਣਗੇ। ਵਧੇਰੇ ਦੁੱਖ ਵਾਲੀ ਗੱਲ ਇਹ ਹੈ ਕਿ ਸਿੱਖ ਜਗਤ ਦੇ ਪ੍ਰਚਾਰਕ ਵੀ ਦੋ ਧੜਿਆਂ ਵਿਚ ਵੰਡੇ ਹੋਏ ਹਨ ਜਿਹਨਾ ਵਿਚ ਇੱਕ ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕ ਗੁਰਬਾਣੀ ਗਿਆਨ ਨੂੰ ਪ੍ਰਮੁੱਖ ਰੱਖ ਕੇ ਨਾਮ ਸਿਮਰਨ ਨੂੰ ਤੋਤਾ ਰਟਨ ਕਹਿੰਦੇ ਹਨ ਜਦ ਕਿ ਸੰਪ੍ਰਦਾਇਕ ਜਾਂ ਡੇਰੇਵਾਦੀ ਪ੍ਰਚਾਰਕ ਸ਼ਰਧਾ ਨੂੰ ਪ੍ਰਮੁਖ ਰੱਖਦੇ ਹਨ ਅਤੇ ਜਾਗਰੂਕ ਆਖੇ ਵਾਲੇ ਪ੍ਰਚਾਰਕਾਂ ਨੂੰ ਸਿੱਖੀ ਲਈ ਵੱਡਾ ਖਤਰਾ ਮੰਨਦੇ ਹਨ। ਇਸ ਜ਼ਿਦ ਅਤੇ ਖਹਿਬੜ ਦੇ ਮਹੌਲ ਵਿਚ ਗੁਰੂ ਨਾਨਕ ਸਾਹਿਬ ਦੇ ਸਿੱਖ ਸਿਧਾਂਤ ਨੂੰ ਸਮਝਣਾ ਅੱਤ ਜਰੂਰੀ ਹੈ । ਜਿਹਨਾ ਲੋਕਾਂ ਨੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਸਮਝਿਆ ਉਹ ਮਜ਼੍ਹਬ ਦੀਆਂ ਸਖਤ ਦੀਵਾਰਾਂ ਤੋੜ ਕੇ ਬਾਬੇ ਦੇ ਹੀ ਹੋ ਗਏ। ਗੁਰੂ ਸਾਹਿਬ ਨੇ ਵਰਣ ਵੰਡ ਅਤੇ ਕਰਮ ਕਾਂਡ ਦੀਆਂ ਸਖਤ ਬੰਦਸ਼ਾਂ ਨੂੰ ਤੋੜ ਕੇ ੴ ਉਚਾਰਿਆ ਜੋ ਕਿ ਨਾ ਸਿਰਫ ਮਨੁੱਖੀ ਜੋਤ ਦਾ ਹੀ ਸਗੋਂ ਬ੍ਰਹਿਮੰਡੀ ਜੋਤ ਅਤੇ ਏਕੇ ਦਾ ਲਖਾਇਕ ਹੈ। ਯਥਾ ਗੁਰਵਾਕ-

ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ  ਦੂਜਾ ਕੋਈ ਜੀਉ  ਅੰਗ ੫੯੮)

ਜਗਤ ਗੁਰ ਬਾਬੇ ਦੀ ਸਿੱਖੀ ਦਾ ਅਧਾਰ ਨਾਮ

ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਉਹਨਾ ਦੀ ਬਾਣੀ ਵਿਚੋਂ ਢੂੰਡਿਆ ਜਾ ਸਕਦਾ ਹੈ। ਗੁਰੂ ਨਾਨਕ ਬਾਣੀ ਮਨ ਮਾਇਆ &lsquoਤੇ ਚੋਟ ਕਰਦੀ ਹੈ ਜੋ ਕਿ ਮਨੁੱਖੀ ਪੀੜਾ ਅਤੇ ਪ੍ਰਮਾਤਮਾ ਤੋਂ ਟੁੱਟਣ ਦਾ ਮੂਲ ਕਾਰਨ ਹੈ। ਮਨ ਦੀ ਇਸ ਮਾਇਆ ਤੋਂ ਬਚਣ ਲਈ ਗੁਰੂ ਸਾਹਿਬ ਜੀ &lsquoਸ਼ਬਦ&rsquo ਦੀ ਓਟ ਨੂੰ ਹੀ ਪ੍ਰਮੁਖ ਸਾਧਨ ਮੰਨਦੇ ਹਨ। ਗੁਰੂ ਸਾਹਿਬ ਮਨ ਦੇ ਦੋ ਰੂਪ ਮੰਨਦੇ ਹਨ । ਇੱਕ ਹੈ ਮਨ ਦਾ ਮਨਮਤੀ ਹੋ ਜਾਣਾ ਅਤੇ ਦੂਸਰਾ ਹੈ ਮਨ ਦਾ ਗੁਰਮਤੀ ਹੋ ਜਾਣਾ। ਯਥਾ ਗੁਰਵਾਕ-

ਇਹੁ ਮਨੁ ਕਰਮਾ ਇਹੁ ਮਨੁ ਧਰਮਾ ਇਹੁ ਮਨੁ ਪੰਚ ਤਤੁ ਤੇ ਜਨਮਾ  ਸਾਕਤੁ ਲੋਭੀ ਇਹੁ ਮਨੁ ਮੂੜਾ ਗੁਰਮੁਖਿ ਨਾਮੁ ਜਪੈ ਮਨੁ ਰੂੜਾ (ਅੰਗ ੪੧੫)

ਭਾਵ ਕਿ ਮਨ ਦੇ ਮਨਮਤੀ ਰੂਪ ਨੂੰ ਨਾਮ ਰਾਹੀਂ ਹੀ ਗੁਰਮਤੀ ਕੀਤਾ ਜਾ ਸਕਦਾ ਹੈ। ਨਾਮ ਦਾ ਸਬੰਧ ਸ਼ਬਦ ਨਾਲ ਹੈ ਜੋ ਕਿ ਜਗਤ ਗੁਰੂ ਹੈ। ਜਦੋਂ ਸਿੱਧਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਸੀ ਕਿ ਆਪ ਦਾ ਗੁਰੂ ਕੌਣ ਹੈ ਤਾਂ ਉਹਨਾ ਦਾ ਜਵਾਬ ਸੀ ਕਿ

ਪਵਨ ਅਰੰਭੁ ਸਤਿਗੁਰ ਮਤਿ ਵੇਲਾ  ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਅੰਗ ੯੪੨)

ਇਥੇ ਇਹ ਗੱਲ ਸਸਮਝਣ ਵਾਲੀ ਹੈ ਕਿ ਇਸ &lsquoਸ਼ਬਦ&rsquo ਨੂੰ ਕਿਸੇ ਧਰਮ, ਕੌਮ ਜਾਂ ਸਮੇ ਸਥਾਨ ਨਾਲ ਨੱਥੀ ਨਹੀਂ ਕੀਤਾ ਜਾ ਸਕਦਾ। ਇਹ ਸ਼ਬਦ ਸਾਰੇ ਬ੍ਰਹਿਮੰਡ ਦਾ ਸਾਂਝਾ ਹੈਗੁਰੂ ਨਾਨਕ ਦਾ ਪੰਥ (ਰਸਤਾ) &lsquoਸ਼ਬਦ-ਸੁਰ&rsquo ਦਾ ਪੰਥ ਹੈ ਜਿਸ ਨੂੰ &lsquoਨਾਮ&rsquo ਕਿਹਾ ਗਿਆ ਹੈ। ਯਥਾ ਗੁਰਵਾਕ ਹੈ-

ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ  ਅੰਗ ੧੩੭੯)

ਸੁਰਤ ਦਾ ਸਬੰਧ ਮਨੁੱਖ ਨਾਲ ਹੈ ਨਾ ਕਿ ਕਿਸੇ ਧਰਮ ਜਾਤ ਨਾਲ। ਗੁਰਮਤ ਦੇ ਇਸ ਰਾਜ਼ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਮਨੁੱਖੀ ਤਬੀਅਤ ਦਾ ਨਿਰਭਰ ਉਸ ਦੀ ਵਿਚਾਰ ਅਤੇ ਭਾਵਨਾ ਨਾਲ ਹੈ। ਗੁਰੂ ਨਾਨਕ ਸਾਹਿਬ &lsquoਜੈਸਾ ਸੇਵੈ ਤੈਸੋ ਹੋਇ&rsquo ਦਾ ਸਿਧਾਂਤ ਸਮਝਾਉਂਦੇ ਫੁਰਮਾਉਂਦੇ ਹਨ&mdash

ਸਤਿਗੁਰੁ ਸੇਵੇ ਸੋ ਜੋਗੀ ਹੋਇ  ਭੈ ਰਚਿ ਰਹੈ ਸੁ ਨਿਰਭਉ ਹੋਇ  ਜੈਸਾ ਸੇਵੈ ਤੈਸੋ ਹੋਇ 

ਹੁਣ ਸਮਝਣ ਵਾਲੀ ਗੱਲ ਹੈ ਕਿ ਮਨ ਦੀ ਮਾਇਆ ਕੀ ਹੈ ਜਾਂ ਮਨਮਤ ਕੀ ਹੈ-

ਮਨ ਮਾਇਆ

ਮਨ ਮਾਇਆ ਉਹ ਬੇਸੁਰਤੀ ਹੈ ਜੋ ਮਨੁੱਖ ਦੀ ਮੱਤ ਮਾਰ ਦਏ। ਇਸ ਬੇਸੁਰਤੀ ਵਿਚ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦਾ ਸ਼ਿਕਾਰ ਹੋ ਕੇ ਜੀਵਨ ਗੁਆ ਬੈਠਦਾ ਹੈ। ਮਨ ਮਾਇਆ ਦਾ ਸਬੰਧ ਕਿਸੇ ਖਾਸ ਧਰਮ ਜਾਂ ਰੰਗ ਨਸਲ ਦੇ ਬੰਦਿਆਂ ਨਾਲ ਨਹੀਂ ਹੈ ਸਗੋਂ ਸਾਰੇ ਮਨੁੱਖਾਂ ਨਾਲ ਹੈ। ਇਸੇ ਤਰਾਂ ਗੁਰਮਤ ਦਿ ਰੱਬੀ ਨਾਂ ਦੀ ਕਮਾਈ ਸਮੁੱਚੀ ਮਨੁੱਖਤਾ ਨੂੰ ਮਨ ਮਾਇਆ ਤੋਂ ਮੁਕਤ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਿੰਦੂ ਅਤੇ ਮੁਸਲਮਾਨ ਭਗਤਾਂ ਦੀ ਬਾਣੀ ਸ਼ਾਮਲ ਕਰਨ ਦਾ ਪ੍ਰਮੁਖ ਕਾਰਨ ਇਹ ਹੈ ਕਿ ਨਾ ਤਾਂ ਰਾਮ, ਅੱਲਾ ਅਤੇ ਵਾਹਿਗੁਰੂ ਦੇ ਨਾਮ ਵਿਚ ਕੋਈ ਭੇਦ ਹੈ ਅਤੇ ਨਾ ਹੀ ਮਾਇਆ ਦੀਆਂ ਮਾਰਾਂ ਵਿਚ ਕੋਈ ਪੱਖਪਾਤ ਹੈ ਸਗੋਂ ਇਹ ਸੱਚਾਈਆ ਮਨੁੱਖ ਮਾਤਰ &lsquoਤੇ ਇੱਕ ਬਰਾਬਰ ਲਾਗੂ ਹਨ। ਗੁਰਮਤ ਵਿਚ ਮਨੁੱਖਤਾ ਦੀ ਸਮੱਸਿਆ ਅਤੇ ਸਮੱਸਿਆ ਦਾ ਹੱਲ ਬਾਖੂਬੀ ਬਿਆਨ ਕੀਤਾ ਗਿਆ ਹੈ।

ਅੱਜਕਲ ਦੀ ਬਹੁਚਰਚਿਤ ਪੁਸਤਕ&lsquoਨਵੀਂ ਧਰਤੀ&rsquo (A New Earth) ਦੇ ਕਰਤਾ ਨੇ ਜੀਵਨ ਦੇ ਇੱਕ ਅਹਿਮ ਭੇਦ ਨੂੰ ਬੜੇ ਸਾਦਾ ਸਬਦਾਂ ਵਿਚ ਲਿਖਿਆ ਹੈ ਕਿ &ndash &lsquoਆਮ ਤੌਰ ਤੇ ਮਨੁੱਖ ਮਾਤਰ ਦੀ ਚਿੱਤ ਬਿਰਤੀ ਵਿਚ ਵਰਗਲਾਏ ਜਾਣ ਦਾ ਜਾਂ ਪਾਗਲਪਨ ਦਾ ਵਹਿਣ ਹੁੰਦਾ ਹੈ - (Normal state of mind of most human beings contains strong element of what we call dysfunction or even madness) ਗੁਰੂ ਨਾਨਕ ਸਾਹਿਬ ਨੇ ਮਨ ਦੇ ਆਪ ਮੁਹਾਰੇ ਵਹਿਣ ਪ੍ਰਤੀ ਖਬਰਦਾਰ ਕਰਦਿਆਂ ਕਿਹਾ ਹੈ &ndash

ਮਃ   ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ  ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ (ਅੰਗ ੧੨੮੭)

ਗੁਰੂ ਸਾਹਿਬ ਮੁਤਾਬਕ ਮਨ ਦੀ ਇਸ ਖਤਰਨਾਕ ਖੇਡ ਤੋਂ ਬਚਣ ਦਾ ਇੱਕੋ ਇੱਕ ਸਾਧਨ ਸੁਰਤ ਸ਼ਬਦ ਦਾ ਸੁਮੇਲ ਹੈ ਜਦ ਕਿ ਸ਼ਬਦ ਤੋਂ ਵਿਗੁੱਚਾ ਮਨੁੱਖ ਮੂਰਖ ਹੈ -

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ  (ਅੰਗ ੬੩੪)

ਅਸੀਂ ਦੇਖ ਸਕਦੇ ਹਾਂ ਕਿ ਅਜੋਕਾ ਮਨੁੱਖ ਤਾਂ ਜੀਵਨ ਦੀਆਂ ਸਭ ਨਿਆਮਤਾਂ ਪ੍ਰਾਪਤ ਕਰਕੇ ਵੀ ਆਪਣੇ ਹੀ ਮਨ ਦੀ ਅਵਾਰਗੀ ਕਾਰਨ ਰੋਗੀ, ਭੋਗੀ ਹੋ ਕੇ ਵਿਲਕ ਰਿਹਾ ਹੈ। ਗੁਰਮਤ ਨੇ ਇਸ ਤੋਂ ਛੁਟਕਾਰੇ ਲਈ &lsquoਨਾਮ&rsquo ਜਾਂ &lsquoਸ਼ਬਦ&rsquo ਦਾ ਆਸਰਾ ਲਿਆ ਹੈ ਅਤੇ ਇਸੇ ਨੂੰ ਸਮੱਚੀ ਮਨੁੱਖਤਾ ਦਾ ਗੁਰੂ ਮੰਨਿਆਂ ਹੈ। ਸ਼ਬਦ ਦੀ ਕਮਾਈ ਵਿਚ ਸੇਵਾ, ਸਿਮਰਨ, ਗਿਆਨ, ਧਿਆਨ, ਸ਼ਰਧਾ, ਸਮਰਪਣ ਅਤੇ ਵਜ਼ਦ ਦੀ ਗਲਵਕੜੀ ਹੈ।

ਗੁਰਮਤ ਵਿਚ ਗਿਆਨ ਧਿਆਨ ਨਾਲ ਵਜ਼ਦ ਦੀ ਪ੍ਰਧਾਨਤਾ

ਨਿਰਸੰਦੇਹ ਗੁਰਮਤ ਸੱਚੇ ਅਮਲਾਂ ਦਾ ਜੀਵਨ ਹੈ ਜਿਵੇਂ ਕਿ ਗੁਰੂ ਨਾਨਕ ਸਾਹਬ ਦੇ ਬਚਨ ਹਨ-

ਸਚਹੁ ਓਰੈ ਸਭੁ ਕੋ ਉਪਰਿ ਸਚੁ ਅਚਾਰੁ॥ (ਅੰਗ ੬੨)

ਪਰ ਇਹਨਾ ਅਮਲਾਂ ਦੀ ਪ੍ਰਾਪਤੀ ਲਈ ਜਾਂ ਰੱਬੀ ਰਹਿਮਤ ਲਈ ਕੋਈ ਗਣਿਤ ਵਰਗੀ ਦਾਅਵੇਦਾਰੀ ਨਹੀਂ ਹੈ ਸਗੋਂ ਪ੍ਰਮਾਤਮਾ ਦੀ ਬਖਸ਼ਿਸ਼ (ਗੁਰ ਪ੍ਰਸਾਦਿ) ਨੂੰ ਪ੍ਰਮੁੱਖ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ-

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ (ਅੰਗ 83)

ਇਹਨਾ ਅਮਲਾਂ ਦੀ ਪ੍ਰਾਪਤੀ ਲਈ ਪਾਠ ਕਰਨ, ਕਥਾ ਕਰਨ ਜਾਂ ਕੀਰਤਨ ਕਰਨ ਦੀਆਂ ਜੋ ਵਿਧੀਆਂ ਹਨ ਉਹਨਾ ਵਿਚ ਵਜ਼ਦ ਵਿਸ਼ਵਾਸ, ਸ਼ਰਧਾ ਅਤੇ ਸਮਰਪਣ ਹੋਣਾ ਲਾਜ਼ਮੀ ਹੈ। ਗੁਰੂ ਸਾਹਿਬ ਕਇਨਾਤੀ ਵਜ਼ਦ ਬਾਰੇ ਫੁਰਮਾਉਂਦੇ ਹਨ-

ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ (ਅੰਗ ੮)

ਅਜੋਕੇ ਅਫਰਾ ਤਫਰੀ ਵਾਲੇ ਸੰਸਾਰ ਵਿਚ ਧਿਆਨ ਦੇ ਨਾਲ ਨਾਲ ਗਾਇਨ ਦੀ ਵਿਧੀ ਸੋਨੇ &lsquoਤੇ ਸੁਹਾਗਾ ਹੈ। ਬਰਤਾਨੀਆਂ ਦੇ ਸੁਪ੍ਰਸਿੱਧ ਗਾਇਕ ਜੋਰਜ ਹੈਰੀਸਨ (ਬੀਟਲ) ਨੇ ਇੱਕ ਵਾਰ ਕਿਹਾ ਸੀ ਕਿ, &lsquoOne of the main differences between silent meditation and chanting is that silent meditation is rather dependent on concentration, but when you chant, it's more of a direct connection with God.&rsquo ਭਾਵ ਕਿ, &lsquoਧਿਆਨ ਵਾਲੀ ਭਗਤੀ ਤਾਂ ਇਕਾਗਰਤਾ ਤੇ ਨਿਰਭਰ ਹੈ ਪਰ ਜਦੋਂ ਅਸੀਂ ਗਉਂਦੇ ਹਾਂ ਤਾਂ ਪ੍ਰਮਾਤਮਾ ਨਾਲ ਸਿੱਧਾ ਸਬੰਧ ਬਣ ਜਾਂਦਾ ਹੈ&rsquo। ਗੁਰਮਤ ਦਾ ਵਜ਼ਦ ਪਾਠ ਕਰਨ, ਕਥਾ ਕਰਨ ਜਾਂ ਕੀਰਤਨ ਕਰਨ ਭਾਵ ਕਿ ਹਰ ਵਿਧੀ ਵਿਚ ਹੋਣਾ ਲਾਜ਼ਮੀ ਹੈ। ਇਹ ਖਾਸ ਸਮਝਣ ਵਾਲੀ ਹੈ ਕਿ ਜਦੋਂ ਕੋਈ ਅਨੁਭਵੀ ਗੁਰਮੁਖ ਕਥਾ ਵਿਚਾਰ ਕਰਦਾ ਹੈ ਜਾਂ ਗੁਰਬਾਣੀ ਪਾਠ ਕਰਦਾ ਹੈ ਤਾਂ ਉਸ ਦੇ ਇਸ ਅਮਲ ਵਿਚ ਵੀ ਗਾਇਨ ਜਾਂ ਵਜ਼ਦ ਸ਼ਾਮਲ ਹੁੰਦਾ ਹੈ। ਪੰਚਮ ਪਾਤਸ਼ਾਹ ਦੇ ਬਚਨ ਹਨ-

ਕਲਜੁਗ ਮਹਿ ਕੀਰਤਨੁ ਪਰਧਾਨਾ  ਗੁਰਮੁਖਿ ਜਪੀਐ ਲਾਇ ਧਿਆਨਾ  (ਅੰਗ 1075)

ਜਾਂ

ਸਭ ਤੇ ਊਤਮ ਹਰਿ ਕੀ ਕਥਾ  ਨਾਮੁ ਸੁਨਤ ਦਰਦ ਦੁਖ ਲਥਾ (ਅੰਗ 265)

ਅਜੋਕਾ ਯੁੱਗ ਚਿੱਤ ਬਿਰਤੀ ਦੇ ਵਰਗਲਾਏ (exploitation) ਜਾਣ ਦਾ ਯੁੱਗ ਹੈ ਧਰਮ ਤੋਂ ਮੁਨਕਰ ਹੋ ਕੇ ਲੋਕੀ ਦਿਨੋ ਦਿਨ ਨਾਸਤਕ ਹੁੰਦੇ ਜਾ ਰਹੇ ਹਨ । ਪਰ ਇਹ ਇੱਕ ਕੌੜਾ ਸੱਚ ਹੈ ਕਿ ਮਨੁੱਖ ਦੀ ਆਪਣੀ ਅਵਾਰਾ ਬਿਰਤੀ ਕਾਰਨ ਮਨੁੱਖ ਆਪਣੇ ਆਪ ਲਈ, ਆਪਣੀ ਨਸਲ ਲਈ ਅਤੇ ਪੂਰੇ ਬ੍ਰਹਿਮੰਡ ਲਈ ਵੱਡਾ ਖਤਰਾ ਵੀ ਬਣ ਗਿਆ ਹੈ। ਗੁਰੂ ਨਾਨਕ ਸਾਹਿਬ ਦਾ ਮੱਤ ਸੇਵਾ, ਸਿਮਰਨ, ਗਿਆਨ, ਧਿਆਨ, ਗਾਇਨ, ਸਮਰਪਣ ਅਤੇ ਸ਼ਰਧਾ ਵਾਲਾ ਨਵੀਨ ਧਰਮ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਇਸ ਧਰਮ ਦੀ ਸ਼ੁਰੂਆਤ ਜਿਸ ੴ ਨਾਲ ਕੀਤੀ ਉਹ ਰੰਗ, ਨਸਲ, ਜਾਤ, ਕੌਮ ਅਤੇ ਧਰਮ ਦੇ ਫਰਕਾਂ ਤੋਂ ਉਪਰ ਉੱਠ ਕੇ ਸਮੂਹ ਮਨੁੱਖਤਾ ਅਤੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿਚ ਲੈਂਦਾ ਹੈ। ਗੁਰੂ ਨਾਨਕ ਸਾਹਿਬ ਕੇਵਲ ਸਿੱਖਾਂ, ਹਿੰਦੂਆਂ ਜਾਂ ਮੁਸਲਮਾਨਾਂ ਦੇ ਹੀ ਗੁਰ ਪੀਰ ਨਹੀਂ ਹਨ ਸਗੋਂ ਉਹ ਜਗਤ ਗੁਰੂ ਹਨ। ਯੂ ਐਨ ਓ ਦੇ ਹਿਉਮਨ ਰਾਈਟਸ ਚਾਰਟਰ ਸਬੰਧੀ 18 Commitments on &lsquoFaith for Rights&rsquo ਵਿਚ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਗੁਰੂ ਨਾਨਕ ਸਾਹਿਬ ਦਾ ਇਹ ਕਥਨ ਵਿਸ਼ੇਸ਼ ਤੌਰ &lsquoਤੇ ਦਰਜ ਕੀਤਾ ਗਿਆ ਹੈ ਸਾਰੇ ਮਨੁੱਖਾਂ ਵਿਚ ਸਰਬਸਾਂਝੇ ਪ੍ਰਮਾਤਮਾ ਦੀ ਜੋਤ ਹੈ-

ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ (ਅੰਗ ੧੩)

ਸਾਂਝੀਵਾਲਤਾ ਦਾ ਇਹ ਦ੍ਰਿਸ਼ਟੀਕੋਣ ਹੀ ਗੁਰੂ ਸਾਹਿਬ ਨੂੰ ਜਗਤ ਗੁਰੂ ਬਣਾਉਂਦਾ ਹੈ।

ਲੇਖਕ: ਕੁਲਵੰਤ ਸਿੰਘ &lsquoਢੇਸੀ&rsquo

 

-------0------