image caption: ਰਜਿੰਦਰ ਸਿੰਘ ਪੁਰੇਵਾਲ

ਗੁਰੂ ਨਾਨਕ ਲਾਂਘੇ ਦਾ ਮਹੱਤਵ ਵਿਸ਼ਵ ਸ਼ਾਂਤੀ ਲਈ

    ਖਾਲਸਾ ਪੰਥ ਤੇ ਪੰਜਾਬੀਆਂ ਦੇ ਲਈ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਉਤਸਵ ਖੁਸ਼ੀਆਂ ਤੇ ਖੇੜਿਆਂ ਭਰਿਆ ਮੌਕਾ ਹੈ ਕਿ ਕਰਤਾਰਪੁਰ ਦਾ ਮਾਰਗ ਅਰਥਾਤ ਖੁੱਲ੍ਹਾ ਲਾਂਘਾ ਖੁੱਲ੍ਹ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਇਤਿਹਾਸ ਮੁਤਾਬਕ ਗੁਰੂ ਨਾਨਕ ਸਾਹਿਬ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ ਵਿਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇਥੇ ਖੇਤੀ ਕਰ ਗੁਰੂ ਨਾਨਕ ਦੇਵ ਜੀ ਨੇ ''ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ'' ਦਾ ਫ਼ਲਸਫ਼ਾ ਦਿੱਤਾ ਸੀ। ਕਰਤਾਰਪੁਰ ਸਾਹਿਬ ਇੱਕ ਅਜਿਹਾ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵੀ ਕਰਤਾਰਪੁਰ ਸਾਹਿਬ ਆ ਕੇ ਵਸ ਗਿਆ ਸੀ। ਗੁਰੂ ਸਾਹਿਬ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਥੇ ਹੋਇਆ ਸੀ।''

     15 ਅਗਸਤ 1947 ਦੀ ਵੰਡ ਦੌਰਾਨ ਸਿੱਖ ਪੰਥ ਤੇ ਪੰਜਾਬੀਆਂ ਦੀ ਵੱਡੀ ਤਬਾਹੀ ਹੋਈ ਹੈ। ਭਾਰਤ-ਪਾਕਿਸਤਾਨ ਦੇ ਵੰਡੇ ਜਾਣ ਮਗਰੋਂ ਸਿੱਖ ਪੰਥ ਦੇ ਗੁਰਧਾਮ ਵੀ ਵਿਛੜ ਗਏ। ਸਾਡੀਆਂ ਚਾਰ ਪੀੜ੍ਹੀਆਂ ਅਰਦਾਸ ਕਰਦੀਆਂ ਬਾਬੇ ਗੁਰੂ ਨਾਨਕ ਦਾ ਗੁਰਧਾਮਾਂ ਨੂੰ ਯਾਦ ਕਰਦੀਆਂ ਦਰਸ਼ਨ ਲਈ ਬਹਿਬਲ ਹੋਈਆਂ ਤੇ ਹੰਝੂ ਕੇਰਦੀਆਂ ਤੁਰ ਗਈਆਂ। ਭਾਰਤ-ਪਾਕਿਸਤਾਨ ਦੀ ਨਫ਼ਰਤ ਭਰਪੂਰ ਸਿਆਸਤ ਨੇ ਮਨੁੱਖਤਾ ਦੇ ਬਹੁਤ ਨੁਕਸਾਨ ਕੀਤਾ ਹੈ। ਅਸੀਂ ਵਿਚਾਰਧਾਰਕ, ਸੱਭਿਆਚਾਰਕ ਪੱਖ ਤੋਂ ਵੰਡੇ ਗਏ, ਦੰਗਿਆਂ ਦੌਰਾਨ ਸਾਡੀਆਂ ਧੀਆਂ-ਭੈਣਾਂ, ਜਾਇਦਾਦਾਂ ਖੁਸ ਗਈਆਂ, ਸਾਡੇ ਆਪਣੇ ਮਾਰੇ ਗਏ। ਪਰ ਅਜੇ ਤੱਕ ਸਾਨੂੰ ਇਸ ਦੁਖਾਂਤ ਦੀ ਸਮਝ ਨਹੀਂ ਪਈ ਕਿ ਅਸੀਂ ਨਫ਼ਰਤਾਂ ਵਲ ਜਾਣਾ ਹੈ ਜਾਂ ਗੁਰੂ ਨਾਨਕ ਦੇ ਮੋਹ ਨਾਲ ਭਿੱਜਣਾ ਹੈ। ਸਿੱਖ ਧਰਮ ਸਿਧਾਂਤ ਵਿਚ ਗੁਰਦੁਆਰਿਆਂ ਦੇ ਮਹੱਤਵ ਤੋਂ ਅੰਗਰੇਜ਼ ਭਲੀ-ਭਾਂਤ ਜਾਣੂੰ ਸਨ। ਫਿਰ ਵੀ ਉਨ੍ਹਾਂ 200 ਤੋਂ ਵਧੀਕ ਇਤਿਹਾਸਕ ਗੁਰਦੁਆਰਿਆਂ ਸਬੰਧੀ ਪੰਜਾਬ ਦੀ ਵੰਡ ਦੇ ਅਮਲ ਵਿਚ ਕਿਸੇ ਵੀ ਸੰਭਵ ਉਪਾਅ ਵੱਲ ਭਾਰਤ-ਪਾਕਿਸਤਾਨ ਨੂੰ ਪ੍ਰੇਰਨਾ ਨਾ ਦੇ ਕੇ ਸਿੱਖਾਂ ਨਾਲ ਧੋਖਾ ਕੀਤਾ ਹੈ। ਹਾਲਾਂਕਿ ਅੰਗਰੇਜ਼ ਸਰਕਾਰ ਇਸ ਦਾ ਹੱਲ ਭਾਲ ਸਕਦੀ ਸੀ। ਸਾਡੀ ਸਿੱਖ ਲੀਡਰਸ਼ਿਪ ਨੇ ਉਸ ਸਮੇਂ ਕੋਈ ਸਿਆਣਪ ਨਹੀਂ ਕੀਤੀ। ਜੇਕਰ ਉਹ ਸ਼ੇਰੇ ਪੰਜਾਬ ਵਾਲਾ ਰਾਜ ਜੋ ਪੰਜਾਬੀਆਂ ਦਾ ਸਾਂਝਾ ਰਾਜ ਸੀ, ਮੰਗ ਲੈਂਦੀ ਤਾਂ ਇਹੋ ਕੁਝ ਨਹੀਂ ਸੀ ਵਾਪਰਨਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਤਾਰ ਇਸ ਮਹੱਤਵਪੂਰਨ ਮਾਮਲੇ ਵੱਲ ਆਪਣਾ ਧਿਆਨ ਕੇਂਦਰਿਤ ਰੱਖਿਆ ਹੈ। ਸਿਮਰਨਜੀਤ ਸਿੰਘ ਮਾਨ, ਪ੍ਰਵਾਸੀ ਖਾਲਸਾ ਜੀ, ਜਥੇਦਾਰ ਕੁਲਦੀਪ ਸਿੰਘ ਵਡਾਲਾ ਕਰਤਾਰਪੁਰ ਦੇ ਖੁੱਲ੍ਹੇ ਲਾਂਘੇ ਲਈ ਜੂਝਦੇ ਰਹੇ। ਜਥੇਦਾਰ ਕੁਲਦੀਪ ਸਿੰਘ ਵਡਾਲਾ ਸਾਹਿਬ ਨੇ ਸਿਦਕੀ ਸਿੱਖ ਵਾਂਗ ਸੰਗਤ ਦੇ ਸਹਿਯੋਗ ਨਾਲ 2001 ਈ: ਦੇ ਵਿਸਾਖੀ ਦਿਵਸ 'ਤੇ ਇਸ ਕਾਰਜ ਦੀ ਸਫ਼ਲਤਾ ਵਾਸਤੇ ਗੁਰੂ ਅੱਗੇ ਰਹਿਮਤ ਅਤੇ ਬਲ ਬਖ਼ਸ਼ਣ ਲਈ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਇਸ ਪ੍ਰੋਗਰਾਮ ਦਾ ਅਰੰਭ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਹੋਇਆ। ਇਸ ਸਮਾਗਮ ਵਿਚ ਜੁੜੀ ਸੰਗਤ ਵਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਹਰ ਮਹੀਨੇ ਮੱਸਿਆ ਵਾਲੇ ਦਿਨ ਕਰਤਾਰਪੁਰ ਲਾਂਘੇ ਲਈ ਅਰਦਾਸ ਕੀਤੀ ਜਾਇਆ ਕਰੇ। ਇਨ੍ਹਾਂ ਅਰਦਾਸਾਂ ਦਾ ਹਰ ਮਹੀਨੇ ਸਿਲਸਿਲਾ ਨਿਰੰਤਰ 15 ਮਈ 2018 ਤੱਕ ਚਲਦਾ ਰਿਹਾ। ਇਹ ਪੰਥਕ ਲਹਿਰ ਬਣ ਗਈ।
ਜਥੇਦਾਰ ਵਡਾਲਾ, 5 ਜੂਨ, 2018 ਨੂੰ ਅਕਾਲ ਚਲਾਣਾ ਕਰ ਗਏ। ਅੱਜ ਗੁਰੂ ਨਾਨਕ ਦਾ ਲਾਂਘਾ  ਖੁੱਲ੍ਹ ਗਿਆ ਹੈ, ਪਰ ਜਥੇਦਾਰ ਵਡਾਲਾ ਲਾਂਘਾ ਪਾਰ ਕਰਦੀਆਂ ਸੰਗਤਾਂ ਦੇ ਦਰਸ਼ਨ ਨਾ ਕਰ ਸਕੇ, ਜਿਸ ਦਾ ਸੁਪਨਾ ਉਨ੍ਹਾਂ ਨੇ ਦੇਖਿਆ ਸੀ।
ਇੱਥੇ ਜ਼ਿਕਰਯੋਗ ਹੈ ਕਿ ਉਸ ਸਮੇਂ ਦੌਰਾਨ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸਾਹਿਬਾਨ ਦੇ ਨਾਂਅ ਲੱਗੀਆਂ ਚੋਖੀਆਂ ਜ਼ਮੀਨਾਂ ਨੂੰ ਔਕਾਫ਼ ਬੋਰਡ ਦੇ ਢਕਵੰਜ ਰਾਹੀਂ ਵੱਡੇ-ਵੱਡੇ ਜ਼ਿਮੀਂਦਾਰਾਂ ਨੂੰ ਹੜੱਪਣ ਦੀ ਖੁੱਲ੍ਹ ਦੇ ਦਿੱਤੀ। ਪਰ ਸਿੱਖਾਂ ਨੇ ਗੁਰਦੁਆਰਾ ਸਾਹਿਬਾਨ ਦਾ ਸਮੁੱਚਾ ਮਾਮਲਾ ਹੁਣ ਜੁਗਤੀ ਨਾਲ ਕੌਮਾਂਤਰੀ ਪੱਧਰ ਦਾ ਬਣਾ ਦਿੱਤਾ ਹੈ ਤੇ ਪਾਕਿਸਤਾਨ ਨਾਲ ਪ੍ਰਵਾਸੀ ਖਾਲਸਾ ਜੀ ਨੇ ਗੱਲਬਾਤ ਕਰਕੇ ਗੁਰਧਾਮਾਂ ਦੀ ਕਾਰ ਸੇਵਾ ਕਰਵਾਈ। ਬਹੁਤਾ ਸਿਹਰਾ ਪ੍ਰਵਾਸੀ ਖਾਲਸਾ ਜੀ ਨੂੰ ਜਾਂਦਾ ਹੈ, ਜਿਨ੍ਹਾਂ ਕਾਰਨ ਕਰਤਾਰਪੁਰ ਦੇ ਖੁੱਲ੍ਹੇ ਲਾਂਘੇ ਦੀ ਗੱਲ ਚੱਲਣ ਨਾਲ ਇਸ ਮਹੱਤਵ ਨੂੰ ਹੋਰ ਵੀ ਅਹਿਮੀਅਤ ਮਿਲ ਗਈ ਹੈ।
ਇਹ ਲਾਂਘਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਦੀ ਸੂਝ ਬੂਝ ਕਾਰਨ ਖੁੱਲ੍ਹਿਆ ਹੈ। ਇਸ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਵੀ ਅਹਿਮ ਭੂਮਿਕਾ ਹੈ। ਇਮਰਾਨ ਨੇ ਕਰਤਾਰਪੁਰ ਲਾਂਘੇ ਵੱਲ ਤਾਂ ਧਿਆਨ ਦਿੱਤਾ ਅਤੇ ਕਰਤਾਰਪੁਰ ਨੂੰ 'ਸਿੱਖਾਂ ਦਾ ਮਦੀਨਾ' ਦਰਸਾ ਕੇ ਇਸ ਇਤਿਹਾਸਕ ਨਗਰੀ ਦੇ ਮਹੱਤਵ ਵੱਲ ਪੂਰੀ ਦੁਨੀਆ ਦਾ ਧਿਆਨ ਖਿੱਚਿਆ। ਇਹ ਲਾਂਘਾ ਬੰਦ ਨਹੀਂ ਹੋਣਾ ਚਾਹੀਦਾ। ਇਸ ਉੱਪਰ ਗੁਰੂ ਨਾਨਕ ਦੀਆਂ ਰਹਿਮਤਾਂ ਬਰਸਦੀਆਂ ਹਨ ਤੇ ਇਹ ਰਹਿਮਤਾਂ ਦੋਹਾਂ ਦੇਸਾਂ 'ਤੇ ਵੀ ਬਰਸਣਗੀਆਂ ਤੇ ਵਿÎਸ਼ਵ ਦਾ ਕਲਿਆਣ ਵੀ ਕਰਨਗੀਆਂ।
ਗੁਰੂ ਨਾਨਕ ਦਾ ਲਾਂਘਾ ਫਿਰਕੂਆਂ ਨੂੰ ਮਨਜ਼ੂਰ ਨਹੀਂ ਹੈ। ਇਸ ਲਈ ਉਹ ਆਪਣੀ ਮੀਡੀਆ ਤੇ ਸਿਆਸਤ ਰਾਹੀਂ ਇਸ ਵਿਰੁੱਧ ਬੋਲਦੇ ਰਹਿਣਗੇ ਤੇ ਅੱਤਵਾਦ ਦੇ ਨਾਮ ਹੇਠ ਇਸ ਵਿਰੁੱਧ ਪ੍ਰਚਾਰ ਕਰਦੇ ਰਹਿਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਸਾਜ਼ਿਸਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਅਮਨ ਦਾ ਕਾਫਲਾ ਅੱਗੇ ਤੋਰਨਾ ਚਾਹੀਦਾ ਹੈ ਤਾਂ ਹੀ ਗੁਰੂ ਨਾਨਕ ਅੱਗੇ ਉਨ੍ਹਾਂ ਦਾ ਸਿਰ ਝੁਕਾਇਆ ਸਫਲ ਹੋਵੇਗਾ। ਜਦ ਉਹ ਗੁਰੂ ਨਾਨਕ ਦੇ ਦਰਬਾਰ ਅੱਗੇ ਝੁੱਕ ਗਏ ਹਨ ਤਾਂ ਉਨ੍ਹਾਂ ਨੂੰ ਖੁੱਲ੍ਹੇ ਮਨ ਦੇ ਨਾਲ ਭਾਰਤ-ਪਾਕਿਸਤਾਨ ਏਕਤਾ ਤੇ ਦੱਖਣੀ ਏਸ਼ੀਆ ਦੀ ਸ਼ਾਂਤੀ ਦੇ ਲਈ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਨਫ਼ਰਤਾਂ ਕਿਸੇ ਕੰਮ ਨਹੀਂ ਆਉਂਦੀਆਂ, ਇਹ ਤਾਂ ਮਨੁੱਖਤਾ ਨੂੰ ਤਬਾਹ ਕਰਦੀਆਂ ਹਨ। ਅਸੀਂ ਨਫ਼ਰਤਾਂ ਕਾਰਨ ਆਪਣਾ ਤੇ ਆਪਣੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ। ਭਾਰਤ-ਪਾਕਿਸਤਾਨ ਨੂੰ ਖੁੱਲ੍ਹੇ ਲਾਂਘੇ ਦੀ ਇਬਾਰਤ ਤੇ ਮਹੱਤਵ ਸਮਝਣਾ ਚਾਹੀਦਾ ਹੈ। ਸਾਨੂੰ ਇਸ ਗੱਲ 'ਤੇ ਵੀ ਇਤਰਾਜ਼ ਹੈ ਕਿ ਖੁੱਲ੍ਹੇ ਲਾਂਘੇ ਨੂੰ ਕੋਰੀਡੋਰ ਕਿਹਾ ਜਾ ਰਿਹਾ ਹੈ। ਕੋਰੀਡੋਰ ਦਾ ਅਰਥ ਤਾਂ ਗਲਿਆਰਾ ਹੁੰਦਾ ਹੈ। ਲਾਂਘਾ ਤਾਂ ਰਸਤਾ ਹੁੰਦਾ ਹੈ, ਮਾਰਗ ਹੁੰਦਾ ਹੈ। ਗੁਰੂ ਨਾਨਕ ਦਾ ਲਾਂਘਾ ਅਮਨ ਤੇ ਵਿਕਾਸ ਦਾ ਮਾਰਗ ਹੈ। ਇਸ ਦੇ ਵੱਡੇ ਅਰਥ ਹਨ। ਭਾਰਤ ਨੂੰ ਇਹ ਰਚਨਾ ਬਦਲਣੀ ਨਹੀਂ ਚਾਹੀਦੀ, ਇਸ ਲਈ ਗੁਰੂ ਨਾਨਕ ਦਾ ਲਾਂਘਾ ਹੀ ਸਹੀ ਸ਼ਬਦਾਵਲੀ ਤੇ ਸਹੀ ਅਰਥ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਬਾਬਾ ਨਾਨਕ ਸਭਨਾਂ ਨੂੰ ਸ਼ਾਂਤੀ ਦੇਵੇ ਤੇ ਦੋਹਾਂ ਦੇਸਾਂ ਦੇ ਗਿਲ੍ਹੇ ਸ਼ਿਕਵੇ ਮਿਟਾਵੇ। ਨਫ਼ਰਤਾਂ, ਭੈਅ ਦਾ ਵਾਤਾਵਰਨ ਦੂਰ ਹੋਵੇ, ਸਭ ਭਰਾ-ਭਰਾ ਇਕ ਰੱਬ ਦੇ ਬੱਚੇ ਬਣ ਕੇ ਆਪਣਾ ਵਿਕਾਸ ਭਾਲਣ ਤੇ ਇਕ ਦੂਸਰੇ ਦੀ ਮਦਦ ਕਰਨ।

ਰਜਿੰਦਰ ਸਿੰਘ ਪੁਰੇਵਾਲ