image caption:

ਨਾਨਕ ਮੱਠ ਤੇ ਮੰਗੂ ਮੱਠ ਨੂੰ ਸੰਭਾਲਣ ਲਈ ਸ਼੍ਰੋਮਣੀ ਕਮੇਟੀ ਭੂਮਿਕਾ ਨਿਭਾਏ

    ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਖੁੱਲ੍ਹਾ ਲਾਂਘਾ ਖੁੱਲ੍ਹ ਗਿਆ ਹੈ। ਇਹ ਸਿੱਖ ਇਤਿਹਾਸ ਤੇ ਵਿਸ਼ਵ ਦੀ ਏਕਤਾ ਦੇ ਲਈ ਬਹੁਤ ਵਿਸ਼ਾਲ ਮਾਰਗ ਹੈ। Îਭਾਰਤ ਸਰਕਾਰ ਵਲੋਂ ਇਸ ਨੂੰ ਕੋਰੀਡੋਰ ਤੇ ਬਰਾਮਦਾ ਕਹਿ ਕੇ ਇਸ ਦਾ ਵਿਸ਼ਾਲ ਆਧਾਰ ਛੋਟਾ ਕੀਤਾ ਜਾ ਰਿਹਾ ਹੈ। ਲਾਂਘਾ ਉਹੀ ਹੁੰਦਾ ਹੈ, ਜੋ ਕਦੇ ਵੀ ਨਾ ਬੰਦ ਕੀਤਾ ਜਾਵੇ।  ਗੁਰੂ ਨਾਨਕ ਦਾ ਮਾਰਗ ਤਾਂ ਕਦੇ ਬੰਦ ਕੀਤਾ ਨਹੀਂ ਜਾ ਸਕਦਾ। ਇਹ ਭਾਰਤ-ਪਾਕਿ ਸਿਆਸਤਾਂ ਸਨ, ਜਿਨ੍ਹਾਂ ਨੇ ਲੋਕਾਂ ਨੂੰ ਇਕ ਦੂਜੇ ਤੋਂ ਦੂਰ ਕਰ ਦਿੱਤਾ ਤੇ ਗੁਰਧਾਮਾਂ ਦੇ ਰਸਤੇ ਬੰਦ ਕਰ ਦਿੱਤੇ।  ਇਹ ਬੜੀ ਦੁੱਖ ਦੀ ਗੱਲ ਹੈ ਕਿ ਭਾਰਤ ਵਿਚ ਵੀ ਗੁਰਧਾਮਾਂ ਉੱਪਰ ਮੁਤੱਸਬੀ ਲੋਕਾਂ ਵਲੋਂ ਸਰਕਾਰ ਦੀ ਸਹਾਇਤਾ ਨਾਲ ਕਬਜ਼ੇ ਕੀਤੇ ਜਾ ਰਹੇ ਹਨ ਤੇ ਨਾਮੋ ਨਿਸ਼ਾਨ ਮਿਟਾਏ ਜਾ ਰਹੇ ਹਨ।  ਉੜੀਸਾ ਦੇ ਜਗਨਨਾਥ ਪੁਰੀ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਨਾਨਕ ਮੱਠ ਤੇ ਮੰਗੂ ਮੱਠ ਢਾਹੇ ਜਾਣ ਦੇ ਚਰਚਿਆਂ ਨੇ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਸਿੱਖ ਜਗਤ ਨੂੰ ਨਿਰਾਸ਼ ਕਰ ਦਿੱਤਾ ਸੀ ਪਰ ਹੁਣ ਖ਼ਬਰ ਆ ਰਹੀ ਹੈ ਕਿ ਮੱਠ ਸੁਰੱਖਿਅਤ ਰਹਿਣਗੇ।
    ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਰਾਹੀਂ ਸਾਰੇ ਜਗਤ, ਸਾਰੇ ਧਰਮਾਂ ਨੂੰ ਏਕਤਾ ਨਾਲ ਜੋੜ ਕੇ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ। ਉੜੀਸਾ ਸਰਕਾਰ ਵੱਲੋਂ ਪੁਰਾਤਨ ਵਿਰਾਸਤ ਨੂੰ ਸੰਭਾਲਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਇਤਿਹਾਸਕ ਅਸਥਾਨ ਨੂੰ ਢਾਹੁਣ ਦੀਆਂ ਖ਼ਬਰਾਂ ਪਹਿਲੀ ਵਾਰ ਸਤੰਬਰ ਵਿਚ ਆਈਆਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਉੱਥੇ ਜਾ ਕੇ ਦਾਅਵਾ ਕੀਤਾ ਸੀ ਕਿ ਉੜੀਸਾ ਸਰਕਾਰ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਨਾਨਕ ਮੱਠ ਤੇ ਮੰਗੂ ਮੱਠ 'ਤੇ ਨਹੀਂ ਬਲਕਿ ਉਸ ਦੇ ਆਲੇ-ਦੁਆਲੇ ਦੀਆਂ ਗ਼ੈਰ-ਕਾਨੂੰਨੀ ਇਮਾਰਤਾਂ 'ਤੇ ਕਾਰਵਾਈ ਕਰ ਰਹੀ ਹੈ। ਨਾਲ ਹੀ ਵਫ਼ਦ ਦੇ ਮੈਂਬਰ ਹਰਜਾਪ ਸਿੰਘ ਨੇ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਅਜਿਹੇ ਕੋਈ ਸਬੂਤ ਪ੍ਰਾਪਤ ਨਹੀਂ ਹੋਏ, ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਗੁਰੂ ਨਾਨਕ ਸਾਹਿਬ ਕਦੇ ਮੰਗੂ ਮੱਠ ਗਏ ਸਨ। ਇਸ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਹਰਜਾਪ ਸਿੰਘ ਦੇ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਉਪਰੋਕਤ ਮੱਠਾਂ ਦੇ ਸਿੱਖ ਇਤਿਹਾਸ ਨਾਲ ਸਬੰਧਤ ਹੋਣ ਦੇ ਪ੍ਰਤੱਖ ਇਤਿਹਾਸਕ ਦਸਤਾਵੇਜ਼ ਮੌਜੂਦ ਹਨ। ਕਿਹਾ ਜਾ ਰਿਹਾ ਹੈ ਕਿ ਹਰਜਾਪ ਸਿੰਘ ਦੇ ਇਸ ਬਿਆਨ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਇਹ ਅਤਿਅੰਤ ਖਤਰਨਾਕ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਹਰਜਾਪ ਸਿੰਘ ਮਨਮਰਜ਼ੀਆਂ ਕਿਵੇਂ ਕਰ ਰਿਹਾ ਹੈ? ਇਸ ਗੱਲ ਦਾ ਬੁਰਾ ਸਿੱਖ ਜਗਤ ਵਿਚ ਮਨਾਇਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਤੇ ਪੰਥ ਪ੍ਰਤੀ ਵਚਨਬੱਧਤਾ ਪ੍ਰਤੀ ਸੁਹਿਰਦਤ ਨਹੀਂ। ਮੰਗੂ ਮੱਠ ਨਾਲ ਸਬੰਧਤ ਉੜੀਸਾ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਰਿਲੀਜੀਅਸ ਐਂਡ ਚੈਰੀਟੇਬਲ ਸੰਸਥਾ ਦੇ ਅਹੁਦੇਦਾਰਾਂ ਤੇ ਸਿੱਖ ਇਤਿਹਾਸਕਾਰਾਂ ਗੁਰਤੇਜ ਸਿੰਘ ਆਈਏਐਸ, ਗੁਰਦਰਸ਼ਨ ਸਿੰਘ ਢਿੱਲੋਂ ਨੇ ਇਸ ਬਿਆਨ ਦੀ ਨਿਖੇਧੀ ਕੀਤੀ ਸੀ। ਪੁਰੀ ਦੇ ਜ਼ਿਲ੍ਹਾ ਕਲੈਕਟਰ ਬਲਵੰਤ ਸਿੰਘ ਦਾ ਕਹਿਣਾ ਸੀ ਕਿ ਅਸੀਂ ਸਿਰਫ਼ ਦੁਕਾਨਾਂ ਅਤੇ ਕਮਰਸ਼ੀਅਲ ਅਦਾਰਿਆਂ 'ਤੇ ਕਾਰਵਾਈ ਕਰ ਰਹੇ ਹਾਂ।
ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ। ਚਾਰ ਅਕਤੂਬਰ ਨੂੰ ਸੁਪਰੀਮ ਕੋਰਟ ਨੇ ਅਜਮੇਰ ਸਿੰਘ ਰੰਧਾਵਾ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੁਰਾਣੇ ਢਾਂਚੇ 'ਤੇ ਸਬੰਧਤ ਧਿਰਾਂ ਨਾਲ ਗੱਲ ਕਰ ਕੇ ਹੀ ਕਾਰਵਾਈ ਕਰਨ ਤੇ ਵਿਰਾਸਤੀ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਸੀ। ਇੱਥੇ ਵਰਨਣਯੋਗ ਹੈ ਕਿ ਕਈ ਇਤਿਹਾਸਕ ਦਸਤਾਵੇਜ਼ਾਂ ਮੁਤਾਬਕ ਸਿੱਖ ਧਰਮ ਅਤੇ ਜਗਨਨਾਥ ਮੰਦਰ ਵਿਚਾਲੇ ਸਬੰਧ ਲਗਪਗ 500 ਵਰ੍ਹੇ ਪੁਰਾਣੇ ਹਨ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਤਹਿਤ ਉੱਥੇ ਗਏ ਸਨ। ਇਹ ਮੱਠ ਮੰਦਰ ਦੇ ਨੇੜੇ ਸਥਿਤ ਹਨ ਅਤੇ ਇਨ੍ਹਾਂ ਵਿਚ ਬੈਠ ਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਰਤੀ ਉਚਾਰਨ ਕੀਤਾ ਸੀ ਤੇ ਲੋਕਾਂ ਨੂੰ ਅਕਾਲ ਪੁਰਖ ਦੀ ਬਣਾਈ ਕੁਦਰਤ ਦੇ ਨਾਲ ਜੋੜ ਕੇ ਕਰਮਕਾਂਡ ਤੇ ਵਹਿਮ ਭਰਮ ਦੂਰ ਕੀਤੇ ਸਨ।
ਸਿੱਖ ਪ੍ਰਚਾਰਕ ਭਾਈ ਅਲਮਸਤ ਉਦਾਸੀ ਨੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਮੰਗੂ ਮੱਠ ਦੀ ਸਥਾਪਨਾ 1615 ਈਸਵੀ ਦੌਰਾਨ ਕੀਤੀ ਸੀ। ਭਾਈ ਅਲਮਸਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਭਾਈ ਗੁਰਦਿੱਤਾ ਰਾਹੀਂ ਗੁਰੂ ਘਰ ਦੇ ਲੜ ਲੱਗੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਅਲਮਸਤ ਨੂੰ ਨੂੰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੋਰ ਪੂਰਬੀ ਰਾਜਾਂ ਵਿਚ ਪ੍ਰਚਾਰਨ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਸੀ। ਇਹ ਮੱਠ ਨਾਨਕ ਪੰਥੀਆਂ ਦੇ ਪ੍ਰਚਾਰ ਦਾ ਕੇਂਦਰ ਸੀ। ਉੜੀਸਾ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਨਾਲ ਜੁੜੇ ਅਸਥਾਨਾਂ ਨੂੰ ਸੁਰੱਖਿਅਤ ਰੱਖ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰੇ ਜਿਵੇਂ ਕਿ ਪਾਕਿਸਤਾਨ ਸਰਕਾਰ ਨੇ ਗੁਰਦੁਆਰੇ ਮੁਲਾਣਿਆਂ ਕੋਲੋਂ ਛੁਡਵਾ ਕੇ ਸਿੱਖ ਧਰਮ ਨਾਲ ਇਨਸਾਫ ਕੀਤਾ ਹੈ। ਯਾਦ ਰੱਖਣ ਵਾਲੀ ਗੱਲ ਹੈ ਕਿ ਇਸ ਦਾ ਹਿੰਦੂ ਧਾਰਮਿਕ ਸਥਾਨਾਂ ਨਾਲ ਕੋਈ ਵਾਸਤਾ ਨਹੀਂ ਹੈ। ਇਹ ਸਿੱਖ ਪ੍ਰਚਾਰ ਦੇ ਕੇਂਦਰ ਹਨ, ਜਿਸ ਉੱਪਰ ਸਾਜ਼ਿਸ਼ ਤਹਿਤ ਕਬਜ਼ੇ ਕੀਤੇ ਜਾ ਰਹੇ ਹਨ। ਸਮੂਹ ਸਿੱਖ ਜਗਤ ਨੂੰ ਇਨ੍ਹਾਂ ਕੇਂਦਰਾਂ ਦੀ ਰੱਖਿਆ ਦੇ ਲਈ ਜਿੱਥੇ ਸਰਕਾਰ ਨਾਲ ਸੰਪਰਕ ਕਰਨੇ ਪੈਣਗੇ, ਉੱਥੇ ਲੀਗਲ ਪੱਖ ਤੋਂ ਵੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਇਸ ਪੱਖੋਂ ਅਹਿਮ ਭੂਮਿਕਾ ਬਣਦੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੇ ਧਾਰਮਿਕ ਸਥਾਨ ਜੋ ਪੰਜਾਬ ਤੋਂ ਬਾਹਰ ਹਨ, ਉਨ੍ਹਾਂ ਦਾ ਪ੍ਰਬੰਧ ਖੁਦ ਸੰਭਾਲੇ।

ਰਜਿੰਦਰ ਸਿੰਘ ਪੁਰੇਵਾਲ