image caption:

ਪਾਕਿ ਵਿੱਚ ਧਰਮ ਪਰਿਵਰਤਨ ਰੋਕਣ ਵਾਲੇ ਕਾਨੂੰਨ ਦੀ ਪ੍ਰਕਿਰਿਆ ਸ਼ੁਰੂ

ਇਸਲਾਮਾਬਾਦ- ਘੱਟ ਗਿਣਤੀਆਂ ਦੇ ਸ਼ੋਸ਼ਣ ਦੇ ਕੇਸਾਂ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵਿਗੜੇ ਆਪਣੇ ਅਕਸ ਨੂੰ ਸੁਧਾਰਨ ਦੀ ਨੀਤ ਨਾਲ ਪਾਕਿਸਤਾਨ ਵਿੱਚ ਬੀਤੇ ਦਿਨ ਵੱਡੀ ਕੋਸ਼ਿਸ਼ ਸ਼ੁਰੂ ਹੋਈ।
ਜ਼ਬਰਦਸਤੀ ਧਰਮ ਬਦਲਣ ਦੀਆਂ ਘਟਨਾਵਾਂ 'ਤੇ ਰੋਕ ਲਾਉਣ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਬਿੱਲ ਦਾ ਖਰੜਾ ਤਿਆਰ ਕਰਨ ਲਈ ਪਾਕਿਸਤਾਨ ਸਰਕਾਰ ਨੇ 22 ਮੈਂਬਰੀ ਪਾਰਲੀਮੈਂਟਰੀ ਕਮੇਟੀ ਬਣਾਈ ਹੈ। ਮੁਸਲਿਮ ਬਹੁਗਿਣਤੀ ਪਾਕਿਸਤਾਨ ਘੱਟ ਗਿਣਤੀਆਂ ਦੇ ਸ਼ੋਸ਼ਣ ਤੇ ਜਬਰੀ ਧਰਮ ਬਦਲਾਅ ਕਰਾਉਣ ਲਈ ਬਦਨਾਮ ਹੈ। ਸੈਨੇਟ ਸਕੱਤਰੇਤ ਤੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਚੇਅਰਮੈਨ ਸਾਦਿਕ ਸੰਜਰਾਨੀ ਨੇ ਕੌਮੀ ਅਸੈਂਬਲੀ ਦੇ ਚੇਅਰਮੈਨ ਅਸਦ ਕੈਸਰ, ਸੈਨੇਟ ਵਿੱਚ ਸਦਨ ਦੇ ਨੇਤਾ ਸ਼ਿਬਲੀ ਫਰਾਜ਼ ਤੇ ਵਿਰੋਧੀ ਧਿਰ ਦੇ ਨੇਤਾ ਰਾਜਾ ਜਫਰੂਲ ਹੱਕ ਨਾਲ ਸਲਾਹ ਮਸ਼ਵਰੇ ਪਿੱਛੋਂ ਕਮੇਟੀ ਬਣਾਈ ਹੈ, ਜਿਸ ਵਿੱਚ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੁਰੂਲ ਹੱਕ ਕਾਦਰੀ, ਮਨੁੱਖੀ ਅਧਿਕਾਰ ਮਾਮਲਿਆਂ ਦੀ ਮੰਤਰੀ ਸ਼ਿਰੀਨ ਮਜਾਰੀ ਤੇ ਪਾਰਲੀਮੈਂਟਰੀ ਮਾਮਲਿਆਂ ਦੇ ਰਾਜ ਮੰਤਰੀ ਅਲੀ ਮੁਹੰਮਦ ਖਾਨ ਵੀ ਹਨ। ਇਸ ਦੇ ਇਲਾਵਾ ਕਮੇਟੀ ਵਿੱਚ ਹਿੰਦੂ ਪਾਰਲੀਮੈਂਟ ਮੈਂਬਰ ਅਸ਼ੋਕ ਕੁਮਾਰ ਨੂੰ ਰੱਖਿਆ ਗਿਆ ਹੈ। ਕਮੇਟੀ ਦੇ ਮੈਂਬਰਾਂ ਵਿੱਚ ਮਲਿਕ ਮੁਹੰਮਦ ਆਮਿਰ ਡੋਗਰ, ਸੁਨੀਲਾ ਰੱਥ, ਜੈਪ੍ਰਕਾਸ਼, ਲਾਲ ਚੰਦਰ, ਮੁਹੰਮਦ ਅਸਲਮ ਭੂਟਾਨੀ, ਰਾਣਾ ਤਨਵੀਰ ਹੁਸੈਨ, ਡਾਕਟਰ ਦਰਸ਼ਨ ਕੇਸ਼ੂਮਲ ਖਿਆਲ ਦਾਸ, ਸ਼ਗੁਫਤਾ ਜੁਮਾਨੀ, ਰਮੇਸ਼ ਲਾਲ, ਨਵੀਦ ਆਮਿਰ ਜੀਵਾ ਤੇ ਅਭਦੁੱਲ ਵੀ ਸ਼ਾਮਲ ਹਨ। ਕਮੇਟੀ ਕਿੰਨੇ ਦਿਨਾਂ 'ਚ ਆਪਣੀ ਤਜਵੀਜ਼ ਬਣਾ ਕੇ ਦੇਵੇਗੀ ਤੇ ਉਸ ਦੀਆਂ ਬੈਠਕਾਂ ਦਾ ਪ੍ਰੋਗਰਾਮ ਹਾਲੇ ਐਲਾਨਿਆ ਨਹੀਂ ਗਿਆ।