image caption:

ਆਹ ! ਭਾਈ ਰਘਬੀਰ ਸਿੰਘ ਜੀ, ਵਾਹ ਵਾਹ ਭਾਈ ਰਘਬੀਰ ਸਿੰਘ ਜੀ !!

  ਮੇਰੇ ਪਿਆਰੇ ਪੰਥ ਦੇ ਜਥੇਦਾਰਾ, ਤੇਰਾ ਚੇਤਾ ਕਦੀ ਨਾ ਭੁੱਲਣਾ ਹੈ

ਇਹ ਵੀ ਪਤਾ ਨਾ ਆਪਣੇ ਖਾਲਸੇ ਦਾ, ਹਾਲੇ ਕਿੰਨਾ ਕੁ ਲਹੂ ਹੋਰ ਡੁੱਲ੍ਹਣਾ ਹੈ।

 

ਭਾਈ ਰਘਬੀਰ ਸਿੰਘ ਜੀ ਜਥੇਦਾਰ ਅਖੰਡ ਕੀਰਤਨੀ ਜਥਾ ਯੂ ਕੇ ੭੭ ਸਾਲ ਦੀ ਆਯੂ ਭੋਗ ਕੇ ਗੁਰ-ਪਿਆਨਾ ਕਰ ਗਏ ਹਨ। ਭਾਈ ਸਾਹਿਬ ਜੀ ਇੱਕ ਰੰਗਲੇ ਸੱਜਣ, ਨਾਮ ਅਭਿਆਸੀ, ਸੱਚੇ ਸੁੱਚੇ ਅਤੇ ਪੰਥ ਨੂੰ ਸਮਰਪਿਤ ਰੂਹ ਸਨ। ਅੱਜ ਜਦੋਂ ਪਿਛਲੇ ਚਾਰ ਦਹਾਕੇ ਦੇ ਪੰਥਕ ਦੁਸ਼ਵਾਰੀਆਂ ਦੇ ਸਮੇਂ ਨੂੰ ਦੇਖਦੇ ਹਾਂ ਤਾਂ ਸਭ ਤੋਂ ਕਠਨ ਕਾਰਜ ਉਹਨਾ ਸ਼ਖਸੀਅਤਾਂ ਦਾ ਲੇਖਾ ਜੋਖਾ ਕਰਨਾ ਹੈ ਜਿਹਨਾ ਨੂੰ ਜ਼ਿੰਦਗੀ ਭਰ ਇਹ ਹੀ ਪਛਤਾਵਾ ਰਿਹਾ ਕਿ ਸੰਨ ੧੯੮੪ ਨੂੰ ਉਹ ਦਰਬਾਰ ਸਾਹਿਬ ਵਿਚ ਜਾਨ ਦੀ ਬਾਜੀ ਕਿਓਂ ਨਾ ਲਾ ਗਏ ਕਿਓਂਕਿ ਬਾਅਦ ਵਿਚ ਜਿਵੇਂ ਜਿਵੇਂ ਸਾਥੀਆਂ ਨੂੰ ਪੁਲਿਸ ਦੇ ਇੰਟੈਰੋਗੇਸ਼ਨ ਸੈਂਟਰਾਂ ਵਿਚ ਬੜੇ ਹੀ ਘਿਨਾਉਣੇ ਤਰੀਕਿਆਂ ਨਾਲ ਜਲੀਲ ਕਰਨ ਤੋਂ ਬਾਅਦ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਜਿਵੇ ਸਿੰਘਣੀਆਂ ਦੀ ਥਾਣਿਆਂ ਵਿਚ ਬੇਪਤੀ ਕੀਤੀ ਗਈ, ਜਿਵੇਂ ਸੰਘਰਸ਼ ਨੂੰ ਸੱਟ ਵੱਜੀ ਅਤੇ ਪੰਥਕ ਅਜ਼ਾਦੀ ਦੇ ਸੁਫਨੇ ਮਿੱਟੀ ਵਿਚ ਮਿਲਦੇ ਗਏ ਇਹ ਸਭ ਆਪਣੇ ਆਪ ਐਸੇ ਮਾਨਸਿਕ ਤਸੀਹੇ ਸਨ ਜਿਹਨਾ ਨਾਲ ਭੁਗਤਣ ਦਾ ਲੇਖਾ ਜੋਖਾ ਕਰਨਾ ਬਹੁਤ ਔਖਾ ਹੈ। ਭਾਈ ਰਘਬੀਰ ਸਿੰਘ ਭਾਵੇ ਹਮੇਸ਼ਾਂ ਭਾਣੇ ਵਿਚ ਰਹਿਣ ਵਾਲੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਸਨ ਪਰ ਸੰ ੭੮ ਅਤੇ ਸੰਨ ੮੪ ਦੇ ਸਾਕਿਆਂ ਦਾ ਦਰਦ ਵੀ ਉਹਨਾ ਦੀ ਹੋਣੀ ਬਣ ਗਿਆ ਸੀ।

 

ਫੋਰਡ ਮੋਟਰ ਕੰਪਨੀ ਲੈਮਿੰਗਟਨ ਸਪਾ ਵਿਚ ਕਰੀਬ ੩੦ ਸਾਲ ਕੁਝ ਸਿੰਘਾਂ ਨੂੰ ਨੇੜਿਓਂ ਦੇਖਣ ਦਾ ਮੈਨੂੰ ਮੌਕਾ ਮਿਲਿਆ ਜਿਹਨਾ ਵਿਚ ਭਾਈ ਸਾਹਿਬ ਵੀ ਇੱਕ ਸਨਜਥੇਦਾਰ ਭਾਈ ਜਰਨੈਲ ਸਿੰਘ, ਜਥੇਦਾਰ ਭਾਈ ਰਘਬੀਰ ਸਿੰਘ, ਜਥੇਦਾਰ ਅਵਤਾਰ ਸਿੰਘ ਸੰਘੇੜਾ, ਭਾਈ ਤੇਜਾ ਸਿੰਘ, ਭਾਈ ਮਹਿੰਦਰ ਸਿੰਘ ਅਟਵਾਲ , ਭਾਈ ਸਰੂਪ ਸਿੰਘ, ਭਾਈ ਹਰਦੀਪ ਸਿੰਘ ਰਘਬੀ ਅਤੇ ਅਨੇਕਾਂ ਹੋਰ ਸਿੰਘ ਅਖੰਡ ਕੀਰਤਨੀ ਜਥੇ ਨਾਲ ਅਤੇ ਪੰਥਕ ਸੰਘਰਸ਼ ਨਾਲ ਜੁੜੇ ਹੋਏ ਸਨ। ਅੱਜ ਤੋਂ ਤੀਹ ਚਾਲੀ ਵਰ੍ਹੇ ਪਹਿਲਾਂ ਯੂ ਕੇ ਵਿਚ ਸਿੱਖੀ ਪ੍ਰਚਾਰ ਦੀ ਗੱਲ ਕਰੀਏ ਤਾਂ ਇਸ ਸਬੰਧੀ ਬਾਬਾ ਪੂਰਨ ਸਿੰਘ ਕਰੀਚੋ ਵਾਲਿਆਂ ਦੀ ਅਤੇ ਅਖੰਡ ਕੀਰਤਨੀ ਜਥੇ ਦੀ ਪ੍ਰਮੁਖ ਦੇਣ ਹੈ। ਇਹਨਾ ਦੋਹਾਂ ਜਥਿਆਂ ਵਲੋਂ ਪ੍ਰਮੁਖ ਤੌਰ ਤੇ ਸਿੱਖੀ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਹੁੰਦੀਆਂ ਸਨ। ਉਦੋਂ ਅੱਜ ਵਰਗੀ ਸੰਪ੍ਰਦਾਇਕ ਕਤਾਰਬੰਦੀ ਦਾ ਨਾਮੋ ਨਿਸ਼ਾਨ ਤਕ ਨਹੀਂ ਸੀ। ਇਹ ਸਾਰੇ ਸਿੰਘ ਫੋਰਡ ਫਾਊਂਡਰੀ ਵਿਚ ਭਾਵੇਂ ਤੱਤੇ, ਭਾਰੇ ਅਤੇ ਮਿੱਟੀ ਘੱਟੇ ਵਾਲੇ ਕੰਮ ਕਰਿਆ ਕਰਦੇ ਸਨ ਪਰ ਨਾਮ ਰਸੀਏ ਵੀ ਪੁੱਝ ਕੇ ਸਨ। ਆਪਣੀ ਕਿਰਤ ਵਿਰਤ ਕਰਦਿਆਂ ਅੰਮ੍ਰਿਤ ਵੇਲਾ ਸਾਂਭਣਾ, ਸਿੱਖੀ ਸਾਹਿਤ ਪੜ੍ਹਨਾ ਅਤੇ ਪੰਥਕ ਵਰਤਾਰਿਆਂ ਬਾਰੇ ਗੋਸ਼ਟੀਆਂ ਕਰਨੀਆਂ ਇਹਨਾ ਦੇ ਰੋਜਨਾਮਚੇ ਵਿਚ ਸ਼ਾਮਲ ਸੀ। ਉਹ ਸਮਾਂ ਇੱਕ ਤਰਾਂ ਨਾਲ ਸੁਨਹਿਰੀ ਸਮਾਂ ਕਿਹਾ ਜਾ ਸਕਦਾ ਹੈ ਜਦੋਂ ਕਿਸੇ ਕਿਸਮ ਦੀ ਕੋਈ ਖਿੱਚੋਤਾਣ ਨਹੀਂ ਸੀ ਤੇ ਦਿਲਾਂ ਵਿਚ ਨਾਮ ਦੇ ਲਾਹੇ ਲੈਣ ਦਾ ਬੇਹੱਦ ਚਾਅ ਉਮਾਹ ਹੋਇਆ ਕਰਦਾ ਸੀ । ਅਖੰਡ ਕੀਰਤਨੀ ਜਥੇ ਵਲੋਂ ਕਰਵਾਈਆਂ ਜਾਂਦੀਆਂ ਰੈਣ ਸਬਾਈਆਂ ਵਿਚ ਸਿੱਖੀ ਦੇ ਭੋਰੇ ਦੂਰੋਂ ਦੂਰੇਡਿਓਂ ਉੱਡ ਕੇ ਜਾਇਆ ਕਰਦੇ ਸਨ।

 

ਫਿਰ ਸਮਾਂ ਬਦਲਿਆ ਅਤੇ ਪੰਥਕ ਦੁਮੇਲਾਂ ਦੀ ਲਾਲੀ ਲਹੂ ਰੰਗੀ ਹੋਣ ਲੱਗ ਪਈ। ਸੰਨ ੧੯੭੮ ਦਾ ਨਿਰੰਕਾਰੀ ਕਾਂਡ ਅਤੇ ਸੰਨ ੧੯੮੪ ਦਾ ਸਾਕਾ ਐਸੇ ਕਾਂਡ ਸਨ ਜਿਹਨਾ ਨਾਲ ਸਮੁੱਚੇ ਪੰਥ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ ਸੀ।

 

ਅੱਸੀਵਿਆਂ ਵਿਚ ਜਥੇ ਵਲੋਂ ਯੂਰਪ ਦੇ ਵੱਖ ਵੱਖ ਦੇਸ਼ਾਂ ਵਿਚ ਅੰਮ੍ਰਤ ਸੰਚਾਰ ਕੀਤੇ ਜਾਣ ਲੱਗ ਪਏ ਜਿਹਨਾ ਵਿਚ ਭਾਈ ਜਰਨੈਲ ਸਿੰਘ ਅਤੇ ਭਾਈ ਰਘਬੀਰ ਸਿੰਘ ਹੋਰਾਂ ਦੀ ਪ੍ਰਮੁਖ ਜ਼ਿੰਮੇਵਾਰੀ ਹੁੰਦੀ ਸੀ। ਮੈਨੂੰ ਵੀ ਕਈ ਵਾਰ ਇਹਨਾ ਸਿੰਘਾਂ ਨਾਲ ਬੈਲਜੀਅਮ, ਫਰਾਂਸ, ਜਰਮਨੀ ਅਤੇ ਹਾਲੈਂਡ ਜਾਣ ਦੇ ਮੌਕੇ ਮਿਲੇਭਾਈ ਰਘਬੀਰ ਸਿੰਘ ਸੋਦਰ ਦੇ ਦੀਵਾਨਾਂ ਮਗਰੋਂ ਅੜਿੰਗ ਬੜਿੰਗ ਹੋਣ ਵਿਚ ਦੇਰੀ ਨਹੀਂ ਸਨ ਕਰਿਆ ਕਰਦੇ ਅਤੇ ਬਾਰਾਂ ਤੋਂ ਬਾਅਦ ਭਾਈ ਰਘਬੀਰ ਸਿੰਘ ਅਤੇ ਭਾਈ ਜਰਨੈਲ ਸਿੰਘ ਸਭ ਤੋਂ ਪਹਿਲਾਂ ਅਭਿਆਸ ਲਈ ਚੌਕੜੇ ਮਾਰ ਲੈਂਦੇ ਸਨਇਹਨਾ ਦੇ ਨਾਮ ਅਭਿਆਸ ਦੇ ਚੌਂਕੜਿਆ ਦਾ ਲੇਖਾ ਜੋਖਾ ਘੜੀ ਦੀਆਂ ਸੂਈਆਂ ਨਾਲ ਨਹੀਂ ਸੀ ਕੀਤਾ ਜਾ ਸਕਦਾ ਅਤੇ ਇਹਨਾ ਸਿੰਘਾਂ ਨੂੰ ਮੈਂ ਸਾਰਾ ਸਾਰਾ ਦਿਨ ਜਾਂ ਸਾਰੀ ਸਾਰੀ ਰਾਤ ਲਾਹੇ ਲੈਂਦਿਆਂ ਦੇਖਿਆ ਹੈ ਭਾਈ ਜਰਨੈਲ ਸਿੰਘ ਤਾਂ ਅਖੰਡ ਪਾਠ ਦੀ ਰੌਲ ਵੀ ਹਮੇਸ਼ਾਂ ੪ ਘੰਟਿਆਂ ਦੀ ਲਾਉਂਦੇ ਅਤੇ ਉਹ ਬਿਬੇਕ ਅਥਵਾ ਪੂਰਨ ਸੰਜਮ ਵਿਚ ਵੀ ਰਹਿੰਦੇ। ਇਹਨਾ ਦੋਵੇਂ ਸਿੰਘਾ ਦਾ ਪਿਆਰ ਆਪਣੇ ਆਪ ਵਿਚ ਕਮਾਲ ਦਾ ਸੀ। ਇਹਨਾ ਦੋਵੇਂ ਸਿੰਘਾਂ ਨੂੰ ਅਖੰਡ ਕੀਰਤਨੀ ਜਥੇ ਦੀ ਜਥੇਦਾਰੀ ਦੀ ਸੇਵਾ ਸਰਬਸੰਮਤੀ ਨਾਲ ਮਿਲਦੀ ਰਹੀ ਜਿਸ ਨੂੰ ਇਹਨਾ ਨੇ ਪੂਰੀ ਤਨਦੇਹੀ ਅਤੇ ਪਹਿਰੇ ਨਾਲ ਨਿਭਾਇਆ।

ਭਾਈ ਰਘਬੀਰ ਸਿੰਘ ਜੀ ਦੀ ਸ਼ਖਸੀਅਤ

 

ਹੁਣ ਜਦੋਂ ਭਾਈ ਸਾਹਿਬ ਜੀ ਸ਼ਰੀਰਕ ਤੌਰ &lsquoਤੇ ਇਸ ਦੁਨੀਆਂ ਵਿਚ ਨਹੀਂ ਰਹੇ ਤਾਂ ਉਹਨਾ ਬਾਰੇ ਕੁਝ ਜਾਨਣ ਲਈ ਜਦ ਮੈਂ ਸਾਥੀ ਸਿੰਘਾਂ ਨਾਲ ਸੰਪਰਕ ਕੀਤਾ ਤਾਂ ਉਹ ਇੱਕੋ ਸੁਰ ਵਿਚ ਵਾਰ ਵਾਰ ਇੱਕੋ ਹੀ ਗੱਲ ਕਹਿੰਦੇ ਰਹੇ ਕਿ ਭਾਈ ਸਾਹਿਬ ਸਾਰਿਆਂ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆਉਂਦੇ ਸਨ ਅਤੇ ਉਹਨਾ ਦੇ ਮਨ-ਚਿਤ ਕੁਝ ਵੀ ਨਹੀਂ ਸੀ। ਅੰਮ੍ਰਿਤ ਸੰਚਾਰ ਦੀ ਸੇਵਾ ਵਿਚ ਉਹ ਭਾਵੇਂ ਪੰਚਾਂ ਦੇ ਕਰੜੇ ਦਿਸ਼ਾ ਨਿਰਦੇਸ਼ਾਂ ਵਿਚ ਰਹਿੰਦੇ ਪਰ ਆਮ ਜੀਵਨ ਵਿਚ ਉਹ ਬਹੁਤ ਕੁਝ ਦੇਖ ਸੁਣ ਕੇ ਵੀ ਅਣਡਿੱਠ ਕਰ ਦਿੰਦੇ ਸਨ। ਉਹਨਾ ਦੀ ਸਖਸੀਅਤ ਵਿਚ ਖਾਸ ਗੱਲ ਇਹ ਸੀ ਕਿ ਉਹ ਭੁਝੰਗੀ ਸਿੰਘਾਂ ਨਾਲ ਬਹੁਤ ਹੇਲ ਮੇਲ ਵਿਚ ਰਹਿੰਦੇ ਸਨ ਅਤੇ ਭਾਈ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਵਿਚ ਰੱਜ ਕੇ ਮਖੌਲ (Sense of Humour) ਵੀ ਕਰਿਆ ਕਰਦੇ ਸਨਕੋਈ ਸਿੰਘ ਭਾਵੇਂ ਕਿੰਨੀ ਵੀ ਖੰਡਿਤ ਬਿਰਤੀ ਵਾਲਾ ਕਿਓਂ ਨਾ ਹੋਵੇ ਭਾਈ ਸਾਹਿਬ ਦੇ ਆਭਾ ਮੰਡਲ ਦੇ ਪ੍ਰਭਾਵ ਵਿਚ ਜੁੜ ਜਾਂਦਾ ਸੀਫੋਰਡ ਵਿਚ ਆਖਰੀ ਸਾਲਾਂ ਵਿਚ ਉਹ ਲੌਰੀਆਂ &lsquoਤੇ ਚਲੇ ਗਏ ਸਨ ਜਿਹਨਾ ਰਾਹੀਂ ਪੁਰਜਿਆਂ ਦੀ ਢੋਆ ਢੁਆਈ ਸਵਾਂਸੀ ਜਾਂ ਡੈਗਨਹੈਮ ਵਰਗੇ ਪਲਾਂਟਾਂ ਨੂੰ ਹੁੰਦੀ ਸੀ। ਡਰਾਇਵਿੰਗ ਕਰਦੇ ਉਹ ਲਗਾਤਾਰ ਨਾਮ ਬਾਣੀ ਵਿਚ ਜੁੜੇ ਰਹਿੰਦੇ। ਇੱਕ ਵਾਰੀ ਸਾਡੇ ਇੱਕ ਭਾਈਬੰਦ ਨੇ ਬੜੀ ਸ਼ਿਕਾਇਤ ਕੀਤੀ ਕਿ ਮੈਂ ਗਾਣਿਆਂ ਦੀ ਕਸੈਟ ਲਾਊਣੀ ਸੀ ਪਰ ਭਾਈ ਸਾਹਿਬ ਡੈਗਨਹੈਮ ਤਕ ਦੋ ਘੰਟੇ ਜਬਾਨੀ ਬਾਣੀ ਹੀ ਪੜ੍ਹੀ ਗਏ।

 

ਕੋਈ ਵਿਕਅਤੀ ਭਾਵੇਂ ਗੋਰਾ ਹੋਵੇ,ਕਾਲਾ ਹੋਵੇ, ਪੰਜਾਬੀ ਹੋਵੇ ਜਾਂ ਗੈਰ ਪੰਜਾਬੀ ਹੋਵੇ ਭਾਈ ਸਾਹਿਬ ਸਾਰਿਆਂ ਨਾਲ ਹੇਲ ਮੇਲ ਕਰ ਲੈਂਦੇ ਸਨ। ਪਹਿਲੀ ਵਰੇਸ ਵਿਚ ਭਲਵਾਨੀ ਕੀਤੀ ਹੋਣ ਕਾਰਨ ਭਾਈ ਸਾਹਿਬ ਨੇ ਸਿਹਤ ਸੰਭਾਲੀ ਹੋਈ ਸੀ ਇਸ ਕਰਕੇ ਕੋਈ ਉਹਨਾ ਨਾਲ ਉਨੀ ਇੱਕੀ ਵੀ ਨਹੀਂ ਸੀ ਕਰਿਆ ਕਰਦਾ ਉਹਨਾ ਦੀ ਖੁਰਾਕ ਵਿਚ ਵੀ ਭਲਵਾਨੀ ਦੇ ਚੋਖੇ ਅੰਸ਼ ਸ਼ਾਮਲ ਸਨ। ਇੱਕ ਵਾਰ ਇੱਕ ਸਿੰਘ ਉਹਨਾ ਦੇ ਘਰ ਮਿਲਣ ਲਈ ਗਿਆ ਤਾਂ ਭਾਈ ਸਾਹਿਬ ਨੇ ਬਦਾਮਾਂ ਦਾ ਬਾਟਾ ਉਸ ਦੇ ਅੱਗੇ ਰੱਖ ਦਿੱਤਾ। ਉਹ ਸਿੰਘ ਦੋ ਚਾਰ ਗਿਰੀਆਂ ਖਾ ਕੇ ਸਮੁੰਦਰ ਛੱਕਣ ਲੱਗ ਪਿਆ। ਭਾਈ ਸਾਹਿਬ ਕਹਿਣ ਲੱਗੇ ਸਿੰਘਾ ਬਦਾਮਾਂ ਦਾ ਗੱਫਾ ਲਾ ਲੈ ਪਰ ੳਹ ਕਹਿਣ ਲੱਗਾ ਕਿ ਇਹ ਤਾਂ ਜੀ ਕਬਜ ਕਰਦੇ ਹਨ। ਭਾਈ ਸਾਹਬ ਕਹਿਣ ਲੱਗੇ ਕਿ ਤੂੰ ਆਹ ਬਾਟਾ ਛੱਕ ਲੈ ਤੇ ਫਿਰ ਦੇਖਾਂਗੇ ਕਿ ਕਬਜ ਖੁਲ੍ਹਦੀ ਹੈ ਜਾਂ ਕਬਜ ਹੁੰਦੀ ਹੈ

 

ਭਾਈ ਸਾਹਿਬ ਦੇ ਬਹੁਤੇ ਸਤਸੰਗੀ ਚਾਹ ਦਾ ਸੇਵਨ ਨਹੀਂ ਸੀ ਕਰਦੇ ਸਗੋਂ ਮੇਵਿਆ ਭਰਪੂਰ ਗਰਮ ਜਲ ਛੱਕਦੇ ਸਨ। ਲੰਗਰ ਪ੍ਰਛਾਦੇ ਦੀ ਬਹੁਤੀ ਜ਼ਿੰਮੇਵਾਰੀ ਬੀਬੀ ਨਿਰਮਲ ਕੌਰ ਸਿੰਘਣੀ ਭਾਈ ਰਘਬੀਰ ਸਿੰਘ ਅਤੇ ਬੀਬੀ ਗੁਰਮੇਲ ਕੌਰ(ਸਵਰਗਵਾਸੀ) ਸਿੰਘਣੀ ਭਾਈ ਜਰਨੈਲ ਸਿੰਘ ਦੀ ਹੋਇਆ ਕਰਦੀ ਸੀ। ਇੱਕ ਵੇਰ ਦੀ ਗੱਲ ਹੈ ਕਿ ਭਾਈ ਰਘਬੀਰ ਸਿੰਘ ਨੇ ਭੈਣ ਜੀ ਗੁਰਮੇਲ ਕੌਰ ਨੂੰ ਸੁੰਢ ਵਗੈਰਾ ਬਣਾ ਕੇ ਕਾੜ੍ਹਾ ਬਨਾਉਣ ਲਈ ਕਿਹਾ ਜੋ ਕਿ ਭੈਣ ਜੀ ਨੇ ਬੜੀ ਰੀਝ ਨਾਲ ਬਣਾਇਆ ਅਤੇ ਭਾਈ ਸਾਹਿਬ ਨੇ ਚੁੱਪ ਚਾਪ ਛੱਕ ਲਿਆ। ਦੂਜੇ ਦਿਨ ਭਾਈ ਸਾਹਿਬ ਭੈਣ ਜੀ ਗੁਰਮੇਲ ਕੌਰ ਨੂੰ ਜਰਾ ਉੱਚੀ ਅਵਾਜ ਕਹਿਣ ਲੱਗੇ ਕਿ ਕਲ੍ਹ ਤੂੰ ਕਾੜ੍ਹੇ ਵਿਚ ਕੀ ਪਾ ਦਿੱਤਾ ਸੀ? ਭੈਣ ਜੀ ਘਬਰਾ ਕੇ ਪੁੱਛਣ ਲੱਗੇ ਕਿ ਭਾਈ ਸਾਹਿਬ ਕੀ ਹੋਇਆ? ਭਾਈ ਸਾਹਿਬ ਹੱਸਦੇ ਹੋਏ ਕਹਿਣ ਲੱਗੇ ਕਿ ਜਿੱਦਾਂ ਦਾ ਕੱਲ੍ਹ ਕਾੜ੍ਹਾ ਬਣਾਇਆ ਸੀ ਅੱਜ ਵੀ ਬਣਾ ਦੇ ਉਹ ਤਾਂ ਬੜਾ ਸਵਾਦ ਸੀ। ਸਾਰੇ ਪਾਸੇ ਹਾਸਾ ਪੈ ਗਿਆ। ਜਥੇ ਵਿਚ ਬਹੁਤੇ ਸਿੰਘ ਗਰਮ ਜਲ ਜਾਂ ਸਮੁੰਦਰ ਛਕਣ ਵਾਲੇ ਹੋਇਆ ਕਰਦੇ ਸਨ ਪਰ ਮੈਂ ਹਮੇਸ਼ਾਂ ਹੀ ਚਾਹ ਦਾ ਸ਼ੁਕੀਨ ਰਿਹਾ ਹਾਂ ਪਰ ਮੈਨੂੰ ਭਾਈ ਸਾਹਿਬ ਨੇ ਕਦੀ ਟੋਕਿਆ ਨਹੀਂ ਸੀ। ਅੱਜ ਉਸ ਬੀਤੇ ਸਮੇਂ ਬਾਰੇ ਸੋਚਦੇ ਹਾਂ ਤਾਂ ਸੰਗਤ ਦੇ ਗੁਣ ਦਾ ਅਹਿਸਾਸ ਹੁੰਦਾ ਹੈ ਕਿ ਨਾਮ ਬਾਣੀ ਦੀ ਸੰਗਤ ਵਿਚ ਤਾਂ ਮੇਰੇ ਵਰਗੇ ਬੰਜਰ ਹਿਰਦੇ ਵਿਚ ਗੁਰੂ ਦੀ ਕਿਰਪਾ ਹੋ ਜਾਂਦੀ। ਭਾਈ ਸਾਹਿਬ ਜੀ ਨਾਮ ਦੇ ਏਨੇ ਰਸੀਏ ਸਨ ਕਿ ਲਮਿਂਗਟਨ ਸਪਾ ਤੋਂ ਅੰਮ੍ਰਿਤ ਵੇਲਾ ਕਰਨ ਲਈ ਕਾਵੈਂਟਰੀ ਸਿੰਘ ਸਭਾ ਲਗਾਤਾਰ ਆਉਂਦੇ ਰਹੇ।

 

ਜਥੇਬੰਦੀ ਦੀ ਸੇਵਾ ਅਤੇ ਜ਼ਿੰਮੇਵਾਰੀਆਂ

ਭਾਈ ਰਘਬੀਰ ਸਿੰਘ ਜੀ ਉਹਨਾ ਚੋਣਵੇਂ ਸਿੰਘਾਂ ਵਿਚੋਂ ਸਨ ਜਿਹਨਾ ਦੇ ਮੋਢਿਆਂ &lsquoਤੇ ਨਾ ਕੇਵਲ ਅਖੰਡ ਕੀਰਤਨੀ ਜਥੇ ਵਲੋਂ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਹੀ ਸੌਂਪੀਆਂ ਜਾਂਦੀਆਂ ਸਨ ਸਗੋਂ ਪੰਥਕ ਅਜ਼ਾਦੀ ਲਈ ਵਿੱਢੇ ਹੋਏ ਪੰਥਕ ਸੰਘਰਸ਼ ਦੀਆਂ ਸੰਗੀਨ ਅਤੇ ਖਤਰਿਆਂ ਭਰਪੂਰ ਜ਼ਿੰਮੇਵਾਰੀਆਂ ਵੀ ਸਨ। ਜਥੇਦਾਰ ਭਾਈ ਰਘਬੀਰ ਸਿੰਘ, ਭਾਈ ਦਵਿੰਦਰ ਸਿੰਘ,ਭਾਈ ਜੋਗਾ ਸਿੰਘ, ਜਥੇਦਾਰ ਭਾਈ ਬਲਬੀਰ ਸਿੰਘ, ਭਾਈ ਅਵਤਾਰ ਸਿੰਘ ਸੰਘੇੜਾ, ਭਾਈ ਕਿਹਰ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਨਿਰਮਲ ਸਿੰਘ ਦੇ ਨਾਲ ਨਾਲ ਅਨੇਕਾਂ ਸਿੰਘਾਂ ਨੇ ਮੈਦਾਨੇ ਜੰਗ ਨਾਲ ਸਬੰਧਤ ਜ਼ਿੰਮੇਵਾਰੀਆਂ ਨੂੰ ਯਥਾਸ਼ਕਤ ਤਰੀਕੇ ਨਾਲ ਨਿਭਾਇਆ। ਇਹ ਨਾਮ ਬਾਣੀ ਵਾਲੇ ਸਿੰਘ ਹਮੇਸ਼ਾਂ ਹੀ ਚੜ੍ਹਦੀਆਂ ਕਲਾਂ ਵਿਚ ਰਹੇ ਪਰ ਜ਼ਾਲਮ ਤਾਕਤਾਂ ਵਲੋਂ ਬੜੀਆਂ ਕਮੀਨੀਆਂ ਅਤੇ ਨਿਰਦਈ ਤਰੀਕੇ ਦੀਆਂ ਸਾਜਸ਼ਾਂ ਨਾਲ ਜੋ ਸਿੰਘ, ਸਿੰਘਣੀਆਂ ਅਤੇ ਭੁਚੰਗੀਆਂ ਦਾ ਖੂਨ ਵਹਾਇਆ ਗਿਆ ਸੀ ਉਹਨਾ ਦੀ ਪੀੜਾ ਵੀ ਸਿੰਘਾਂ ਦੀ ਮਾਨਸਿਕਤਾ ਦਾ ਹਿੱਸਾ ਰਹੀ ਸੀ ਸ਼ਾਇਦ ਇਸੇ ਕਾਰਨ ਭਾਈ ਰਘਬੀਰ ਸਿੰਘ ਵਰਗੇ ਦਰਸ਼ਨੀ ਸਿੰਘ ਜਿਹਨਾ ਦੇ ਦਰਸ਼ਨ ਕਰਕੇ ਹੀ ਨਿਹਾਲ ਹੋ ਜਾਈਦਾ ਸੀ ਉਹ ਜ਼ਿੰਦਗੀ ਦੇ ਅਖੀਰਲੇ ਸਾਲਾਂ ਵਿਚ ਸ਼ਰੀਰਕ ਤੌਰ &lsquoਤੇ ਪੀੜਤ ਹੋ ਗਏ।

 

ਪਿਛਲੇ ਵੇਰ ਜਦੋਂ ਮੈਂ ਭਾਈ ਸਾਹਿਬ ਨੂੰ ਮਿਲਿਆ ਤਾਂ ਉਹਨਾ ਦੀ ਸ਼ਰੀਰਕ ਕਮਜ਼ੋਰੀ ਨੂੰ ਦੇਖ ਕੇ ਮੈਂ ਬਹੁਤ ਹਲੂਣਿਆ ਗਿਆ ਸਾਂਪਰ ਇੰਝ ਵੀ ਪਤਾ ਲੱਗਾ ਕਿ ਉਹਨਾ ਦੇ ਨਿਤਨੇਮ ਅਤੇ ਪੰਥਕ ਜ਼ਿੰਮੇਵਾਰੀਆਂ ਵਿਚ ਉਹਨਾ ਦੇ ਸ਼ਰੀਰਕ ਕਸ਼ਟ ਰੁਕਾਵਟ ਨਹੀਂ ਸਨ ਬਣੇਭਾਈ ਸਾਹਿਬ ਜਦੋਂ ਸ਼ਰੀਰਕ ਤੌਰ ਤੇ ਵਧੇਰੇ ਸੀਰੀਅਸ ਹੋ ਗਏ ਤਾਂ ਭੈਣ ਜੀ ਨਿਰਮਲ ਕੌਰ ਨਨਕਾਣਾ ਸਾਹਿਬ ਯਾਤਰਾ &lsquoਤੇ ਗਏ ਹੋਏ ਸਨ। ਫੋਨ &lsquoਤੇ ਭੈਣ ਜੀ ਨੇ ਭਾਈ ਸਾਹਿਬ ਦੀ ਤਬੀਅਤ ਨੂੰ ਮੁੱਖ ਰੱਖ ਕੇ ਜਦੋਂ ਵਾਪਸ ਆਉਣ ਦੀ ਗੱਲ ਕੀਤੀ ਤਾਂ ਭਾਈ ਸਾਹਿਬ ਦਾ ਕਹਿਣਾ ਸੀ ਕਿ, &lsquoਤੂੰ ਸੰਗਤ ਨਾਲ ਗਈ ਏਂ ਅਤੇ ਸੰਗਤ ਨਾਲ ਈ ਵਾਪਸ ਆਈਂ, ਮੇਰੀ ਚਿੰਤਾ ਨਾ ਕਰੀਂ&rsquoਹਸਪਤਾਲ ਵਿਚ ਅਖੀਰਲੀਆਂ ਘੜੀਆਂ ਵਿਚ ਇੱਕ ਘੜੀ ਐਸੀ ਵੀ ਆਈ ਕਿ ਗਈ ਰਾਤ ਜਿਸ ਵੇਲੇ ਨਰਸਾਂ ਨੇ ਉਹਨਾ ਦੀ ਬੈੱਡ ਦੀ ਸੋਧ ਸੁਧਾਈ ਕਰਨ ਲਈ ਕਿਹਾ ਤਾਂ ਭਾਈ ਸਾਹਿਬ ਨੇ ਕਿਹਾ ਕਿ, &lsquoਇਹਨਾ ਨੂੰ ਰੋਕ ਦਿਓ, ਹੁਣ ਨਿੱਤ ਨੇਮ ਦਾ ਸਮਾਂ ਹੋ ਗਿਆ, ਪਹਿਲਾਂ ਨਿੱਤ ਨੇਮ ਦੇ ਲਾਹੇ ਲਈਏ ਫੇਰ ਦੇਖਾਂਗੇ ਜੋ ਕਰਨਾ ਹੈ&rsquo। ਵਿਦਾਇਗੀ ਦੀਆਂ ਅਖੀਰਲੀਆਂ ਘੜੀਆਂ ਵਿਚ ਉਹਨਾ ਨੈ ਭੈਣ ਜੀ ਨਿਰਮਲ ਕੌਰ ਨੂੰ ਕਿਹਾ ਕਿ, &lsquoਸਾਡਾ ਸਮਾਂ ਹੁਣ ਝੜਾਈ ਕਰਨ ਦਾ ਆ ਗਿਆ, ਸਾਡੇ ਜਾਣ ਬਾਅਦ ਕੋਈ ਰੋਣ ਧੋਣ ਨਹੀਂ ਕਰਨਾ ਸਗੋਂ ਭਾਣੇ ਵਿਚ ਰਹਿਣਾ ਅਤੇ ਸੰਗਤਾਂ ਦੀ ਸੇਵਾ ਕਰਨੀ &rsquo। ਹਸਪਤਾਲ ਵਿਚ ਜੀਵਨ ਦੀਆਂ ਆਖਰੀ ਘੜੀਆਂ ਵਿਚ ਉਹਨਾ ਦੀ ਬਾਲੜੀ ਦੋਹਤਰੀ ਨਾਨੇ ਦਾ ਹੱਥ ਫੜ ਕੇ ਬੈਠੀ ਰਹੀ ਕਿ ਨਾਨੇ ਨੂੰ ਜਾਣ ਨਹੀਂ ਦੇਣਾ ਪਰ ਭਾਣਾ ਕਦੋਂ ਰੁਕਦਾ ਹੈ!

ਯਥਾ ਗੁਰਵਾਕ &ndash

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ 

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ 

 

ਭੌਰ ਉਡਾਰੀ ਮਾਰ ਚੁੱਕਾ ਸੀ ਅਤੇ ਸਾਡੇ ਲਈ ਛੱਡ ਗਏ ਉਹ ਆਪਣੀਆਂ ਰੰਗ ਰਤੜੀਆਂ ਯਾਦਾਂ। ਕੁਝ ਨੌਜਵਾਨ ਭੁਝੰਗੀਆਂ ਨੇ ਆਪਣੇ ਅੰਦਾਜ ਵਿਚ ਭਾਈ ਸਾਹਿਬ ਨੂੰ ਪੁੱਛਿਆ ਸੀ ਕਿ ਅਸੀਂ ਤਾਂ ਤੁਹਾਨੂੰ ਬਹੁਤ ਮਿਸ ਕਰਾਂਗੇ ਤਾਂ ਭਾਈ ਸਾਹਿਬ ਨੇ ਕਿਹਾ ਕਿ ਮਨ ਚਿੱਤ ਲਾ ਕੇ ਨਾਮ ਅਭਿਆਸ ਕਰਨਾ ਅਤੇ ਮੈਨੂੰ ਸ਼ਾਮਲ ਸਮਝਣਾ। ਜਦੋਂ ਭੁਚੰਗੀਆਂ ਨੇ ਕਿਹਾ ਕਿ ਜੇ ਕਿਤੇ ਬਹੁਤਾ ਚੇਤੇ ਆਏ ਤਾਂ ਫਿਰ ਕੀ ਕਰੀਏ ਤਾਂ ਭਾਈ ਸਾਹਿਬ ਨੇ ਫਿਰ ਆਪਣੇ ਹੀ ਅੰਦਾਜ਼ ਵਿਚ ਕਿਹਾ ਕਿ ਫਿਰ ਤੁਸੀਂ ਜਰਾ ਜ਼ਿਆਦਾ ਚੜ੍ਹਦੀ ਕਲਾ ਨਾਲ ਨਾਮ ਬਾਣੀ ਦਾ ਖੰਡਾ ਖੜਕਾਉਣਾ। ਨਾਮ ਬਾਣੀ ਦੇ ਅਖਾੜਿਆਂ ਵਿਚ ਭਾਈ ਸਾਹਿਬ ਦੀ ਸੰਗਤ ਦਾ ਇੱਕ ਵੱਡਾ ਲਾਹਾ ਇਹ ਵੀ ਹੁੰਦਾ ਸੀ ਕਿ ਉਹ ਸਵਾਸ ਗਿਰਾਸ ਸਿਮਰਨ ਕਰਦੇ ਕਰਦੇ ਗੁਰਬਾਣੀ ਦੇ ਪ੍ਰਮਾਣ ਵੀ ਲਾਇਆ ਕਰਦੇ ਸਨ।

 

ਭਾਈ ਸਾਹਿਬ ਦੀ ਸ਼ਖਸੀਅਤ ਦੇ ਦੋ ਵੱਖ ਵੱਖ ਪਹਿਲੂ ਸਦਾ ਚੇਤੇ ਰੱਖਣ ਵਾਲੇ ਹਨ। ਅੰਮ੍ਰਿਤ ਸੰਚਾਰ ਅਤੇ ਪ੍ਰਚਾਰ ਸਮੇਂ ਉਹ ਪੰਥਕ ਮਰਿਯਾਦਾ ਅਤੇ ਪ੍ਰਤੀਬਧਤਾ ਨੂੰ ਮੁਖ ਰੱਖਦੇ ਸਖਤੀ ਨਾਲ ਪੇਸ਼ ਆਉਂਦੇ ਸਨ ਜਦ ਕਿ ਆਮ ਜ਼ਿੰਦਗੀ ਵਿਚ ਉਹ ਬੜਾ ਕੁਝ ਦੇਖ ਕੇ ਅਣਡਿੱਠ ਕਰ ਦਿੰਦੇ ਅਤੇ ਬਿਨਾ ਕਿਸੇ ਵਿਤਕਰੇ ਦੇ ਸਾਰਿਆਂ ਨੂੰ ਹੀ ਬੇਹੱਦ ਪਿਆਰ ਕਰਿਆ ਕਰਦੇ ਸਨ। ਉਹਨਾ ਲਈ ਨਾ ਤਾਂ ਕੋਈ ਓਪਰਾ ਸੀ ਅਤੇ ਨਾ ਹੀ ਬਿਗਾਨਾ। ਇਥੇ ਯੂ ਕੇ ਵਿਚ ਇੱਕ ਵਾਰ ਜਦੋਂ ਇੱਕ ਲੱਤਾਂ ਦਾ ਭੂਤਰਿਆ ਹੋਇਆ ਭੂਤ ਸਿੰਘਾਂ ਦੇ ਦੁਮਾਲਿਆਂ ਪ੍ਰਤੀ ਬੇਅਦਬੀ ਨਾਲ ਪੇਸ਼ ਹੋਇਆ ਤਾਂ ਭਾਈ ਸਾਹਿਬ ਨੇ ਸ੍ਰੀ ਸਾਹਿਬ ਨਾਲ ਭੂਤ ਵਿਚੋਂ ਭੂਤ ਬਾਹਰ ਕੱਢ ਦਿੱਤਾ। ਉਸ ਵੇਲੇ ਦਾਸ ਅਤੇ ਭਾਈ ਅਵਤਾਰ ਸਿੰਘ ਸੰਘੇੜਾ ਮੌਕੇ ਤੇ ਸ਼ਾਮਲ ਸਾਂ। ਕਹਿਣ ਦਾ ਭਾਵ ਇਹ ਹੈ ਕਿ ਜਥੇਦਾਰ ਭਾਈ ਰਘਬੀਰ ਸਿੰਘ ਭਾਵੇਂ ਇੱਕ ਬੜੇ ਹੀ ਪਿਆਰੇ, ਮਿਲਾਪੜੇ ਅਤੇ ਹੱਸਣ ਖੇਡਣ ਵਾਲੇ ਸਿੰਘ ਸਨ ਪਰ ਪੰਥਕ ਮਾਣ ਮਰਿਯਾਦ ਪ੍ਰਤੀ ਉਹਨਾ ਕਦੀ ਵੀ ਕੋਈ ਸਮਝੌਤਾ ਨਹੀਂ ਸੀ ਕੀਤਾ ਅਤੇ ਕੋਈ ਡਰ ਭੌ ਉਹਨਾ ਦੇ ਨੇੜੇ ਤੇੜੇ ਨਹੀਂ ਸੀ।

 

ਭਾਈ ਸਾਹਿਬ ਜੀ ਸੰਗਤਾਂ ਨੂੰ ਪ੍ਰਭਾਵਤ ਕਰਨ ਲਈ ਨਾ ਤਾਂ ਕੋਈ ਲੱਛੇਦਾਰ ਭਾਸ਼ਣ ਕਰਿਆ ਕਰਦੇ ਸਨ ਅਤੇ ਨਾ ਹੀ ਗੁਰਮਤ ਅਸੂਲ ਸਮਝਾਉਣ ਲਈ ਉਹ ਕੋਈ ਦਿਮਾਗੀ ਵਰਜਿਸ਼ (Mental Exercise) ਵਾਲਾ ਤਰਕ ਵਿਤਰਕ ਹੀ ਕਰਿਆ ਕਰਦੇ ਸਨ ਸਗੋਂ ਹਰ ਸਮੇਂ ਅਤੇ ਸਥਾਨ ਮੁਤਾਬਕ ਗੁਰਬਾਣੀ ਦੇ ਪ੍ਰਮਾਣ ਦੇ ਕੇ ਤਸੱਲੀ ਕਰਵਾ ਦਿਆ ਕਰਦੇ ਸਨ। ਉਹਨਾ ਦਾ ਜੀਵਨ ਹੀ ਦੂਜਿਆਂ ਵਾਸਤੇ ਪ੍ਰੇਰਣਾਮਈ ਹੋਇਆ ਕਰਦਾ ਸੀ। ਅਨੇਕਾਂ ਵਾਰ ਜਥੇਦਾਰੀ ਦੀ ਸੇਵਾ ਕਿਸੇ ਹੋਰ ਸਿੰਘ ਨੂੰ ਦੇਣ ਲਈ ਉਹਨਾ ਨੇ ਜਥੇ ਨੂੰ ਬੇਨਤੀਆਂ ਕੀਤੀਆਂ ਪਰ ਸਿੰਘਾਂ ਨੇ ਉਹਨਾ ਦੀ ਕਦੇ ਨਾ ਸੁਣੀ ਕਿਓਂਕਿ ਜਥੇਦਾਰੀ ਦੀ ਮਹਾਨ ਸੇਵਾ ਲਈ ਉਹਨਾ ਦਾ ਬਦਲ ਹੀ ਕੋਈ ਨਹੀਂ ਸੀ। ਅੱਜ ਜਦੋਂ ਕਿ ਉਹ ਸ਼ਰੀਰਕ ਤੌਰ &lsquoਤੇ ਸਾਡੇ ਵਿਚ ਨਹੀਂ ਰਹੇ ਤਾਂ ਜਾਪਦਾ ਹੈ ਕਿ ਉਹਨਾ ਦੀ ਘਾਟ ਤਾਂ ਕਦੀ ਵੀ ਪੂਰੀ ਨਹੀਂ ਹੋ ਸਕਣੀ। ਭਾਈ ਸਾਹਬ ਦੇ ਵਿਛੋੜੇ ਨੂੰ ਅਨੁਭਵ ਕਰਦਿਆਂ ਦਿਲ ਵਿਚੋਂ ਭਾਵੇਂ &lsquoਆਹ&rsquo ਨਿਕਲਦੀ ਹੈ ਪਰ ਉਹਨਾ ਦੇ ਨਾਮ ਬਾਣੀ ਵਿਚ ਰੰਗੇ ਹੋਏ ਚੜ੍ਹਦੀ ਕਲਾ ਵਾਲੇ ਜੀਵਨ ਨੂੰ ਦੇਖ ਕੇ ਦਿਲੋਂ &lsquoਵਾਹ ਵਾਹ ਭਾਈ ਰਘਬੀਰ ਸਿੰਘ ਨਿਕਲਦਾ ਹੈ&rsquo। ਅਕਾਲ ਪੁਰਖ ਉਹਨਾ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਸ਼ ਕਰਨ ਇਹੀ ਅਰਦਾਸ ਹੈ।

ਯਥਾ ਗੁਰਵਾਕ -

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ 

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ 

 

ਲੇਖਕ: ਕੁਲਵੰਤ ਸਿੰਘ ਢੇਸੀ