image caption:

ਮਹਿਲਾ ਪੱਤਰਕਾਰ ਨੇ ਨਹੀਂ ਛੱਡੀ ਨੌਕਰੀ ਤਾਂ ਪਤੀ ਨੇ ਮਾਰ ਦਿੱਤੀ ਗੋਲ਼ੀ, ਸੱਤ ਮਹੀਨੇ ਪਹਿਲਾਂ ਕੀਤੀ ਸੀ Love Marriage

ਇਸਲਾਮਾਬਾਦ -  ਪਾਕਿਸਤਾਨ ਦੀ 27 ਸਾਲਾ ਇਕ ਮਹਿਲਾ ਪੱਤਰਕਾਰ ਦੀ ਉਸ ਦੇ ਪਤੀ ਨੇ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਉਹ ਮਹਿਲਾ ਪੱਤਰਕਾਰ ਤੋਂ ਮੰਗ ਕਰ ਰਿਹਾ ਸੀ ਕਿ ਉਹ ਆਪਣੀ ਨੌਕਰੀ ਛੱਡ ਦੇਵੇ। ਉਰੂਜ਼ ਇਕਬਾਲ ਨੇ ਜਦੋਂ ਅਜਿਹਾ ਨਹੀਂ ਕੀਤਾ ਤਾਂ ਉਸ ਦੇ ਪਤੀ ਦਿਲਾਵਰ ਅਲੀ ਨੇ ਉਸ ਦੇ ਸਿਰ 'ਤੇ ਗੋਲ਼ੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਸੱਤ ਮਹੀਨੇ ਪਹਿਲਾਂ ਹੋਇਆ ਸੀ। ਹਾਲਾਂਕਿ, ਦੋਵਾਂ ਦੇ ਰਿਸ਼ਤਿਆਂ ਵਿਚਕਾਰ ਜਲਦ ਦੀ ਕੁੜੱਤਣ ਆਉਣ ਲੱਗੀ ਤੇ ਮਾਮਲਾ ਇਸ ਕਦਰ ਵਿਗੜ ਗਿਆ ਕਿ ਦਿਲਾਵਰ ਨੇ ਉਸ ਦੀ ਹੱਤਿਆ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਉਰੂਜ਼ ਦੇ ਜ਼ਖ਼ਮੀ ਹੋਣ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ। ਲਿਹਾਜ਼ਾ, ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦੋਸਤ ਮੁਹੰਮਦ ਨੇ ਕਿਹਾ, ਉਰੂਜ਼ ਇਕਬਾਲ ਇਕ ਉਰਦੂ ਦੈਨਿਕ ਨਾਲ ਜੁੜੀ ਸੀ ਤੇ ਉਹ ਮੱਧ ਲਾਹੌਰ 'ਚ ਕਿਲਾ ਗੁਰਜਰ ਸਿੰਘ ਸਥਿਤ ਆਪਣੇ ਦਫ਼ਤਰ ਜਾ ਰਹੀ ਸੀ, ਜਦੋਂ ਉਸ ਦੇ ਪਤੀ ਦਿਲਾਵਰ ਨੇ ਉਰੂਜ ਦੇ ਸਿਰ 'ਚ ਗੋਲ਼ੀ ਮਾਰ ਦਿੱਤੀ।
ਦੋਸਤ ਮੁਹੰਮਦ ਨੇ ਕਿਹਾ ਕਿ ਅਸੀਂ ਇਕ ਹੋਰ ਉਰਦੂ ਦੈਨਿਕ 'ਚ ਕੰਮ ਕਰਨ ਵਾਲੀ ਪੀੜਤਾ ਦੇ ਪਤੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਉਰੂਜ ਦੇ ਭਰਾ ਯਾਸਿਰ ਇਕਬਾਲ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਐੱਫਆਈਆਰ 'ਚ ਇਕਬਾਲ ਨੇ ਕਿਹਾ ਕਿ ਉਸ ਦੀ ਭੈਣ ਨੇ ਅਲੀ ਨਾਲ ਸੱਤ ਮਹੀਨੇ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਜਲਦ ਹੀ ਉਨ੍ਹਾਂ ਦੇ ਸਬੰਧ ਵੱਖ-ਵੱਖ ਘਰੇਲੂ ਮੁੱਦਿਆਂ ਕਾਰਨ ਬਦਲ ਗਏ। ਇਸ ਦੇ ਨਾਲ ਹੀ ਅਲੀ ਵਾਰ-ਵਾਰ ਉਰੂਜ ਨੂੰ ਨੌਕਰੀ ਛੱਡਣ ਲਈ ਕਹਿੰਦਾ ਸੀ।