image caption: ਰਜਿੰਦਰ ਸਿੰਘ ਪੁਰੇਵਾਲ

ਭਗਵਿਆਂ ਦਾ ਮਹਾਂਰਾਸ਼ਟਰ 'ਚ ਰੱਥ ਕਿਉਂ ਰੁਕਿਆ

    ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਮਹਾਨ ਸਲੋਕ ਹੈ, 'ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ' ਇਸ ਨੂੰ ਸਾਧਾਰਨ ਬੁਧ ਰਾਹੀਂ ਨਹੀਂ ਸਮਝਿਆ ਜਾ ਸਕਦਾ। ਇਸ ਦੇ ਰੂਹਾਨੀ ਅਰਥ ਵੀ ਨਹੀਂ ਲੱਭੇ ਜਾ ਸਕਦੇ। ਇਹ ਸਲੋਕ ਬ੍ਰਹਿਮੰਡੀ ਚੇਤਨਾ ਦਾ ਪ੍ਰਤੀਕ ਹੈ ਜੋ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਰਾਜਨੀਤਕ ਅਗਵਾਈ ਦਿੱਤੀ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ ਕਿ ਅਸੀਂ ਸੋਚਦੇ ਹਾਂ ਕਿ ਹੰਕਾਰੀ ਰਾਜੇ ਤੇ ਸੱਤਾ ਦਾ ਹੰਕਾਰ ਕਰਨ ਵਾਲੇ ਲੋਕ ਬਹੁਤ ਬਲਵਾਨ ਹੁੰਦੇ ਹਨ, ਇਹ ਸਾਡਾ ਭੁਲੇਖਾ ਹੈ। ਸੱਚੀ ਪਾਤਸ਼ਾਹੀ ਹੀ ਸਭ ਤੋਂ ਬਲਵਾਨ ਹੈ। ਸੱਚੀ ਪਾਤਸਾਹੀ ਰੱਬ ਦੀ ਪਾਤਸ਼ਾਹੀ ਹੈ। ਰੱਬ ਬਾਰੇ ਗੁਰੂ ਸਾਹਿਬ ਮਨੁੱਖ ਨੂੰ ਚੇਤੰਨ ਕਰਦੇ ਕਹਿੰਦੇ ਹਨ ਕਿ ਇਸ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਜੋ ਭ੍ਰਿਸ਼ਟ ਰਾਜੇ ਤੇ ਜ਼ਾਲਮਾਨਾ ਬਾਦਸ਼ਾਹ ਸੱਚ ਤੇ ਰੱਬ ਨੂੰ ਭੁੱਲ ਜਾਂਦੇ ਹਨ, ਪਰਜਾ 'ਤੇ ਜ਼ੁਲਮ ਕਰਦੇ ਹਨ, ਭ੍ਰਿਸ਼ਟ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਅੰਤ ਤਬਾਹੀ ਹੁੰਦਾ ਹੈ। ਗੁਰੂ ਸਾਹਿਬ ਫੁਰਮਾਉਂਦੇ ਨੇ ਕਿ ਸੱਚੀ ਪਾਤਸ਼ਾਹੀ ਕੀੜੇ ਦੀ ਜੂਨ ਭੁਗਤ ਰਹੇ ਆਮ ਮਨੁੱਖ ਨੂੰ ਰਾਜਾ ਥਾਪ ਸਕਦਾ ਹੈ। ਅਰਥਾਤ ਸਾਧਾਰਨ ਵਿਅਕਤੀ ਨੂੰ ਵੀ ਸੱਤਾ ਸੌਂਪ ਸਕਦਾ ਹੈ ਤੇ ਵੱਡੇ ਵੱਡੇ ਲਸ਼ਕਰਾਂ ਤੇ  ਰਾਜਾਂ ਦੇ ਮਾਲਕ ਤਾਕਤਵਰ ਰਾਜਿਆਂ ਨੂੰ ਫਨਾਹ ਤੇ ਤਬਾਹ ਕਰ ਸਕਦਾ ਹੈ। ਇਹੀ ਕੁਝ ਦੁਨੀਆਂ ਵਿਚ ਵਾਪਰਦਾ ਰਿਹਾ ਹੈ।  ਸਿਕੰਦਰ ਨਹੀਂ ਰਿਹਾ, ਬਾਬਰ ਨਹੀਂ, ਔਰੰਗਜ਼ੇਬ ਨਹੀਂ ਰਿਹਾ, ਹਿਟਲਰ ਨਹੀਂ ਰਿਹਾ, ਮੁਸੋਲਿਨੀ ਨਹੀਂ ਰਿਹਾ, ਸਟਾਲਿਨ ਨਹੀਂ ਰਿਹਾ, ਇੰਦਰਾ ਵੀ ਨਹੀਂ ਰਹੀ ਤੇ ਬੁਸ਼ ਵੀ ਨਹੀਂ ਰਿਹਾ। ਕਿਸੇ ਮਨੁੱਖ ਦੀ ਸੰਸਾਰ ਵਿਚ ਥਾਣੇਦਾਰੀ ਨਹੀਂ ਰਹਿ ਸਕਦੀ। ਜਿਹੜਾ ਅਜਿਹਾ ਸੋਚਦਾ ਹੈ ਉਹ ਹੰਕਾਰੀ ਹੈ। ਹੰਕਾਰ ਇਕ ਦਿਨ ਖਤਮ ਹੋ ਜਾਣਾ ਹੈ, ਜਿਸ ਸੱਤਾ 'ਤੇ ਮਾਣ ਹੈ, ਉਹ ਉਸ ਦੇ ਹੇਠੋਂ ਨਿਕਲ ਜਾਣੀ ਹੈ। ਭਾਰਤ ਵਿਚ ਵੀ ਹੁਣ ਅਜਿਹਾ ਵਾਪਰ ਰਿਹਾ ਹੈ। ਭਾਰਤ ਦੇ ਭਗਵੇਂਵਾਦੀ ਸੋਚਦੇ ਸਨ ਕਿ ਅਸੀਂ ਭਾਰਤ ਵਿਚ ਹਿੰਦੂ ਰਾਸ਼ਟਰਵਾਦ ਸਥਾਪਤ ਕਰਨਾ ਹੈ ਤੇ ਇਸ ਲਈ ਅਸੀਂ ਕਾਂਗਰਸ ਤੇ ਵਿਰੋਧੀ ਪਾਰਟੀਆਂ ਦਾ ਭੋਗ ਪਾ ਦੇਣਾ ਹੈ। ਜੋ ਘੱਟ ਗਿਣਤੀਆਂ ਰਾਜ ਜਾਂ ਕਿਸੇ ਖਿੱਤੇ 'ਤੇ ਭਾਰੂ ਹਨ, ਉਨ੍ਹਾਂ ਦੇ ਕੁਦਰਤੀ ਖਜ਼ਾਨੇ ਫਾਸ਼ੀਵਾਦੀ ਕਾਨੂੰਨ ਬਣਾ ਕੇ ਲੁੱਟ ਲੈਣੇ ਹਨ ਤੇ ਨਵੇਂ ਕਾਨੂੰਨ ਬਣਾ ਕੇ ਉਨ੍ਹਾਂ ਦੇ ਅਧਿਕਾਰ ਵੀ ਨਹੀਂ ਰਹਿਣ ਦੇਣੇ। ਕਸ਼ਮੀਰ ਵਿਚ ਇਹੀ ਵਾਪਰਿਆ ਹੈ। ਪਰ ਅੱਜ ਮੋਦੀ ਸਰਕਾਰ ਅਧੀਨ ਜੋ ਸੰਘ ਪਰਿਵਾਰ ਸੋਚਦਾ ਸੀ, ਉਸ ਨੂੰ ਪੰਜਾਬ ਵਿਚ ਪਹਿਲਾਂ ਬਰੇਕਾਂ ਲੱਗੀਆਂ, ਹੁਣ ਮਹਾਂਰਾਸ਼ਟਰ ਵਿਚ ਲੱਗ ਗਈਆਂ। ਅਜੇ ਹੋਰ ਬਰੇਕਾਂ ਲੱਗਣਗੀਆਂ। ਇਹ ਅਸ਼ਵਮੇਘ ਯੱਗ ਵਿਸ਼ਵ ਨੂੰ ਜਿੱਤਣ ਵਾਲਾ, ਭਾਰਤ ਨੂੰ ਜਿੱਤਣ ਵਾਲਾ ਨਹੀਂ ਚੱਲੇਗਾ।  ਸ੍ਰੀ ਰਾਮ ਵਰਗੇ ਰਾਜੇ ਵੀ ਵਿਸ਼ਾਲ ਭਾਰਤ ਨਹੀਂ ਉਸਾਰ ਸਕੇ। ਇਸੇ ਕਾਰਨ ਗੁਰੂ ਨਾਨਕ ਸਾਹਿਬ ਨੇ ਵੰਨ ਸੁਵੰਨੀਆਂ ਭਾਸ਼ਾਵਾਂ ਤੇ ਸਭਿਆਚਾਰਾਂ ਤੇ ਸਭਿਅਤਾਵਾਂ ਉੱਪਰ ਜ਼ੋਰ ਦਿੱਤਾ ਸੀ। ਇਹਨਾਂ ਦੀ ਸਾਂਝਾ ਦੀ ਗੱਲ ਕੀਤੀ ਸੀ। ਵਰਣ ਆਸ਼ਰਮ ਵਿਰੁਧ ਗੁਰੂ ਨਾਨਕ ਸਾਹਿਬ ਦੀ ਜੰਗ ਇਸੇ ਗੱਲ ਦਾ ਨਤੀਜਾ ਹੈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਖੇਡਿਆ ਮਹਾਂਰਾਸ਼ਟਰ ਦਾ ਰਾਜਨੀਤਕ ਨਾਟਕ ਜੋ ਸਾਜ਼ਿਸੀ ਢੰਗ ਨਾਲ ਉਸਾਰਿਆ ਗਿਆ ਸੀ, ਉਸ ਦੀ ਫੂਕ ਸਾਜ਼ਿਸੀ ਢੰਗ ਨਾਲ ਬਣਾਏ ਦਵਿੰਦਰ ਫੜਨਵੀਜ਼ ਦੇ ਮੁੱਖ ਮੰਤਰੀ ਵਜੋਂ ਅਸਤੀਫੇ ਮਗਰੋਂ ਨਿਕਲ ਗਈ।
ਸੁਪਰੀਮ ਕੋਰਟ ਨੇ ਬੀਤੇ ਮੰਗਲਵਾਰ ਆਪਣਾ ਫ਼ੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਸੀ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਾਜਪਾ ਆਗੂ ਫੜਨਵੀਸ ਬੀਤੇ ਬੁੱਧਵਾਰ 5 ਵਜੇ ਤੱਕ ਆਪਣਾ ਬਹੁਮੱਤ ਸਾਬਤ ਕਰਨ। ਪਰ ਘਟਨਾਵਾਂ ਏਨੀ ਤੇਜ਼ੀ ਨਾਲ ਵਾਪਰੀਆਂ ਕਿ ਨਾਮਜ਼ਦ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੇ ਬੀਤੇ ਮੰਗਲਵਾਰ ਹੀ ਅਸਤੀਫ਼ੇ ਦੇ ਦਿੱਤੇ ਤੇ ਉਹ ਖਰੀਦੋ ਫਰੋਖਤ ਨਹੀਂ ਕਰ ਸਕੀ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਵਿਚ ਇਨ੍ਹਾਂ ਭਗਵਿਆਂ ਨੇ ਜਮਹੂਰੀਅਤ ਦਾ ਕਤਲ ਕਰ ਦਿੱਤਾ ਹੈ ਤੇ ਜਮਹੂਰੀਅਤ ਬਚਾਉਣ ਲਈ ਵਿਰੋਧੀ ਪਾਰਟੀਆਂ ਨੂੰ ਹੋਟਲਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅਰਥਾਤ ਫਾਈਵ ਸਟਾਰ ਹੋਟਲ ਜਮਹੂਰੀਅਤ ਦਾ ਕੇਂਦਰ ਬਣ ਗਏ ਹਨ। ਇਹ ਜਮਹੂਰੀਅਤ ਨਾਲ ਕਿੱਡਾ ਵੱਡਾ ਮਜ਼ਾਕ ਹੈ। ਹੁਣ ਵਿਰੋਧੀ ਪਾਰਟੀਆਂ ਸ਼ਿਵ ਸੈਨਾ ਦੀ ਅਗਵਾਈ ਵਿਚ ਸਰਕਾਰ ਬਣਾਉਣਗੀਆਂ। 
ਭਾਜਪਾ ਬਾਰੇ ਤੱਥ ਸਾਹਮਣੇ ਆ ਗਏ ਹਨ ਕਿ ਭਾਜਪਾ ਨੇ ਇਕਬਾਲ ਮਿਰਚੀ ਨਾਲ ਸੰਬੰਧ ਰੱਖਣ ਵਾਲੀਆਂ ਕੰਪਨੀਆਂ ਤੋਂ 20 ਕਰੋੜ ਚੋਣ ਚੰਦਾ ਲਿਆ ਸੀ। ਇਨ੍ਹਾਂ ਕੰਪਨੀਆਂ ਵੱਲੋਂ ਅੱਤਵਾਦੀਆਂ ਨੂੰ ਚੰਦਾ ਦੇਣ ਦੀ ਜਾਂਚ ਈ ਡੀ ਵੱਲੋਂ ਕੀਤੀ ਜਾ ਰਹੀ ਹੈ। ਭਾਜਪਾ ਵੱਲੋਂ ਚੋਣ ਕਮਿਸ਼ਨਰ ਕੋਲ ਕੀਤੇ ਗਏ ਖੁਲਾਸੇ ਮੁਤਾਬਕ ਆਰ ਕੇ ਡਬਲਿਊ ਡਿਵੈਲਪਰਜ਼ ਲਿਮਟਿਡ ਨਾਂਅ ਦੀ ਕੰਪਨੀ ਤੋਂ 2014-15 ਵਿੱਚ ਭਾਜਪਾ ਨੇ 10 ਕਰੋੜ ਚੰਦਾ ਲਿਆ ਸੀ। 1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਇਕਬਾਲ ਮੈਨਨ ਉਰਫ਼ ਇਕਬਾਲ ਮਿਰਚੀ ਤੋਂ ਜਾਇਦਾਦ ਖਰੀਦਣ ਤੇ ਲੈਣ-ਦੇਣ ਕਰਨ ਬਾਰੇ ਈ ਡੀ ਇਸ ਕੰਪਨੀ ਦੀ ਜਾਂਚ ਕਰ ਰਹੀ ਹੈ। ਇਹ ਕੰਪਨੀ ਦਿਵਾਲੀਆ ਹੋ ਚੁੱਕੀ ਦੀਵਾਨ ਹਾਊਸਿੰਗ ਫਾਈਨੈਂਸ ਲਿਮਟਿਡ ਨਾਲ ਜੁੜੀ ਹੋਈ ਹੈ, ਜਿਸ ਵਿੱਚ ਯੂ ਪੀ ਦੀ ਯੋਗੀ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੇ ਪੀ ਐੱਫ਼ ਦਾ 42 ਅਰਬ ਰੁਪਏ ਨਿਵੇਸ਼ ਕਰਨ ਦਾ ਦੋਸ਼ ਲੱਗ ਰਿਹਾ ਹੈ। ਈ ਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਆਰ ਕੇ ਡਬਲਿਊ ਦਾ ਸਾਬਕਾ ਨਿਰਦੇਸ਼ਕ ਰੰਜੀਤ ਬਿੰਦਰਾ ਇੱਕ ਏਜੰਟ ਸੀ ਤੇ ਕੰਪਨੀਆਂ ਤੇ ਇਕਬਾਲ ਮਿਰਚੀ ਵਿਚਕਾਰ ਸੌਦੇ ਕਰਵਾਉਂਦਾ ਸੀ। ਈ ਡੀ ਨੇ ਬਿੰਦਰਾ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਈ ਡੀ ਨੇ ਇੱਕ ਹੋਰ ਕੰਪਨੀ ਸਨਬਲਿੰਕ ਰੀਅਲ ਅਸਟੇਟ ਨੂੰ ਵੀ ਇਕਬਾਲ ਮਿਰਚੀ ਦੀਆਂ ਜਾਇਦਾਦਾਂ ਖਰੀਦਣ ਲਈ ਦੋਸ਼ੀ ਮੰਨਿਆ ਹੈ। ਸਨਬਲਿੰਕ ਇੱਕ ਹੋਰ ਕੰਪਨੀ ਸਕਿੱਲ ਰੀਅਲਟਰਜ਼ ਪ੍ਰਾਈਵੇਟ ਲਿਮਟਿਡ ਨਾਲ ਜੁੜੀ ਹੋਈ ਹੈ। ਦੋਹਾਂ ਦਾ ਡਾਇਰੈਕਟਰ ਇੱਕ ਵਿਅਕਤੀ ਮੇਹੁਲ ਅਨਿਲ ਬਖਸ਼ੀ ਹੈ। ਇਸ ਕੰਪਨੀ ਨੇ ਵੀ ਭਾਜਪਾ ਨੂੰ 2014-15 ਵਿੱਚ ਦੋ ਕਰੋੜ ਚੰਦਾ ਦਿੱਤਾ ਸੀ। ਆਰ ਕੇ ਡਬਲਿਊ ਦੇ ਨਿਰਦੇਸ਼ਕ ਜੈਕਬ ਨਾਰੋਨਹਾ ਇੱਕ ਹੋਰ ਕੰਪਨੀ ਦਰਸ਼ਨ ਡਿਵੈਲਪਰਜ਼ ਦੇ ਵੀ ਨਿਰਦੇਸ਼ਕ ਹਨ। ਚੋਣ ਕਮਿਸ਼ਨ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨੇ ਇਸ ਕੰਪਨੀ ਤੋਂ 2016-17 ਵਿੱਚ 7.50 ਕਰੋੜ ਰੁਪਏ ਚੰਦਾ ਲਿਆ ਸੀ। ਈ ਡੀ ਟੈਰਿੰਗ ਫੰਡਿੰਗ ਸੰਬੰਧੀ ਜੈਕਬ ਦੀ ਵੀ ਜਾਂਚ ਕਰ ਰਹੀ ਹੈ। ਈ ਡੀ ਦਾ ਦੋਸ਼ ਹੈ ਕਿ ਆਰ ਕੇ ਡਬਲਿਊ ਡਿਵੈਲਪਰਜ਼ ਨੇ ਇਕਬਾਲ ਮਿਰਚੀ ਦੀ ਜਾਇਦਾਦਾਂ ਵੇਚਣ ਵਿੱਚ ਮਦਦ ਕੀਤੀ ਸੀ ਅਤੇ ਸੌਦੇ ਲਈ ਬਿੰਦਰਾ ਨੇ 30 ਕਰੋੜ ਰੁਪਏ ਦਲਾਲੀ ਲਈ ਸੀ। ਮਹਾਰਾਸ਼ਟਰ ਚੋਣ ਤੋਂ ਪਹਿਲਾਂ ਇਕਬਾਲ ਮਿਰਚੀ ਦਾ ਮਾਮਲਾ ਕਾਫ਼ੀ ਉਛਾਲਿਆ ਗਿਆ ਸੀ। ਇਸ ਦੌਰਾਨ ਈ ਡੀ ਨੇ ਸੀਨੀਅਰ ਐੱਨ ਸੀ ਪੀ ਆਗੂ ਪ੍ਰਫੁੱਲ ਪਟੇਲ ਤੋਂ ਵੀ ਪੁੱਛਗਿੱਛ ਕੀਤੀ ਸੀ ਤੇ ਬਿੰਦਰਾ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਨੇ ਇਕਬਾਲ ਮਿਰਚੀ ਦੀਆਂ ਜਾਇਦਾਦਾਂ ਨੂੰ ਸਨਬਲਿੰਕ ਤੇ ਮਿਲੇਨੀਅਮ ਡਿਵੈਲਪਰਜ਼ ਨੂੰ ਵੇਚਣ ਸੰਬੰਧੀ ਇਕਬਾਲ ਮਿਰਚੀ ਦੇ ਭਣਵਈਏ ਮੁਖਤਾਰ ਮੈਨਨ ਤੋਂ ਵੀ ਪੁੱਛਗਿੱਛ ਕੀਤੀ ਸੀ। ਪਿਛਲੇ ਮਹੀਨੇ ਈ ਡੀ ਨੇ ਸਨਬਲਿੰਕ ਨੂੰ 2186 ਕਰੋੜ ਦਾ ਕਰਜ਼ਾ ਦੇਣ ਸੰਬੰਧੀ ਡੀ ਐੱਚ ਐੱਫ਼ ਐੱਲ ਦੇ 14 ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਸੀ। ਈ ਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਦੁਬਈ ਰਾਹੀਂ ਆਇਆ ਸੀ। ਉਪਰੋਕਤ ਤੋਂ ਸਪੱਸ਼ਟ ਹੈ ਕਿ ਭਾਜਪਾ ਆਗੂ ਸੱਤਾ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਉਹ ਦੂਸਰੀਆਂ ਪਾਰਟੀ ਦੇ ਆਗੂਆਂ ਨੂੰ ਆਪਣੇ ਨਾਲ ਮਿਲਾਉਣ ਲਈ ਵੀ ਈ ਡੀ ਦੀ ਵਰਤੋਂ ਕਰ ਸਕਦੇ ਹਨ ਤੇ ਅੱਤਵਾਦੀਆਂ ਨੂੰ ਚੰਦਾ ਦੇਣ ਵਾਲੀਆਂ ਕੰਪਨੀਆਂ ਨੂੰ ਵੀ ਈ ਡੀ ਰਾਹੀਂ ਡਰਾ ਕੇ ਆਪਣਾ ਖ਼ਜ਼ਾਨਾ ਭਰ ਸਕਦੇ ਹਨ। ਇਹ ਭਗਵਾਂਵਾਦ ਇਕ ਮਖੌਟਾ ਹੀ ਹੈ, ਜੋ ਰਾਸ਼ਟਰਵਾਦ ਦੇ ਝੰਡੇ ਚੁੱਕ ਕੇ ਆਪਣੇ ਆਪ ਨੂੰ ਦੇਸ਼ਭਗਤ ਸਿੱਧ ਕਰ ਰਿਹਾ ਹੈ। ਉਪਰੋਕਟ ਘਟਨਾਵਾਂ ਨੇ ਸਿੱਧ ਕਰ ਦਿੱਤਾ ਕਿ ਮੋਦੀ ਤੇ ਅਮਿਤ ਸ਼ਾਹ ਜਾਂ ਸੰਘ ਪਰਿਵਾਰ ਕੋਈ ਮਹਾਨ ਸ਼ਕਤੀਆਂ ਨਹੀਂ ਹਨ ਤੇ ਨਾ ਹੀ ਇਨ੍ਹਾਂ ਦੇ ਹੱਥ ਵਿਚ ਰੱਬੀ ਤਾਕਤ ਹੈ ਕਿ ਉਹ ਦੇਸ਼ ਨੂੰ ਆਪਣੇ ਅਨੁਸਾਰ ਚਲਾ ਸਕਣ।
ਬਾਬਾ ਸਾਹਿਬ ਅੰਬੇਡਕਰ ਨੇ 25 ਨਵੰਬਰ 1949 ਨੂੰ ਸੰਵਿਧਾਨ ਸਭਾ ਵਿਚ ਦਿੱਤੇ ਭਾਸ਼ਣ ਵਿਚ ਕਿਹਾ ਸੀ ਕਿ ਕਿਸੇ ਵੀ ਦੇਸ ਦੇ ਸੰਵਿਧਾਨ ਦੀ ਸਫਲਤਾ ਉਸ ਦੇ ਨਾਗਰਿਕਾਂ ਤੇ ਸੰਵਿਧਾਨ ਨੂੰ ਚਲਾਉਣ ਵਾਲਿਆਂ ਦੇ ਚਰਿੱਤਰ ਅਤੇ ਨੀਅਤ ਉੱਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਸੰਵਿਧਾਨ ਭਾਵੇਂ ਜਿੰਨਾ ਮਰਜ਼ੀ ਚੰਗਾ ਕਿਉਂ ਨਾ ਹੋਵੇ, ਅਰਥਾਤ ਉਸ ਨੂੰ ਚਲਾਉਣ ਵਾਲਿਆਂ ਵਿਚ ਸੰਵਿਧਾਨ ਦੇ ਮੁੱਲਾਂ ਦੇ ਪ੍ਰਤੀ ਸਮਰਪਣ ਤੇ ਉਸ ਨੂੰ ਲਾਗੂ ਕਰਨ ਦਾ ਜਜ਼ਬਾ ਨਹੀਂ ਹੈ ਤਾਂ ਉਹ ਇਸ ਨੂੰ ਨਿਰਜੀਵ ਅੱਖਰਾਂ ਦਾ ਸਮੂਹ ਬਣਾ ਕੇ ਰੱਖ ਦੇਣਗੇ। ਜੇਕਰ ਸੰਵਿਧਾਨ ਵਿਚ ਕੋਈ ਕਮੀ ਰਹਿ ਗਈ ਹੈ ਤਾਂ ਉਸ ਦਾ ਪਾਲਣ ਕਰਨ ਵਾਲੇ ਸੰਵਿਧਾਨ ਪ੍ਰਤੀ ਪ੍ਰਤੀਬੱਧ ਉਨ੍ਹਾਂ ਕਮੀਆਂ ਨੂੰ ਦੂਰ ਕਰਕੇ ਚੰਗੇ ਸਮਾਜ ਤੇ ਚੰਗੇ ਰਾਜ ਦੀ ਸਿਰਜਣਾ ਕਰ ਲੈਣਗੇ। ਜੇਕਰ ਦੇਸ ਦੇ ਲੋਕ ਸਿਆਣੇ ਹੋਣਗੇ ਤਾਂ ਹੀ ਰਾਜਨੀਤੀ ਯੋਗ ਹੋਵੇਗੀ। ਪਰ ਭਾਰਤ ਦੇ ਸਿਆਸਤਦਾਨ ਆਪ ਹੀ ਸੰਵਿਧਾਨ ਨੂੰ ਕੁਚਲ ਕੇ ਹਿਟਲਰ ਬਣ ਰਹੇ ਹਨ।

ਰਜਿੰਦਰ ਸਿੰਘ ਪੁਰੇਵਾਲ