image caption: ਡਾਕਟਰ ਅਮਰਜੀਤ ਸਿੰਘ ਯੂ ਐਸ ਏ

'ਭਾਰਤੀ ਏਜੰਸੀਆਂ ਨੇ 65 ਦੇਸ਼ਾਂ ਵਿੱਚ 265 ਮੀਡੀਆ ਪੋਰਟਲ ਖੜ੍ਹੇ ਕੀਤੇ ਹੋਏ ਹਨ, ਜਿਨ੍ਹਾਂ ਰਾਹੀਂ ਝੂਠੀਆਂ ਖਬਰਾਂ ਨਸ਼ਰ ਕੀਤੀਆਂ ਜਾਂਦੀਆਂ ਹਨ!' -ਜਨੇਵਾ ਦੀ ਇੱਕ ਸੰਸਥਾ ਵਲੋਂ ਇੰਕਸ਼ਾਫ

 ਵਾਸ਼ਿੰਗਟਨ (ਡੀ. ਸੀ.) ਨਵੰਬਰ 30, 2019- ਭਾਰਤ ਦੀ ਮੋਦੀ ਸਰਕਾਰ ਵਲੋਂ ਸਿਰਫ ਭਾਰਤੀ ਮੀਡੀਏ ਅਤੇ ਸੋਸ਼ਲ ਮੀਡੀਆ ਰਾਹੀਂ ਹੀ ਝੂਠ ਨਹੀਂ ਪਰੋਸਿਆ ਜਾਂਦਾ ਬਲਕਿ ਦੁਨੀਆ ਦੇ 65 ਦੇਸ਼ਾਂ ਵਿੱਚ, ਅੱਡ-ਅੱਡ ਨਾਵਾਂ ਥੱਲੇ ਖੜ੍ਹੇ ਕੀਤੇ ਗਏ 265 ਮੀਡੀਆ ਪੋਰਟਲਾਂ ਰਾਹੀਂ ਵੀ ਝੂਠੀਆਂ ਖਬਰਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ। ਉਪਰੋਕਤ ਇੰਕਸ਼ਾਫ ਬਰੱਸਲਜ਼ (ਜਨੇਵਾ) ਸਥਿਤ ਇੱਕ ਗੈਰ ਸਰਕਾਰੀ ਸੰਸਥਾ 'ਯੂਰਪੀਅਨ ਡਿਸਇਨਫੋ ਲੈਬ' ਵਲੋਂ ਕੀਤਾ ਗਿਆ ਹੈ। ਯੂਰੋ ਡਿਸਇਨਫੋ ਲੈਬ ਦੀ ਪੜਤਾਲੀਆਂ ਰਿਪੋਰਟ ਅਨੁਸਾਰ, ਭਾਰਤੀ ਏਜੰਸੀਆਂ ਵਲੋਂ ਮੀਡੀਆ ਪੋਰਟਲਾਂ ਦਾ ਇਹ ਸਿਲਸਿਲਾ ਇਸ ਲਈ ਖੜ੍ਹਾ ਕੀਤਾ ਗਿਆ ਹੈ ਤਾਂ ਕਿ ਯੂਨਾਇਟਿਡ ਨੇਸ਼ਨਜ਼ ਅਤੇ ਯੂਰਪੀਅਨ ਯੂਨੀਅਨ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਨ੍ਹਾਂ ਪੋਰਟਲਾਂ ਰਾਹੀਂ ਪਾਕਿਸਤਾਨ ਵਿਰੋਧੀ ਖਬਰਾਂ ਤੇ ਆਰਟੀਕਲ ਪ੍ਰਸਾਰਿਤ ਕੀਤੇ ਜਾਂਦੇ ਹਨ। ਇਨ੍ਹਾਂ ਜਾਅਲੀ ਨਿਊਜ਼-ਪੋਰਟਲਾਂ ਵਿੱਚ 'ਨੀਊਯਾਰਕ ਮੌਰਨਿੰਗ ਟੈਲੀਗ੍ਰਾਫ', 'ਡਬਲਿਨ ਗਜ਼ਟ', 'ਟਾਈਮਜ਼ ਆਫ ਪੁਰਤਗਾਲ' ਆਦਿ ਸ਼ਾਮਲ ਹਨ, ਜਿਹੜੇ ਭਾਰਤ ਸਰਕਾਰ ਦੇ ਨਜ਼ਰੀਏ ਨੂੰ ਪ੍ਰਸਾਰਦੇ ਹਨ। ਇਸ ਰਿਪੋਰਟ ਵਿੱਚ ਇਹ ਵੀ ਇੰਕਸ਼ਾਫ ਕੀਤਾ ਗਿਆ ਹੈ ਹੈ ਕਿ ਹਾਲ ਹੀ ਵਿੱਚ ਜਿਹੜੇ ਯੂਰਪੀਅਨ ਪਾਰਲੀਮੈਂਟ ਦੇ 27 ਮੈਬਰਾਂ ਨੇ, ਭਾਰਤੀ ਕਸ਼ਮੀਰ ਦਾ ਦੌਰਾ ਕੀਤਾ ਸੀ, ਇਸ ਦਾ ਪ੍ਰਬੰਧ ਜਿਸ ਸ੍ਰੀਵਾਸਤਵਾ ਗਰੁੱਪ ਵਲੋਂ ਕੀਤਾ ਗਿਆ ਸੀ, ਜਿਹੜਾ ਗਰੁੱਪ ਕਿ ਇਨ੍ਹਾਂ ਜਾਅਲੀ ਪੋਰਟਲਾਂ ਨਾਲ ਜੁੜਿਆ ਹੋਇਆ, ਭਾਰਤ ਸਰਕਾਰ ਦਾ ਫਰੰਟ ਹੈ। ਇਸ ਗਰੁੱਪ ਨੇ ਅੱਗੋਂ ਬਹੁਤ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਤੇ ਥਿੰਕ ਟੈਂਕ ਖੜ੍ਹੇ ਕੀਤੇ ਹੋਏ ਹਨ। ਇਨ੍ਹਾਂ ਵਿੱਚ 'ਨੀਊ ਡੇਲੀ ਟਾਈਮਜ਼' ਅਤੇ 'ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ-ਐਲਾਇਨਡ ਸਟੱਡੀਜ਼' ਸ਼ਾਮਲ ਹਨ। ਯਾਦ ਰਹੇ ਯੂਰਪੀਅਨ ਯੂਨੀਅਨ ਦੇ 27 ਮੈਂਬਰ ਪਾਰਲੀਮੈਂਟਾਂ ਦੇ ਕਸ਼ਮੀਰ ਦੌਰੇ ਦਾ ਸਾਰਾ ਪ੍ਰਬੰਧ 'ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ ਐਲਾਇਨਡ ਸਟੱਡੀਜ਼' ਵਲੋਂ ਕੀਤਾ ਗਿਆ ਸੀ। ਯੂਰਪੀਅਨ ਸੰਸਥਾ ਨੇ ਆਪਣੀ  ਇੰਕਸ਼ਾਫੀਆ ਰਿਪੋਰਟ ਦੇ ਅਖੀਰ ਵਿੱਚ ਕਿਹਾ ਹੈ ਕਿ ਭਾਰਤੀ ਸਰਕਾਰ ਦੇ ਇਨ੍ਹਾਂ ਜਾਅਲੀ ਪੋਰਟਲਾਂ ਦੇ ਤਿੰਨ ਮਕਸਦ ਹਨ। ਪਹਿਲਾਂ ਹੈ ਯੂ. ਐਨ. ਅਤੇ ਯੂਰਪੀਅਨ ਪਾਰਲੀਮੈਂਟ ਵਰਗੀਆਂ ਸੰਸਾਰ ਪੱਧਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਖਾਸ ਘਟਨਾਵਾਂ ਦੀ ਇੱਕ ਪੱਖੀ ਨਿਊਜ਼ ਕਵਰੇਜ਼ ਰਾਹੀਂ ਪ੍ਰਭਾਵਿਤ ਕਰਨਾ। ਦੂਸਰਾ ਦੁਨੀਆ ਭਰ ਵਿੱਚ ਮੀਡੀਏ ਦੀਆਂ ਕਈ ਜਾਅਲੀ ਪਰਤਾਂ ਬਣਾ ਦੇਣੀਆਂ ਤਾਂ ਕਿ ਪੜ੍ਹਨ ਵਾਲੇ ਤੇ ਵੇਖਣ ਵਾਲੇ ਨੂੰ ਇਹ ਲੱਗੇ ਕਿ ਕਿਉਂਕਿ ਖ਼ਬਰ ਅੱਡ-ਅੱਡ ਦੇਸ਼ਾਂ ਤੇ ਸਰੋਤਾਂ ਵਲੋਂ ਆ ਰਹੀ ਹੈ, ਇਸ ਲਈ ਇਹ ਠੀਕ ਖਬਰ ਹੈ। ਤੀਸਰਾ ਪਾਕਿਸਤਾਨ ਵਿਰੋਧੀ ਸਮੱਗਰੀ ਨੂੰ ਦੁਨੀਆ ਦੇ ਅੱਡ-ਅੱਡ ਸਰੋਤਾਂ ਰਾਹੀਂ ਪ੍ਰਸਾਰਿਤ ਕਰਵਾ ਕੇ ਪਾਕਿਸਤਾਨ ਨੂੰ ਦੁਨੀਆਂ ਦੇ ਕਟਹਿਰੇ ਵਿੱਚ ਲਿਆ ਖੜ੍ਹਾ ਕਰਨਾ ਤਾਂ ਕਿ ਉਸ ਦਾ ਸੰਸਾਰ-ਪੱਧਰੀ ਅਕਸ ਧੁੰਦਲਾ ਕੀਤਾ ਜਾ ਸਕੇ। ਅਜਿਹੀਆਂ 12 ਤੋਂ ਵੱਧ ਵੈੱਬਸਾਈਟਾਂ ਕੈਨੇਡਾ ਵਿੱਚ ਵੀ ਸਰਗਰਮ ਸਨ, ਜਿਨ੍ਹਾਂ ਦਾ ਸਬੰਧ ਸ੍ਰੀਵਾਸਤਾ ਗਰੁੱਪ, ਸਾਬਕਾ ਲਿਬਰਲ ਐਮ. ਪੀ. ਮਾਰੀਓ ਸਿਲਵਾ ਤੇ ਭਾਰਤ ਪੱਖੀ ਪ੍ਰਚਾਰਕ ਤਾਰਿਕ ਫਤੇਹ ਵਿਚਕਾਰ ਜੁੜਦਾ ਹੈ।
ਪਾਠਕਜਨ! ਅੰਦਾਜ਼ਾ ਲਾਓ ਕਿ ਜੇ 65 ਦੇਸ਼ਾਂ ਵਿਚਲੇ ਲੋਕਾਂ ਨੂੰ 265 ਵੈਬਸਾਈਟਾਂ, ਥਿੰਕ ਟੈਂਕਾਂ ਅਤੇ ਸੰਸਥਾਵਾਂ ਰਾਹੀਂ ਪਾਕਿਸਤਾਨ ਵਿਰੋਧੀ ਮਟੀਰੀਅਲ ਪਰੋਸਿਆ ਜਾਂਦਾ ਹੈ ਤਾਂ ਸਿੱਖ ਕੌਮ ਨੂੰ ਬਦਨਾਮ ਕਕਰਨ ਲਈ ਇਨ੍ਹਾਂ ਏਜੰਸੀਆਂ ਦਾ ਵਿਦੇਸ਼ਾਂ ਵਿੱਚ ਕਿੰਨਾ ਵੱਡਾ ਨੈੱਟਵਰਕ ਹੋਵੇਗਾ? ਕੀ ਸਿੱਖਾਂ ਵਿੱਚ ਗੈਰ-ਜ਼ਰੂਰੀ ਧਾਰਮਿਕ ਮੁੱਦਿਆਂ 'ਤੇ ਚਰਚਾ ਅਤੇ ਸਿੱਖਾਂ ਨੂੰ ਦਹਿਸ਼&OEligਤਗਰਦ ਸਾਬਤ ਕਰਨ ਲਈ ਟੁੱਚੇ ਕਿਸਮ ਦੇ ਲੋਕਾਂ ਨੂੰ ਪ੍ਰਮੋਟ ਕਰਨਾ, ਇੱਕ ਸਾਜ਼ਿਸ਼ ਤਹਿਤ ਨਹੀਂ ਹੈ? ਕੀ ਪੰਜਾਬ ਵਿੱਚ 2015 ਤੋਂ ਸ਼ੁਰੂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿਲਸਿਲਾ ਇਨ੍ਹਾਂ ਏਜੰਸੀਆਂ ਦੇ ਏਜੰਡੇ ਤਹਿਤ ਨਹੀਂ ਹੈ? ਕੈਨੇਡਾ, ਯੂ. ਕੇ. ਵਿਚਲੇ ਉੱਭਰਦੇ ਸਿੱਖ ਸਿਆਸੀ ਚਿਹਰਿਆਂ, ਜਿਨ੍ਹਾਂ ਵਿੱਚ ਜਗਮੀਤ ਸਿੰਘ, ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਸ਼ਾਮਲ ਹਨ, ਨੂੰ ਬਦਨਾਮ ਕਰਨ ਲਈ ਇਹ ਏਜੰਸੀਆਂ ਉਪਰੋਕਤ ਵੈਬ-ਪੋਰਟਲਾਂ ਦਾ ਇਸਤੇਮਾਲ ਨਹੀਂ ਕਰ ਰਹੀਆਂ? ਸਿੱਖ ਕੌਮ ਨੂੰ ਕਦੇ ਇਸ ਹਕੀਕਤ ਦਾ ਅਹਿਸਾਸ ਹੋਵੇਗਾ ਕਿ ਭਾਰਤੀ ਏਜੰਸੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸਾਨੂੰ ਆਪਣੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਨੂੰ ਮਜ਼ਬੂਤ ਕਰਨ ਦੀ ਲੋੜ ਹੈ? ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਸਿਰਫ ਤੇ ਸਿਰਫ ਤਮਾਸ਼ਬੀਬੀ ਟਿੱਪਣੀਆਂ ਕਰਦਾ ਹੈ, ਇਸ ਤੋਂ ਵਧ ਕੇ ਕਿਸੇ ਕਾਰਗਰ ਕਦਮ ਵਿੱਚ ਉਸ ਦੀ ਕੋਈ ਰੁਚੀ ਨਹੀਂ।
1960ਵਿਆਂ ਵਿੱਚ ਹੋਂਦ ਵਿੱਚ ਆਈ ਐਮਨੈਸਟੀ ਇੰਟਰਨੈਸ਼ਨਲ ਸੰਸਥਾ ਦੁਨੀਆਂ ਭਰ ਵਿੱਚ ਮਨੁੱਖੀ ਹੱਕਾਂ ਦੀ ਰਖਵਾਲੀ ਦੇ ਪਹਿਰੇਦਾਰ ਵਜੋਂ ਇੱਕ ਅਹਿਮ ਰੋਲ ਅਦਾ ਕਰ ਰਹੀ ਹੈ। 1980ਵਿਆਂ ਤੇ 1990ਵਿਆਂ ਦੇ ਸਿੱਖ ਸੰਘਰਸ਼ ਦੌਰਾਨ, ਭਾਰਤੀ ਹਾਕਮਾਂ ਵਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਨੂੰ ਐਮਨੈਸਟੀ ਨੇ ਆਪਣੀਆਂ ਰਿਪੋਰਟਾਂ ਰਾਹੀਂ ਜੱਗ ਜ਼ਾਹਰ ਕੀਤਾ ਸੀ। 5 ਅਗਸਤ ਨੂੰ ਕਸ਼ਮੀਰ ਦਾ ਸੰਵਿਧਾਨਕ ਦਰਜਾ, ਜੋ ਕਿ ਧਾਰਾ-370 ਰਾਹੀਂ ਉਸ ਨੂੰ ਮਿਲਿਆ ਹੋਇਆ ਸੀ, ਭਾਰਤੀ ਪਾਰਲੀਮੈਂਟ ਨੇ ਖਤਮ ਕਰ ਦਿੱਤਾ। ਨਾਲ ਹੀ ਜੰਮੂ-ਕਸ਼ਮੀਰ ਨੂੰ ਦੋ ਕੇਂਦਰੀ-ਸ਼ਾਸਤ ਪ੍ਰਦੇਸ਼ਾਂ ਲੱਦਾਖ ਤੇ ਜੰਮੂ-ਕਸ਼ਮੀਰ ਵਿੱਚ ਤਬਦੀਲ ਕਰਕੇ ਜੰਮੂ-ਕਸ਼ਮੀਰ ਦੀ ਪ੍ਰਾਂਤ ਵਜੋਂ ਹੋਂਦ ਹੀ ਖਤਮ ਕਰ ਦਿੱਤੀ ਗਈ। ਪਿਛਲੇ ਲਗਭਗ ਸਾਢੇ ਤਿੰਨ ਮਹੀਨਿਆਂ ਤੋਂ ਕਸ਼ਮੀਰ ਘਾਟੀ ਦੇ 80 ਲੱਖ ਲੋਕਾਂ ਨੂੰ ਇੱਕ ਖੁੱਲ੍ਹੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦੀਆਂ ਮੁੱਢਲੀਆਂ ਜੀਵਨ-ਸਹੂਲਤਾਂ ਵੀ ਦਰਕਾਰ ਹਨ। ਐਮਨੈਸਟੀ ਇੰਟਰਨੈਸ਼ਨਲ ਵਲੋਂ ਕਸ਼ਮੀਰ ਦੀ ਸਥਿਤੀ ਸਬੰਧੀ ਲਗਾਤਾਰ ਰਿਪੋਰਟਾਂ ਪ੍ਰਸਾਰਿਤ ਕੀਤੀ ਜਾਂਦੀਆਂ ਹਨ ਕਿ ਕਿਵੇਂ ਹਜ਼ਾਰਾਂ ਕਸ਼ਮੀਰੀਆਂ ਨੂੰ ਗ੍ਰਿਫਤਾਰ ਕਰਕੇ ਭਾਰਤ ਦੀਆਂ ਅੱਡ-ਅੱਡ ਜੇਲ੍ਹਾਂ ਵਿੱਚ ਰੱਖਿਆ ਗਿਆ ਹੈ। ਸਾਰੀ ਸਿਆਸੀ ਲੀਡਰਸ਼ਿਪ ਨਜ਼ਰਬੰਦ ਜਾਂ ਗ੍ਰਿਫਤਾਰ ਕੀਤੀ ਹੋਈ ਹੈ, ਜਿਨ੍ਹਾਂ ਵਿੱਚ ਜੰਮੂ-ਕਸ਼ਮੀਰ ਦੇ ਤਿੰਨ ਸਾਬਕਾ ਮੁੱਖ-ਮੰਤਰੀ ਵੀ ਸ਼ਾਮਲ ਹਨ।
ਮੋਦੀ ਸਰਕਾਰ ਨੇ ਹੁਣ ਐਮਨੈਸਟੀ ਨੂੰ ਵੀ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੀ. ਬੀ. ਆਈ. ਨੇ ਐਮਨੈਸਟੀ ਦੇ ਨਵੀਂ ਦਿੱਲੀ ਅਤੇ ਬੈਂਗਲਾਰੂ ਦਫਤਰਾਂ ਵਿੱਚ ਛਾਪੇਮਾਰੀ ਕੀਤੀ। ਸੀ. ਬੀ. ਆਈ. ਨੇ 'ਐਮਨੈਸਟੀ ਇੰਟਰਨੈਸ਼ਨਲ ਇੰਡੀਆ' ਦੇ ਖਿਲਾਫ 'ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ' ਦੇ ਤਹਿਤ ਕੇਸ ਦਰਜ ਕੀਤਾ ਹੈ। ਸੀ. ਬੀ. ਆਈ. ਦਾ ਕਹਿਣਾ ਹੈ ਕਿ ਐਮਨੈਸਟੀ ਨੂੰ ਬਾਹਰੋਂ 36 ਕਰੋੜ ਰੁਪਈਏ ਦੀ ਡੋਨੇਸ਼ਨ ਆਈ ਹੈ। ਸੀ. ਬੀ. ਆਈ. ਨੇ ਐਮਨੈਸਟੀ ਨਾਲ ਸਬੰਧਿਤ ਚਾਰ ਹੋਰ ਸੰਸਥਾਵਾਂ ਦੇ ਖਿਲਾਫ ਵੀ ਕੇਸ ਰਜਿਸਟਰ ਕੀਤੇ ਹਨ ਅਤੇ ਚਾਰ ਹੋਰ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ। ਐਮਨੈਸਟੀ ਦੇ ਬੁਲਾਰੇ ਦਾ ਕਹਿਣਾ ਹੈ ਕਿ 'ਪਿਛਲੇ ਇੱਕ ਸਾਲ ਤੋਂ ਸਾਡੀ ਹਰਾਸਮੈਂਟ ਦਾ ਇਹ ਸਿਲਸਿਲਾ ਜਾਰੀ ਹੈ ਕਿਉਂਕਿ ਅਸੀਂ ਭਾਰਤ ਵਿੱਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਰਿਪੋਰਟਾਂ ਜਾਰੀ ਕਰਦੇ ਹਾਂ। ਅਸੀਂ ਯੂ. ਐਨ. ਦੇ ਮਨੁੱਖੀ ਹੱਕਾਂ ਦੇ ਚਾਰਟਰ ਅਤੇ ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਹੱਕਾਂ ਦੇ ਦਾਇਰਾਕਾਰ ਵਿੱਚ ਰਹਿ ਕੇ ਕੰਮ ਕਰਦੇ ਹਾਂ। ਪਰ ਇਹ ਸਰਕਾਰ ਨੂੰ ਮਾਫਕ ਨਹੀਂ ਬੈਠਦਾ, ਇਸ ਲਈ ਸਾਨੂੰ ਵਾਰ-ਵਾਰ ਤੰਗ ਕੀਤਾ ਜਾ ਰਿਹਾ ਹੈ।' ਅਸੀਂ ਸਮਝਦੇ ਹਾਂ ਕਿ ਜੇ ਇੰਟਰਨੈਸ਼ਨਲ ਪੱਧਰ ਦੀ ਐਮਨੈਸਟੀ ਵਰਗੀ ਸੰਸਥਾ ਨੂੰ ਝੂਠੇ ਕੇਸਾਂ ਵਿੱਚ ਉਲਝਾਇਆ ਜਾ ਰਿਹਾ ਹੈ ਤਾਂ ਭਾਰਤੀ ਘੱਟਗਿਣਤੀਆਂ ਕਿਸ ਬਾਗ ਦੀ ਮੂਲੀ ਹਨ?
   ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਦੇ ਜਾਇੰਟ ਸੈਕ੍ਰੇਟਰੀ ਵਿਕਰਮ ਸਹਾਏ ਨੇ ਕੇਬਲ ਰਿਪੋਰਟਰਾਂ ਨੂੰ ਸੱਦ ਕੇ ਇਹ ਹਦਾਇਤ ਕੀਤੀ ਹੈ ਕਿ ਕਿਉਂਕਿ ਪਾਕਿਸਤਾਨ, ਮਲੇਸ਼ੀਆ, ਤੁਰਕੀ ਤੇ ਇਰਾਨ 'ਦੁਸ਼ਮਣ ਮੁਸਲਿਮ ਮੁਲਕ' ਹਨ, ਇÂ ਲਈ ਇਨ੍ਹਾਂ ਦੇ ਭਾਰਤ ਵਿੱਚ ਪ੍ਰਸਾਰਿਤ ਹੋਣ ਵਾਲੇ ਚੈਨਲਾਂ ਨੂੰ 'ਬਲੌਕ' (ਬੰਦ) ਕੀਤਾ ਜਾਵੇ। ਇਸ ਹੁਕਮ ਤਹਿਤ ਇਨ੍ਹਾਂ ਚਾਰ ਦੇਸ਼ਾਂ ਦੇ 34 ਚੈਨਲਾਂ ਦਾ ਪ੍ਰਸਾਰਣ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਜ਼ਾਹਰ ਹੈ ਕਿ ਇਹ ਕਸ਼ਮੀਰ ਸਬੰਧੀ ਪਾਬੰਦੀਆਂ ਦੀ ਐਕਸਟੈਂਸ਼ਨ ਹੀ ਹੈ। ਕੌਣ ਕਹਿੰਦਾ ਹੈ ਭਾਰਤ ਇੱਕ ਜਮਹੂਰੀ ਦੇਸ਼ ਹੈ?
   ਭਾਰਤ ਵਲੋਂ ਭਾਵੇਂ ਕਸ਼ਮੀਰ ਸਬੰਧੀ ਜ਼ੁਲਮਾਂ ਦੀਆਂ ਖਬਰਾਂ 'ਤੇ ਪੂਰਨ-ਪਾਬੰਦੀ ਹੈ ਪਰ ਭਾਰਤੀ ਸਿਸਟਮ ਦੀ ਬਰਾਬਰੀਅਤ ਦੀ ਕਹਾਣੀ ਵਾਸ਼ਿੰਗਟਨ (ਡੀ. ਸੀ.) ਸੱਤਾ ਦੇ ਗਲਿਆਰਿਆਂ ਵਿੱਚ ਵਾਰ-ਵਾਰ ਬਿਆਨੀ ਜਾ ਰਹੀ ਹੈ। 22 ਅਕਤੂਬਰ ਨੂੰ ਅਮਰੀਕਾ ਕਾਂਗਰਸ ਦੀ ਵਿਦੇਸ਼ੀ ਮਾਮਲਿਆਂ ਸਬੰਧੀ ਕਮੇਟੀ ਨੇ ਕਾਂਗਰਸਮੈਨ ਸ਼ੈਰਮੈਨ ਦੀ ਅਗਵਾਈ ਹੇਠ ਕਸ਼ਮੀਰ ਸਬੰਧੀ ਸੁਣਵਾਈ ਕੀਤੀ ਅਤੇ ਭਾਰਤ ਸਰਕਾਰ ਨੂੰ ਤਾੜਨਾ ਕੀਤੀ ਗਈ ਸੀ। ਹੁਣ ਅਮਰੀਕਨ ਕਾਂਗਰਸ ਵਿਚਲੇ ਬੜੇ ਸ਼ਕਤੀਸ਼ਾਲੀ ਮਨੁੱਖੀ ਹੱਕਾਂ ਦੇ ਕਮਿਸ਼ਨ - ਟਾਮ ਲੈਟੈਂਸ ਕਮਿਸ਼ਨ ਨੇ 15 ਨਵੰਬਰ ਨੂੰ ਕਸ਼ਮੀਰ ਸਬੰਧੀ ਸੁਣਵਾਈ ਕੀਤੀ। ਇਸ ਸੁਣਵਾਈ ਵਿੱਚ ਅਮਰੀਕਾ ਦੇ ਯੂ. ਐਸ. ਕਮਿਸ਼ਨ ਆਨ ਇੰਟਰਨੈਸ਼&OEligਨਲ ਰਿਲੀਜੀਅਸ ਫਰੀਡਮ ਦੀ ਨੁਮਾਇੰਦਾ, ਹਿਊਮਨ ਰਾਈਟਸ ਵਾਚ ਦੇ ਏਸ਼ੀਆ ਐਡਵੋਕੇਸੀ ਡਾਇਰੈਕਟਰ ਜਾਨ ਸਿਫਟਨ ਅਤੇ ਅਕਾਦਮਿਕ ਸਕਾਲਰਾਂ, ਜਿਨ੍ਹਾਂ ਵਿੱਚ ਪ੍ਰੋਫੈਸਰ ਹੈਲੀ, ਪ੍ਰੋਫੈਸਰ ਅਰਜਨ ਸਿੰਘ ਸੇਠੀ ਆਦਿ ਸ਼ਾਮਲ ਸਨ, ਨੇ ਭਾਰਤ ਸਰਕਾਰ ਦੇ ਜ਼ੁਲਮੀ ਚਿਹਰੇ ਨੂੰ ਨੰਗਾ ਕੀਤਾ। ਜਾਰਜਟਾਊਨ ਲਾਅ ਯੂਨੀਵਰਸਿਟੀ ਦੇ ਸਿੱਖ ਅਸਿਸਟੈਂਟ ਪ੍ਰੋਫੈਸਰ ਅਰਜਨ ਸਿੰਘ ਸੇਠੀ ਦੀ ਪੇਸ਼ਕਸ਼ ਅੱਖਾਂ ਖੋਲ੍ਹਣ ਵਾਲੀ ਸੀ। ਉਨ੍ਹਾਂ ਨੇ ਕਸ਼ਮੀਰੀਆਂ ਤੋਂ ਇਲਾਵਾ, ਭਾਰਤੀ ਸਿੱਖਾਂ ਅਤੇ ਭਾਰਤੀ ਮੁਸਲਮਾਨਾਂ ਦੀ ਗੱਲ ਵੀ ਵੇਰਵੇ ਨਾਲ ਕੀਤੀ। ਭਾਰਤੀ ਜ਼ੁਲਮ ਲਗਾਤਾਰ ਜਾਰੀ ਹਨ ਪਰ ਅਫਸੋਸ! ਇਨ੍ਹਾਂ ਸੁਣਵਾਈਆਂ ਦੇ ਬਾਵਜੂਦ ਅਖੀਰ 'ਡਾਲਰ' ਦਾ ਭਾਰ ਜ਼ਿਆਦਾ ਬਣ ਜਾਂਦਾ ਹੈ, ਜਿਸ ਨੂੰ ਭਾਰਤੀ ਹਾਕਮ ਚੰਗੀ ਤਰ੍ਹਾਂ ਸਮਝਦੇ ਹਨ।
   ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ 5 ਮਿਲੀਅਨ ਸਿੱਖਾਂ ਨੇ ਜਿੱਥੇ ਅੱਡ-ਅੱਡ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ, ਉੱਥੇ ਉਨ੍ਹਾਂ ਦਾ ਸਿਆਸੀ ਕੱਦ ਵੀ ਲੰਮੇ ਤੋਂ ਲੰਮਾ ਹੁੰਦਾ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ, ਜਿਵੇਂ ਦੁਨੀਆਂ ਭਰ ਵਿੱਚ ਜਗਤ ਗੁਰੂ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿੱਚ ਸਿੱਖ ਕੌਮ ਦੀ ਪਛਾਣ ਹੋਈ ਹੈ, ਇਸ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਕ੍ਰਿਸ਼ਮਾ ਹੀ ਹੈ। ਇਸੇ ਲੜੀ ਵਿੱਚ 20 ਨਵੰਬਰ ਨੂੰ ਅਮਰੀਕਾ ਦਾ ਮੈਸਾਚਿਊਸਟਸ ਸਟੇਟ ਦੀ ਰਾਜਧਾਨੀ ਬੌਸਟਨ ਦੀ ਸਟੇਟ ਅਸੰਬਲੀ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ 'ਸੰਸਾਰ ਬਰਾਬਰੀ ਦਿਵਸ' ਵਜੋਂ ਮਾਨਤਾ ਦੇਣ ਦਾ ਮਤਾ ਦੋ ਅਸੰਬਲੀਮੈਨਾਂ ਵਲੋਂ ਪੇਸ਼ ਕੀਤਾ ਗਿਆ। ਹਾਊਸ ਦੇ 160 ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਅਰਦਾਸ ਕੀਤੀ ਗਈ। ਹਾਊਸ ਨੂੰ ਡਾਕਟਰ ਅਮਰਜੀਤ ਸਿੰਘ ਅਤੇ ਬੱਚੀ ਹਰਮਨ ਕੌਰ ਵਲੋਂ ਸੰਬੋਧਨ ਕੀਤਾ ਗਿਆ। ਇਹ ਪਲ ਬੜੇ ਫਖ਼ਰ ਅਤੇ ਮਾਣ ਵਾਲੇ ਸਨ ਅਤੇ ਜ਼ੁਬਾਨ ਤੇ ਆਪ-ਮੁਹਾਰੇ ਇਹ ਸ਼ਬਦ ਆਏ -

'ਪ੍ਰਗਟ ਭਈ ਸਗਲੇ ਜੁਗ ਅੰਤਰ
ਗੁਰ ਨਾਨਕ ਕੀ ਵਡਿਆਈ '
ਗੁਰੂ ਨਾਨਕ ਪਾਤਸ਼ਾਹ ਆਪਣੀ ਕੌਮ 'ਤੇ ਸਦਾ ਮਿਹਰਾਂ ਭਰਿਆ ਹੱਥ ਰੱਖਣ -
'ਅਬਿਚਲ ਨੀਵ ਧਰੀ ਗੁਰ ਨਾਨਕ
ਨਿਤ ਨਿਤ ਚੜੇ ਸਵਾਈ '

ਰਿਪੋਰਟ: ਡਾਕਟਰ ਅਮਰਜੀਤ ਸਿੰਘ ਯੂ ਐਸ ਏ