image caption: ਰਜਿੰਦਰ ਸਿੰਘ ਪੁਰੇਵਾਲ

ਰੇਪਿਸਤਾਨ ਵਿਚ ਤਬਦੀਲ ਹੋ ਗਿਆ ਅੱਜ ਦਾ ਹਿੰਦੋਸਤਾਨ - ਹੁਣ ਪੁਲਿਸ ਹੀ ਕਰੇਗੀ ਨਿਆਂ

ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ ਹੈਂ, ਜ਼ਿਹਨੋਂ ਮੇਂ ਅੰਧੇਰੇ ਹੈਂ ਸੜਕੋਂ ਪੇ ਉਜਾਲੇ ਹੈ

   ਭਾਰਤ ਵਿਚ ਜਬਰਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਭਾਜਪਾ ਦੇ ਕਾਨੂੰਨ ਅਤੇ ਨਿਆਂ ਪ੍ਰਬੰਧ ਖਿਲਾਫ ਦੇਸ਼ ਵਿਆਪੀ ਰੋਹ ਉੱਠਣ ਦੇ ਆਸਾਰ ਬਣ ਗਏ ਹਨ। ਰਾਜ ਸਭਾ ਦੀ ਮੈਂਬਰ ਜਯਾ ਬਚਨ ਵਲੋਂ ਰਾਜ ਸਭਾ ਵਿਚ ਇਹ ਬਿਆਨ ਦਿੱਤੇ ਗਏ ਸਨ ਕਿ ਜਬਰਜਨਾਹ ਦੇ ਦੋਸ਼ੀਆਂ ਖਿਲਾਫ &lsquoਲਿਚਿੰਗ&rsquo ਹੋਣੀ ਚਾਹੀਦੀ ਹੈ ਭਾਵ ਕਿ ਉਹਨਾ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਪੱਥਰ ਮਾਰ ਮਾਰ ਕੇ ਦੋਸ਼ੀਆਂ ਨੂੰ ਮਾਰ ਦੇਣਅਨੇਕਾਂ ਜ਼ਿੰਮੇਵਾਰ ਵਿਅਤਕੀਆਂ ਨੇ ਪੁਲਸੀਆਂ ਵਲੋਂ ਪੁਲਸ ਹਿਰਾਸਤ ਵਿਚ ਚਾਰ ਦੋਸ਼ੀਆਂ ਦੇ ਬਣਾਏ ਗਏ ਝੂਠੈ ਪੁਲਿਸ ਮੁਕਾਬਲੇ ਨੂੰ ਜਾਇਜ਼ ਕਰਾਰ ਦਿੱਤਾ ਕਿ ਹੁਣ ਪੁਲਿਸ ਹੀ ਅਦਾਲਤ ਦੇ ਫੈਸਲੇ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਆ ਕਰੇ ਕਿਓਂਕਿ ਨਿਆਂ ਪਾਲਕਾ ਬੜੀ ਸੁਸਤ ਹੈ ਅਤੇ ਅਕਸਰ ਦੋਸ਼ੀ ਬਚ ਨਿਕਲਦੇ ਹਨ।

   ਜਬਰਜਨਾਹ ਦੀਆਂ ਅਨੇਕਾਂ ਘਟਨਾਵਾਂ ਵਿਚੋ ਪ੍ਰਮੁਖ ਘਟਨਾ ਹੈਦਰਾਬਾਦ ਵਿਚ ਇੱਕ ਪਟਰੋਲ ਸਟੇਸ਼ਨ ਤੇ ਇੱਕ ਵੈਟਰਨਰੀ ਔਰਤ ਡਾਕਟਰ ਨੂੰ ੪ ਬੱਸ ਡਰਾਈਵਰਾਂ ਨੇ ਬਲਾਤਕਾਰ ਕਰਕੇ ਸਾੜ ਦੇਣ ਦੀ ਹੈ। ਇਹ ਦੋਸ਼ੀ ਪੁਲਿਸ ਦੇ ਹਵਾਲੇ ਸਨ ਜਿਹਨਾ ਨੂੰ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਲਿਜਾ ਕੇ ਮੁਕਾਬਲਾ ਬਣਾਇਆ ਅਤੇ ਦੋਸ਼ੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾਪੁਲਿਸ ਨੇ ਆਪਣੀ ਸਫਾਈ ਵਿਚ ਕਿਹਾ ਹੈ ਕਿ ਦੋਸ਼ੀ ਇੱਕ ਪੁਲਸੀਏ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਵਿਚ ਸੀ ਕਿ ਇਹ ਮੁਕਾਬਲਾ ਹੋ ਗਿਆ ਅਤੇ ਦੋਸ਼ੀ ਮਾਰੇ ਗਏ। ਪੁਲਿਸ ਦੀ ਇਸ &lsquoਬਹਾਦਰੀ&rsquo &lsquoਤੇ ਜਨਤਾ ਨੇ ਪੁਲਸੀਆਂ &lsquoਤੇ ਫੁੱਲ ਬਿਖੇਰ ਕੇ ਉਹਨਾ ਨੂੰ ਸਰਾਹਿਆ ਹੈ। ਇਸ ਪ੍ਰਤੀ ਸਮਝਦਾਰ ਲੋਕਾਂ ਦੇ ਬਿਆਨ ਤਾਂ ਇਹੀ ਹਨ ਕਿ ਜੇਕਰ ਇਸ ਤਰਾਂ ਪੁਲਿਸ ਹੀ ਅਦਾਲਤੀ ਫੈਸਲੇ ਕਰਨ ਲੱਗੀ ਤਾਂ ਦੇਸ਼ ਵਿਚ ਇਨਸਾਫ ਨਾਮ ਦੀ ਕੋਈ ਚੀਜ਼ ਨਹੀਂ ਰਹੇਗੀ। ਪਰ ਹੁਗਲੀ ਤੋਂ ਭਾਜਪਾ ਦੀ ਸਾਂਸਦ ਮੈਂਬਰ ਲਾਕੇਟ ਚੈਟਰਜੀ ਨੇ ਕਿਹਾ ਹੈ ਕਿ ਅਜੇਹੇ ਐਨਕਾਊਂਟਰ ਨੂੰ ਕਾਨੂੰਨੀ ਬਣਾਇਆ ਜਾਣਾ ਚਾਹੀਦਾ ਹੈ ਜਿਸ ਦਾ ਮਤਲਬ ਹੈ ਕਿ ਪੰਜਾਬ ਅਤੇ ਕਸ਼ਮੀਰ ਵਰਗੇ ਰਾਜਾਂ ਵਿਚ ਹੁਣ ਪੁਲਿਸ ਨੂੰ ਹੋਰ ਵੀ ਖੁਲ੍ਹੀ ਛੁੱਟੀ ਮਿਲ ਜਾਵੇਗੀ ਕਿ ਉਹ ਭਾਜਪਾ ਵਿਰੋਧੀਆਂ ਨੂੰ ਵੀ ਗੋਲੀਆਂ ਨਾਲ ਭੁੰਨਣ ਲੱਗ ਪਵੇ ਜਦ ਕਿ ਪਹਿਲਾਂ ਹੀ ਹਜ਼ਾਰਾਂ ਲੋਕ ਇਹਨਾ ਰਾਜਾਂ ਵਿਚ ਪੁਲਿਸ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸੇ ਤਰਾਂ ਹੀ ਭਾਜਪਾ ਦੀ ਸਾਂਸਦ ਮੈਂਬਰ ਓਮਾ ਭਾਰਤੀ ਨੇ ਵੀ ਪੁਲਿਸ ਦੇ ਪੈਂਤੜੇ ਨੂੰ ਸਹੀ ਕਰਾਰ ਦਿੱਤਾ ਹੈ ਜਦ ਕਿ ਮੇਨਕਾ ਗਾਂਧੀ ਅਤੇ ਔਰਤ ਅਧਿਕਾਰ ਸੰਸਥਾਵਾਂ ਨੇ ਪੁਲਿਸ ਨੂੰ ਇਸ ਤਰਾਂ ਦੇ ਹੱਕ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਇਹ ਗੱਲ ਖਿਆਲ ਕਰਨ ਵਾਲੀ ਹੈ ਕਿ ਇਹਨੀ ਦਿਨੀ ਇੱਕ ਸਿਆਸੀ ਲੀਡਰ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਇਹ ਲੀਡਰ ਇੱਕ ਮੀਡੀਆ ਕਰਮੀ ਨੂੰ ਤਾੜਨਾ ਕਰ ਰਿਹਾ ਹੈ ਕਿ ਕਿਸੇ ਵੀ ਪੱਤਰਕਾਰ ਨੂੰ ਭਾਜਪਾ ਦੀ ਕਾਰਗੁਜ਼ਾਰੀ ਦੇ ਖਿਲਾਫ ਸਵਾਲ ਕਰਨ ਦਾ ਅਧਿਕਾਰ ਨਹੀਂ ਹੈ ਕਿਓਂਕਿ ਐਸਾ ਕਰਨ ਵਾਲੇ ਪੱਤਰਕਾਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਹੁਣ ਤੱਕ ਚਾਰ ਪੱਤਰਕਾਰਾਂ ਨੂੰ ਮਾਰ ਵੀ ਦਿੱਤਾ ਗਿਆ ਹੈ। ਸੋ ਮਸਲਾ ਸਿਰਫ ਬਲਾਤਕਾਰੀਆਂ ਨੂੰ ਸਜ਼ਾ ਦੇਣ ਦਾ ਹੀ ਨਹੀਂ ਪਰ ਇਸ ਤੋਂ ਕਿਤੇ ਭਿਆਨਕ ਹੋਵੇਗਾ ਪੁਲਿਸ ਨੂੰ ਗੋਲੀਆਂ ਮਾਰਨ ਦੀਆਂ ਖੁਲ੍ਹੀਆਂ ਛੁੱਟੀਆਂ ਦੇ ਦੇਣੀਆਂ।

ਜਬਰਜਨਾਹ ਦੀਆਂ ਵਧ ਰਹੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਦੇਸ਼ ਵਿਚ ਨਿਆਂ ਦੇ ਸਾਰੇ ਦੇ ਸਾਰੇ ਅਧਿਕਾਰ ਪੁਲਿਸ ਨੂੰ ਦੇ ਦਿੱਤੇ ਜਾਣ। ਭਾਰਤੀ ਪੁਲਿਸ ਤਾਂ ਵੈਸੇ ਵੀ ਆਪਣੇ ਦਾਨਵੀ ਕਿਰਦਾਰ ਕਰਕੇ ਦੁਨੀਆਂ ਵਿਚ ਬਦਨਾਮ ਹੈ ਇਹ ਉਹ ਹੀ ਪੁਲਿਸ ਹੈ ਜਿਸ ਨੇ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਨੂੰ ਜਿਊਂਦੇ ਸਾੜਨ ਲਈ ਦੋਸ਼ੀਆਂ ਦੀ ਸ਼ਰੇਆਮ ਮੱਦਤ ਕੀਤੀ ਸੀ। ਭਾਰਤੀ ਨਿਆਂ ਪ੍ਰਣਾਲੀ ਨੇ ਇਹਨਾ ਪੁਲਸੀਆਂ ਅਤੇ ਕਾਂਗਰਸੀ ਸਿਆਸਤਦਾਨਾਂ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਅਤੇ ਇਹਨਾ ਮੁਕੱਦਿਮਿਆਂ ਨੂੰ ਤਿੰਨ ਚਾਰ ਦਹਾਕਿਆਂ ਤਕ ਲਟਕਾ ਦਿੱਤਾ ਤਾਂ ਕਿ ਗਵਾਹਾਂ ਅਤੇ ਹੋਰ ਲੁੜੀਂਦੇ ਸਬੂਤਾਂ ਨੂੰ ਖਤਮ ਕੀਤਾ ਜਾਵੇ। ਭਾਰਤੀ ਅਮਨ ਕਾਨੂੰਨ ਸਬੰਧੀ ਮਾਮਲਾ ਸਿਰਫ ਰੋਸ਼ਵਤਖੋਰ, ਸਿਫਾਰਸ਼ੀ ਅਤੇ ਰਾਜ ਦਰਬਾਰ ਦੇ ਤਲੇ ਚੱਟਣ ਵਾਲੀ ਪੁਲਿਸ ਦਾ ਹੀ ਨਹੀਂ ਸਗੋਂ ਇਸ ਤੋਂ ਵੀ ਗੰਭੀਰ ਮਸਲਾ ਸੁਸਤ ਨਿਆਂ ਪ੍ਰਣਾਲੀ ਦਾ ਹੈ। ਭਾਰਤ ਵਿਚ ਅੱਜ ਤੋਂ ਸੱਤ ਸਾਲ ਪਹਿਲਾਂ ਜਬਰਜਨਾਹ ਦੇ ਮਸ਼ਹੂਰ ਨਿਰਭਇਆ ਕਾਂਡ ਦਾ ਨਿਆਂ ਅੱਜ ਤਕ ਲਟਕਦਾ ਹੀ ਚਲਿਆ ਜਾ ਰਿਹਾ ਹੈ। ਪਰ ਜੇਕਰ ਪੁਲਿਸ ਨੂੰ ਨਿਆਂ ਕਰਨ ਦੇ ਹੱਕ ਦੇ ਦਿੱਤੇ ਗਏ ਤਾਂ ਰਿਸ਼ਵਤਖੋਰ ਅਤੇ ਰਾਜ ਦਰਬਾਰ ਦੇ ਤਲੇ ਚੱਟਣ ਵਾਲੀ ਪੁਲਿਸ ਕਿਸੇ ਵੀ ਮਾਸੂਮ ਨੂੰ ਗੋਲੀਆਂ ਦਾ ਨਿਸ਼ਾਨਾ ਬਨਾਉਣ ਲੱਗ ਪਏਗੀ ਅਤੇ ਜਿਹਨੂੰ ਮਰਜ਼ੀ ਹੈ ਬਰੀ ਵੀ ਕਰ ਦੇਵੇਗੀ। ਖਾਸ ਕਰਕੇ ਉਹਨਾ ਕੇਸਾਂ ਵਿਚ ਜਿਥੇ ਦੋਸ਼ੀ ਜਾਂ ਦੋਸ਼ੀਆਂ ਦੇ ਸੰਪਰਕ ਰਾਜ ਭਾਗ ਨਾਲ ਜੁੜੇ ਹੋਏ ਹੋਣ ਅਤੇ ਪੀੜਤ ਘੱਟਗਿਚਣਤੀ ਨਾਲ ਜਾਂ ਦਲਿਤ ਸਮਾਜ ਨਾਲ ਸਬੰਧਤ ਹੋਣ।

ਕੇਸ ਭੁਗਤਣ ਜਾ ਰਹੀ ਜਬਰਜਨਾਹ ਪੀੜਤਾ ਨੂੰ ਦੋਸ਼ੀਆਂ ਨੇ ਜਿੰਦਾ ਸਾੜ ਦਿੱਤਾ

ਇਹ ਕੇਸ ਯੂ ਪੀ ਦਾ ਹੈ ਜਿਸ ਦਾ ਮੁੱਖ ਮੰਤਰੀ ਅਦਿੱਤਿਆ ਨਾਥ ਹੈ ਜੋ ਕਿ ਭਾਜਪਾ ਦਾ ਇੱਕ ਹੋਰ &lsquoਧਰਮੀ ਮਹਾਂਪੁਰਖ&rsquo ਹੈ। ਉਨਾਓ ਤੋਂ ਪੀੜਤਾ ਆਪਣੇ ਮੁਕੱਦਮੇ ਦੀ ਤਾਰੀਖ &lsquoਤੇ ਜਾ ਰਹੀ ਸੀ ਕਿ ਚਾਰ ਵਿਅਕਤੀ ਉਸ ਨੂੰ ਘਸੀਟ ਕੇ ਉਜਾੜ ਵਿਚ ਲੈ ਗਏ ਅਤੇ ਫਿਰ ਰਾਡਾਂ ਨਾਲ ਕੁੱਟ ਮਾਰ ਕਰਕੇ ਨੇ ਉਸ ਨੂੰ ਅੱਗ ਲਾ ਕੇ ਜਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਇਹ ਅੋਰਤ ਡਿੱਗਦੀ ਢਹਿੰਦੀ ਪੁਲਿਸ ਤਕ ਖੁਦ ਹੀ ਪਹੁੰਚੀ। ਦੋਸ਼ੀਆਂ ਵਿਚ ਦੋ ਵਿਅਕਤੀ ਇਸ ਲੜਕੀ ਦੇ ਜਬਰਜਨਾਹ ਨਾਲ ਸਬੰਧਤ ਹਨ ਜਿਹਨਾ ਨੂੰ ਜ਼ਮਾਨਤ &lsquoਤੇ ਰਿਹਾ ਕੀਤਾ ਹੋਇਆ ਸੀ। ਇਸ ਔਰਤ ਦਾ ਸ਼ਰੀਰ ੯੦% ਸੜ ਚੁੱਕਾ ਸੀ ਜੋ ਕਿ ਹਸਪਤਾਲ ਵਿਚ ਕੁਝ ਦਿਨਾ ਬਾਅਦ ਦਮ ਤੋੜ ਗਈ।

ਬੰਗਲੁਰੂ ਵਿਚ ੯ ਸਾਲਾ ਬੱਚੀ ਦੀ ਜਬਰਜਨਾਹ ਮਗਰੋਂ ਹੱਤਿਆ

ਇਹ ਘਟਨਾ ਕਲਬੁਰਗੀ ਦੇ ਸੁਲੇਪਥ ਥਾਣੇ ਦੀ ਹੈ ਜਿਥੇ ਕਿ ਦਾਨਵ ਬਿਰਤੀ ਦੇ ਵਿਅਕਤੀ ਨੇ ਇੱਕ ਨੌਂ ਵਰ੍ਹੇ ਦੀ ਬੱਚੀ ਨਾਲ ਜਬਰਜਨਾਹ ਕਰਕੇ ਉਸ ਦੀ ਹੱਤਿਆ ਕਰ ਦਿੱਤੀ । ਇਹ ਭਾਰਤ ਦੇਸ਼ ਹੈ ਜਿਥੇ ਦੁੱਧ ਚੁੰਘਦੀਆਂ ਬੱਚੀਆਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਇਸ ਤਰਾਂ ਦੀਆਂ ਘਟਨਾਵਾਂ ਆਮ ਹਨ ਪਰ ਅਮਨ ਕਾਨੂੰਨ ਦੇ ਰਾਖੇ ਸਿਆਸਤਦਾਨਾਂ ਦੇ ਸਿਰਾਂ ਤੇ ਜੂੰਅ ਨਹੀਂ ਸਰਕਦੀ ਕਿਓਂਕਿ ਅਗਰ ਅਮਨ ਕਾਨੂੰਨ ਵਿਚ ਸੁਧਾਰ ਹੁੰਦਾ ਹੈ ਤਾਂ ਇਹ ਗੱਲ ਉਸ ਬਹੁ ਗਿਣਤੀ ਦੇ ਵਿਰੁਧ ਜਾਂਦੀ ਹੈ ਜਿਹਨਾ ਨੇ ਕਿਸੇ ਨਾ ਕਿਸੇ ਬਹਾਨੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਨਾਉਣਾ ਹੁੰਦਾ ਹੈ। ਸਾਡੇ ਪਾਠਕਾਂ ਨੂੰ ਕਸ਼ਮੀਰ ਵਿਚ ਕਠੂਆ ਇਲਾਕੇ ਦੀ ਇੱਕ ੭ ਸਾਲਾ ਬੱਚੀ ਦੇ ਬਲਾਤਕਾਰ ਦੀ ਘਟਨਾ ਯਾਦ ਹੋਵੇਗੀ ਜਿਸ ਦਾ ਸਮੂਹਕ ਬਲਾਤਕਾਰ ਇੱਕ ਮੰਦਰ ਵਿਚ ਹੋਇਆ ਸੀ ਅਤੇ ਰਾਜਨੀਤਕ ਪਾਰਟੀ ਨਾਲ ਸਬੰਧਤ ਵਿਅਕਤੀ ਇਸ ਕੁਕਰਮ ਵਿਚ ਸ਼ਾਮਲ ਸਨ। ਭਾਰਤ ਦੀਆਂ ਫਾਸਟ ਟਰੈਕ ਅਦਾਲਤਾਂ ਨੇ ਅਜੇ ਤਕ ਇਸ ਬੱਚੀ ਦੇ ਬਲਾਕਾਰਾਂ ਨੂੰ ਸਜ਼ਾ ਨਹੀਂ ਦਿੱਤੀ। ਇਥੇ ਇਹ ਗੱਲ ਵੀ ਜ਼ਿਕਰ ਯੋਗ ਹਨ ਕਿ ਜਦੋਂ ਕਸ਼ਮੀਰ ਵਿਚ ਧਾਰਾ ੩੭੦ ਖਤਮ ਕੀਤੀ ਗਈ ਤਾਂ ਹਰਿਆਣਾ ਦੇ ਮੁਖ ਮੰਤਰੀ ਓਮ ਪ੍ਰਕਾਸ਼ ਦਾ ਇਹ ਕਹਿਣਾ ਕਿ ਹੁਣ ਕਸ਼ਮੀਰ ਤੋਂ ਦੁਲਹਨਾ ਦੀ ਮੌਜ ਹੋ ਜਾਵੇਗੀ ਵੀ ਮਨੁੱਖ ਦੇ ਦਾਨਵੀ ਕਿਰਦਾਰ ਨੂੰ ਹਵਾ ਦੇਣ ਦਾ ਹੀ ਸੀ। ਜਨੂੰਨੀ ਲੋਕ ਹਮੇਸ਼ਾਂ ਹੀ ਅਬਲਾਵਾਂ &lsquoਤੇ ਹਮਲਾਵਰ ਹੁੰਦੇ ਹਨ ਅਤੇ ਅੱਜ ਦੇ ਭਾਰਤ ਵਿਚ ਇਹ ਕੁਕਰਮ ਆਮ ਹੁੰਦੇ ਜਾ ਰਹੇ ਹਨ।

  ਇਸੇ ਤਰਾਂ ਦਾ ਸਮੂਹਕ ਬਲਾਤਕਾਰ ਕਠੂਆ ਦੀ ਇੱਕ ਅੱਠ ਸਾਲ ਦੀ ਬੱਚੀ ਨਾਲ ਵੀ ਪਿਛਲੇ ਸਾਲ ਹੋਇਆ ਸੀ ਅਤੇ ਹੁਣ ਉਸ ਬੱਚੀ ਦੇ ਮਾਪਿਆਂ ਨੇ ਹੈਦਰਾਬਾਦ ਵਿਚ ਮਾਰੇ ਗਏ ਅਪ੍ਰਾਧੀਆਂ &lsquoਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਅਸਲ ਵਿਚ ਜਦੋਂ ਕਿਸੇ ਬੱਚੀ ਜਾਂ ਔਰਤ ਦਾ ਬਲਾਤਕਾਰ ਹੁੰਦਾ ਹੈ ਤਾਂ ਉਸ ਦੇ ਵਾਰਸਾਂ ਨੂੰ ਦੋਹਰੀ ਪੀੜਾ ਵਿਚੀਂ ਲੰਘਣਾਂ ਪੈਂਦਾ ਹੈ। ਇੱਕ ਤਾਂ ਜੋ ਕੁਝ ਪੀੜਤਾ ਨਾਲ ਹੁੰਦਾ ਹੈ ਉਸ ਦਾ ਦੁੱਖ ਅਤੇ ਦੂਜਾ ਭਾਰਤੀ ਨਿਆਂ ਪ੍ਰਣਾਲੀ ਦੀ ਸੁਸਤ ਚਾਲ ਦਾ ਦੁੱਖ ਜੋ ਕਿ ਵਰ੍ਹਿਆ ਬੱਧੀ ਵੀ ਕਈ ਵੇਰਾਂ ਕਿਸੇ ਫੈਸਲੇ ਤੇ ਨਹੀਂ ਪਹੁੰਚਦਾ ਜਿਵੇਂ ਕਿ ਨਿਰਭਿਆ ਕੇਸ ਦੇ ਅਪ੍ਰਾਧੀ ਦੀ ਅਪੀਲ ਹੁਣ ਰਾਸ਼ਟਰਪਤੀ ਕੋਲ ਪਹੁੰਚ ਗਈ ਹੈ ਜਦ ਕਿ ਇਸ ਤਰਾਂ ਦੇ ਅਪ੍ਰਾਧੀਆਂ ਨੂੰ ਤਤਕਾਲ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਪੀੜਤਾ ਅਤੇ ਉਸ ਦੇ ਮਾਪਿਆਂ ਨੂੰ ਅਮਨ ਚੈਨ ਮਿਲ ਸਕੇ। ਜਬਰਜਨਾਹ ਪੀੜਤਾ ਦੇ ਮਾਪਿਆਂ ਨੂੰ ਅਕਸਰ ਹੀ ਪੁਲਿਸ ਵੀ ਤੰਗ ਕਰਨ ਲੱਗ ਪੈਂਦੀ ਹੈ ਕਿ ਉਹ ਆਪਣਾ ਕੇਸ ਵਾਪਸ ਲੈ ਲੈਣ ਕਿਓਂਕਿ ਪੁਲਸ ਨੇ ਜਾਂ ਤਾਂ ਦੋਸ਼ੀ ਧਿਰ ਤੋਂ ਰਿਸ਼ਵਤ ਖਾ ਲਈ ਹੁੰਦੀ ਹੈ ਜਾਂ ਕਈ ਵੇਰ ਦੋਸ਼ੀਆਂ ਦੀ ਪਹੁੰਚ ਰਾਜ ਦਰਬਾਰ ਤਕ ਹੁੰਦੀ ਹੈ ਜੋ ਕਿ ਦੋਸ਼ੀਆਂ ਦੇ ਡੰਡਾ ਚ੍ਹਾੜਦੇ ਹਨ।

ਸ਼ੈਤਾਨ ਦੀ ਆਂਤ ਵਾਂਗ ਵਧ ਰਹੇ ਮਰਦਾਨਾ ਬਲਾਤਕਾਰ

ਭਾਰਤ ਇੱਕ ਮਰਦ ਪ੍ਰਧਾਨ ਸਮਾਜ ਹੈ ਜਿਸ ਵਿਚ ਅਣਗਿਣਤ ਔਰਤਾਂ ਘਰੇਲੂ ਹਿੰਸਾ ਅਤੇ ਪੱਖਪਾਤ ਤੋਂ ਪੀੜਤ ਹਨ। ਭਾਰਤ ਵਿਚ ਸਾਲ ੨੦੧੯ ਵਿਚ ਕਰੀਬ ੩੫,੦੦੦ ਬਲਾਤਕਾਰ ਦੇ ਕੇਸ ਪੁਲਿਸ ਦੇ ਰਿਕਾਰਡ ਵਿਚ ਆਏ ਦੱਸੇ ਜਾਂਦੇ ਹਨ ਜਿਹਨਾ ਵਿਚ ਤੀਜਾ ਹਿੱਸਾ ਨਬਾਲਗ ਲੜਕੀਆਂ ਦੇ ਕੇਸ ਹਨ। ਪਿਛਲੇ ਸਾਲ ਨਾਲੋਂ ਇਹਨਾ ਕੇਸਾਂ ਵਿਚ ੧੦% ਦਾ ਵਾਧਾ ਹੋਇਆ ਦੱਸਿਆ ਜਾਂਦਾ ਹੈ। ਇਹਨਾ ਵਿਚ ਉਹਨਾ ਕੇਸਾਂ ਦੀ ਗਿਣਤੀ ਸ਼ੁਮਾਰ ਨਹੀਂ ਹੈ ਜੋ ਪੁਲਿਸ ਤਕ ਨਹੀਂ ਪਹੁੰਚੇ ਕਿਓਂਕਿ ਭਾਰਤੀ ਸਮਾਜ ਵਿਚ ਖਾਨਦਾਨੀ ਮਾਣ ਮਰਿਯਾਦਾ ਲਈ ਬਹੁਤ ਕੁੱਝ ਅੰਦਰ ਹੀ ਅੰਦਰ ਦੱਬ ਦਿਤਾ ਜਾਂਦਾ ਹੈ। ਮਨੁੱਖੀ ਸੁਭਾਅ ਵਿਚ ਜਾਂਗਲੀ ਪ੍ਰਵਿਰਤੀਆਂ ਦੇ ਵਾਧੇ ਦੇ ਕਾਰਨ ਬਹੁ ਪੱਖੀ ਹਨ। ਅਜੋਕਾ ਸੋਸ਼ਲ ਮੀਡੀਆ, ਗੀਤ ਸੰਗੀਤ ਅਤੇ ਫਿਲਮੀ ਦੁਨੀਆਂ ਵੀ ਔਰਤ ਦੇ ਸ਼ਰੀਰ &lsquoਤੇ ਬੁਰੀ ਤਰਾਂ ਹਮਲਾਵਰ ਹਨ ਅਤੇ ਉਹ ਅਸ਼ਲੀਲਤਾ ਦੀ ਮੰਡੀ ਨੂੰ ਖੁਲ੍ਹਮ ਖੁਲ੍ਹੀ ਹਵਾ ਦੇ ਰਹੇ ਹਨ।

ਅੱਜ ਸਿੱਖ ਪੰਥ ਵਲੋਂ ਗੁਰੂ ਨਾਨਕ ਸਾਹਬ ਪਾਤਸ਼ਾਹ ਦਾ ੫੫੦ਵਾਂ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਪਰ ਸ਼ਾਇਦ ਹੀ ਕਿਸੇ ਪ੍ਰਚਾਰਕ ਨੇ ਗੁਰੂ ਸਾਹਿਬ ਜੀ ਦੀ ਸਿੱਖਿਆ ਦਾ ਉਹ ਮਨੋਵਿਗਿਨਕ ਪੱਖ ਏਨੀ ਗੰਭੀਰਤਾ ਨਾਲ ਘੋਖਿਆ ਪ੍ਰਚਾਰਿਆ ਹੋਵੇ ਜਿੰਨੀ ਕਿ ਇਸ ਦੀ ਲੋੜ ਹੈ। ਗੁਰੂ ਸਾਹਿਬ ਨੇ ਮਨੁੱਖੀ ਮਨ ਦੀਆਂ ਇਹਨਾ ਉਲਾਰ ਪ੍ਰਵਿਰਤੀਆਂ ਦਾ ਜੋ ਮਨੁੱਖੀ ਕਾਇਆ &lsquoਤੇ ਅਸਰ ਹੈ ਉਸ ਪ੍ਰਤੀ ਮਨੁੱਖ ਨੂੰ ਖਬਰਦਾਰ ਕਰਦਿਆਂ ਕਿਹਾ ਹੈ

ਕਾਮੁ ਕ੍ਰੋਧੁ ਕਾਇਆ ਕਉ ਗਾਲੈ  ਜਿਉ ਕੰਚਨ ਸੋਹਾਗਾ ਢਾਲੈ 

ਸੁੱਚ ਜੂਠ ਦੇ ਚੱਕਰ ਵਿਚ ਪਏ ਹੋਈ ਭਾਰਤੀ ਜਨਤਾ ਨੂੰ ਮਨ ਦੀ ਜੂਠ ਬਾਰੇ ਸਾਵਧਾਨ ਕਰਦੇ ਹੋਏ ਗੁਰੂ ਸਾਹਿਬ ਜੀ ਕਹਿੰਦੇ ਹਨ-

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ  ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ 

ਆਪਣੀ ਕਾਮ ਚੇਸ਼ਟਾ ਨੂੰ ਮੋਹ ਪ੍ਰੇਮ ਕਰਕੇ ਜਾਨਣ ਵਾਲੀ ਚਿੱਤ ਬਿਰਤੀ ਪ੍ਰਤੀ ਗੁਰੂ ਸਾਹਿਬ ਖਬਰਦਾਰ ਕਰਦੇ ਹਨ-

ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ  ਭੂਲੁ 

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ੧॥

ਪ੍ਰੇਮ ਅਤੇ ਕਾਮ ਦੇ ਅੰਤਰ ਦੀ ਗੱਲ ਕਰਦਿਆਂ ਓਸ਼ੋ ਰਜਨੀਸ਼ ਨੇ ਇੱਕ ਥਾਂ ਲਿਖਿਆ ਹੈ ਕਿ -&ldquoIn love the other is important in lust you are important&rdquo ਭਾਵ ਕਿ ਪ੍ਰੇਮ ਵਿਚ ਦੂਸਰੇ ਦਾ ਹਿੱਤ ਪਹਿਲਾਂ ਹੁੰਦਾ ਹੈ ਜਦ ਕਿ ਕਾਮ ਚੇਸ਼ਟਾ ਵਿਚ ਆਪਣਾ ਹਿੱਤ ਪਹਿਲਾਂ ਹੁੰਦਾ ਹੈ। ਇਸੇ ਤਰਾਂ ਇੱਕ ਹੋਰ ਚਿੰਤਕ ਦੇ ਵਿਚਾਰ ਹਨ-&ldquoIf we don&rsquot practice mindfulness, our cravings and sensual desires will overwhelm us.&rdquo ਭਾਵ ਕਿ ਅਸੀਂ ਆਪਣੇ ਗਿਆਨ ਇੰਦ੍ਰਿਆਂ ਦੀ ਬੇਹੋਸ਼ੀ ਕਰਕੇ ਭੋਗੀ ਅਤੇ ਰੋਗੀ ਹੁੰਦੇ ਜਾ ਰਹੇ ਹਾਂ। ਜੇਕਰ ਗੱਲ ਵਿਸ਼ਵ ਵਿਆਪੀ ਕਰਨੀ ਹੋਵੇ ਤਾਂ ਅਜੋਕੇ ਮਨੁੱਖ ਦੀ ਇਹ ਬੜੀ ਵੱਡੀ ਪੀੜਾ ਹੈ ਕਿ ਬਿਖੇ ਰਸਾਂ ਨੇ ਉਸ ਦਾ ਜੀਵਨ ਜਿਊਣ ਜੋਗਾ ਨਹੀਂ ਰਹਿਣ ਦਿੱਤਾ ਪਰ ਤਾਂ ਵੀ ਮਨੁੱਖ ਉਸ ਪਾਸੇ ਵਲ ਮੁੜਨ ਲਈ ਤਿਆਰ ਨਹੀਂ ਜਿਥੋਂ ਕਿ ਉਸ ਦੀ ਮਾਨਸਿਕਤਾ ਨੂੰ ਪਾਵਨ, ਪਵਿੱਤਰ ਅਤੇ ਰੱਬੀ ਅਰਥ ਮਿਲਣੇ ਹਨ। ਭਾਰਤ ਵਰਗੇ ਦੇਸ਼ ਦਾ ਇੱਕ ਇਹ ਵੀ ਗੰਭੀਰ ਸੰਕਟ ਹੈ ਕਿ ਧਰਮ ਕਰਮ ਦੇ ਨਾਮ &lsquoਤੇ ਚਲਦੇ ਡੇਰਿਆਂ ਵਿਚ ਜਬਰਜਾਹ ਵਰਗੇ ਅਪ੍ਰਾਧ ਹੋ ਰਹੇ ਹਨ। ਆਸਾ ਰਾਮ ਅਤੇ ਗੁਰਮੀਤ ਰਾਮ ਰਹੀਮ ਵਰਗੇ ਪ੍ਰਮੁਖ ਸਾਧ ਅੱਜ ਇਸੇ ਦੋਸ਼ ਵਿਚ ਸਲਾਖਾਂ ਪਿੱਛੇ ਹਨ ਪਰ ਕਿੰਨੇ ਕੁ ਹੋਰ ਡੇਰਿਆਂ ਵਿਚ ਢਕੀ ਰਿੱਝ ਰਹੀ ਹੈ ਕੁਝ ਪਤਾ ਨਹੀਂ। ਮੁਸ਼ਕਲ ਹੈ ਕਿ ਅਪ੍ਰਾਧ ਦੀ ਇਸ ਦੁਨੀਆਂ ਵਿਚ ਪੁਲਿਸ ਅਤੇ ਰਾਜਨੀਤੀ ਦੀ ਵੀ ਮਿਲੀ ਭੁਗਤ ਹੁੰਦੀ ਹੈ। ਜੇਕਰ ਆਸਾ ਰਾਮ ਅਤੇ ਗੁਰਮੀਤ ਰਾਮ ਰਹੀਮ ਨੂੰ ਹੀ ਲੈ ਲਈਏ ਤਾਂ ਅਸੀਂ ਸਾਫ ਦੇਖ ਸਕਦੇ ਹਾਂ ਕਿ ਮੌਕੇ ਦੇ ਬਾਦਲ ਅਤੇ ਮੋਦੀ ਇਹਨਾ ਡੇਰਿਆਂ ਦੀਆਂ ਚੌਂਕੀਆਂ ਭਰਦੇ ਰਹੇ ਹਨ। ਇਹ ਹਾਲਾਤ ਵਾੜ ਦੇ ਖੇਤ ਨੂੰ ਖਾਣ ਦੀ ਹੈ। ਇਸ ਸਮਾਜਕ ਬੁਰਾਈ ਨੂੰ ਜੜ੍ਹਾਂ ਤੋਂ ਪੁੱਟਣ ਲਈ ਇਸ ਦੇ ਹਰ ਪਹਿਲੂ ਤੇ ਕੰਮ ਕਰਨਾ ਪਵੇਗਾ। ਇਹ ਮਾਮਲਾ ਕੇਵਲ ਪੁਲਿਸ ਪੜਤਾਲ ਜਾਂ ਨਿਆਂ ਪਾਲਕਾ ਤਕ ਹੀ ਸੀਮਤ ਨਹੀਂ ਹੈ।

ਲੇਖਕ: ਕੁਲਵੰਤ ਸਿੰਘ  ਢੇਸੀ