image caption: ਰਜਿੰਦਰ ਸਿੰਘ ਪੁਰੇਵਾਲ

ਜਾਮੀਆ ਯੂਨੀਵਰਸਿਟੀ ਦੀ ਹਿੰਸਾ ਪਿਛੇ ਕੌਣ?

   ਸ਼ੋਸ਼ਲ ਮੀਡੀਆ ਰਾਹੀਂ ਸਾਫ ਹੋ ਗਿਆ ਹੈ ਕਿ ਜਾਮੀਆ ਯੂਨੀਵਰਸਿਟੀ ਦੀ ਹਿੰਸਾ ਪਿੱਛੇ ਭਗਵਿਆਂ ਦੀ ਵਿਦਿਆਰਥੀ ਜਥੇਬੰਦੀ ਸ਼ਾਮਲ ਹੈ, ਜਿਸ ਨੇ ਬੱਸਾਂ ਤੇ ਪਬਲਿਕ ਪ੍ਰਾਪਰਟੀ ਨੂੰ ਦਿੱਲੀ ਵਿਖੇ ਅੱਗਾਂ ਲਗਾਈਆਂ, ਇਥੋਂ ਤੱਕ ਉਨ੍ਹਾਂ ਨੇ ਪੁਲੀਸ ਦੀ ਵਰਦੀ ਪਾ ਕੇ ਵਿਦਿਆਰਥੀਆਂ ਨਾਲ ਕੁੱਟਮਾਰ ਵੀ ਕੀਤੀ। ਜਾਮੀਆ  ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਨੇ ਇਸ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਕ ਰਿਪੋਰਟ ਇਹ ਵੀ ਆਈ ਹੈ ਕਿ 750 ਫ਼ੇਕ ਆਈਡੀ ਵਾਲੇ ਲੋਕ ਜਾਮੀਆ ਵਿੱਚ ਸਨ, ਜਿਨ੍ਹਾਂ ਨੇ ਹਿੰਸਾ ਭੜਕਾਈ। ਉਨ੍ਹਾਂ 750 ਖ਼ਾਸ ਲੋਕਾਂ ਨੂੰ ਜਾਮੀਆ ਵਿੱਚ ਕਿਸ ਨੇ ਬੁਲਾਇਆ ਅਤੇ ਕਿਸ ਨੇ ਨਕਲੀ ਅਡੈਂਟੀਕਾਰਡ ਬਣਾਏ, ਜੋ ਉਨ੍ਹਾਂ ਦਾ ਵਿਦਿਆਰਥੀ ਹੋਣ ਦਾ ਸਬੂਤ ਦੇ ਰਹੇ ਸਨ। ਇਸ ਪਿੱਛੇ ਉਨ੍ਹਾਂ ਦਾ ਕੀ ਇਰਾਦਾ ਸੀ? ਜਾਪਦਾ ਇਹੀ ਹੈ ਕਿ ਜਾਮੀਆ ਯੂਨੀਵਰਸਿਟੀ ਭਗਵਿਆਂ ਦੇ ਨਿਸ਼ਾਨੇ 'ਤੇ ਹੈ ਤੇ ਉਹ ਇਨ੍ਹਾਂ ਦੇ ਸ਼ਾਂਤਮਈ ਸੰਘਰਸ਼ ਨੂੰ ਖਤਮ ਕਰਨ ਦੇ ਲਈ ਇਹੀ ਸਾਜ਼ਿਸਾਂ ਰਚ ਰਹੀ ਹੈ। ਇਨ੍ਹਾਂ ਨੂੰ ਬਦਨਾਮ ਕਰਕੇ ਜਾਮੀਆ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ। ਇਕ ਨਿਊਜ਼ ਚੈਨਲ ਨੇ ਇਕ ਵੀਡੀਓ ਵੀਡੀਓ ਵਿੱਚ ਜਾਮੀਆ ਮੀਲਿਆ ਇਸਲਾਮੀਆ ਦੀ ਵਾਇਸ ਚਾਂਸਲਰ ਨਜਮਾ ਅਖ਼ਤਰ ਨੂੰ ਦਿਖਾਇਆ ਜੋ ਇਹ ਕਹਿ ਰਹੀ ਹੈ ਕਿ ''ਹਰ ਕੋਈ ਯੂਨੀਵਰਸਿਟੀ ਦੇ ਕੈਂਪਸ ਵਿਚ ਆ ਸਕਦਾ ਹੈ। ਉਨ੍ਹਾਂ ਨੂੰ ਛੱਡ ਕੇ, ਜੋ ਫ਼ੇਕ ਆਈਡੀ ਲੈਕੇ ਆ ਰਹੇ ਹਨ। ਸਾਨੂੰ 750 ਫ਼ੇਕ ਆਈਡੀ ਕਾਰਡ ਮਿਲੇ ਹਨ। ਤੁਸੀਂ ਖ਼ਬਰਾਂ ਵਿੱਚ ਜ਼ਰੂਰ ਪੜ੍ਹਿਆ ਹੋਵੇਗਾ।'' ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵੀ ਘੁੰਮ ਰਹੀ ਹੈ। ਵੀਸੀ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨ ਦੇ ਦੌਰਾਨ ਜਾਅਲੀ ਆਈਡੀ ਵਾਲੇ ਬਾਹਰੀ ਲੋਕ ਵਿਰੋਧ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਅਤੇ ਹਿੰਸਾ ਕੀਤੀ। ਉਹਨਾਂ ਦਾ ਕਹਿਣਾ ਹੈ ਕਿ 'ਇਕ ਵਾਰ ਅਸੀਂ 10 ਲੋਕਾਂ ਦੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਕਿਉਂਕਿ ਸਾਨੂੰ ਸਾਡੇ ਵਿਦਿਆਰਥੀਆਂ ਤੋਂ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਮਿਲੀਆਂ ਸਨ। ਜਿੰਨ੍ਹਾਂ 750 ਜਾਅਲੀ ਆਈਡੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹਨਾਂ ਦਾ ਇਨ੍ਹਾਂ ਪ੍ਰਦਰਸ਼ਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।'

ਦਿੱਲੀ ਪੁਲਿਸ ਨੇ 15 ਦਸੰਬਰ ਨੂੰ ਹੋਈ ਹਿੰਸਾ ਵਿੱਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵਿਚ ਤਿੰਨ ਲੋਕ ਅਪਰਾਧਿਕ ਪਿਛੋਕੜ ਤੋਂ ਆਏ ਹਨ। ਇਨ੍ਹਾਂ ਵਿੱਚੋਂ ਕੋਈ ਵੀ ਵਿਦਿਆਰਥੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵਿਚ ਕੋਈ ਵੀ ਵਿਦਿਆਰਥੀ ਨਹੀਂ ਹੈ। ਪੁਲੀਸ ਨੇ ਐਤਵਾਰ ਨੂੰ ਜੇ. ਐਮ. ਆਈ. ਵਿਖੇ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨ ਦੌਰਾਨ ਬਣਾਏ ਗਏ ਵੀਡੀਓ ਤੋਂ ਇਨ੍ਹਾਂ ਦੋਸ਼ੀਆਂ ਦੀ ਪਛਾਣ ਕੀਤੀ ਸੀ। ਸੱਚ ਕੀ ਹੈ ਅਜੇ ਤੱਕ ਇਸ ਦਾ ਪੂਰਾ ਵੇਰਵਾ ਕਿਸੇ ਕੋਲ ਨਹੀਂ ਹੈ, ਪਰ ਇਕ ਜਮਹੂਰੀਅਤ ਦੇਸ ਵਿਚ ਅਜਿਹੀ ਹਿੰਸਾ ਕਰਵਾਈ ਜਾਣੀ ਸੱਤਾਧਾਰੀਆਂ ਦੀ ਹੀ ਕਾਢ ਹੈ, ਜੋ ਆਪਣੇ ਗੁਪਤ ਨਿਸ਼ਾਨਿਆਂ ਨੂੰ ਹਾਸਲ ਕਰਨਾ ਚਾਹੁੰਦੇ ਹਨ।

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਉਠ ਰਹੇ ਰੋਹ ਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਰੁੱਧ ਪੁਲਸੀਆ ਬਰਬਰਤਾ ਦੇ ਸੰਦਰਭ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਭਾਰਤ ਵਿਚ ਹਿਟਲਰ ਜਨਮ ਲੈ ਰਿਹਾ ਹੈ। ਜਸਟਿਸ ਕਾਟਜੂ ਨੇ ਬਹੁਤ ਬੇਬਾਕ ਟਿੱਪਣੀ ਕੀਤੀ ਹੈ ਕਿ ਇਕ ਹਨੂੰਮਾਨ ਨੇ ਸੋਨੇ ਦੀ ਲੰਕਾ ਜਲਾ ਦਿੱਤੀ ਤੇ ਅਜੋਕੇ ਹਨੂੰਮਾਨ ਦੇਸ ਜਲਾ ਰਹੇ ਹਨ।

ਇਤਿਹਾਸ ਗਵਾਹ ਹੈ ਕਿ ਹਿਟਲਰ ਆਪਣੇ ਬਹੁਤ ਸਾਰੇ ਨਫ਼ਰਤ ਭਰੇ ਭਾਸ਼ਣਾਂ ਦੇ ਬਾਵਜੂਦ ਜਿੱਤ ਪ੍ਰਾਪਤ ਕਰਨ ਵਿੱਚ ਨਾਕਾਮ ਰਿਹਾ, ਪ੍ਰੰਤੂ ਰਾਸ਼ਟਰਪਤੀ ਹਿੰਡਨਬਰਗ ਨੇ ਹਿਟਲਰ ਦੀ ਅਗਵਾਈ ਵਿੱਚ 30 ਜਨਵਰੀ 1933 ਵਿੱਚ ਇੱਕ ਮਿਲੀ-ਜੁਲੀ ਕੰਮ-ਚਲਾਊ ਸਰਕਾਰ ਬਣਾ ਦਿੱਤੀ। ਨਵੀਂਆਂ ਚੋਣਾਂ ਮਾਰਚ 1933 ਵਿੱਚ ਕਰਾਉਣ ਦਾ ਮਿਤੀ ਨਿਸ਼ਚ ਕਰ ਦਿੱਤੀ ਗਈ, ਪਰ 27 ਫ਼ਰਵਰੀ ਨੂੰ ਸੰਸਦ ਭਵਨ ਨੂੰ ਫੂਕ ਦਿੱਤਾ ਗਿਆ। ਹਿਟਲਰ ਨੇ ਇਸ ਦਾ ਦੋਸ਼ੀ ਮੁੱਖ ਵਿਰੋਧੀ ਕਮਿਊਨਿਸਟ ਪਾਰਟੀ ਨੂੰ ਠਹਿਰਾਇਆ। ਹਿਟਲਰ ਨੇ ਕਮਿਊਨਿਸਟਾਂ 'ਤੇ ਬਹੁਤ ਜ਼ੁਲਮ ਕੀਤੇ, ਜੇਲ੍ਹਾਂ ਵਿਚ ਡੱਕ ਦਿੱਤਾ। ਫਾਸ਼ੀਵਾਦੀ ਹੋਣ ਕਾਰਨ ਉਹ ਆਪਣੇ ਲੋਕਾਂ ਵਿਚ ਮਕਬੂਲ ਹੋ ਗਿਆ। ਚੋਣਾਂ ਦੌਰਾਨ ਹਿਟਲਰ ਨੂੰ ਬਹੁਮਤ ਨਾ ਮਿਲਿਆ, ਪਰ ਸਿਆਸੀ ਤਾਕਤ ਵਧ ਗਈ। ਆਗੂਆਂ ਦੇ ਜੇਲ੍ਹਾਂ ਵਿੱਚ ਡੱਕੇ ਹੋਣ ਦੇ ਬਾਵਜੂਦ 81 ਕਮਿਊਨਿਸਟ ਨੇ ਚੋਣ ਜਿੱਤ ਲਈ। ਹਿਟਲਰ ਨੇ ਇੱਕ ਹੋਰ ਪਾਰਟੀ ਦੇ ਸਹਿਯੋਗ ਨਾਲ ਆਪਣੀ ਸਰਕਾਰ ਬਣਾ ਲਈ।

ਹਿਟਲਰ ਤਾਨਾਸ਼ਾਹ ਬਣ ਗਿਆ ਤੇ ਉਸ ਨੇ ਸੰਸਦ ਦੀ ਪਹਿਲੀ ਮੀਟਿੰਗ ਵਿੱਚ ਹੀ ਇਹ ਮਤਾ ਪੇਸ਼ ਕਰ ਦਿੱਤਾ ਕਿ ਅਗਲੇ 4 ਸਾਲ ਤੱਕ ਉਸ ਦੀ ਕੈਬਨਿਟ ਸੰਸਦ ਦੀ ਮਨਜ਼ੂਰੀ ਬਿਨਾਂ ਹੀ ਕਾਨੂੰਨ ਬਣਾ ਸਕਦੀ ਹੈ। ਅਰਥਾਤ ਉਸ ਨੇ ਸੰਵਿਧਾਨ ਦੀਆਂ ਧੱਜੀਆਂ ਹੀ ਉਡਾ ਦਿੱਤੀਆਂ। ਉਸ ਨੇ ਨਾਗਰਿਕਤਾ ਦੇ ਕਾਨੂੰਨ ਵਿੱਚ ਸੋਧ ਕਰ ਦਿੱਤੀ ਗਈ ਤੇ ਜਰਮਨੀਆਂ ਨੂੰ ਜਰਮਨ ਦਾ ਨਾਗਰਿਕ ਮੰਨਿਆ ਗਿਆ ਤੇ ਬਾਕੀਆਂ ਨੂੰ ਗੁਲਾਮ ਜਾਂ ਗ਼ੈਰ ਨਾਗਰਿਕ। ਇਸੇ ਕਾਰਨ ਯਹੂਦੀਆਂ ਦੀ ਨਸਲਕੁਸ਼ੀ ਕੀਤੀ ਗਈ। ਅੱਜ ਇਹੀ ਨਾਗਰਿਕ ਕਾਨੂੰਨ ਭਾਰਤ ਵਿਚ ਭਗਵੇਂਵਾਦ ਦੇ ਰੂਪ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਅੱਗੇ ਕੀ ਹੋਵੇਗਾ ਇਹ ਸੁਆਲ ਹੁਣ ਸਮੇਂ ਦੇ ਗਰਭ ਵਿਚ ਹੈ। ਇਹ ਭਾਰਤ ਦੇ ਭਵਿੱਖ ਲਈ ਚੰਗੀ ਗੱਲ ਹੈ ਕਿ ਵੱਖ ਵੱਖ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹਮਾਇਤ ਵਿਚ ਰੋਸ ਪ੍ਰਦਰਸ਼ਨ ਕੀਤੇ ਹਨ। ਨਾਗਰਿਕਤਾ ਸੋਧ ਕਾਨੂੰਨ ਸਾਡੇ ਭਾਰਤ ਦੇ ਸੰਵਿਧਾਨ ਦੇ ਧਰਮ-ਨਿਰਪੱਖ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਭਾਵੇਂ ਵਿਦਿਆਰਥੀਆਂ ਦੀ ਹਮਾਇਤ ਕੀਤੀ ਹੈ ਪਰ ਸਮਾਜ ਦੇ ਬਹੁਤ ਸਾਰੇ ਵਰਗ ਇਸ ਸਬੰਧੀ ਚੁੱਪ ਰਹੇ ਹਨ। ਯੂਥ ਹਰੇਕ ਸਮਾਜ ਦਾ ਭਵਿੱਖ ਹੁੰਦਾ ਹੈ ਤੇ ਉਹੀ ਸਮਾਜ ਤੇ ਦੇਸ ਬਦਲ ਸਕਦਾ ਹੈ। 1975 ਦੌਰਾਨ ਜੈਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ਹੋਏ ਸੰਘਰਸ਼ ਤੋਂ ਪਹਿਲਾਂ ਵਿਦਿਆਰਥੀ ਅੰਦੋਲਨਾਂ ਨੇ ਹੀ ਇੰਦਰਾ ਗਾਂਧੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਪੰਜਾਬ ਦੇ ਹਿੱਤਾਂ ਦੀ ਆਵਾਜ਼ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹੀ ਉਠਾਈ ਸੀ। ਇਹ ਵਿਦਿਆਰਥੀ ਸੰਘਰਸ਼ ਮੌਜੂਦਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੇ ਵਿਰੁੱਧ ਬਣਨ ਵਾਲੇ ਵੱਡੇ ਇਤਿਹਾਸ ਦੀ ਸਿਰਜਣਾ ਕਰ ਸਕਦੇ ਹਨ, ਜੇਕਰ ਕਿਰਤੀ, ਸਿਆਸੀ ਪਾਰਟੀਆਂ ਤੇ ਹਰੇਕ ਕੌਮ ਦੇ ਲੋਕ ਵਿਦਿਆਰਥੀਆਂ ਦਾ ਸਾਥ ਦੇਣ। ਇਹ ਅੰਦੋਲਨ ਸ਼ਾਂਤ ਹੀ ਰਹਿਣਾ ਚਾਹੀਦਾ ਹੈ ਤੇ ਹਿੰਸਕ ਤੱਤਾਂ ਦੀ ਪਛਾਣ ਕਰਕੇ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਦਾ ਅੰਦੋਲਨ ਜਮਹੂਰੀਅਤ ਲਈ ਜ਼ਰੂਰੀ ਹੈ।

ਰਜਿੰਦਰ ਸਿੰਘ ਪੁਰੇਵਾਲ