image caption:

ਸਰਬੰਸਦਾਨੀ ਦਾ ਅਨੰਦਪੁਰੀ ਤੋ ਮਾਛੀਵਾੜੇ ਤੱਕ ਦੇ ਬਿਖੜੇ ਪੈਂਡਿਆਂ ਦਾ ਸਫਰ ਅਤੇ ਲਾਸਾਨੀ ਸ਼ਹੀਦੀ ਹਫਤਾ

 ਲੇਖ - ਬਘੇਲ ਸਿੰਘ ਧਾਲੀਵਾਲ

    ਜਦੋ ਸਰਦੀਆਂ ਵਿੱਚ ਸਭ ਤੋ ਠੰਡਾ ਪੋਹ ਦਾ ਮਹੀਨਾ ਆਉਦਾ ਹੈ, ਤਾਂ ਸਿੱਖਾਂ ਦੇ ਮਨਾਂ ਅੰਦਰ ਸ਼ਹੀਦੀ ਹਫਤੇ ਦੀ ਯਾਦ ਤਾਜਾ ਹੋ ਜਾਂਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋ ਗੁਰੂ ਸਾਹਿਬ ਨੂੰ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਨੇ ਝੂਠੀਆਂ ਕਸਮਾਂ ਖਾ ਕੇ ਕਿਲਾ ਛੱਡਣ ਲਈ ਮਜਬੂਰ ਕੀਤਾ ਸੀ,ਤੇ ਫਿਰ ਕਿਸ ਤਰਾਂ ਸਾਰੀਆਂ ਗਊ ਅਤੇ ਕੁਰਾਨ ਦੀਆਂ ਕਸਮਾਂ ਖੂਹ ਖਾਤੇ ਪਾ ਕੇ ਗੁਰੂ ਸਾਹਿਬ ਸਮੇਤ ਸਿੱਖਾਂ ਦਾ ਪਿੱਛਾ ਕੀਤਾ। ਸਰਸਾ ਨਦੀ ਦੇ ਕਿਨਾਰੇ ਹੋਏ ਘਮਸਾਣ ਯੁੱਧ ਵਿਚੋਂ ਜੇਤੂ ਹੋ ਕੇ ਨਿਕਲਣ ਤੋ ਬਾਅਦ ਗੁਰੂ ਸਾਹਿਬ ਦਾ ਸਰਸਾ ਨਦੀ ਪਾਰ ਕਰਨ ਸਮੇ ਪਰਿਵਾਰ ਨਾਲ ਵਿਛੋੜਾ ਪੈ ਗਿਆ। 

     ਬਰਫੀਲੀਆਂ ਰਾਤਾਂ ਵਿੱਚ ਦੋ ਮਸੂਮ ਜਿੰਦਾਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਲੈ ਕੇ ਮਾਤਾ ਗੁਜਰੀ ਜੀ ਆਪਣੇ ਪੁਰਾਣੇ ਰਸੋਈਏ ਦੇ ਘਰ ਮੋਰਿੰਡੇ ਦੇ ਨਜਦੀਕ ਪਿੰਡ ਖੇੜੀ ਆ ਗਏ,ਜਿੰਨਾਂ ਨੂੰ ਗੰਗੂ ਬ੍ਰਾਹਮਣ ਨੇ ਵਿਸਵਾਸਘਾਤ ਕਰਕੇ ਹਕੂਮਤ ਤੋ ਇਨਾਮ ਲੈਣ ਦੇ ਲਾਲਚ ਵਿੱਚ ਗਿਰਫਤਾਰ ਕਰਵਾ ਦਿੱਤਾ। ਇੱਥੋ ਹੀ ਸੁਰੂ ਹੁੰਦੀ ਹੈ,ਉਹ ਖੂਨੀ ਦਾਸਤਾਨ। ਇੱਕ ਪਾਸੇ ਗੁਰੂ ਸਾਹਿਬ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਚਾਲੀ ਕੁ ਸਿੰਘਾਂ ਦੇ ਨਿੱਕੇ ਜਿਹੇ ਜਥੇ ਸਮੇਤ ਚਮਕੌਰ ਦੀ ਕੱਚੀ ਗੜੀ ਵਿਖੇ ਪੁੱਜ ਜਾਂਦੇ ਹਨ, ਜਿੱਥੇ ਉਹਨਾਂ ਦਾ ਪਿੱਛਾ ਕਰਦੀਆਂ ਹਿੰਦੂ ਰਾਜਿਆਂ ਤੇ ਮੁਗਲਾਂ ਦੀਆਂ ਸਾਂਝੀਆਂ 10 ਲੱਖ ਫੌਜਾਂ ਨੇ ਚਮਕੌਰ ਦੀ ਉਸ ਕੱਚੀ ਗੜੀ ਨੂੰ ਘੇਰਾ ਪਾ ਲਿਆ, ਜਿਸ ਨੇ ਅਜਿਹਾ ਇਤਿਹਾਸ ਸਿਰਜਿਆ ਕਿ ਗੁਰੂ ਦੀ ਚਰਨ ਛੋਹ ਪਰਾਪਤ ਕਰਕੇ ਕੱਚੀ ਗੜੀ ਵੀ ਹਮੇਸਾਂ ਲਈ ਅਮਰ ਹੋ ਗਈ। ਇੱਥੇ ਗੁਰੂ ਸਾਹਿਬ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਸਿੰਘਾਂ ਦੇ ਨਾਲ ਮੋਰਚਾ ਮੱਲ ਕੇ ਬੈਠ ਜਾਂਦੇ ਹਨ ਤਾਂ ਕਿ ਦੁਸ਼ਮਣ ਦੇ ਟਿੱਡੀ ਦਲ ਦਾ ਮੁਕਾਬਲਾ ਕਰਨ ਦੀ ਵਿਉਂਤਬੰਦੀ ਕੀਤੀ ਜਾ ਸਕੇ।
ਇੱਥੋ ਹੀ ਗੁਰੂ ਜੀ ਵਾਰੋ ਵਾਰੀ ਪੰਜ ਪੰਜ ਸਿੱਖਾਂ ਦੇ ਜਥੇ ਦੁਸ਼ਮਣ ਦਾ ਟਾਕਰਾ ਕਰਨ ਲਈ ਭੇਜ ਰਹੇ ਹਨ ਤੇ ਇੱਸ ਤਰ੍ਹਾਂ ਚੱਲਦੇ ਯੁੱਧ ਵਿੱਚ ਵਾਰੀ ਗੁਰੂ ਸਾਹਿਬ ਦੇ ਦੋਨੋ ਵੱਡੇ ਛੋਟੇ ਸਾਹਿਬਜ਼ਾਦਿਆਂ ਦੀ ਵੀ ਆ ਜਾਂਦੀ ਹੈ ਤੇ ਉਹ ਵੀ ਬਾਕੀ ਸਿੰਘਾਂ ਦੀ ਤਰਾਂ ਦੁਸ਼ਮਣ ਫੌਜਾਂ ਦਾ ਮੁਕਾਬਲਾ ਕਰਦੇ ਸ਼ਹਾਦਤਾਂ ਪਾ ਜਾਂਦੇ ਹਨ, ਇਸੇ ਦੌਰਾਨ ਹੀ ਚੱਲਦੇ ਘਮਸਾਣ ਯੁੱਧ ਵਿੱਚ ਹੀ ਗੁਰੂ ਦੇ ਸਿੰਘ ਪੰਜ ਪਿਆਰਿਆਂ ਦੇ ਰੂਪ ਵਿੱਚ ਇਕੱਤਰ ਹੋਕੇ ਗੁਰੂ ਨੂੰ ਕੱਚੀ ਗੜੀ ਵਿਚੋਂ ਨਿਕਲ ਜਾਣ ਦਾ ਖਾਲਸਈ ਹੁਕਮ ਸੁਣਾ ਦਿੰਦੇ ਹਨ। ਗੁਰੂ ਸਾਹਿਬ ਨੇ ਅਪਣੇ ਨਾਲ ਪੰਜ ਪਿਆਰਿਆਂ ਵਿਚੋਂ ਭਾਈ ਦਿਆ ਸਿੰਘ,ਭਾਈ ਧਰਮ ਸਿੰਘ ਅਤੇ ਇੱਕ ਹੋਰ ਸਿੰਘ ਭਾਈ ਮਾਨ ਸਿੰਘ ਸਮੇਤ ਕੱਚੀ ਗੜੀ ਵਿਚੋਂ ਦੁਸ਼ਮਣ ਨੂੰ ਲਲਕਾਰਦੇ ਹੋਏ ਵੱਖੋ ਵੱਖ ਦਿਸ਼ਾਵਾਂ ਵੱਲ ਕੂਚ ਕਰ ਗਏ।

ਅਸਲ ਗੱਲ ਤਾਂ ਇਹ ਹੈ ਕਿ ਕੀ ਅੱਜ ਦੇ ਸਮਿਆਂ ਦਾ ਸਿੱਖ ਆਪਣੇ ਗੁਰੂ ਦੀ ਘਾਲੀ ਘਾਲਣਾ ਨੂੰ ਯਾਦ ਕਰਦਾ ਹੋਇਆ ਅੱਜ ਉਹਨਾਂ ਹਾਲਾਤਾਂ ਨੂੰ ਮਹਿਸੂਸ ਕਰਦਾ ਹੈ ? ਉਹਨਾਂ ਪਲਾਂ,ਘੜੀਆਂ ਦਿਨਾਂ ਤੇ ਰਾਤਾਂ ਨੂੰ ਉਸ ਸਮੇ ਵਿੱਚ ਹੀ ਜਿਉਂ ਕੇ ਦੇਖਦਾ ਹੈ,ਜਦੋ ਨੀਲੇ ਦੇ ਸ਼ਾਹ ਅਸਵਾਰ ਕਲਗੀਆਂ ਵਾਲੇ ਪਾਤਸ਼ਾਹ ਅਪਣੇ ਪੁੱਤਰਾਂ ਨੂੰ ਮੈਦਾਨੇ ਜੰਗ ਵਿੱਚ ਸ਼ਹੀਦ ਕਰਵਾਉਣ ਤੋ ਬਾਅਦ ਆਪਣੇ ਪੱਤਾਂ ਤੋ ਪਿਆਰੇ ਸਿੰਘਾਂ ਨਾਲ ਉੱਥੋ ਜਿੱਤ ਦੇ ਡੰਕੇ ਵਜਾ ਕੇ ਜੈਕਾਰੇ ਗੁੰਜਾਉਂਦੇ ਉਸ ਕੱਚੀ ਗੜੀ ਵਿਚੋਂ ਹੱਥ ਝਾੜ ਕੇ ਤਾੜੀਆਂ ਮਾਰਦੇ ਨਿਕਲ ਤੁਰੇ ਹੋਣਗੇ। ਇਲਾਹੀ ਰੰਗ ਵਿੱਚ ਰੰਗੇ ਸੱਚੇ ਪਾਤਸ਼ਾਹ ਦੇ ਹਿੰਮਤ ਹੌਸਲੇ ਦਾ ਮੁਕਾਬਲਾ ਇਸ ਦੰਭੀ ਦੁਨੀਆ ਵਿੱਚ ਕੌਣ ਕਰ ਸਕਦਾ ਹੈ,ਜਿਸ ਨੇ ਸਿਰਫ ਨੌ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਉਹਨਾਂ ਦੇ ਧਰਮ ਦੀ ਰੱਖਿਆ ਲਈ ਅਤੇ ਸਮੇ ਦੀਆਂ ਹਕੂਮਤਾਂ ਵੱਲੋਂ ਮਾਨਵੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਨੂੰ ਠੱਲ੍ਹ ਪਾਉਣ ਲਈ ਖੁਦ ਭੇਜਿਆ ਹੋਵੇ ਤੇ ਫਿਰ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਜਿੰਮਾ ਆਪਣੇ ਸਿਰ ਲੈ ਲੈਣ ਵਾਲੇ ਗੁਰੂ ਪਿਤਾ ਮੁੜਕੇ ਜਿਉਂਦੇ ਵਾਪਸ ਹੀ ਨਾ ਆਏ ਹੋਣ ਸਗੋਂ ਉਹਨਾਂ ਦੀ ਸ਼ਹਾਦਤ ਦਾ ਸੁਨੇਹਾ  ਪਹੁੰਚਿਆ ਹੋਵੇ।

ਜਿਹੜੇ ਬੱਚੇ ਕੋਲ ਮੁੜ ਕੇ ਵਾਪਸ ਉਹਦਾ ਪਿਤਾ ਨਹੀ ਬਲਕਿ ਪਿਤਾ ਦਾ ਕੱਟਿਆ ਹੋਇਆ ਸੀਸ ਪਹੁੰਚਿਆ ਹੋਵੇਗਾ,ਉਹ ਵੀ ਹਕੂਮਤ ਦੇ ਕਹਿਰ ਤੋ ਬਚਦਾ ਬਚਾਉਂਦਾ ਰਾਤ ਦੇ ਹਨੇਰਿਆਂ ਵਿੱਚ ਕੋਈ ਗੁਰੂ ਦਾ  ਪਿਆਰਾ ਸਿੱਖ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਚਾਂਦਨੀ ਚੌਂਕ ਵਿਚੋਂ ਕੱਟਿਆ ਸੀਸ ਚੋਰੀ ਚੁੱਕ ਕੇ ਬਿਖੜੇ ਪੈਂਡਿਆਂ ਰਾਹੀ ਵਾਟਾਂ ਨਬੇੜਦਾ ਅਨੰਦਪੁਰ ਸਾਹਿਬ ਲੈ ਕੇ ਪੁੱਜਿਆ ਹੋਵੇਗਾ, ਤਾਂ ਅੰਦਾਜ਼ਾ ਲਾਉਣਾ ਔਖਾ ਨਹੀ ਕਿ ਉਸ ਗੁਰੂ ਦਾ ਜਿਗਰਾ ਕਿੰਨਾ ਵੱਡਾ ਹੋਵੇਗਾ,ਜਿਹੜਾ ਬਾਲ ਉਮਰੇ ਮਜਲੂਮਾਂ ਦੀ ਰਾਖੀ ਲਈ ਪਿਤਾ ਕੁਰਬਾਨ ਕਰ ਸਕਣ ਦੀ ਹਿੰਮਤ ਰੱਖਦਾ ਹੋਵੇ। ਫਿਰ ਭਲਾ ਅਜਿਹੇ ਗੁਰੂ ਨੂੰ ਕੱਚੀ ਗੜੀ ਵਿੱਚ ਪਏ ਦੰਭੀ ਹਕੂਮਤਾਂ ਦੀਆਂ ਮਹਿਜ ਦਸ ਲੱਖ ਫੌਜਾਂ ਦੇ ਘੇਰੇ ਦੀ ਕੀ ਪ੍ਰਵਾਹ ਹੋ ਸਕਦੀ ਹੈ ਅਤੇ ਅਜਿਹੇ ਸਮਰੱਥ ਗੁਰੂ ਦੇ ਰਾਹ ਕੌਣ ਰੋਕ ਸਕਦਾ ਹੈ ? ਪ੍ਰੰਤੂ ਅੱਜ ਗੁਰੂ ਦੇ ਅਹਿਸਾਨਾਂ ਨੂੰ ਭੁੱਲਦੀ ਜਾ ਰਹੀ ਸਿੱਖ ਕੌਂਮ ਦੇ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਦਸਵੇਂ ਗੁਰੂ ਸਾਹਿਬ ਨੇ ਆਪਣੀ ਕੌਂਮ ਲਈ ਆਪਣਾ ਪੂਰਾ ਪਰਿਵਾਰ ਸਿਰਫ ਇੱਕੋ ਹਫਤੇ ਵਿੱਚ ਨਿਛਾਵਰ ਕਰ ਦਿੱਤਾ, ਸੋਹਣੀ ਅਨੰਦਪੁਰੀ ਨੂੰ ਛੱਡ ਦਿੱਤਾ, ਕੰਡਿਆਲੀਆਂ ਰਾਤਾਂ ਵਿੱਚ ਨੰਗੇ ਪੈਰੀ ਤੁਰਨਾ ਪਰਵਾਨ ਕਰ ਲਿਆ ਤਾਂ ਕਿ ਹੱਕ ਸੱਚ ਇਨਸਾਫ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਗੁਰੂ ਨਾਨਕ ਦੀ ਨਿਆਰੀ ਨਿਰਾਲੀ ਕੌਮ ਦੁਨੀਆ ਦੇ ਨਕਸੇ ਤੇ ਰਹਿੰਦੀ ਦੁਨੀਆ ਤੱਕ ਸਲਾਮਤ ਰਹਿ ਕੇ ਮਜਲੂਮਾਂ ਦੀ ਰਾਖੀ ਕਰਦੀ ਜਬਰ,ਜੁਲਮ ਨੂੰ ਠੱਲ੍ਹ ਪਾਉਂਦੀ ਰਹੇ, ਨਹੀ ਕਿਹੜਾ ਬਾਪ ਹੈ ਜਿਹੜਾ ਸਾਰਾ ਕੁੱਝ ਲੁਟਾ ਕੇ ਵੀ ਮਾਛੀਵਾੜੇ ਦੇ ਜੰਗਲਾਂ ਵਿੱਚ ਬੇਫਿਕਰ ਸੌਂ ਸਕਣ ਦੀ ਹਿੰਮਤ ਕਰ ਸਕਦਾ ਹੈ। ਇਹ ਉਹ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਹੀ ਆਇਆ ਹੈ,ਜਿਸ ਨੇ ਸਾਰਾ ਪਰਿਵਾਰ ਵਾਰਨ ਤੋਂ ਬਾਅਦ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਗੁਰੂ ਜੀ ਪਾਸ ਪਹੁੰਚੀ ਮਾਤਾ ਜੀਤੋ ਵੱਲੋਂ ਆਪਣੇ ਚਾਰੇ ਪੁੱਤਰਾਂ ਸਬੰਧੀ ਪੁੱਛੇ ਜਾਣ ਤੇ ਆਪਣੇ ਸਿੱਖਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ''ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ&rdquo, ਸੋ ਅੱਜ ਲੋੜ ਹੈ ਉਸ ਸਰਬੰਸਦਾਨੀ ਗੁਰੂ ਵੱਲੋਂ ਅਨੰਦਪੁਰੀ ਛੱਡਣ ਤੋ ਮਾਛੀਵਾੜੇ ਦੇ ਜੰਗਲਾਂ ਤੱਕ ਪੁੱਜਣ ਦੀ ਵਿਥਿਆ ਨੂੰ ਮਹਿਸੂਸ ਕਰਨ ਤੇ ਆਪਣੇ ਪੁਰਖਿਆਂ ਵੱਲੋਂ ਪਾਈ ਸ਼ਹਾਦਤਾਂ ਦੀ ਪਿਰਤ ਦੇ ਪਹਿਰੇਦਾਰ ਬਣਕੇ ਸਿੱਖੀ ਦੀ ਚੜਦੀ ਕਲਾ ਲਈ ਮਰ ਮਿਟਣ ਦੀ ਤਾਂਘ ਹਰ ਸਿੱਖ ਦੇ ਮਨ ਵਿਚ ਪਰਬਲਤਾ ਨਾਲ ਬਰਕਰਾਰ ਰਹਿ ਸਕੇ।

-ਲੇਖ - ਬਘੇਲ ਸਿੰਘ ਧਾਲੀਵਾਲ
-99142-58142