image caption:

ਵਿਸ਼ੇਸ਼ ਲੇਖ - ਵੱਡਿਆਂ ਸਾਹਿਬਜ਼ਾਦਿਆਂ ਤੇ ਚਾਲੀ ਸਿੰਘਾਂ ਦੀ ਸ਼ਹਾਦਤ

ਲੇਖ - ਗੁਰਮੇਲ ਸਿੰਘ ਗਿੱਲ

    ਦਸਮ ਪਿਤਾ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਪਿੱਛੋਂ ਮੁਗਲ ਫੌਜਾਂ ਨਾਲ ਮੁਕਾਬਲਾ ਕਰਦੇ, ਰੰਘੜਾਂ ਤੇ ਗੁੱਜਰਾਂ ਨਾਲ ਝੜੱਪਾਂ ਕਰਨ ਤੋਂ ਪਿੱਛੋਂ ਦੋਨੋਂ ਵੱਡਿਆਂ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਸਾਹਿਬ ਆ ਗਏ। ਸਮਕਾਲੀ ਤੱਥਾਂ ਮੁਤਾਬਕ ਚਮਕੌਰ ਲੰਬੜਦਾਰ ਦੀ ਇਹ ਗੜ੍ਹੀ ਜਿੱਥੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਗੁਰੂ ਜੀ ਨੇ ਇੱਥੇ ਮੋਰਚਾਬੰਦੀ ਕੀਤੀ। ਹਕੂਮਤ ਦੀ ਫੌਜ ਲਗਾਤਾਰ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ। ਸਮਕਾਲੀ ਤੱਥ ਵਾਚਣ 'ਤੇ ਪਤਾ ਲੱਗਦਾ ਹੈ ਕਿ ਗੜ੍ਹੀ ਦੇ ਮਾਲਕ ਵੱਲੋਂ ਮੁਖਬਰੀ ਹੋਣ 'ਤੇ ਵਜ਼ੀਰ ਖ਼ਾਂ ਸਰਹਿੰਦ ਤੋਂ ਪਹਿਲਾਂ ਦਿੱਲੀ ਤੋਂ ਆਈ ਫੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ, ਜਿਸ ਦੀ ਅਗਵਾਈ ਮਾਲੇਰਕੋਟਲੇ ਵਾਲਾ ਨਾਹਰ ਖ਼ਾਂ ਕਰ ਰਿਹਾ ਸੀ। ਸਰਸਾ ਦੀ ਜੰਗ ਵਿਚ ਸਿੰਘਾਂ ਦਾ ਮੁਕਾਬਲਾ ਕਰਨ ਵਾਲੀ ਵਜ਼ੀਰ ਖ਼ਾਂ ਦੀ ਫੌਜ ਦੇ ਕੁਝ ਸਿਪਾਹੀ ਵੀ ਇੱਥੇ ਹੀ ਆ ਪਹੁੰਚੇ ਸਨ। ਗੜ੍ਹੀ ਦੇ ਅੰਦਰ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਚੜ੍ਹਦੀ ਕਲਾ ਵਿਚ ਬੈਠੀਆਂ ਸਨ। ਰਾਤ ਨੂੰ ਦੁਸ਼ਮਣ ਦੀਆਂ ਫੌਜਾਂ ਵੱਲੋਂ ਘੇਰਾ ਪਾਉਣ ਕਰਕੇ ਗੁਰੂ ਜੀ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਜੰਗ ਸਵੇਰੇ ਹੋਵੇਗੀ। ਗੁਰੂ ਜੀ ਸਾਰੇ ਸਿੰਘਾਂ ਕੋਲ ਵਾਰ-ਵਾਰ ਜਾਂਦੇ ਤੇ ਖੁਸ਼ੀਆਂ ਭਰੀਆਂ ਬਖ਼ਸ਼ਿਸ਼ਾਂ ਦਿੰਦੇ, ਫਿਰ ਉਹ ਸਾਹਿਬਜ਼ਾਦਿਆਂ ਕੋਲ ਜਾਂਦੇ, ਕਈ ਦਿਨਾਂ ਦੇ ਥੱਕੇ-ਟੁੱਟੇ, ਘੋੜਿਆਂ ਦੀ ਸਵਾਰੀ ਦਾ ਲੰਬਾ ਸਫਰ, ਧੂੜ ਨਾਲ ਲਿਬੜੇ ਬਸਤਰ, ਦੋਵੇਂ ਭਰਾ ਇਕ-ਦੂਜੇ ਵੱਲ ਮੂੰਹ ਕਰੀਂ ਤੇ ਗੱਲਵੱਕੜੀਆਂ ਪਾਈ ਬੇਖੌਫ਼ ਸੁੱਤੇ ਪਏ ਨੇ, ਵਾਰ-ਵਾਰ ਰੇਸ਼ਮ ਵਰਗੇ ਮੁਲਾਇਮ ਕੇਸਾਂ 'ਤੇ ਹੱਥ ਫੇਰਦੇ, ਮੱਥੇ ਚੁੰਮਦੇ ਤੇ ਸੋਚਦੇ, ''ਮੇਰੇ ਮਾਸੂਮ ਬੱਚਿਓ, ਤੁਸਾਂ ਕੱਲ੍ਹ ਤੱਕ ਨਹੀਂ ਰਹਿਣਾ।''
  ਛੋਟੇ ਸਾਹਿਬਜ਼ਾਦੇ ਤੇ ਬਿਰਧ ਮਾਤਾ ਜੀ ਸਰਸਾ ਦੀ ਜੰਗ ਸਮੇਂ ਵਿਛੜ ਗਏ, ਨਿੱਕੀਆਂ-ਨਿੱਕੀਆਂ ਲਾਲ ਬੁੱਲ੍ਹੀਆਂ ਤੋਂ ਨਿਕਲਦੀਆਂ ਤੋਤਲੀਆਂ ਆਵਾਜ਼ਾਂ, ਜਦੋਂ ਕਿਸੇ ਪਲ ਲਈ ਅੱਖ ਲੱਗਦੀ ਤਾਂ ਨਿੱਕੇ ਬਾਲ ਪਰਛਾਵਿਆਂ ਵਾਂਗੂੰ ਨਾਲ ਤੁਰਦੇ ਦਿਖਾਈ ਦਿੰਦੇ, ਦੁੱਖਾਂ ਦਾ ਜਿਵੇਂ ਪਹਾੜ ਹੀ ਟੁੱਟ ਪਿਆ ਸੀ। ਕੁਝ ਪਲ ਸੋਚਦੇ ਕਿ ਇਹ ਮਾਸੂਮ ਵੀ ਆਪਣੀ ਖੇਡਣ-ਕੁੱਦਣ ਦੀ ਉਮਰੇ ਉਸ ਦੇ ਨਾਲ ਹੀ ਦੁੱਖ-ਤਕਲੀਫਾਂ ਦੇਖ ਰਹੇ ਨੇ, ਫਿਰ ਲਾਡਲੀਆਂ ਫੌਜਾਂ ਵੱਲ ਵੇਖ ਮਨ ਨੂੰ ਹੌਂਸਲਾ ਦਿੰਦੇ, ਕੋਈ ਵੈਰਾਗ ਨਹੀਂ, ਕੋਈ ਘਬਰਾਹਟ ਨਹੀਂ, ਦੁੱਖ-ਸੁੱਖ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਚੜ੍ਹਦੀ ਕਲਾ ਵਿਚ ਹੀ ਦਿਖਾਈ ਦਿੰਦੇ। 21 ਦਸੰਬਰ, 1704 ਦੀ ਸ਼ਾਮ ਤੱਕ ਦਸ ਲੱਖ ਦੇ ਸ਼ਾਹੀ ਲਸ਼ਕਰ ਨੇ ਗੜ੍ਹੀ ਨੂੰ ਘੇਰਾ ਪਾ ਲਿਆ।
22 ਦਸੰਬਰ ਨੂੰ ਦਿਨ ਚੜ੍ਹਦਿਆਂ ਹੀ ਸੰਸਾਰ ਦਾ ਇਹ ਭਿਆਨਕ ਯੁੱਧ ਆਰੰਭ ਹੋ ਗਿਆ। ਇਕ ਪਾਸੇ ਗੜ੍ਹੀ ਦੇ ਅੰਦਰ  ਉਂਗਲਾਂ 'ਤੇ ਗਿਣੇ ਜਾਣ ਵਾਲੇ 40 ਸਿਦਕੀ ਸਿੰਘ ਤੇ ਦੂਜੇ ਪਾਸੇ ਦੁਸ਼ਮਣ ਦੀ ਹੰਕਾਰੀ 10 ਲੱਖ ਫੌਜ। ਗੜ੍ਹੀ ਦੀਆਂ ਚਾਰੇ ਬਾਹੀਆਂ 'ਤੇ 8-8 ਸਿੰਘ ਤਾਇਨਾਤ ਕਰ ਦਿੱਤੇ। ਦੋਵੇਂ ਵੱਡੇ ਸਾਹਿਬਜ਼ਾਦੇ, ਭਾਈ ਜੀਵਨ ਸਿੰਘ (ਭਾਈ ਜੈਯਤਾ ਜੀ) ਅਤੇ ਪੰਜ ਪਿਆਰੇ ਗੜ੍ਹੀ ਦੀ ਮਮਟੀ 'ਤੇ ਗੁਰੂ ਜੀ ਦੇ ਕੋਲ ਰਹੇ। ਦੁਸ਼ਮਣ ਵੱਲੋਂ ਨਾਹਰ ਖ਼ਾਂ, ਹੈਬਤ ਖ਼ਾਂ, ਗਨੀ ਖ਼ਾਂ, ਇਸਮਾਇਲ ਖ਼ਾਂ, ਉਸਮਾਨ ਖ਼ਾਂ, ਸੁਲਤਾਨ ਖ਼ਾਂ, ਖਵਾਜਾ ਖਿਜਰ ਖ਼ਾਂ, ਜਹਾਂ ਖ਼ਾਂ, ਨਜੀਬ ਖ਼ਾਂ, ਮੀਆਂ ਖ਼ਾਂ, ਦਿਲਾਵਰ ਖ਼ਾਂ, ਸੈਦ ਖ਼ਾਂ, ਜਬਰਦਸਤ ਖ਼ਾਂ ਅਤੇ ਗੁਲਬੇਲ ਖ਼ਾਂ ਆਦਿ ਪ੍ਰਸਿੱਧ ਮੁਗਲ ਜਰਨੈਲ ਵਜੀਦ ਖ਼ਾਂ ਦੀ ਅਗਵਾਈ ਵਿਚ ਗੜ੍ਹੀ ਨੂੰ ਘੇਰਾ ਪਾ ਰਹੇ ਸਨ। ਢੰਡੋਰਾ ਪਿੱਟਵਾ ਕੇ ਗੁਰੂ ਜੀ, ਉਨ੍ਹਾਂ ਦੇ ਸਾਹਿਬਜ਼ਾਦਿਆਂ ਅਤੇ ਲਾਡਲੀਆਂ ਫੌਜਾਂ ਨੂੰ ਜਾਨਾਂ ਬਖਸ਼ਣ ਵਾਸਤੇ, ਆਤਮ-ਸਮਰਪਣ ਕਰ ਦੇਣ ਲਈ ਸ਼ਾਹੀ ਫੁਰਮਾਨ ਸੁਣਾਇਆ ਗਿਆ। ਪਰ ਗੁਰੂ ਜੀ ਨੇ ਜਬਰ, ਜ਼ੁਲਮ ਤੇ ਕੱਟੜਵਾਦ ਵਿਰੁੱਧ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਤੇ ਮਨੂਵਾਦ ਵਿਰੋਧਤਾ ਵਿਰੁੱਧ ਇਨਸਾਫ ਦੀ ਜੰਗ ਵਜੋਂ ਵਜੀਦ ਖ਼ਾਂ ਦੇ ਢੰਡੋਰੇ ਦਾ ਜਵਾਬ ਬੰਦੂਕਾਂ ਦੀਆਂ ਗੋਲੀਆਂ, ਤੀਰਾਂ ਦੀ ਬੁਛਾੜ ਅਤੇ ਬੋਲੇ-ਸੋ-ਨਿਹਾਲ ਸਤਿ-ਸ੍ਰੀ-ਆਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਦਿੱਤਾ। ਗੁਰੂ ਜੀ ਦੇ ਇਸ਼ਾਰੇ 'ਤੇ ਭਾਈ ਜੀਵਨ ਸਿੰਘ ਨੇ ਰਣਜੀਤ ਨਗਾਰੇ ਨੂੰ ਚੋਟ ਲਗਾਈ ਤਾਂ ਚਾਰ-ਚੁਫੇਰਾ ਗੂੰਜ ਉਠਿਆ। ਜਰਨੈਲ ਵਜੋਂ ਸੇਵਾ ਸੰਭਾਲਦਿਆਂ ਭਾਈ ਸਾਹਿਬ ਨੇ ਨਾਗਣੀ ਤੇ ਬਾਘਣੀ ਬੰਦੂਕਾਂ ਸੰਭਾਲ ਲਈਆਂ। ਭਾਵੇਂ ਮੁਗਲ ਫੌਜਾਂ ਵੱਲੋਂ ਵੀ ਤੀਰਾਂ ਅਤੇ ਗੋਲੀਆਂ ਦੀ ਬਾਰਸ਼ ਸ਼ੁਰੂ ਹੋ ਗਈ ਸੀ, ਪਰ ਗੜ੍ਹੀ ਦੇ ਨੇੜੇ ਹੋਣ ਦੀ ਹਿੰਮਤ ਕਿਸੇ ਦੀ ਵੀ ਨਹੀਂ ਸੀ। ਮੁਗਲ ਫੌਜ ਦੇ ਜਰਨੈਲ ਨਾਹਰ ਖ਼ਾਂ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਉਣ ਦੇ ਦ੍ਰਿਸ਼ ਦਾ ਵਰਨਣ ਗੁਰੂ ਜੀ ਇਸ ਤਰ੍ਹਾਂ ਕਰਦੇ ਹਨ:-

ਚੁ ਦੀਦਮ ਕਿ ਨਾਹਰ ਬਿਯਾਮਦ ਬ ਜੰਗ।।
ਚਸ਼ੀਦਹ ਯਕੇ ਤੀਰ ਮਨ ਬੇਦਰੰਗ।। 29 ।।
(ਜਫ਼ਰਨਾਮਾ ਪੰਨਾ ਨੰ. 12)

     ਫਿਰ ਗਨੀ ਖ਼ਾਂ ਨੇ ਵੀ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਗੁਰਜ਼ ਦੇ ਇਕੋ ਵਾਰ ਨਾਲ ਉਸ ਦੇ ਸਿਰ ਦੀ ਮਿੱਝ ਕੱਢ ਦਿੱਤੀ। ਜਰਨੈਲ ਖਵਾਜ਼ਾ ਖਿਜ਼ਰ ਉਕਤ ਦ੍ਰਿਸ਼ ਦੇਖ ਕੇ ਗੜ੍ਹੀ ਦੀ ਕੰਧ ਓਹਲੇ ਲੁੱਕ ਗਿਆ। ਸਿੰਘਾਂ ਦੀ ਚੜ੍ਹਦੀ ਕਲਾ ਨੇ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਵਿਚ ਘਬਰਾਹਟ ਪਾ ਦਿੱਤੀ। ਕੱਚੀ ਗੜ੍ਹੀ ਦੀ ਮਮਟੀ ਤੋਂ ਗੁਰੂ ਜੀ ਆਪ ਤੀਰਾਂ ਦੀ ਵਰਖਾ ਕਰਦੇ ਹੋਣ ਕਰਕੇ ਦੁਸ਼ਮਣ ਦੀਆਂ ਫੌਜਾਂ ਨੇੜੇ ਆਉਣ ਵਿਚ ਅਸਫਲ ਸਨ। ਸਿੰਘਾਂ ਦੀਆਂ ਗੋਲੀਆਂ ਤੇ ਤੀਰਾਂ ਦੀ ਵਰਖਾ ਦੇ ਨਾਲ-ਨਾਲ ਭਾਈ ਜੀਵਨ ਸਿੰਘ ਜਦੋਂ ਬਖਸ਼ਿਸ਼ ਨਾਗਣੀ ਤੇ ਬਾਘਣੀ ਬੰਦੂਕਾਂ ਨਾਲ ਇਕੋ ਸਮੇਂ ਦੋ-ਦੋ ਫਾਇਰ ਕੱਢਦੇ ਤਾਂ ਇੰਜ ਲੱਗਦਾ ਸੀ ਜਿਵੇਂ ਅੰਬਰ ਫਟ ਰਿਹਾ ਹੋਵੇ।
ਗੋਲੀ ਸਿੱਕੇ ਦੀ ਘਾਟ ਹੋਣ 'ਤੇ ਦੁਪਹਿਰ ਵੇਲੇ ਸਿੰਘਾਂ ਨੇ ਪੰਜ-ਪੰਜ ਦੇ ਜਥਿਆਂ ਵਿਚ ਗੜ੍ਹੀ ਤੋਂ ਬਾਹਰ ਆ ਕੇ ਦੁਸ਼ਮਣ ਨਾਲ ਟੱਕਰ ਲੈਣੀ ਸ਼ੁਰੂ ਕੀਤੀ, ਜਿਨ੍ਹਾਂ ਵਿਚ ਭਾਈ ਸਾਹਿਬਾਨ ਧੰਨਾਂ ਸਿੰਘ, ਆਲਮ ਸਿੰਘ, ਆਨੰਦ ਸਿੰਘ, ਧਿਆਨ ਸਿੰਘ ਅਤੇ ਦਾਨ ਸਿੰਘ ਬੋਲੋ ਸੋ ਨਿਹਾਲ ਦੇ ਜੈਕਾਰੇ ਗੂੰਜਾ ਕੇ ਗੜ੍ਹੀ ਤੋਂ ਬਾਹਰ ਆਏ ਤੇ ਦੁਸ਼ਮਣ 'ਤੇ ਬਿਜਲੀ ਵਾਂਗੂ ਟੁੱਟ ਕੇ ਪੈ ਗਏ। ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਦੂਸਰੇ ਜਥੇ ਵਿਚ ਭਾਈ ਸਾਹਿਬਾਨ ਸੇਵਾ ਸਿੰਘ, ਖਜ਼ਾਨ ਸਿੰਘ, ਮੁਕੰਦ ਸਿੰਘ, ਵੀਰ ਸਿੰਘ ਅਤੇ ਜਵਾਹਰ ਸਿੰਘ ਜੰਗ ਦੇ ਮੈਦਾਨ ਵਿਚ ਆਏ। ਦੁਸ਼ਮਣ ਵਿਚ ਹਾਹਾਕਾਰ ਮੱਚੀ ਤੇ ਰੌਲਾ ਪੈ ਗਿਆ। ਅਸਮਾਨ ਗੂੰਜ ਉਠਿਆ ਤੇ ਲਹੂ ਮਿੱਝ ਦਾ ਜਿਵੇਂ ਚਿੱਕੜ ਹੋਣ ਲੱਗ ਪਿਆ। ਅਸਮਾਨਾਂ ਨੂੰ ਚੜ੍ਹਦੀ ਧੂੜ ਵੀ ਉੱਡਣੀ ਬੰਦ ਹੋ ਗਈ। ਸਿੰਘਾਂ ਨੇ ਬਹਾਦਰੀਆਂ ਦੇ ਕਰਤਬ ਦਿਖਾਉਂਦਿਆਂ ਹਜ਼ਾਰਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ।
ਫਿਰ ਭਾਈ ਸਾਹਿਬਾਨ ਫਤਿਹ ਸਿੰਘ, ਸ਼ਾਮ ਸਿੰਘ, ਟਹਿਲ ਸਿੰਘ, ਮਦਨ ਸਿੰਘ ਅਤੇ ਸੰਤ ਸਿੰਘ ਹੋਰਾਂ ਦਾ ਜਥਾ ਭੇਜਿਆ ਗਿਆ। ਡਟਵਾਂ ਮੁਕਾਬਲਾ ਕਰਦਿਆਂ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦਿਆਂ ਚਾਰ ਸਿੰਘ ਸ਼ਹਾਦਤ ਪਾ ਗਏ, ਪੰਜਵਾਂ ਸਿੰਘ ਭਾਈ ਸੰਤ ਸਿੰਘ ਜਿਸ ਦੇ ਬਸਤਰ ਖੂਨ ਨਾਲ ਲੱਥ-ਪੱਥ ਹੋਏ ਪਏ ਸਨ, ਫਿਰ ਵੀ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰ ਰਿਹਾ ਹੈ। ਗੁਰੂ ਜੀ ਦੇ ਕੰਨੀ ਕਨਸੋਆਂ ਪਈਆਂ ਕਿ ਸਾਹਿਬਜ਼ਾਦਿਆਂ ਸਮੇਤ ਤੁਸੀਂ ਆਪਣੀ ਹੋਂਦ ਕਾਇਮ ਰੱਖਣ ਲਈ ਗੜ੍ਹੀ ਛੱਡ ਜਾਓ, ਤਾਂ ਗੁਰੂ ਜੀ ਨੇ ਕਿਹਾ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ। ਪਰ ਜਦੋਂ ਬਹਾਦਰੀ ਦੇ ਕਰਤਬ ਦਿਖਾਉਂਦਾ ਸੰਤ ਸਿੰਘ ਸ਼ਹੀਦ ਹੋ ਗਿਆ ਤਾਂ ਗੁਰੂ ਜੀ ਨੇ ਗੜ੍ਹੀ ਛੱਡਣ ਦਾ ਫੈਸਲਾ ਕਰ ਲਿਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੰਗ ਵਿਚ ਜਾਣ ਦੀ ਆਗਿਆ ਦਿੱਤੀ ਜਾਵੇ। ਤੁਰੰਤ ਥਾਪੀ ਦਿੰਦਿਆਂ ਗੁਰੂ ਜੀ ਨੇ ਅੱਠ ਸਿੰਘਾਂ ਭਾਈ ਮੋਹਕਮ ਸਿੰਘ, ਲਾਲ ਸਿੰਘ, ਈਸ਼ਰ ਸਿੰਘ, ਸੁੱਖਾ ਸਿੰਘ, ਕੇਸਰ ਸਿੰਘ, ਕੀਰਤੀ ਸਿੰਘ, ਕੋਠਾ ਸਿੰਘ ਅਤੇ ਮੁਹਰ ਸਿੰਘ ਦਾ ਜਥਾ ਬਾਬਾ ਅਜੀਤ ਸਿੰਘ ਨਾਲ ਭੇਜਿਆ। ਗੜ੍ਹੀ ਵਿਚੋਂ ਨਿਕਲਦਿਆਂ ਹੀ ਸਿੰਘਾਂ ਨੇ ਜੈਕਾਰੇ ਗੂੰਜਾਏ, ਦੋ ਘੰਟਿਆਂ ਦੇ ਘਮਸਾਨ ਯੁੱਧ ਦੌਰਾਨ ਤੀਰਾਂ ਤੇ ਗੋਲੀਆਂ ਦੀ ਬੁਛਾੜ ਹੋਈ ਅਨੇਕਾਂ ਮੁਗਲ ਸਿਪਾਹੀ ਮਾਰ ਮੁਕਾਏ। ਜੋ ਬਾਬਾ ਜੀ ਦੇ ਤੀਰ ਦਾ ਨਿਸ਼ਾਨਾ ਬਣਦਾ ਅੱਲ੍ਹਾ-ਅੱਲ੍ਹਾ ਪੁਕਾਰ ਕੇ ਢੇਰੀ ਹੋ ਜਾਂਦਾ। ਤੀਰ ਮੁੱਕਣ 'ਤੇ ਸਿੰਘਾਂ ਨੇ ਤਲਵਾਰਾਂ ਕੱਢ ਲਈਆਂ। ਇਕ ਮੁਗਲ ਜਰਨੈਲ ਦੇ ਨੇਜੇ ਦਾ ਵਾਰ ਸਾਹਿਬਜ਼ਾਦੇ 'ਤੇ ਹੋਇਆ। ਉਹ ਤਾਂ ਬਚ ਗਏ ਪਰ ਵਾਰ ਘੋੜੇ 'ਤੇ ਹੋ ਗਿਆ ਤਾਂ ਬਾਬਾ ਜੀ ਨੇ ਕਿਰਪਾਨ ਸੂਤ ਲਈ। ਲੜਦਿਆਂ-ਲੜਦਿਆਂ ਜਥੇ ਦੇ ਸਿੰਘ ਸ਼ਹੀਦ ਹੋ ਗਏ ਤਾਂ ਇਕੱਲਿਆਂ ਵੇਖ ਕੇ ਦੁਸ਼ਮਣ ਬਾਬਾ ਜੀ 'ਤੇ ਝਪਟ ਪਏ। ਬਸਤਰ ਵੀ ਖੂਨ ਨਾਲ ਸੂਹੇ ਹੋ ਗਏ ਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਫਿਰ ਵੱਡੇ ਭਰਾ ਦੇ ਵਾਂਗ ਬਾਬਾ ਜੁਝਾਰ ਸਿੰਘ ਦਾ ਖੂਨ ਵੀ ਜੋਸ਼ ਵਿਚ ਉਬਾਲੇ ਖਾ ਰਿਹਾ ਸੀ, ਨੇ ਜੰਗ ਵਿਚ ਜਾਣ ਲਈ ਪਿਤਾ ਜੀ ਤੋਂ ਆਗਿਆ ਮੰਗੀ। ਪ੍ਰਸੰਨ ਹੋ ਕੇ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਸਮੇਤ ਪੰਜ ਸਿੰਘਾਂ ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਅਮੋਲਕ ਸਿੰਘ ਤੇ ਭਾਈ ਧਰਮ ਸਿੰਘ ਨਾਲ ਮੈਦਾਨੇ ਜੰਗ ਤੋਰਿਆ। ਬਾਬਾ ਅਜੀਤ ਸਿੰਘ ਤੇ ਸਿੰਘਾਂ ਦੀ ਸ਼ਹਾਦਤ ਹੋਣ ਕਰਕੇ ਜਥੇ ਦੇ ਸਿੰਘਾਂ ਵਿਚ ਕਾਫੀ ਜੋਸ਼ ਦੇ ਗੁੱਸਾ ਵੀ ਸੀ। ਬਾਬਾ ਬੁਝਾਰ ਸਿੰਘ ਤੇ ਉਨ੍ਹਾਂ ਦੇ ਜਥੇ ਨੂੰ ਹਮਲਾ ਕਰਨ 'ਤੇ ਵਾਰ-ਵਾਰ ਘੇਰਾ ਪੈ ਜਾਂਦਾ। ਮਮਟੀ ਵਿਚੋਂ ਗੁਰੂ ਜੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਕਰ ਦਿੰਦੇ ਤਾਂ ਦੁਸ਼ਮਣ ਦਾ ਘੇਰਾ ਟੁੱਟ ਜਾਂਦਾ। ਸਾਹਿਬਜ਼ਾਦੇ ਨੇ ਨੇਜ਼ੇ ਨਾਲ ਵੈਰੀਆਂ 'ਤੇ ਵਾਰ ਕਰਕੇ ਬਹਾਦਰੀ ਦੇ ਜੌਹਰ ਵਿਖਾਏ। ਹਕੂਮਤ ਦੀ ਦਸ ਲੱਖ ਤੋਂ ਵੱਧ ਫੌਜ ਅੱਗੇ ਮੁੱਠੀ ਕਰ ਲਾਡਲੀਆਂ ਫੌਜਾਂ ਅਖੀਰ ਕਿੰਨਾ ਕੁ ਸਮਾਂ ਟਿਕ ਸਕਦੀਆਂ ਸਨ। ਸਾਹਿਬਜ਼ਾਦੇ ਸਮੇਤ ਜਥੇ ਦੇ ਸਿੰਘ ਸ਼ਹੀਦੀਆਂ ਪਾ ਗਏ। ਗੁਰੂ ਪਿਤਾ ਜੀ ਨੇ ਖੁਦ ਮੁਕਾਬਲਾ ਕਰਦਿਆਂ ਲਾਡਲੇ ਸਿੰਘਾਂ ਤੇ ਦੋਵਾਂ ਪੁੱਤਰਾਂ ਦੇ ਬੀਰਤਾ ਦੇ ਜੌਹਰ ਦੇਖੇ। ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਨਾਲ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸੀਸ ਝੁਕਾਇਆ। ਸ਼ਹੀਦ ਚਾਲੀ ਸਿੰਘਾਂ ਵਿਚੋਂ 11 ਸਿੰਘ ਭਾਈ ਸਾਹਿਬਾਨ ਧਰਮ ਸਿੰਘ, ਦਇਆ ਸਿੰਘ, ਸੰਗਤ ਸਿੰਘ, ਲੱਧਾ ਸਿੰਘ, ਦੇਵਾ ਸਿੰਘ, ਰਾਮ ਸਿੰਘ, ਸੰਤੋਖ ਸਿੰਘ, ਮਾਨ ਸਿੰਘ, ਕਾਠਾ ਸਿੰਘ, ਕੇਹਰ ਸਿੰਘ ਅਤੇ ਜੀਵਨ ਸਿੰਘ ਰਹਿ ਗਏ। ਮੌਕੇ 'ਤੇ ਨਾਮਜ਼ਦ ਕੀਤੇ ਪੰਜ ਪਿਆਰਿਆਂ ਦੇ ਗੁਰਮਤੇ ਨੂੰ ਪ੍ਰਵਾਨਗੀ ਦਿੰਦਿਆਂ ਅਤਿ-ਨਾਜ਼ੁਕ ਸਥਿਤੀ ਵਿਚ ਗੁਰੂ ਜੀ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਗੜ੍ਹੀ ਨੂੰ ਛੱਡਣਾ ਪਿਆ ਤਾਂ ਗੁਰੂ ਜੀ ਜਾਣ ਸਮੇਂ ਆਪਣੀ ਪਵਿੱਤਰ ਕਲਗੀ ਤੇ ਬਾਣਾ ਭਾਈ ਜੀਵਨ ਸਿੰਘ ਜੀ ਨੂੰ ਪਹਿਨਾ ਕੇ ਅਤੇ ਆਪਣੀ ਥਾਂ 'ਤੇ ਯੁੱਧ ਨੀਤੀ ਨਾਲ ਬੁਰਜ ਵਿਚ ਬਿਠਾ ਕੇ, ਆਪ ਤਿੰਨ ਸਿੰਘਾਂ ਸਮੇਤ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨਗੀ ਦੇ ਗਏ। ਗੜ੍ਹੀ  ਪ੍ਰਕਰਮਾ ਵਿਚ ਚਾਲੀ ਸਿੰਘਾਂ ਵਿਚੋਂ ਵੱਡੇ ਸਾਹਿਬਜ਼ਾਦਿਆਂ ਦੀ ਇਤਿਹਾਸਕ ਯਾਦਗਾਰ ਦੇ ਨੇੜੇ ਭਾਈ ਜੀਵਨ ਸਿੰਘ ਦੀ ਇਕੋ-ਇਕ ਪ੍ਰਾਚੀਨ ਤੇ ਇਤਿਹਾਸਕ ਯਾਦਗਾਰ, ਜਿਸ ਦੇ ਵੇਰਵੇ ਇਤਿਹਾਸਕ ਗ੍ਰੰਥਾਂ ਵਿਚ ਮਿਲਦੇ ਹਨ, ਬਣੀ ਹੋਈ ਹੈ, ਜੋ ਕਿ ਹਾਜ਼ਰ 11 ਸਿੰਘਾਂ ਵਿਚੋਂ ਸਭ ਤੋਂ ਪਿੱਛੋਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਮਹਾਨ ਰੰਘਰੇਟੇ ਜਰਨੈਲ ਸਨ।

ਲੇਖ - ਗੁਰਮੇਲ ਸਿੰਘ ਗਿੱਲ