image caption:

ਵਿਸ਼ੇਸ਼ ਲੇਖ - ਪੁਆਧ ਦੀ ਹਿੱਕ 'ਤੇ ਉਕਰੀ ਸੱਤ ਰਾਤਾਂ ਦੀ ਦਾਸਤਾਨ

ਲੇਖ - ਸ਼ਮਸ਼ੇਰ ਸਿੰਘ ਡੂਮੇਵਾਲ 

   ਜਦੋਂ ਕਦੇ ਪੁਆਧ ਦੇ ਖਿੱਤੇ ਅੰਦਰ ਦਸਮੇਸ਼ ਪਿਤਾ ਦੀ ਜਗੀਰ 'ਤੇ ਡਾਕਾ ਮਾਰਨ ਵਾਲੀਆਂ ਪੋਹ ਦੀਆਂ ਸੱਤ ਕਕਰੀਲੀਆਂ ਤੇ ਲਹੂ ਨੂਚੜਦੀਆਂ ਰਾਤਾਂ ਦਾ ਜ਼ਿਕਰ ਛਿੜਦਾ ਹੈ ਤਾਂ ਤਵਾਰੀਖ ਦਾ ਇਹ ਬੇਦਰਦ ਤੇ ਸੰਗੀਨ ਪੱਖ ਮਾਨਵਤਾ ਨੂੰ ਸ਼ਾਹਰਗ ਤੱਕ ਜ਼ਖ਼ਮੀ ਕਰ ਸੁੱਟਦਾ ਹੈ। ਐਨ ਉਦੋਂ ਜਦੋਂ ਨੀਲੇ ਸ਼ਾਹ ਅਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੀ ਆਗੰਮੀ ਰਜ਼ਾ ਨੂੰ ਸਜ਼ਦਾ ਕਰਦਿਆਂ ਛੇ-ਸੱਤ ਪੋਹ ਦੀ ਦਰਮਿਆਨੀ ਰਾਤ ਦੇ ਆਲਮ ਵਿੱਚ ਕਿਲਾ ਆਨੰਦਗੜ੍ਹ ਨੂੰ ਆਖਰੀ ਫਤਹਿ ਬੁਲਾ ਕੇ ਮਾਲਵੇ ਵੱਲ ਨੂੰ ਤੁਰ ਪਏ। ਜ਼ਿੰਦਗੀ ਦੀ ਅਜ਼ੀਮ ਤੇ ਕਠਿਨ ਪ੍ਰੀਖਿਆ ਭਵਿੱਖ ਦੀਆਂ ਸੱਤ ਰਾਤਾਂ ਦੇ ਰੂਪ ਵਿੱਚ ਆਦਮਖੋਰ ਡੈਣ ਵਾਗੂੰ ਬਾਹਾਂ ਉਲਾਰ ਖੜ੍ਹੀ ਸੀ। ਗੁਰੂ ਤੇ ਗੁਰੂਕਿਆਂ ਲਈ ਇਸ ਤੋਂ ਪਹਿਲਾਂ ਬੀਤੀਆਂ ਰਾਤਾਂ ਵੀ ਡਾਹਢੀਆਂ ਜ਼ੋਖ਼ਮਗ੍ਰਸਤ ਹੋ ਨਿੱਬੜੀਆਂ ਸਨ। ਭੁੱਖ, ਪਿਆਸ ਤੇ ਕੜਾਕੇਦਾਰ ਸਰਦੀ ਦਾ ਆਲਮ ਜਿੱਥੇ ਜਿਸਮਾਨੀ ਕਹਿਰ ਵਰਸਾ ਰਿਹਾ ਸੀ, ਉੱਥੇ ਵਫ਼ਾਦਾਰੀ ਵੱਟੇ ਮਿਲੀ ਗ਼ਦਾਰੀ ਰੂਹਾਨੀ ਫੱਟ ਬਣ ਕੇ ਰਿਸ ਰਹੀ ਸੀ ਪਰ ਇਸ ਦੇ ਬਾਵਜੂਦ ਮੁਗਲ ਸਲਤਨਤ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੇ ਮੌਕਾਪ੍ਰਸਤ ਗਠਜੋੜ ਨਾਲ ਜ਼ਿੰਦਾਦਿਲੀ, ਸਿਦਕ ਤੇ ਸਿਰੜ ਦੀ ਜੰਗ ਲ਼ੜਨ ਲਈ ਸਿੰਘਾਂ ਦੇ ਡੌਲੇ ਫਰਕ ਰਹੇ ਸਨ। ਜਦੋਂ ਗੁਰੂ ਜੀ ਤੋਂ ਕਿਲਾ ਛੁਡਵਾਉਣ ਖ਼ਾਤਰ ਇਸ ਗਠਜੋੜ ਦੀ ਸਾਜ਼ਿਸ਼ ਕੁਰਾਨ-ਏ-ਪਾਕ ਤੇ ਮੁਕੱਦਸ ਗੀਤਾ ਦੀਆਂ ਕਸਮਾਂ ਤੱਕ ਆ ਪਹੁੰਚੀ ਤਾਂ ਗੁਰੁ ਜੀ ਨੇ ਮਾਤਾ ਗੁਜਰੀ ਜੀ ਦੀਆਂ ਨਸੀਹਤਾਂ ਤੇ ਨੀਤੀਵਾਨ ਸਿੰਘਾਂ ਦੀ ਰਾਇ ਵਿਚਾਰਨ ਉਪਰੰਤ ਕਿਲ਼ਾ ਛੱਡਣ ਦਾ ਫ਼ੈਸਲਾ ਤਸਦੀਕ ਕਰ ਦਿੱਤਾ। ਜ਼ਿੰਦਾਦਿਲੀ, ਵਤਨਪ੍ਰਸਤੀ ਤੇ ਈਮਾਨਪ੍ਰਸਤੀ ਦੇ ਕਾਫ਼ਲੇ ਨਾਲ ਗੁਰੁ ਜੀ ਅਜੇ ਬਹੁਤੀ ਦੂਰ ਨਹੀਂ ਸੀ ਪਹੁੰਚੇ ਕਿ ਕੂੜ, ਫਰੇਬ, ਛੱਲ ਤੇ ਕੱਟੜਪ੍ਰਸਤੀ ਦੀ ਭਰੀ ਗਾਗਰ ਚੌਰਾਹੇ ਫੁੱਟ ਗਈ। ਬੇਅਸੂਲਾ ਗਠਜੋੜ ਸਵੈ-ਸਿਰਜੀਆਂ ਕੁਰਾਨ-ਏ-ਪਾਕ ਤੇ ਗੀਤਾ ਦੀਆਂ ਕਸਮਾਂ ਨੂੰ ਸਿਰੋਂ ਕਲਮ ਕਰ ਕੇ ਤੇ ਕਮੀਨਗੀ ਦੀ ਹੱਦ ਤੋੜ ਕੇ ਗੁਰੂ ਜੀ ਦੇ ਕਾਫ਼ਲੇ 'ਤੇ ਟੁੱਟ ਪਿਆ। ਵਿਸ਼ਵਾਸਘਾਤ ਦੀ ਹਨੇਰੀ ਝੁੱਲੀ ਪਰ ਪੰਥ ਦੇ ਪਿਤਾ ਦਾ ਉੱਚਾ-ਸੁੱਚਾ ਵਿਸ਼ਵਾਸ ਉਸ ਪਿਤਾ ਨਾਲ ਜੁੜਿਆ ਸੀ, ਜਿਸ ਨੇ ਉਸ ਨੂੰ ਕਦੇ ਆਪਣਾ ਸੁੱਤ (ਸਪੂਤ) ਕਹਿ ਕੇ ਨਿਵਾਜਿਆ ਸੀ। ਦੁਸ਼ਟਾਂ ਦਾ ਨਾਸ਼ ਕਰਨ ਤੇ ਸੱਚ 'ਤੇ ਪਹਿਰਾ ਦੇਣ ਲਈ ਡਿਊਟੀ ਪਾਬੰਦ ਕੀਤੀ ਸੀ। ਇੱਥੇ ਹੀ ਦੁਸ਼ਟ ਦਮਨ ਪਾਤਸ਼ਾਹ ਦਾ ਉਹ ਤਜਰਬਾ ਵੀ ਪੱਥਰ 'ਤੇ ਲਕੀਰ ਸਾਬਤ ਹੋ ਗਿਆ ਜੋ ਉਨ੍ਹਾਂ ਚੰਦ ਕੁ ਦਿਨ ਪਹਿਲਾਂ ਕਿਲਾ ਛੱਡਣ ਦਾ ਫਰਜ਼ੀ ਪ੍ਰਪੰਚ ਰਚ ਕੇ ਕੀਤਾ ਸੀ।
ਕਾਲੀਆਂ ਰਾਤਾਂ ਵਿੱਚ ਮੌਸਮੀ ਤੇ ਜੰਗਾਜੂ ਪ੍ਰਸਥਿਤੀਆਂ ਨੂੰ ਘੋੜਿਆਂ ਦੇ ਪੌੜਾਂ ਹੇਠ ਲਿਤਾੜ ਕੇ ਸਰਸਾ ਨਦੀ ਕਿਨਾਰੇ ਅੱਪੜੇ ਸਿੰਘਾਂ ਨੇ ਨਾ ਸਿਰਫ ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਏ, ਬਲਕਿ ਧੋਖਾਧੜੀ ਦੀ ਗ੍ਰਿਫ਼ਤ ਵਿੱਚ ਜਕੜੇ ਇਸਲਾਮ ਦੇ ਅਖੌਤੀ ਠੇਕੇਦਾਰਾਂ ਦੇ ਲਹੂ ਦੀਆਂ ਤੇਗਾਂ ਦੀਆਂ ਬੁੱਲੀਆਂ ਨੂੰ ਕਦੇ ਨਾ ਲੱਥਣ ਵਾਲੀ ਸੁਰਖੀ ਲਗਾ ਕੇ ਸੂਰਮਗਤੀ ਦੀ ਮਿਸਾਲ ਪੈਦਾ ਕੀਤੀ। ਅਫਸੋਸ! ਅਨੇਕਾਂ ਜ਼ਾਂਬਾਜ਼ ਯੋਧਿਆਂ ਨਾਲ ਸਰਸਾ ਦੀਆਂ ਛੱਲਾਂ ਕਲਗੀਧਰ ਦੀ ਕਲਮ ਵਿਚੋਂ ਉਪਜੀ ਉਸ ਆਲਮੀ ਲੋਅ ਨੂੰ ਵੀ ਖਾਮੋਸ਼ ਕਰ ਗਈਆਂ, ਜਿਸ ਨੇ ਸਦੀਵ ਕਾਲ ਲਈ ਨਸਲਾਂ ਦੇ ਰਾਹ ਰੁਸ਼ਨਾਉਣੇ ਸਨ। ਸਰਸਾ ਦੇ ਰੋੜ ਵਿੱਚ ਗੁਆਚੇ ਗੁਰੂ ਜੀ ਦੇ ਰਚਿਤ ਸਾਹਿਤ ਅਤੇ ਪੁਰਾਤਨ ਗ੍ਰੰਥਾਂ ਜਾਂ ਹੋਰ ਦਸਤਾਵੇਜ਼ਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸਰਸਾ ਕਿਨਾਰੇ ਹੋਏ ਘਮਾਸਾਨ ਯੁੱਧ ਵਿਚ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਤਕਸੀਮ ਹੋ ਗਿਆ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਣੇ ਸਰਸਾ ਦੇ ਕਿਨਾਰੇ ਤੁਰੇ ਜਾਂਦੇ ਅੰਤ ਗੰਗੂ ਦੇ ਪਿੰਡ ਸਹੇੜੀ ਪੁੱਜ ਗਏ। ਗੁਰੁ ਕੇ ਮਹਿਲ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਰਵਾਨਾ ਹੋ ਗਏ। ਜਦਕਿ ਗੁਰੂ ਸਾਹਿਬ ਖੁਦ ਵੱਡੇ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਸਿੰਘਾਂ ਸਣੇ ਰੋਪੜ ਵੱਲ ਹੋ ਤੁਰੇ। ਕਵੀ ਨੇ ਲਿਖਿਆ-

ਸਰਸਾ ਕੰਢੇ ਘਮਸਾਨ ਦਾ ਯੁੱਧ ਹੋਇਐ,
ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ।
ਭੇਟਾ ਨਦੀ ਦੇ ਕੀਮਤੀ ਗ੍ਰੰਥ ਹੋ ਗਏ,
ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ
ਜਿਹੜਾ ਚਾਵਾਂ ਨਾਲ
ਮਹਿਲ ਉਸਾਰਿਆ ਸੀ,
ਇੱਟ ਕਿਸੇ ਪਾਸੇ ਰੋੜਾ ਕਿਸੇ ਪਾਸੇ
ਕੰਵਲ ਚੰਨ ਤੇ ਸੂਰਜ ਜਹੇ ਪੁੱਤਰਾਂ ਦਾ,
ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ

ਰੋਪੜ ਦੀ ਧਰਤੀ 'ਤੇ ਨੀਲੇ ਦੇ ਪੌੜਾਂ ਨਾਲ ਤਪਦਾ ਭੱਠਾ ਸੀਤ ਕਰਨ ਦਾ ਆਲੌਕਿਕ ਜਲਵਾ ਦਿਖਾਉਣ ਤੋਂ ਬਾਅਦ ਨਿਹੰਗ ਖਾਨ ਨੇ ਗੁਰੂ ਜੀ ਨਾਲ ਰੂਹਾਨੀ ਵਫ਼ਾ ਨਿਭਾਉਂਦਿਆਂ ਅੱਲਾ ਦਾ ਸੱਚਾ-ਸੁੱਚਾ ਤੇ ਹਕੀਕੀ ਇਸਲਾਸਪ੍ਰਸਤ ਹੋਣ ਦਾ ਸਬੂਤ ਦਿੱਤਾ। ਉਪਰੰਤ ਗੁਰੂ ਜੀ ਨੇ 22 ਦਸੰਬਰ ਨੂੰ ਸਵੇਰੇ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਨਾਲ ਚੌਧਰੀ ਬੁਧੀ ਚੰਦ ਦੀ ਕੱਚੀ ਗੜ੍ਹੀ ਵਿਚ ਜਾ ਮੋਰਚੇ ਲਾਏ! ਗੜੀ ਦੀਆਂ ਕੰਧਾਂ ਕੱਚੀਆਂ ਸਨ ਪਰ ਸਿੰਘਾਂ ਦੇ ਇਰਾਦੇ ਮਜ਼ਬੂਤ। ਗਿਣਤੀ ਨਾਂਮਾਤਰ ਸੀ ਪਰ ਸਮਰੱਥਾ ਤੇ ਸੰਕਲਪ ਲੱਖਾਂ ਦਾ ਮੁਕਾਬਲਾ ਕਰਨ ਲਈ ਤਤਪਰ ਸੀ। ਸਿੰਘਾਂ ਦੇ ਚਟਾਨ ਵਰਗੇ ਫੌਲਾਦ ਇਰਾਦਿਆਂ ਦੀ ਤਰਜਮਾਨੀ ਕਰਦਾ ਸੰਤ ਰਾਮ ਉਦਾਸੀ ਲਿਖਦਾ ਹੈ।

'ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ
ਟੁਭੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ,
ਲੱਭ ਲਵਾਂਗੇ ਸਾਰੇ ਹੀ ਗੀਤ ਤੇਰੇ।
ਏਸ ਕੱਚੀ ਚਮਕੌਰ ਦੀ ਗੜ੍ਹੀ ਅੱਗੇ,
ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ,
ਝੋਰਾ ਕਰੀਂ ਨਾ ਕਿਲੇ ਆਨੰਦਗੜ੍ਹ ਦਾ,
ਕੁੱਲੀ-ਕੁੱਲੀ ਨੂੰ ਕਿਲਾ ਬਣਾ ਦਿਆਂਗੇ।

    ਆਖਿਰ ਉਸ ਘੜੀ ਨੇ ਬਰੂਹਾਂ 'ਤੇ ਆ ਦਸਤਕ ਦਿੱਤੀ, ਜਿਸ ਦਾ ਤੀਬਰ ਇੰਤਜ਼ਾਰ ਗੁਰੂ ਜੀ ਨੂੰ ਲੰਮੇ ਸਮੇਂ ਤੋਂ ਸੀ। ਸ਼ਹੀਦ ਪਿਤਾ ਦੇ ਪੁੱਤਰ ਨੇ ਆਪਣੇ ਪੁੱਤਰਾਂ ਨੂੰ ਲਾੜੀ ਮੌਤ ਮਰਨ ਲਈ ਤੋਰਨ ਮੌਕੇ ਸਿਰਾਂ 'ਤੇ ਹੱਥੀਂ ਕਲਗੀਆਂ ਸਜਾਈਆਂ। ਲਹੂ ਵੀਟਵੀਂ ਜੰਗ ਤੋਂ ਬਾਅਦ ਵੀਰਗਤੀ ਪ੍ਰਾਪਤ ਕਰਨ 'ਤੇ ਖੁਸ਼ੀਆਂ ਦੇ ਜੈਕਾਰੇ ਗਜਾ ਕੇ ਚੜ੍ਹਦੀ ਕਲਾ ਦਾ ਸਬੂਤ ਦਿੱਤਾ। ਚਾਰ ਤੀਰਾਂ ਨਾਲ਼ ਚਾਰ ਚਿੱਠੀਆਂ ਬੰਨ੍ਹ ਚਾਰ ਮੁਗਲ ਜਰਨੈਲਾਂ ਨੂੰ ਮੌਲਿਕ ਹਸਤੀ ਦਾ ਅਹਿਸਾਸ ਕਰਵਾਉਂਦਿਆਂ ਮੁਗਲ ਸਲਤਨਤ ਚਾਰੇ ਪਾਵੇ ਹਿਲਾ ਦਿੱਤੇ। ਲੋਕਾਈ ਦੀ ਚਾਰੇ ਕੂਟਾਂ ਗੂਰੂ ਸਤਿਕਾਰ ਵਿਚ ਝੁਕ ਗਈਆਂ। ਸਿੰਘਾਂ ਨੇ ਗੜ੍ਹੀ ਛੱਡਣ ਦੀ ਨਸੀਹਤ ਦਿੱਤੀ, ਗੁਰੂ ਜੀ ਦੀ ਅਸੂਲਪ੍ਰਸਤੀ ਨੇ ਰੱਦ ਕਰ ਦਿੱਤੀ। ਸਿੰਘਾਂ ਨੇ ਗੜ੍ਹੀ ਛੱਡਣ ਦਾ ਹੁਕਮ ਲਗਾਇਆ, ਗੁਰੂ ਜੀ ਦੇ ਸਿਦਕ ਨੇ ਸੀਸ ਨਿਭਾ ਕੇ ਸਵੀਕਾਰ ਕਰ ਲਿਆ। 'ਸਵਾ ਲਾਖ ਸੇ ਏਕ ਲੜਾਊਂ' ਦਾ ਕਥਨ ਸੱਚ ਸਾਬਤ ਕਰਨ ਉਪਰੰਤ ਭਾਈ ਸੰਗਤ ਜੀ ਦੇ ਸੀਸ ਕਲਗੀ ਸਜਾ ਕੇ 'ਆਪੇ ਗੁਰੂ ਆਪੇ ਚੇਲਾ' ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾ ਦਿੱਤਾ।
    ਕਾਲੀ ਬੋਲੀ ਰਾਤ ਦੇ ਆਲਮ ਵਿੱਚ ਜੰਗੀ ਅਖਾੜੇ ਨੂੰ ਤਿੰਨ ਵਾਰੀ ਤਾੜੀ ਮਾਰ, ਜਦੋਂ ਚੁਣੌਤੀ ਦੇ ਕੇ ਨਿਕਲੇ ਤਾਂ ਮੌਤ ਦੇ ਤਾਂਡਵ ਨਾਚ ਦੇ ਨਿਸ਼ਾਨ ਗੁਰੂ ਜੀ ਦੀਆਂ ਅੱਖਾਂ ਸਾਹਵੇਂ ਝੂੰਮਰ ਪਾਉਣ ਲੱਗੇ। ਪੁੱਤਰਾਂ ਦੀਆਂ ਲਹੂ-ਲਬਰੇਜ ਤੇ ਸਿੰਘਾਂ ਦੀਆਂ ਬਿਨਾਂ ਸਿਰੋਂ ਲਾਸ਼ਾਂ ਨੂੰ ਅੱਖੀਂ ਤੱਕਿਆ ਪਰ ਉਹ ਇਹੋ ਆਖਦੇ ਮਾਛੀਵਾੜੇ ਵੱਲ ਹੋ ਤੁਰੇ।

ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ,
ਭਾਵੇਂ ਆਪਣੇ ਬਾਗ ਵੀਰਾਨ ਹੋ ਗਏ।  
ਹੱਥੀਂ ਛਾਂ ਕੀਤੀ ਲੱਖਾਂ ਪੁੱਤਰਾਂ ਨੂੰ,
ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ।

   ਦੂਜੇ ਪਾਸੇ ਸਹੇੜੀ ਪਹੁੰਚੇ ਮਾਤਾ ਗੁਜਰੀ ਜੀ ਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਨਮਕ ਹਰਾਮ ਹੋਏ ਗੰਗੂ ਬ੍ਰਾਹਮਣ ਨੇ 21 ਸਾਲ ਦੇ ਵਫ਼ਾਦਾਰੀਆਂ ਦੇ ਜ਼ਿਹਨ ਵਿੱਚ ਡੂੰਘਾ ਖੰਜ਼ਰ ਖੋਭ ਕੇ ਮੁਗਲ ਹਕੂਮਤ ਕੋਲ ਫੜਾ ਦਿੱਤਾ।

ਕੁੱਲ ਹਿੰਦ ਨੂੰ ਸਰ ਕਰਨ ਤੋਂ ਬਾਅਦ ਸਰਹਿੰਦ ਬਣੀ ਧਰਤੀ 'ਤੇ ਮੁਗਲ ਸਲਤਨਤ ਵੱਲੋਂ ਕੱਟੜਤਾ ਦੇ ਚਿੱਟੇ ਦਿਨ ਕੱਢੇ ਜ਼ਨਾਜੇ 'ਤੇ ਸਬਰ ਹੱਥੋਂ ਜਬਰ ਦੀ ਹੋਈ ਕਰਾਰੀ ਹਾਰ ਅੱਜ ਜਿੱਥੇ ਬੇਨਜ਼ੀਰ ਤੇ ਦਿਲ ਕੰਬਾਊ ਤਵਾਰੀਖ ਦਾ ਅਤੁੱਟ ਅੰਗ ਬਣ ਚੁੱਕੇ ਹਨ, ਉਥੇ ਬਾਬਾ ਮੋਤੀ ਰਾਮ ਮਹਿਰਾ ਦਾ ਗੁਰੂਕਿਆਂ ਪ੍ਰਤੀ ਬੇਜੋੜ ਸੁਨੇਹ, ਦੀਵਾਨ ਟੋਡਰ ਮੱਲ ਦਾ ਸਿਦਕ ਤਤਕਾਲੀ ਸਿਆਸੀ ਪੱਖਾਂ ਤੋਂ ਉੱਚੇ ਉੱਠ ਕੇ ਨਵਾਬ ਸ਼ੇਰ ਮੁਹੰਮਦ ਮਾਲੇਰਕੋਟਲਾ ਵੱਲੋਂ ਮਾਰਿਆ ਹਾਅ ਦਾ ਨਾਅਰਾ ਤਾਮਾਮ ਕੌਮ ਦੇ ਜ਼ਿਹਨ ਵਿੱਚ ਅੱਜ ਪੀੜ ਉਤੇ ਟਕੋਰ ਬਣੇ ਹੋਏ ਹਨ। ਆਨੰਦਗੜ੍ਹ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਦੇ ਬਿਖੜੇ ਅਤੇ ਜ਼ੋਖ਼ਮਗ੍ਰਸਤ ਪੰਧ ਦੀਆਂ ਇਹੋ ਖੂਨੀ ਸੱਤ ਰਾਤਾਂ ਸਨ, ਜੋ ਸਦੀਵੀ ਕਾਲ ਲਈ ਕੌਮੀ ਮਾਰਗ ਲਈ ਰਾਹ-ਦਸੇਰਾ ਹੋ ਨਿੱਬੜੀਆਂ।

ਲੇਖ - ਸ਼ਮਸ਼ੇਰ ਸਿੰਘ ਡੂਮੇਵਾਲ