image caption: ਰਜਿੰਦਰ ਸਿੰਘ ਪੁਰੇਵਾਲ

ਫੈਜ਼ ਅਹਿਮਦ ਫੈਜ਼ ਦੀ ਕਵਿਤਾ ਤੋਂ ਕਿਉਂ ਡਰ ਰਹੇ ਹਨ ਭਗਵੇਂਵਾਦੀ

   ਫੈਜ਼ ਦੀ ਰਚਨਾ 'ਹਮ ਦੇਖੇਂਗੇ' ਉਸ ਵਕਤ ਸੁਰਖੀਆਂ ਵਿੱਚ ਆ ਗਈ ਜਦੋਂ ਪਿਛਲੇ ਦਿਨੀਂ ਕਾਨਪੁਰ ਦੇ ਵਿਦਿਆਰਥੀਆਂ ਨੇ ਜਾਮੀਆ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਰੈਲੀ ਕੱਢਣ ਦੀ ਕਾਲਜ ਤੋਂ ਇਜਾਜ਼ਤ ਮੰਗੀ ਤੇ ਉਨ੍ਹਾਂ ਨੂੰ ਸਾਫ ਮਨ੍ਹਾ ਕਰ ਦਿੱਤਾ ਗਿਆ। ਇਸ ਦੇ ਫਲਸਰੂਪ ਕਾਲਜ ਦੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਹੀ ਇਕੱਠੇ ਬੈਠ ਕੇ ਫ਼ੈਜ਼ ਦੀ ਉਕਤ ਨਜ਼ਮ ਨੂੰ ਗਾਇਆ। ਦੁਖਾਂਤ ਦੀ ਗੱਲ ਇਹ ਹੈ ਕਿ ਜਿਸ ਫੈਜ਼ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੇ ਭਲੇ ਲਈ ਲੇਖੇ ਲਾ ਦਿੱਤੀ, ਉਸ ਫੈਜ਼ ਦੀ ਉਕਤ ਨਜ਼ਮ ਨੂੰ ਕੁਝ ਤੰਗ ਨਜ਼ਰ ਵਿਦਿਆਰਥੀਆਂ ਨੇ ਹਿੰਦੂ ਵਿਰੋਧੀ ਆਖਿਆ ਤੇ ਇਸਦੀ ਸ਼ਿਕਾਇਤ ਆਈ ਆਈ ਟੀ ਡਾਇਰੈਕਟਰ ਨੂੰ ਲਿਖ਼ਤੀ ਰੂਪ ਵਿੱਚ ਦਿੱਤੀ ਕਿ ਕੈਂਪਸ ਵਿੱਚ ਹਿੰਦੂ-ਵਿਰੋਧੀ ਕਵਿਤਾ ਪੜ੍ਹੀ ਗਈ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਇਸ ਕਵਿਤਾ ਨੂੰ ਪੜ੍ਹਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਆਈ ਆਈ ਟੀ ਮੈਨੇਜਮੈਂਟ ਨੇ ਇਸ ਉੱਤੇ ਜਾਂਚ ਬਿਠਾ ਦਿੱਤੀ ਹੈ। ਹਾਲਾਂਕਿ ਇਸ ਨਜ਼ਮ ਵਿੱਚ ਹਿੰਦੂ ਵਿਰੋਧੀ ਕੁਝ ਵੀ ਨਹੀਂ ਹੈ।
    ਇੰਝ ਜਾਪਦਾ ਹੈ ਕਿ ਭਗਵਾਂਵਾਦੀ ਪ੍ਰਬੰਧ ਫੈਜ਼ ਨੂੰ ਦੇਸ਼ ਵਿਰੋਧੀ ਐਲਾਨਣ 'ਤੇ ਤੁਲਿਆ ਹੋਇਆ ਹੈ। ਫੈਜ਼ ਦੇ ਜਿਉਂਦੇ ਜੀ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਵਿਚ ਫੈਜ਼ ਦੀ ਤਰ੍ਹਾਂ ਇਸਲਾਮ ਖਤਰੇ ਵਿਚ ਆ ਚੁੱਕਿਆ ਸੀ ਤੇ ਮਰਨ ਉਪਰੰਤ ਉਸ ਦੇ ਹਿੰਦੂ ਵਿਰੋਧੀ ਹੋਣ ਦੇ ਦੋਸ਼ ਹਨ। ਅਸਲ ਵਿਚ ਇਹ ਸੋਚ ਫਿਰਕੂ ਤੇ ਫਾਸ਼ੀਵਾਦੀ ਲੋਕਾਂ ਦੀ ਹੈ। ਕਵਿਤਾ ਤੇ ਸ਼ਾਇਰੀ ਸਮੇਂ ਤੋਂ ਪਾਰ ਹੁੰਦੀ ਹੈ। ਜਿਨ੍ਹਾਂ ਦੀ ਕਵਿਤਾ ਸ਼ਾਇਰੀ ਤੋਂ ਪਾਰ ਹੁੰਦੀ ਹੈ, ਉਹੀ ਮਹਾਨ ਸ਼ਾਇਰ ਹੁੰਦੇ ਹਨ। ਹਾਲਾਂ ਕਿ ਫੈਜ਼ ਅਹਿਮਦ ਫੈਜ਼ ਦੀ ਨਜ਼ਮ ਵਿਚ ਕੁਝ ਵੀ ਅਜਿਹਾ ਨਹੀਂ, ਜਿਸ ਦੀ ਮਨਚਾਹੀ ਵਿਆਖਿਆ ਕਰਕੇ ਇਸ ਨੂੰ ਹਿੰਦੂ ਵਿਰੋਧੀ ਕਿਹਾ ਜਾਵੇ। ਪਰ ਫੈਕਲਿਟੀ ਮੈਂਬਰ ਖਾਸ ਤੌਰ 'ਤੇ ਨਜ਼ਮ ਦੇ 'ਬੁੱਤ ਉਠਾਏ ਜਾਏਗੇ' ਤੇ 'ਨਾਮ ਰਹੇਗਾ ਅੱਲਾ ਕਾ' ਵਾਲੇ ਹਿੱਸੇ ਵਿਚ ਕੁਝ ਨਜ਼ਰ ਆ ਗਿਆ, ਜੋ ਉਸ ਦੀ ਵਿਆਖਿਆ ਵਿਚ ਹਿੰਦੂ ਵਿਰੋਧ ਹੈ ਜਾਂ ਹੋ ਸਕਦਾ ਹੈ। ਸੁਆਲ ਇਹ ਹੈ ਕਿ ਜੇਕਰ ਕਿਸੇ ਨਜ਼ਮ ਵਿਚ ਅੱਲਾ ਸ਼ਬਦ ਦਰਜ ਹੈ ਤਾਂ ਕੀ ਉਹ ਨਜ਼ਮ ਹਿੰਦੂ ਵਿਰੋਧੀ ਹੋ ਜਾਵੇਗੀ? ਜੋ ਸ਼ਾਇਰੀ ਮਨੁੱਖਤਾ ਦੀ ਗੱਲ ਕਰਦੀ ਹੈ, ਉਹ ਈਸ਼ਵਰ, ਅੱਲਾ ਵਿਚ ਫਰਕ ਨਹੀਂ ਰੱਖਦੀ। ਇਹ ਧਰਮ ਵਰਗੀ ਪਵਿੱਤਰ ਹੁੰਦੀ ਹੈ। ਫੈਜ਼ ਨੂੰ ਹਿੰਦੂ ਵਿਰੋਧੀ ਦੱਸਣ ਵਾਲਿਆਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਹਮੇਸ਼ਾ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੇ ਲਈ ਖੜੇ ਰਹੇ। ਇਕ ਪਾਸੇ ਉਹਨਾਂ ਨੇ ਆਪਣੇ ਮੁਲਕ ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੇ ਲਈ ਆਵਾਜ਼ ਬੁਲੰਦ ਕੀਤੀ, ਉੱਥੇ ਭਾਰਤ ਵਿਚ ਇਕ ਸਮੇਂ ਦੌਰਾਨ ਨਹਿਰੂ ਤੇ ਇੰਦਰਾ ਗਾਂਧੀ ਦੇ ਪਿਆਰੇ ਇਸ ਸ਼ਾਇਰ ਨੇ ਇੰਦਰਾ ਤੱਕ ਦੀ ਆਲੋਚਨਾ ਕਰ ਦਿੱਤੀ।
ਇੱਥੇ ਜ਼ਿਕਰਯੋਗ ਹੈ ਕਿ ਫੈਜ਼ ਦਾ ਜਨਮ 13 ਫਰਵਰੀ 1911 ਨੂੰ ਅਣਵੰਡੇ ਪੰਜਾਬ ਦੇ ਸ਼ਹਿਰ ਸਿਆਲਕੋਟ ਵਿੱਚ ਹੋਇਆ ਅਤੇ ਉਹਨਾਂ ਦੀ ਮੌਤ ਨਵੰਬਰ 1984 ਨੂੰ ਲਾਹੌਰ ਵਿਖੇ ਹੋਈ। ਚਾਰ ਦਹਾਕਿਆਂ ਦੇ ਅਰਸੇ ਵਿੱਚ ਫੈਲੇ ਆਪਣੇ ਸਾਹਿਤਕ ਸਫਰ ਦੌਰਾਨ ਫੈਜ਼ ਨੇ ਕਵਿਤਾਵਾਂ ਦੀਆਂ ਅੱਠ ਕਿਤਾਬਾਂ ਲਿਖੀਆਂ ਉਹਨਾਂ ਦੀ ਪਹਿਲੀ ਕਿਤਾਬ ''ਨਕਸ਼-ਏ-ਫ਼ਰਿਆਦੀ'' 1941 ਵਿੱਚ ਛਪੀ ਅਤੇ ਉਹਨਾਂ ਦੀ ਜ਼ਿੰਦਗੀ ਦੌਰਾਨ ਛਪਣ ਵਾਲੀ ਉਹਨਾਂ ਦੀ ਆਖਰੀ ਕਿਤਾਬ ''ਮੇਰੇ ਦਿਲ ਮੇਰੇ ਮੁਸਾਫ਼ਿਰ'' ਸੰਨ 1981 ਵਿੱਚ ਛਪੀ ''ਗ਼ੁਬਾਰ-ਏ-ਅਯਾਮ'' ਉਹਨਾਂ ਦੀ ਮੌਤ ਤੋਂ ਬਾਅਦ ਛਾਪੀ।
ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਲਿਖਦੇ ਹਨ ਕਿ ਐਮਰਜੈਂਸੀ ਦੇ ਜਮਾਨੇ ਦੌਰਾਨ ਫੈਜ਼ ਨੇ ਕਿਹਾ ਕਿ 'ਯੇ ਖੂਬ ਕੀਆ ਪਾਕਿਸਤਾਨ ਕੋ ਜਮਹੂਰੀ ਰਾਹ ਪਰ ਲਾਨੇ ਕੀ ਬਜਾਏ ਤੁਮ ਲੋਗ ਖੁਦ ਹੀ ਲੁੜਕ ਗਏ'। ਉਨ੍ਹਾਂ ਨੇ ਕਿਹਾ ਕਿ ਮੈਂ ਸੂਫੀ ਸ਼ੋਸ਼ਲਿਸਟ ਮੁਸਲਮਾਨ ਹਾਂ ਤੇ ਰੂਮੀ ਮੇਰੇ ਮੁਰਸ਼ਦ ਹਨ, ਮੇਰੀ ਸ਼ਾਇਰੀ ਇਸ ਤੋਂ ਅਲੱਗ ਨਹੀਂ ਹੈ।
ਫੈਜ਼ ਨੇ ਜਮਹੂਰੀਅਤ ਦੀ ਸਲਾਮਤੀ ਲਈ ਬਹੁਤ ਕੁਝ ਲਿਖਿਆ ਹੈ, ਪਰ ਜਮਹੂਰੀਅਤ ਦੇ ਵਿਰੁੱਧ ਨਹੀਂ। ਫੈਜ਼ ਨੇ ਆਪਣੀ ਉਕਤ ਕਵਿਤਾ 'ਹਮ ਦੇਖੇਂਗੇ' 1979 ਵਿੱਚ ਲਿਖੀ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਉਕਤ ਨਜ਼ਮ ਤਤਕਾਲੀ ਪਾਕਿਸਤਾਨ ਦੇ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਦੇ ਖਿਲਾਫ ਲਿਖੀ ਸੀ। 1984 ਵਿੱਚ ਫੈਜ਼ ਦੀ ਮੌਤ ਉਪਰੰਤ 1985 ਵਿੱਚ ਜਨਰਲ ਜ਼ਿਆ-ਉਲ-ਹੱਕ ਦੁਆਰਾ ਦੇਸ਼ ਵਿੱਚ ਮਾਰਸ਼ਲ ਲਾਅ ਲੱਗਾ ਕੇ ਲੋਕਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਸੀ ਤੇ ਇਥੋਂ ਤੱਕ ਔਰਤਾਂ ਦੇ ਸਾੜੀ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਤਾਂ ਉਸ ਵਕਤ ਦੌਰਾਨ ਮਸ਼ਹੂਰ ਗਾਇਕਾ ਇਕਬਾਲ ਬਾਨੋ ਨੇ ਕਾਲੇ ਰੰਗ ਦੀ ਸਾੜੀ ਪਾ ਕੇ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਲਾਹੌਰ ਦੇ ਇਕ ਸਟੇਡੀਅਮ ਵਿਚ ਇਸ ਨਾ ਫੁਰਮਾਨੀ ਨੂੰ ਆਪਣਾ ਅਧਿਕਾਰ ਸਮਝਿਆ ਤੇ ਉਸ ਵਕਤ ਉਸ ਨਜ਼ਮ ਦਾ ਸਹਾਰਾ ਲਿਆ। ਕਹਿੰਦੇ ਹਨ ਕਿ ਜਦੋਂ ਇਕਬਾਲ ਬਾਨੋ ਗਾ ਰਹੀ ਸੀ ਤੇ ਲਗਭਗ 50 ਹਜ਼ਾਰ ਲੋਕਾਂ ਨੇ ਫੈਜ਼ ਦੀ ਇਸ ਨਜ਼ਮ ਨੂੰ ਇਕਬਾਲ ਬਾਨੋ ਦੇ ਮਗਰ ਮਗਰ ਗੁਣ ਗਾਇਨ ਕੀਤਾ। ਜਦ ਸੱਤਾ ਦੇ ਇਸ਼ਾਰੇ 'ਤੇ ਸਟੇਡੀਅਮ ਦੀ ਲਾਈਟ ਬੰਦ ਕਰ ਦਿੱਤੀ ਗਈ ਤਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲੱਗਣ ਲੱਗ ਪਏ। ਭਗਵੇਂਵਾਦੀਆਂ ਲਈ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਭਗਤ ਸਿੰਘ ਤੇ ਉਨ੍ਹਾਂ ਦੇ ਦੋਸਤ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਸਨ, ਉਹ ਨਾਅਰਾ ਇਕ ਮੁਸਲਮਾਨ ਮੌਲਾਨਾ ਹਸਰਤ ਮੋਹਿਨੀ ਨੇ ਦਿੱਤਾ ਸੀ। ਫੈਜ਼ ਦੀ ਇਹ ਨਜ਼ਮ 'ਹਮ ਦੇਖੇਗੇ' ਪੂਰੇ ਭਾਰਤ ਵਿਚ ਵਿਦਿਆਰਥੀਆਂ ਦੀ ਲਹਿਰ ਦਾ ਤਰਾਨਾ ਬਣੀ ਹੋਈ ਹੈ, ਜੋ ਕਿ ਭਗਵੇਂਵਾਦ ਵਿਰੁਧ ਯੂਨੀਵਰਸਿਟੀਆਂ, ਸੜਕਾਂ 'ਤੇ ਡਟੇ ਹੋਏ ਹਨ।
ਨਜ਼ਮ ਦੇ ਪਹਿਲੇ ਬੰਦ ਵਿੱਚ ਕਵੀ ਦੱਬੇ ਕੁਚਲਿਆ ਨੂੰ ਸੰਬੋਧਿਤ ਹੁੰਦਿਆਂ ਆਖਦਾ ਹੈ:
ਹਮ ਦੇਖੇਂਗੇ, ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ,
ਵੋ ਦਿਨ ਕਿ ਜਿਸ ਕਾ ਵਾਅਦਾ ਹੈ, ਜੋ ਲੌਹ-ਏ-ਅਜ਼ਲ ਮੇਂ ਲਿੱਖਾ ਹੈ
ਉਕਤ ਸਤਰਾਂ ਵਿੱਚ ਫੈਜ਼ ਕਹਿੰਦੇ ਹਨ ਕਿ ਅਸੀਂ ਸਾਰੇ ਉਹ ਦਿਨ ਜ਼ਰੂਰ ਇੱਕ ਨਾ ਇੱਕ ਦਿਨ ਵੇਖਾਂਗੇ ਜਿਸ ਦਿਨ ਦੇ ਬਾਰੇ ਉਸ ਨਾ ਮਿਟਣ ਵਾਲੀ ਸਲੇਟ 'ਤੇ ਲਿਖਿਆ ਹੈ।
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਿਰਾਂ ਰੁਈ ਕੀ ਤਰ੍ਹਾਂ ਉੜ ਜਾਏਂਗੇ,
ਹਮ ਮਹਿਕੂਮੋਂ ਕੇ ਪਾਂਓ ਤਲੇ ਜਬ ਧਰਤੀ ਧੜ-ਧੜ ਧੜਕੇਗੀ,
ਔਰ ਅਹਿਲ-ਏ-ਹੁਕਮ ਕੇ ਸਰ ਊਪਰ ਜਬ ਬਿਜਲੀ ਕੜ-ਕੜ ਕੜਕੇਗੀ,
ਦੂਜੇ ਬੰਦ ਵਿੱਚ ਫੈਜ ਆਖਦੇ ਹਨ ਕਿ ਜਦੋਂ ਜ਼ੁਲਮਾਂ ਦੇ ਭਾਰੀ ਪਹਾੜ ਰੂੰ ਦੇ ਫੰਬਿਆਂ ਵਾਂਗ ਉਡਦੇ ਫਿਰਨਗੇ ਤੇ ਸਾਡੇ ਸ਼ਾਸਕਾਂ ਦੇ ਪੈਰਾਂ ਦੇ ਹੇਠਲੀ ਧਰਤੀ ਬਗਾਵਤ ਰੂਪੀ ਭੂਚਾਲ ਦੇ ਆਉਣ ਦਾ ਸੁਨੇਹਾ ਦੇਵੇਗੀ ਤੇ ਇਸੇ ਹਿਲਜੁਲ ਦੇ ਵਿਚਕਾਰ ਤਾਨਾਸ਼ਾਹਾਂ ਦੇ ਤਖ਼ਤ ਡਗਮਗਾ ਜਾਣਗੇ ਅਤੇ ਤਾਨਾਸ਼ਾਹ ਸ਼ਾਸਕਾਂ ਦੇ ਸਿਰਾਂ ਉੱਪਰ ਬਿਜਲੀ ਕੜਕ ਕੜਕ ਕੇ ਡਿੱਗੇਗੀ, ਅਸੀਂ ਉਹ ਦਿਨ ਜ਼ਰੂਰ ਵੇਖਾਂਗੇ।
ਜਬ ਅਰਜ਼-ਏ-ਖ਼ੁਦਾ ਕੇ ਕਾਅਬੇ ਸੇ ਸਬ ਬੁਤ ਉਠਵਾਏ ਜਾਏਂਗੇ,
ਹਮ ਅਹਿਲ-ਏ-ਸਫ਼ਾ ਮਰਦੂਦ-ਏ-ਹਰਮ ਮਸਨਦ ਪੇ ਬਿਠਾਏ ਜਾਏਂਗੇ,
ਤੇ ਜਦੋਂ ਇਸ ਰੱਬ ਦੀ ਧਰਤੀ ਤੋਂ ਉਨ੍ਹਾਂ ਅਖੌਤੀ ਬੁੱਤਾਂ ਜੋ ਆਪਣੇ ਆਪ ਨੂੰ ਰੱਬ ਕਹਾਉਂਦੇ ਹਨ ਤੇ ਜਿਨ੍ਹਾਂ ਦੀ ਸਿਹਤ ਉੱਤੇ ਕਿਸੇ ਮਨੁੱਖ ਦੇ ਦੁੱਖ ਦਰਦ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਨ੍ਹਾਂ ਬੇਹਿੱਸ ਪੱਥਰਾਂ (ਭਾਵ ਤਾਨਾਸ਼ਾਹ ਸ਼ਾਸਕਾਂ ਨੂੰ ਗੱਦੀਓਂ ਲਾਹਿਆ ਜਾਵੇਗਾ) ਨੂੰ ਉਖਾੜ ਕੇ ਪਰਾਂ ਸੁੱਟ ਦਿੱਤਾ ਜਾਵੇਗਾ। ਤੇ ਫੇਰ ਜਦੋਂ ਸਫਾ ਵਾਲੇ ਲੋਕਾਂ ਭਾਵ ਉਹ ਮਜਲੂਮ ਅਵਾਮ ਜਿਨ੍ਹਾਂ ਉੱਪਰ ਸ਼ਾਸਕਾਂ ਵਲੋਂ ਜ਼ੁਲਮ ਢਾਹੇ ਗਏ ਸਨ, ਉਨ੍ਹਾਂ ਨੂੰ ਇੱਜ਼ਤ ਅਤੇ ਅਹਿਤਰਾਮ ਨਾਲ ਮਸਨਦ ਭਾਵ ਉਨ੍ਹਾਂ ਨੂੰ ਤਕੀਏ (ਸਿਰਹਾਣੇ) ਤਖ਼ਤਾ ਉੱਤੇ ਬਿਠਾਇਆ ਜਾਵੇਗਾ। ਅਸੀਂ ਉਹ ਦਿਨ ਜ਼ਰੂਰ ਵੇਖਾਂਗੇ।
ਸਬ ਤਾਜ ਉਛਾਲੇ ਜਾਏਂਗੇ, ਸਬ ਤਖ਼ਤ ਗਿਰਾਏ ਜਾਏਂਗੇ,
ਬੱਸ ਨਾਮ ਰਹੇਗਾ ਅੱਲ੍ਹਾ ਕਾ, ਜੋ ਗ਼ਾਇਬ ਭੀ ਹੈ ਹਾਜ਼ਿਰ ਭੀ,
ਜੋ ਮੰਜ਼ਰ ਭੀ ਹੈ ਨਾਜ਼ਿਰ ਭੀ।
ਇਸ ਪ੍ਰਕਾਰ ਉਕਤ ਪੂਰੀ ਨਜ਼ਮ ਵਿੱਚ ਕਿਸੇ ਥਾਂ ਵੀ ਹਿੰਦੂ ਧਰਮ ਦੀ ਵਿਰੋਧਤਾ ਨਜ਼ਰ ਨਹੀਂ ਆਉਂਦੀ। ਸੋ ਇਸ ਨਜ਼ਮ ਉੱਪਰ ਜੋ ਹਿੰਦੂ ਵਿਰੋਧੀ ਹੋਣ ਦੇ ਦੋਸ਼ ਲੱਗੇ ਹਨ, ਉਹ ਬੇ ਬੁਨਿਆਦ ਹਨ। ਅਸੀਂ ਸਮਝਦੇ ਹਾਂ ਕਿ ਭਾਰਤ ਭਗਵੇਂਵਾਦੀਆਂ ਕਾਰਨ ਫਾਸ਼ੀਵਾਦ ਦੇ ਰਾਹ 'ਤੇ ਜਾ ਰਿਹਾ ਹੈ, ਜਿਸ ਨੂੰ ਹੁਣ ਇਨਕਲਾਬੀ ਨਜ਼ਮਾਂ ਤੋਂ ਵੀ ਡਰ ਲੱਗਣ ਲੱਗ ਪਿਆ ਹੈ।

ਰਜਿੰਦਰ ਸਿੰਘ ਪੁਰੇਵਾਲ