image caption: ਰਜਿੰਦਰ ਸਿੰਘ ਪੁਰੇਵਾਲ

ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਉੱਪਰ ਕਿਸੇ ਦੀ ਮਾਲਕੀ ਨਹੀਂ ਹੋ ਸਕਦੀ

    ਗੁਰੂਆਂ ਵੱਲੋਂ ਉਚਾਰੀ ਪਾਵਨ ਬਾਣੀ ਪੂਰੇ ਸੰਸਾਰ ਵਿਚ ਵਸਦੇ ਸਮੁੱਚੇ ਜਗਤ ਦੇ ਭਲੇ ਲਈ ਹੈ ਅਤੇ ਪੂਰਾ ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ, ਪਰ ਮਾਲਕ ਨਹੀਂ। ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਕਥਾ ਕੀਰਤਨ ਕਿਸੇ ਕੰਪਨੀ ਦੀ ਮਲਕੀਅਤ ਨਹੀਂ ਹੋ ਸਕਦੀ। ਇਸ ਲਈ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਹੁਕਮਨਾਮਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜਾਗੀਰ ਨਹੀਂ ਹੈ। ਇਸ ਦੇ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਹਰ ਵਿਅਕਤੀ ਅਤੇ ਅਦਾਰਾ ਨਿਭਾਅ ਸਕਦਾ ਹੈ। ਅਜਿਹੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਹਰ ਤਰ੍ਹਾਂ ਦੇ ਮੀਡੀਆ ਨੂੰ ਉਤਸ਼ਾਹਿਤ ਤਾਂ ਕੀਤਾ ਜਾ ਸਕਦਾ ਹੈ, ਪਰ ਕਿਸੇ 'ਤੇ ਰੋਕ ਲਾਉਣ ਵਾਲਾ ਕਰਾਰ ਸ਼੍ਰੋਮਣੀ ਕਮੇਟੀ ਵੀ ਨਹੀਂ ਕਰ ਸਕਦੀ ਹੈ। ਬੀਤੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਨੇ ਸਿੱਖ ਸਿਧਾਂਤਾਂ ਦੇ ਉਲਟ ਜਾ ਕੇ ਪੀਟੀਸੀ ਨਾਲ ਅਜਿਹਾ ਕਰਾਰ ਕਰਕੇ ਗ਼ੈਰ ਸਿਧਾਂਤਕ ਕਦਮ ਉਠਾਇਆ ਸੀ। ਇਹ ਕਰਾਰ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਤੋਂ ਬਿਲਕੁਲ ਉਲਟ ਸੀ। ਇਸ ਦੀ ਸਮੁੱਚੇ ਸਿੱਖ ਜਗਤ ਵਲੋਂ ਵਿਰੋਧਤਾ ਹੁੰਦੀ ਰਹੀ ਹੈ। ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਇਸ ਕਰਾਰ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਪੀ.ਟੀ.ਸੀ. ਦੇ ਨਾਰਾਇਣਨ (ਜਿਨ੍ਹਾਂ ਕੋਲ ਪ੍ਰਸਾਰਨ ਦੇ ਸਾਰੇ ਹੱਕ ਹਨ) ਨੂੰ ਪੁਛ ਕੇ ਦੱਸਾਂਗਾ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁਣ ਪੀ.ਟੀ.ਸੀ. ਦੇ ਸੀ.ਈ.ਓ. ਤੋਂ ਇਜਾਜ਼ਤ ਲੈ ਕੇ ਸਿੱਖਾਂ ਨੂੰ ਗੁਰਬਾਣੀ ਨਾਲ ਜੁੜੇ ਰਹਿਣ ਦੀ ਆਗਿਆ ਦੇਣ।

    ਸ਼੍ਰੋਮਣੀ ਕਮੇਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਗੁਰਬਾਣੀ ਦੀ ਮਾਲਕ ਨਹੀਂ ਹੈ, ਉਸ ਦੀ ਜ਼ਿੰਮੇਵਾਰੀ ਸਿੱਖੀ ਪ੍ਰਚਾਰ, ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣਾ ਹੈ। ਸ਼੍ਰੋਮਣੀ ਕਮੇਟੀ ਨੇ ਅਜਿਹਾ ਕਰਾਰ ਕਰਕੇ ਗੁਰਬਾਣੀ ਕੀਰਤਨ ਤੇ ਦਰਬਾਰ ਸਾਹਿਬ ਦੋਹਾਂ ਨੂੰ ਹੀ ਵਪਾਰ ਦੀ ਵਸਤੂ ਬਣਾ ਕੇ ਸਿੱਖ ਧਰਮ ਵਿਰੋਧੀ ਸਟੈਂਡ ਲਿਆ ਹੈ।

   ਹੁਣੇ ਜਿਹੇ ਇਕ ਟੀਵੀ ਚੈਨਲ ਪੀਟੀਸੀ ਦੀ ਸ਼ਿਕਾਇਤ ਦੇ ਆਧਾਰ 'ਤੇ ਫੇਸਬੁੱਕ ਵੱਲੋਂ ਵੈੱਬ ਪੋਰਟਲ ਤੋਂ ਇਸ ਸਹੂਲਤ ਨੂੰ ਹਟਾ ਦਿੱਤਾ ਗਿਆ ਸੀ, ਜਿਸ ਨਾਲ ਸੰਸਾਰ ਭਰ ਦੇ ਗੁਰਬਾਣੀ ਪ੍ਰੇਮੀਆਂ ਅਤੇ ਆਪੋ ਆਪਣੇ ਪ੍ਰਚਾਰ ਪ੍ਰਸਾਰ ਦੇ ਮਾਧਿਅਮ ਰਾਹੀਂ ਸੇਵਾਵਾਂ ਨਿਭਾਅ ਰਹੀਆਂ ਜਥੇਬੰਦੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਇਸ ਦੀ ਸਿੱਖ ਜਗਤ ਵਲੋਂ ਸਖਤ ਨਿੰਦਾ ਹੋਈ ਹੈ। ਯਾਦ ਰਹੇ ਕਿ ਇਸ ਭਰਮਜਾਲ ਦਾ ਭਾਂਡਾ ਸਿੱਖ ਸਿਆਸਤ ਵੈੱਬਸਾਈਟ ਦੇ ਐਡੀਟਰ ਪਰਮਜੀਤ ਸਿੰਘ ਨੇ ਭੰਨਿਆ ਸੀ, ਜਿਸ ਨੇ ਕਿਹਾ ਸੀ ਕਿ ਇਹ ਸੰਵੇਦਨਸ਼ੀਲ ਮਾਮਲਾ ਬੇਅਦਬੀ ਤੋਂ ਘੱਟ ਨਹੀਂ ਹੈ। ਸਿੱਖ ਸਿਆਸਤ ਗਰੁੱਪ ਵਲੋਂ ਇਸ ਮਸਲੇ ਦੇ ਹੱਲ ਲਈ ਪੰਥਕ ਸ਼ਖ਼ਸੀਅਤਾਂ ਦਾ ਇਕੱਠ 17 ਜਨਵਰੀ ਨੂੰ ਕੇਂਦਰੀ ਗੁਰੂ ਸਿੰਘ ਸਭਾ, ਸੈਕਟਰ-28 ਚੰਡੀਗੜ੍ਹ ਵਿਚ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀਟੀਸੀ ਨੇ 10 ਜਨਵਰੀ 2020 ਨੂੰ ਅਦਾਰਾ 'ਸਿੱਖ ਸਿਆਸਤ' ਨੂੰ ਫੇਸਬੁੱਕ ਰਾਹੀਂ ਭੇਜੇ ਨੋਟਿਸ ਵਿਚ ਗੁਰਬਾਣੀ ਨੂੰ ਆਪਣੀ 'ਬੌਧਿਕ ਜਾਇਦਾਦ' ਦਰਸਾਇਆ ਹੈ। ਗੁਰਬਾਣੀ ਦੇ ਪ੍ਰਸਾਰਨ ਦੇ ਹੱਕ ਸਿਰਫ਼ ਇਕ ਧਿਰ ਨੂੰ ਦਿੱਤੇ ਜਾਣ ਦਾ ਹੁਣ ਪੰਥਕ ਆਗੂਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਦੇ ਪ੍ਰਸਾਰਨ ਦੇ ਇਹ ਹੱਕ ਸਭ ਤੋਂ ਪਹਿਲਾਂ ਸਾਲ 2000 ਵਿਚ ਜ਼ੀ ਪੰਜਾਬੀ ਚੈਨਲ ਨੂੰ ਦਿੱਤੇ ਗਏ ਸਨ। ਉਪਰੰਤ 2007 ਵਿਚ ਇਸ ਸਬੰਧੀ ਪੀਟੀਸੀ ਚੈਨਲ ਨਾਲ ਸਮਝੌਤਾ ਕੀਤਾ ਗਿਆ ਅਤੇ ਮਗਰੋਂ 2012 ਵਿਚ ਗੁਰਬਾਣੀ ਦੇ ਪ੍ਰਸਾਰਨ ਦੇ ਹੱਕ ਪੀਟੀਸੀ ਚੈਨਲ ਨੂੰ ਸੌਂਪ ਦਿੱਤੇ ਗਏ ਸਨ। ਹੋਰ ਵੀ ਕਈ ਟੀਵੀ ਚੈਨਲਾਂ ਨੇ ਸ਼੍ਰੋਮਣੀ ਕਮੇਟੀ ਕੋਲ ਮੰਗ ਰੱਖੀ ਸੀ ਕਿ ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਸਿਰਫ਼ ਇਕ ਟੀਵੀ ਚੈਨਲ ਨੂੰ ਨਹੀਂ ਸਗੋਂ ਹੋਰਨਾਂ ਨੂੰ ਵੀ ਦਿੱਤੇ ਜਾਣੇ ਚਾਹੀਦੇ ਹਨ। ਜਦ ਕਿ ਇਹ ਮੰਗ ਜਾਇਜ਼ ਸੀ। ਪਰ ਕਿਸੇ ਵੀ ਚੈਨਲ ਨੂੰ ਗੁਰਬਾਣੀ ਦੇ ਕਾਪੀਰਾਈਟ ਨਹੀਂ ਦਿੱਤੇ ਜਾ ਸਕਦੇ। ਇਹ ਇਕ ਤਰ੍ਹਾਂ ਸਿੱਖ ਧਰਮ ਨਾਲ ਵੱਡਾ ਮਜ਼ਾਕ ਹੈ। ਮਾਮਲਾ ਭੱਖਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਅਤੇ ਟੀਵੀ ਚੈਨਲ ਪੀਟੀਸੀ ਨੂੰ ਪੱਤਰ ਜਾਰੀ ਕਰਕੇ ਦੋਵਾਂ ਕੋਲੋਂ 15 ਦਿਨਾਂ ਵਿਚ ਸਪੱਸ਼ਟੀਕਰਨ ਮੰਗਿਆ ਹੈ। ਇਹ ਇਕ ਸ਼ਲਾਘਾਯੋਗ ਫੈਸਲਾ ਹੈ।

   ਅਕਾਲ ਤਖਤ ਸਾਹਿਬ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਇਸ ਮੱਸਲੇ ਦਾ ਯੋਗ ਹੱਲ ਕਰਾਉਣ ਵਿਚ ਕਾਮਯਾਬ ਹੋਣਗੇ। ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਜਾਰੀ ਕਰੇ ਕਿ ਉਹ ਮਰਿਆਦਾ ਵਿਚ ਰਹਿ ਕੇ ਗੁਰਬਾਣੀ ਕੀਰਤਨ ਪ੍ਰਸਾਰਿਤ ਕਰਨ ਦੇ ਚਾਹਵਾਨ ਮੀਡੀਆ ਅਦਾਰਿਆਂ ਨੂੰ ਸਿਗਨਲ ਮੁਹੱਈਆ ਕਰਾਵੇ। ਹੁਣ ਜਦੋਂ ਵਿਵਾਦ ਭੱਖ ਚੁੱਕਾ ਹੈ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਐੱਮਡੀ ਰਬਿੰਦਰ ਨਾਰਾਇਣ ਦਾ ਪਿਛਲੇ ਬਿਆਨ ਤੋਂ ਹੱਟ ਕੇ ਕਹਿਣਾ ਹੈ ਕਿ ਉਨ੍ਹਾਂ ਦੇ ਅਦਾਰੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪਾਏ ਜਾਂਦੇ ਹੁਕਮਨਾਮੇ ਦਾ ਲਿੰਕ ਸ਼ੇਅਰ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ। ਇਹ ਕਿਸੇ ਦੀ ਬੌਧਿਕ ਜਾਇਦਾਦ ਨਹੀਂ ਹੈ। ਪਹਿਲਾਂ ਉਨ੍ਹਾਂ ਨੇ ਇਸ ਨੂੰ ਆਪਣੀ ਬੌਧਿਕ ਜਾਇਦਾਦ ਕਿਹਾ ਸੀ ਤੇ ਹੁਕਮਨਾਮਾ ਸ਼ੇਅਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਨਾਰਾਇਣ ਦਾ ਦਰਬਾਰ ਸਾਹਿਬ ਤੋਂ ਪੀਟੀਸੀ ਨੈੱਟਵਰਕ 'ਤੇ ਗੁਰਬਾਣੀ ਦੇ ਪ੍ਰਸਾਰਣ ਬਾਰੇ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨਾਲ ਏਕਾਧਿਕਾਰ ਵਾਲੇ ਕਰਾਰ ਦਾ ਸਿਸਟਮ ਹੁਣ ਦਾ ਨਹੀਂ, ਬਲਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੇ ਵੇਲੇ ਦਾ ਹੈ ਤੇ ਇਸ ਕਰਾਰ ਨੂੰ ਹਾਈਕੋਰਟ ਵੀ ਸਹੀ ਦਸ ਚੁੱਕੀ ਹੈ। ਸਿੱਖ ਜਗਤ ਨੂੰ ਚਾਹੀਦਾ ਹੈ ਕਿ ਉਹ ਇਸ ਕਰਾਰ ਵਿਰੁੱਧ ਕਰੜੇ ਰੂਪ ਵਿਚ ਆਵਾਜ਼ ਉਠਾਵੇ ਤੇ ਸਟੈਂਡ ਲਵੇ। ਇਹ ਗੁਰਬਾਣੀ ਉੱਪਰ ਮਲਕੀਅਤ ਦਰਸਾਉਣ ਦਾ ਕਰਾਰ ਹੈ, ਇਸ ਨੂੰ ਸਿੱਖ ਕੌਮ 'ਤੇ ਵੱਡਾ ਹਮਲਾ ਮੰਨਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਰਾਰ ਕੈਂਸਲ ਕਰਕੇ ਆਪਣੀ ਪੰਥਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਆਪਣੀ ਦਖਲਅੰਦਾਜ਼ੀ ਕਰਕੇ ਇਹ ਮਾਮਲਾ ਨਿਪਟਾਉਣਾ ਚਾਹੀਦਾ ਹੈ, ਨਹੀਂ ਤਾਂ ਸਿਆਸੀ ਤੌਰ 'ਤੇ ਉਨ੍ਹਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ।

ਰਜਿੰਦਰ ਸਿੰਘ ਪੁਰੇਵਾਲ