image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਯੂ ਕੇ ਫੇਰੀ ਦੌਰਾਨ ਵੱਖ ਵੱਖ ਗੁਰਦੁਆਰਿਆਂ ਵਿੱਚ ਦਿੱਤੇ ਵਖਿਆਨ

    ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਨਵਰੀ ੨੦੨੦ ਨੂੰ ਆਪਣੀ ਯੂ ਕੇ ਫੇਰੀ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਆਪਣੇ ਵਿਆਖਿਆਨਾਂ ਰਾਹੀਂ 'ਗੁਰੂ ਗ੍ਰੰਥ, ਗੁਰੂ ਪੰਥ' ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਦੀ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਤਰਜਮਾਨੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਕੀਤੇ ਵਿਆਖਾਨਾਂ ਦਾ ਸਾਰ ਅੰਸ਼ ਕੁਝ ਇਸ ਤਰ੍ਹਾਂ ਬਣਦਾ ਹੈ ਕਿ "ਸਿੱਖ ਧਰਮ ਨੂੰ ਮਿਟਾਉਣ ਵਾਲੇ ਖੁਦ ਮਿਟ ਗਏ। ਸਿੱਖ ਕੌਮ ਦਾ ਨਾਮ ਸਾਰੀ ਦੁਨੀਆਂ ਵਿੱਚ ਗੂੰਜਦਾ ਹੈ ਅਤੇ ਗੂੰਜਦਾ ਰਹੇਗਾ। ਸਿੱਖ ਕੌਮ ਅਕਾਲ ਪੁਰਖ ਉੱਤੇ ਅਟੱਲ ਭਰੋਸਾ ਰੱਖਦੀ ਹੈ। ਜੋ ਕੌਮ ਆਪਣੇ ਇਸ਼ਟ ਵਿੱਚ ਸੱਚਾ ਭਰੋਸਾ ਰੱਖਦੀ ਹੈ, ਆਪਣੇ ਬਾਹੂ ਬਲ 'ਤੇ ਮਾਣ ਰੱਖਦੀ ਹੈ ਤੇ ਹਰ ਮੁਸੀਬਤ ਤੇ ਮੁਸ਼ਕਿਲ ਵਿੱਚ ਦਿਲ ਨਹੀਂ ਹਾਰਦੀ, ਸਗੋਂ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ, ਮੁਸੀਬਤਾਂ ਦੇ ਤੂਫਾਨ ਉਸ ਦੇ ਸਿਰਾਂ ਉੱਤੋਂ ਦੀ ਲੰਘਦੇ ਖਤਮ ਹੋ ਜਾਂਦੇ ਹਨ ਤੇ ਕੌਮ ਚਟਾਨ ਵਾਂਗ ਅਹਿਲ ਤੇ ਅਡੋਲ ਖੜ੍ਹੀ ਰਹਿੰਦੀ ਹੈ, ਜਿਉਂ ਦੀ ਤਿਉਂ ਕਿਸੇ ਅਗਲੇ ਤੂਫਾਨ ਦੀ ਉਡੀਕ ਵਿੱਚ ਪਹਿਲੇ ਤੋਂ ਵੀ ਸਖਤ ਤੇ ਜੋਰਦਾਰ ਬਣ ਕੇ। ਐਸੀ ਕੌਮ ਨੂੰ ਕੌਣ ਦਬਾ ਸਕਦੈ ਮੁਸ਼ਕਿਲਾਂ ਤੇ ਮੁਸੀਬਤਾਂ ਕੌਮਾਂ ਨੂੰ ਨਿਖਾਰਦੀਆਂ ਹਨ, ਮਜ਼ਬੂਤ ਤੋਂ ਮਜ਼ਬੂਤ-ਤਰ ਬਣਾਉਂਦੀ ਹਨ।" ਸਿੱਖ ਕੌਮ ਇਸ ਵੇਲੇ ਸੰਕਟਮਈ ਦੌਰ ਵਿੱਚ ਵਿਚਰ ਰਹੀ ਹੈ। ਸਿੱਖ ਕੌਮ ਇਸ ਭਿਆਨਕ ਸਥਿਤੀ 'ਚੋਂ ਤੱਦ ਹੀ ਬਾਹਰ ਨਿਕਲ ਸਕਦੀ ਹੈ, ਜੇ ਕੌਮ ਵਿਗਿਆਨਕ ਤਰਕ ਦਾ ਰਾਹ ਛੱਡ ਕੇ ਮੁੜ ਕੇ ਆਪਣੇ ਆਪ ਨੂੰ ਅਧਿਆਤਮਿਕ ਵਿਚਾਰ ਚਰਚਾ ਨਾਲ ਜੋੜ ਲਵੇ। ਅਧਿਆਤਮਿਕ ਚਰਚਾ ਨਾਲ ਹੀ 'ਪੰਥ' ਨੂੰ ਇਸ ਗੱਲ ਦਾ ਗਿਆਨ ਹੋ ਸਕਦਾ ਹੈ ਕਿ ਗੁਰਬਾਣੀ ਕੋਈ ਫਲਸਫਾ ਨਹੀਂ ਹੈ, ਬਲਕਿ ਫਲਸਫੇ ਤਾਂ ਗੁਰਬਾਣੀ ਦੇ ਅਧੀਨ ਚੱਲਦੇ ਹਨ। ਗੁਰਬਾਣੀ ਇਲਹਾਮ ਹੈ। ਜਿਸ ਦਾ ਪ੍ਰਕਾਸ਼ ਗੁਰ-ਸਾਹਿਬਾਨ ਦੇ ਜ਼ਰੀਏ ਇਸ ਧਰਤੀ 'ਤੇ ਹੋਇਆ ਹੈ। ਫਲਸਫੇ ਤਾਂ ਇੰਦਰੀਆਂ ਰਾਹੀਂ ਜਾਣਕਾਰੀ ਹਾਸਲ ਕਰਕੇ ਦਿਮਾਗੀ ਚਿੰਤਨ ਦੇ ਸਦਕਾ ਆਪਣੀ ਆਪਣੀ ਹੋਂਦ ਬਣਾਉਂਦੇ ਹਨ। ਪਰ ਗੁਰਬਾਣੀ ਕੋਈ ਦਿਮਾਗੀ ਚਿੰਤਨ ਰਾਹੀਂ ਹਾਸਲ ਹੋਇਆ ਗਿਆਨ ਨਹੀਂ ਹੈ। ਇਹ ਤਾਂ ਅਕਾਲ ਪੁਰਖ ਦੀ ਦਰਗਾਹ 'ਚੋਂ ਸ਼ਬਦ ਦੇ ਰੂਪ ਵਿੱਚ ਇਸ ਧਰਤੀ 'ਤੇ ਪ੍ਰਗਟ ਹੋਇਆ ਅਕਾਲੀ ਸੱਚ ਹੈ। ਗੁਰਬਾਣੀ ਜੁਗੋ ਜੁਗ ਅਟੱਲ ਹੈ। ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਖਾਲਸਾ ਪੰਥ ਨੂੰ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦ੍ਰਿੜ੍ਹ ਵਿਸ਼ਵਾਸ਼ ਪ੍ਰਗਟਾਉਣ ਅਤੇ ਸਿੱਖ ਕੌਮ ਦੇ ਕੌਮੀ ਮੁੱਦੇ ਨਜਿੱਠਣ ਲਈ ਸਿੱਖ ਕੌਮ ਦੀ ਸਰਵਉੱਚ ਸਥਾਈ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਆਪਸੀ ਮੱਤਭੇਦ ਮਿਟਾ ਕੇ ਸਮੁੱਚੇ ਪੰਥ ਨੂੰ ਸਿਰ ਜੋੜ ਕੇ ਬੈਠਣ ਦੀ ਅਪੀਲ ਵੀ ਕੀਤੀ ਹੈ। "ਸਿੱਖੀ ਵਿੱਚ 'ਗੁਰੂ ਗ੍ਰੰਥ ਅਤੇ ਗੁਰੂ ਪੰਥ' ਦਾ ਅਨੋਖਾ ਸੁਮੇਲ ਹੈ। ਇਕ ਦਾ ਸਬੰਧ ਗੁਰੂ ਪਰੰਪਰਾ ਦੇ ਸਿਧਾਂਤਕ ਪੱਖ ਨਾਲ ਹੈ ਜਦਕਿ ਦੂਜੇ ਦਾ ਵਿਵਹਾਰਕ ਪੱਖ ਨਾਲ। ਸਿਧਾਂਤਕ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਸੰਸਾਰ ਤੱਕ ਕੀਰਤੀਮਾਨ ਕਰਨ ਪੱਖੋਂ 'ਪੰਥ' ਗੁਰੂ ਹੈ। ਦੋਵੇਂ ਇਕ ਦੂਜੇ ਦੇ ਪੂਰਨ ਹਨ। ਅਸਲ ਵਿੱਚ ਗੁਰੂ ਪੰਥ, 'ਗੁਰੂ ਗ੍ਰੰਥ' ਦੇ ਸਿਧਾਂਤ ਨੂੰ ਸਮਾਜ ਵਿੱਚ ਵਿਵਹਾਰਕ ਤੌਰ 'ਤੇ ਸਥਾਪਤ ਕਰਨ ਦਾ ਕਾਰਜ ਕਰਦਾ ਹੈ।" ਸ: ਰਤਨ ਸਿੰਘ ਭੰਗੂ ਨੇ 'ਸ੍ਰੀ ਗੁਰ ਪੰਥ ਪ੍ਰਕਾਸ਼' ਲਿਖਿਆ ਹੈ ਅਰਥਾਤ 'ਗੁਰੂ ਪੰਥ ਦਾ ਪ੍ਰਕਾਸ਼'। ੧੧ ਜਨਵਰੀ ੨੦੨੦ ਦਿਨ ਸ਼ਨਿੱਚਰਵਾਰ ਸ਼ਾਮ ਨੂੰ, ਗੁਰੂ ਨਾਨਕ ਗੁਰਦੁਆਰਾ ਸਮੈਦਿਕ, ਬਰਮਿੰਘਮ ਦੀ ਸਟੇਜ ਤੋਂ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਆਖਿਆ ਦੇ ਨਾਲ ਨਾਲ ਸ: ਰਤਨ ਸਿੰਘ ਭੰਗੂ ਦੇ, 'ਸ੍ਰੀ ਗੁਰ ਪੰਥ ਪ੍ਰਕਾਸ਼' ਦੀ ਕਥਾ ਵੀ ਹੋਣੀ ਚਾਹੀਦੀ ਹੈ। ਸਤਾਰਵੀਂ ਅਠਾਰਵੀਂ ਸਦੀ ਦਾ ਮੁਗਲ ਸਾਮਰਾਜ ਨਾਲ ਸਿੱਖ ਧਰਮ, ਤੇ 'ਗੁਰੂ ਪੰਥ' ਦਾ ਸੰਘਰਸ਼ ਕੋਈ ਐਵੇਂ ਓਪਰੀ ਤੇ ਇਤਫਾਕੀਆ ਘਟਨਾ ਨਹੀਂ ਸੀ, ਸਗੋਂ ਬੁਨਿਆਦੀ, ਆਤਮਿਕ ਤੇ ਸਮਾਜਿਕ ਸਿਧਾਂਤਾਂ ਦਾ ਘੋਰ ਸੰਘਰਸ਼ ਤੇ ਇਤਿਹਾਸਕ ਭੇੜ ਸੀ, ਜਿਸ ਵਿੱਚੋਂ 'ਗੁਰੂ ਪੰਥ' ਜੇਤੂ ਹੋ ਕੇ ਨਿਕਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਕੋਈ ਇਕ ਵਿਅਕਤੀ ਨੇਤਾ ਨਹੀਂ ਸੀ ਪਰ ਮੁਸੀਬਤਾਂ ਇਕ ਇਕ ਪਲ ਪਿੱਛੋਂ ਕਾਲੇ ਨਾਗਾਂ ਵਾਂਗ ਫੁਕਾਰੇ ਮਾਰਦੀਆਂ ਹੱਲੇ ਕਰ ਕਰ ਘੇਰ ਰਹੀਆਂ ਸਨ। 'ਗੁਰੂ ਪੰਥ' ਵੈਰੀਆਂ ਦੇ ਕਹਿਰੀ ਦਲਾਂ ਦਾ ਗੁਰੂ ਪ੍ਰਾਇਣ ਹੋ ਕੇ ਟਾਕਰਾ ਕਰਦਾ ਰਿਹਾ। ਇਹ ਪੰਥ ਵਾਦੀ ਯੁੱਗ ਸੀ। ਸਿੱਖ ਜੋ ਕੁਝ ਕਰਦੇ ਸਨ। ਜਿਸ ਲਈ ਲੜਦੇ ਮਰਦੇ, ਵਢੀਂਦੇ, ਕੱਟੀਂਦੇ, ਖੋਪਰੀਆਂ ਲੁਹਾਉਂਦੇ, ਚਰਖੜੀਆਂ 'ਤੇ ਚੜ੍ਹਦੇ ਅਤੇ ਬੰਦ ਬੰਦ ਕਟਵਾਉਦੇ ਸਨ ਉਹ ਸਭ ਸ਼ਹੀਦੀਆਂ ਆਪਣੀਆਂ ਉਸ ਜਾਨ ਹੂਲਵੀਂ ਸੇਵਾ ਦਾ ਮੁੱਲ ਵਸੂਲਣ ਲਈ ਨਹੀਂ 'ਪੰਥ' ਦੇ ਭਵਿੱਖ ਲਈ ਸਨ। ਸਿੱਖੀ ਦੀ ਸੇਵਾ ਕੀਤੀ ਹੀ ਉਨ੍ਹਾਂ ਮਰਜੀਵੜਿਆਂ ਨੇ ਹੈ ਜਿਨ੍ਹਾਂ ਨੇ ਵਰਤਮਾਨ ਦੇ ਸੁੱਖਾਂ ਨੂੰ ਛੱਡ ਕੇ ਦੁੱਖ ਕਬੂਲ ਕਰਕੇ ਉਜਲੇ ਭਵਿੱਖ ਲਈ ਆਪਣੇ ਖੂਨ ਤੇ ਜਿਸਮ ਦੀਆਂ ਹੱਡੀਆਂ ਦੀ ਖਾਦ ਪੰਥ ਦੇ ਪੌਦੇ ਦੇ ਜੜ੍ਹਾਂ ਵਿੱਚ ਪਾ ਕੇ ਸਿੱਖ ਰਾਜ ਸਥਾਪਤ ਕੀਤਾ। ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਸੁਝਾਅ ਬਹੁਤ ਹੀ ਕੀਮਤੀ ਹੈ ਕਿ ਸ: ਰਤਨ ਸਿੰਘ ਭੰਗੂ ਦੇ 'ਸ੍ਰੀ ਗੁਰ ਪੰਥ ਪ੍ਰਕਾਸ਼' ਦਾ ਇਤਿਹਾਸ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਸੁਣਾਇਆ ਜਾਣਾ ਚਾਹੀਦਾ ਹੈ। ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ। ਸ: ਰਤਨ ਸਿੰਘ ਭੰਗੂ 'ਸ੍ਰੀ ਗੁਰ ਪੰਥ ਪ੍ਰਕਾਸ਼' ਵਿੱਚ ਲਿਖਦੇ ਹਨ ਕਿ ਅੰਗ੍ਰੇਜ਼ਾਂ ਦੇ ਕੈਪਟਨ ਮਰੇ ਨੇ ਮੇਰੇ ਕੋਲੋਂ ਪੁੱਛਿਆ ਕਿ ਸਿੰਘਾਂ ਨੂੰ ਰਾਜ ਕਿਸ ਨੇ ਦਿੱਤਾ ਹੈ "ਤੌ ਮਾਲੀ ਨੈ ਹਮ ਕਹਬੋ, 'ਇਤਨੀ ਬਾਤ ਬਤਾਹੁ'। ਸਿੰਘਨ ਪਾਯੋ ਰਾਜ ਕਿਮ, ਔ ਦੀਨੋ ਕਿਨ ਪਾਤਿਸ਼ਾਹੁ। ਸ: ਰਤਨ ਸਿੰਘ ਭੰਗੂ ਨੇ ਜੁਆਬ ਦਿੱਤਾ-ਚੌਪਈ: ਤਿਸੈ ਬਾਤ ਮੈਂ ਐਸੇ ਕਹੀ, ਸਿੰਘਨ ਪਾਤਿਸ਼ਾਹੀ ਸਾਹਿ ਸੱਚੈ ਦਈ। ਮਰੀ ਕਹਯੋ 'ਸ਼ਾਹ ਸੱਚੋ ਕੋਇ ਅਸਾਂ ਕਹਯੋ 'ਸਾਹ ਨਾਨਕ ਜੋਇ। ਭਾਵ ਸਿੰਘਾਂ ਨੂੰ ਰਾਜ ਭਾਗ ਗੁਰੂ ਨਾਨਕ ਨੇ ਦਿੱਤਾ ਹੈ। ਅੰਗ੍ਰੇਜ਼ਾਂ ਨੂੰ ਹੈਰਾਨੀ ਸੀ ਕਿ ਸਿੱਖਾਂ ਪਾਸ ਨਾ ਤਾਂ ਕੋਈ ਪਿਤਾ ਪੁਰਖੀ ਮੁਲਕ ਸੀ, ਨਾ ਕੋਈ ਰਾਜ ਸੀ, ਨਾ ਕੋਈ ਕਿਲ੍ਹਾ ਸੀ, ਨਾ ਕੋਈ ਫੌਜ ਤੇ ਨਾ ਕੋਈ ਤੋਪਖਾਨਾ, ਸਗੋਂ ਸੌਂਦੇ ਵੀ ਘੋੜਿਆਂ ਦੀਆਂ ਕਾਠੀਆਂ ਉੱਤੇ ਸੀ, ਫਿਰ ਵੀ ਉਨ੍ਹਾਂ ਨੇ ਰਾਜ ਸ਼ਕਤੀ ਕਿਵੇਂ ਸਥਾਪਤ ਕਰ ਲਈ। ਜਿਥੇ ਉਪਰੋਕਤ ਸਭ ਪ੍ਰਸ਼ਨਾਂ ਦੇ ਉੱਤਰ ਸ: ਰਤਨ ਸਿੰਘ ਭੰਗੂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਦਿੱਤੇ ਹਨ, ਉਥੇ ਬੱਦੀ ਦੇ ਵਿਰੁੱਧ ਤੇ ਨੇਕੀ ਦੀ ਖਾਤਰ ਇਤਿਹਾਸ ਵਿੱਚ ਦੈਵੀ ਦਖਲ-ਅੰਦਾਜ਼ੀ ਤੇ ਬਖਸ਼ਿਸ਼ ਦੇ ਸਿਧਾਂਤ ਨੂੰ ਪੇਸ਼ ਕੀਤਾ ਹੈ। ਸ: ਰਤਨ ਸਿੰਘ ਭੰਗੂ ਦੀ ਇਹ ਮਾਨਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਇਤਿਹਾਸ ਵਿੱਚ ਦੈਵੀ-ਉਦੇਸ਼ ਦੀ ਪੂਰਤੀ ਲਈ ਪ੍ਰਗਟ ਹੋਏ ਹਨ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਥਾਪਤ ਕੀਤਾ ਪੰਥ (ਖਾਲਸਾ ਪੰਥ) ਇਕ ਦੈਵੀ ਸੰਸਥਾ ਹੈ। ਕਿਉਂਕਿ 'ਪੰਥ' ਦਾ ਉਦੇਸ਼ ਦੈਵੀ ਹੈ। ਇਸ ਲਈ ਇਸ ਦਾ ਸੰਘਰਸ਼ ਵੀ ਦੈਵੀ ਹੈ। ਅਸਲ ਵਿੱਚ ਪੰਥ ਪੈਦਾ ਹੀ ਦੈਵੀ ਸੰਘਰਸ਼ ਲਈ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੇ ੫੫੦ਵੇਂ ਪ੍ਰਕਾਸ਼ ਦਿਹਾੜੇ ਉੱਤੇ, ਸੁਲਤਾਨਪੁਰ ਲੋਧੀ ਤੋਂ ੧੨ ਨਵੰਬਰ ੨੦੧੯ ਨੂੰ ਆਪਣੇ ਦਸਖਤਾਂ ਹੇਠ ਸੰਸਾਰ ਭਰ ਵਿੱਚ ਵੱਸਦੇ ਨਾਨਕ ਨਾਮ ਲੇਵਾ ਸਿੱਖਾਂ ਨੂੰ ਇਕ ਲਿਖਤੀ ਸੰਦੇਸ਼ ਦਿੱਤਾ। ਉਸ ਸੰਦੇਸ਼ ਦਾ ਪਹਿਲਾ ਤੇ ਆਖਰੀ ਪੈਰ੍ਹਾ ਲਿਖਕੇ ਸਮਾਪਤੀ ਕਰਦਾ ਹਾਂ (ਪੂਰੀ ਕਾਪੀ ਦਾਸ ਪਾਸ ਮੌਜੂਦ ਹੈ ਆਪ ਜੀ ਨੂੰ ਵੀ ਈ-ਮੇਲ ਕਰ ਦਿੱਤੀ ਹੈ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ਪੁਰਬ 'ਤੇ ਸ੍ਰੀ ਅਕਾਲ ਤਖਤ ਵੱਲੋਂ ਸਮੁੱਚੇ ਪੰਥ ਨੂੰ ਦਿੱਤਾ ਗਿਆ  'ਸੰਦੇਸ਼'

ਸੰਸਾਰ ਭਰ ਵਿੱਚ ਵੱਸਦੇ ਨਾਨਕ ਨਾਮ ਲੇਵਾ ਅਤੇ ਨਿਰਮਲ ਬੁੱਧ ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

 ਅੱਜ ਦਾ ਦਿਨ ਜਦੋਂ ਸੰਸਾਰ ਪੱਧਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ, ਪਿਆਰ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਜਿਥੇ ਇਹ ਪਵਿੱਤਰ ਅਸਥਾਨ ਅੰਤਰ ਰਾਸ਼ਟਰੀ ਮਹੱਤਤਾ ਅਖਤਿਆਰ ਕਰ ਗਿਆ ਹੈ। ਉਥੇ ਇਹ ਅਰਧ ਸ਼ਤਾਬਦੀ ਪੁਰਬ ੫੫੦ ਸਾਲਾਂ ਵਿੱਚ ਮਨੁੱਖਤਾ ਵੱਲੋਂ ਕੀਤੇ ਇਤਿਹਾਸਕ ਸਫ਼ਰ ਅਤੇ ਮੌਜੂਦਾ ਦਸ਼ਾ ਦੇ ਮੱਦੇ-ਨਜ਼ਰ ਭਵਿੱਖ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਮੌਕਾ ਹੈ। ਅਸਾਂ ਇਹ ਵੀ ਦੇਖਣਾ ਹੈ ਕਿ ੫੫੦ ਸਾਲਾਂ ਦੇ ਸਫਰ ਵਿੱਚ ਸਮੁੱਚੀ ਮਾਨਵਤਾ ਨੇ ਇਤਿਹਾਸ ਵਿੱਚ ਕੀ ਰੋਲ ਅਦਾ ਕੀਤਾ ਅੱਜ ਅਸੀਂ ਕਿਥੇ ਖੜ੍ਹੇ ਹਾਂ ਦੂਜੇ ਸ਼ਬਦਾਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਭ ਸਮਿਆਂ ਤੋਂ ਅੱਗੇ ਜਾ ਕੇ ਜਿਸ ਰੱਬੀ ਬਾਣੀ ਦੀ ਸਿਰਜਣਾ ਕੀਤੀ ਅਤੇ ਜਿਸ ਨੂੰ ਮਰਦਾਨੇ ਦੀ ਰਬਾਬ ਨੇ ਗਾਇਆ। ਉਸ ਦਾ ਮੀਰੀ-ਪੀਰੀ ਤੇਜ ਹਰ ਸਿੱਖ ਦੇ ਮਨ-ਮਸਤਕ ਵਿੱਚ ਅੱਜ ਕਿਵੇਂ ਉੱਤਰੇ ਕਿਵੇਂ ਇਹ ਬਾਣੀ ਸਾਡੀ ਤਰਜ਼ੇ ਜ਼ਿੰਦਗੀ ਦਾ ਹਿੱਸਾ ਬਣ ਜਾਵੇ ਅਜੋਕੇ ਦੁਨਿਆਵੀ ਗਿਆਨ ਵਿੱਚ ਇਹ ਸੁਨੇਹਾ ਸਮਝਣ ਲਈ ਕੁਝ ਮੂਲ ਨੁਕਤੇ ਹਨ: ਇਕ ਤਾਂ ਅੱਜ ਦੇ ਹਾਲਾਤ ਕੀ ਹਨ ਅਤੇ ਇਸ ਦਾ ਬਦਲ ਕੀ ਹੋ ਸਕਦਾ ਹੈ ਦੂਜਾ ਇਸ ਦੀ ਲੋੜ ਕਿਉਂ ਹੈ ਅਤੇ ਬਦਲ ਦੀ ਸੇਧ ਕੀ ਹੋਵੇ (ਸੰਦੇਸ਼ ਦੇ ਅਗਲੇ ਹਿੱਸੇ ਵਿੱਚ ਉਪਰੋਕਤ ਸੁਆਲਾਂ 'ਤੇ ਚਰਚਾ ਕੀਤੀ ਗਈ ਹੈ) ਗੁਰੂ ਗ੍ਰੰਥ ਸਾਹਿਬ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਕਈ ਰੂਪਾਂ ਵਿੱਚ ਦੀਦਾਰ ਹੁੰਦੇ ਹਨ।
   ਸਿੱਖ ਵਿਦਵਤਾ ਇਕ ਰੂਪ ਇਕ ਅਜਿਹੇ ਨਿਜ਼ਾਮ ਦੀ ਸਿਰਜਣਾ ਕਰਨ ਦੀ ਵੀ ਇੱਛਾ ਰੱਖਦਾ ਹੈ ਜਿਸ ਨੂੰ "ਵਿਸਮਾਦੀ ਵਿਸ਼ਵ ਆਰਡਰ" ਦਾ ਨਾਂ ਦਿੱਤਾ ਗਿਆ ਹੈ, ਜੋ ਪਦਾਰਥ ਵਸਤੂਆਂ ਦੀ ਆਰਜੀ ਖੁਸ਼ੀ ਤੋਂ ਅੱਗੇ ਜਾ ਕੇ ਮਨੁੱਖ ਅੰਦਰ ਹਰ ਪਲ ਕੁਦਰਤ ਦੇ ਅੰਗ ਸੰਗ ਤੇ ਕੁਦਰਤ ਤੋਂ ਪਾਰ ਜਾਣ ਦੀ ਰੀਝ ਪੈਦਾ ਕਰਦਾ ਹੈ, ਜਿਸ ਨੂੰ ਗੁਰਬਾਣੀ ਵਿੱਚ 'ਪਰੇ ਤੋਂ ਪਰੇ' ਕਿਹਾ ਗਿਆ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਪੰਥ ਨੂੰ ਮਜਲੂਮ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਦਾ ਬਿਰਦ ਬਖਸ਼ਿਸ਼ ਕੀਤਾ ਜਿਸ ਨੂੰ ਪਾਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿੱਚ ਖਾਲਸਾ ਪੰਥ ਨੇ: 'ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ।। (ਅੰਗ ੯੭) ਦੇ ਪਵਿੱਤਰ ਨਿਯਮਾਂ ਉੱਤੇ ਆਧਾਰਿਤ ਇਕ ਅਜਿਹਾ ਸਮਾਜਿਕ ਤੇ ਰਾਜਨੀਤਕ ਪ੍ਰਬੰਧ ਸਿਰਜਣਾ ਹੈ ਜਿਸ ਤੋਂ ਸਭ ਕੌਮਾਂ, ਭਾਈਚਾਰੇ ਅਤੇ ਦੇਸ਼ ਅਗਵਾਈ ਹਾਸਲ ਕਰਨ। ਅੰਤ ਵਿੱਚ ਮੈਂ ਇਕ ਵਾਰ ਮੁੜ ਗੁਰੂ ਪਾਤਸ਼ਾਹ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ 'ਤੇ ਵਧਾਈ ਦਿੰਦਾ ਹੋਇਆ ਨਾਨਕ ਨਾਮ ਲੇਵਾ ਅਤੇ ਤਮਾਮ ਪੰਥਕ ਧਿਰਾਂ ਵਿੱਚ ਮੁਕੰਮਲ ਸਿਧਾਂਤਕ ਏਕਤਾ ਦੀ ਅਰਦਾਸ ਕਰਦਿਆਂ ਅਪੀਲ ਕਰਦਾ ਹਾਂ ਕਿ ਆਓ, ਅਸੀਂ ਸਾਰੇ ਮੀਰੀ-ਪੀਰੀ ਦੇ ਸ਼ਹਿਨਸ਼ਾਹ ਤੇ ਦੋ ਜਹਾਨਾਂ ਦੇ ਵਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਰਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਠੰਡੀ-ਮਿੱਠੀ ਛਾਂ ਹੇਠ ਇਕੱਠੇ ਹੋਈਏ ਅਤੇ ਮੌਜੂਦਾ ਹਾਲਾਤਾਂ ਦੀ ਰੌਸ਼ਨੀ ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰੀਏ। ਮੈਨੂੰ ਇਸ ਸਬੰਧ ਵਿੱਚ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਗੁਰੂ ਪੰਥ ਦਾ ਦਾਸ,  ਦਸਖਤ-


ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ- ੧੨ ਨਵੰਬਰ, ੨੦੧੯

   ਦਾਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਦਾ ਜ਼ਿਕਰ ਕੀਤਾ ਹੈ ਤਾਂ ਕਿ ਇਸ ਸੰਦੇਸ਼ ਦੀ ਚਰਚਾ ਸਮੂਹ ਗੁਰੂ ਘਰਾਂ ਵਿੱਚ ਹੋਵੇ ਤੇ ਆਮ ਸੰਗਤਾਂ ਤੱਕ ਅਕਾਲ ਤਖ਼ਤ ਦਾ ਸੁਨੇਹਾ ਪਹੁੰਚਾਣ ਲਈ ਵੱਡੀ ਪੱਧਰ 'ਤੇ ਸੈਮੀਨਾਰ ਕਰਵਾਏ ਜਾਣ।
 

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ, ਕਵੈਂਟਰੀ

* * * * * * * *