image caption: ਰਜਿੰਦਰ ਸਿੰਘ ਪੁਰੇਵਾਲ

ਅਕਾਲੀ ਦਲ ਦੀ ਪੁਨਰ ਇਤਿਹਾਸਕ ਉਸਾਰੀ ਬਹੁਤ ਜ਼ਿਆਦਾ ਜ਼ਰੂਰੀ

    ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਈਵਾਲੀ ਤੋਂ ਦਿੱਤੇ ਕੋਰੇ ਜਵਾਬ ਨੇ ਪੰਜਾਬ ਵਿੱਚ ਵੀ ਇਸ ਗੱਠਜੋੜ ਦੇ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਦਿੱਲੀ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਲਈ ਅਕਾਲੀ ਦਲ ਅਤੇ ਭਾਜਪਾ ਵਿਚ ਕੋਈ ਸਮਝੌਤਾ ਨਹੀਂ ਹੋ ਸਕਿਆ। ਯਾਦ ਰਹੇ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ ਦੋ ਸੀਟਾਂ ਆਪਣੇ ਤੇ ਦੋ ਸੀਟਾਂ ਭਾਜਪਾ ਦੇ ਚੋਣ ਨਿਸ਼ਾਨ 'ਤੇ ਲੜੀਆਂ ਸਨ ਪਰ ਅਕਾਲੀ ਦਲ ਦਾ ਕੋਈ ਉਮੀਦਵਾਰ ਨਹੀਂ ਜਿੱਤਿਆ ਸੀ। ਬਾਅਦ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਅਕਾਲੀ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਕੇ ਜੇਤੂ ਹੋਏ ਸਨ। ਕਨਸੋਆ ਇਹ ਮਿਲੀਆਂ ਸਨ ਅਕਾਲੀ ਦਲ ਰਾਜੌਰੀ ਗਾਰਡਨ, ਹਰੀ ਨਗਰ, ਸ਼ਾਹਦਰਾ ਅਤੇ ਕਾਲਕਾ ਜੀ ਦੀਆਂ ਸੀਟਾਂ, ਜਿਨ੍ਹਾਂ 'ਤੇ ਉਸ ਨੇ ਪਿਛਲੀ ਵਾਰ ਚੋਣ ਲੜੀ ਸੀ, ਦੇ ਨਾਲ ਨਾਲ ਰਾਜਿੰਦਰ ਨਗਰ, ਮੋਤੀ ਨਗਰ, ਤਿਲਕ ਨਗਰ ਅਤੇ ਰੋਹਤਾਸ ਨਗਰ ਤੋਂ ਵੀ ਚੋਣ ਲੜਨੀ ਚਾਹੁੰਦਾ ਸੀ ਜਦੋਂਕਿ ਭਾਜਪਾ ਚਾਹੁੰਦੀ ਸੀ ਕਿ ਅਕਾਲੀ ਦਲ 2-3 ਸੀਟਾਂ 'ਤੇ ਚੋਣ ਲੜੇ ਅਤੇ ਉਹ ਵੀ ਭਾਜਪਾ ਦੇ ਚੋਣ ਨਿਸ਼ਾਨ 'ਤੇ। ਪਰ ਅਕਾਲੀ ਦਲ ਨੇ ਮਨਜ਼ੂਰ ਨਹੀਂ ਕੀਤਾ। ਸ਼ਾਇਦ ਇਸ ਪਿੱਛੇ ਕਾਰਨ ਇਹੀ ਹੈ ਕਿ ਉਹ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਆਪਣੇ ਆਪ ਨੂੰ ਭਾਜਪਾ ਦਾ ਵਿੰਗ ਸਿੱਧ ਨਹੀਂ ਸੀ ਕਰਨਾ ਚਾਹੁੰਦਾ। ਇਸ ਨਾਲ ਉਸ ਦਾ ਰਹਿੰਦਾ ਖੂੰਹਦਾ ਸਿੱਖ ਵੋਟ ਬੈਂਕ ਨਰਾਜ਼ ਹੋ ਸਕਦਾ ਸੀ। ਤੁਹਾਨੂੰ ਯਾਦ ਕਰਵਾ ਦੇਈਏ ਦਿੱਲੀ ਵਿਚ ਲਗਭਗ 10 ਲੱਖ ਸਿੱਖ ਵੋਟਰ ਹਨ।

     ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਭਾਵੇਂ ਨਾਗਰਿਕਤਾ ਸੋਧ ਬਿੱਲ ਦੀ ਓਟ ਲੈਂਦਿਆਂ ਦਿੱਲੀ ਵਿਧਾਨ ਸਭਾ ਦੇ ਚੋਣ ਮੈਦਾਨ ਵਿਚੋਂ ਲਾਂਭੇ ਹੋਣ ਦੀ ਦਲੀਲ ਦਿੱਤੀ ਹੈ ਕਿ ਭਾਜਪਾ ਵੱਲੋਂ ਉਸ ਉੱਤੇ ਨਾਗਰਿਕਤਾ ਸੋਧ ਕਾਨੂੰਨ ਦੇ ਸਬੰਧ ਵਿਚ ਆਪਣਾ ਸਟੈਂਡ ਬਦਲਣ ਦਾ ਦਬਾਓ ਪਾਇਆ ਜਾ ਰਿਹਾ ਹੈ। ਭਾਜਪਾ ਨਾਲ ਸਮਝੌਤਾ ਨਾ ਹੋਣ ਤੋਂ ਬਾਅਦ ਅਕਾਲੀ ਦਲ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਨਹੀਂ ਲਏਗਾ। ਅਕਾਲੀ ਦਲ ਨਾਗਰਿਕਾਂ ਦੇ ਕੌਮੀ ਰਜਿਸਟਰ ਦੀ ਕਾਰਵਾਈ ਦਾ ਵੀ ਵਿਰੋਧ ਕਰੇਗਾ। ਤੁਹਾਨੂੰ ਯਾਦ ਕਰਵਾ ਦੇਈਏ ਕਿ ਸੰਸਦ ਵਿਚ ਅਕਾਲੀ ਦਲ ਨੇ ਕੌਮੀ ਨਾਗਰਿਕਤਾ ਸੋਧ ਬਿਲ 'ਤੇ ਹੋਈ ਵੋਟਿੰਗ ਦੌਰਾਨ ਭਾਜਪਾ ਦੇ ਹੱਕ ਵਿਚ ਵੋਟਾਂ ਪਾ ਕੇ ਆਪਣਾ ਸਿਆਸੀ ਨੁਕਸਾਨ ਕਰਵਾਇਆ ਸੀ। ਇਸ ਦਾ ਪੰਜਾਬ ਵਿਚ ਕਰੜਾ ਵਿਰੋਧ ਹੋਇਆ ਸੀ। ਬਾਅਦ ਵਿਚ ਅਕਾਲੀ ਦਲ ਨੇ ਆਪਣੀ ਪੁਜੀਸ਼ਨ ਵਿਚ ਸੁਧਾਰ ਕਰਦਿਆਂ ਇਹ ਮੰਗ ਕਰਨੀ ਸ਼ੁਰੂ ਕੀਤੀ ਕਿ ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਵਿਤਕਰੇ ਦੇ ਸ਼ਿਕਾਰ ਹੋਏ ਹਿੰਦੂਆਂ, ਜੈਨੀਆਂ, ਬੋਧੀਆਂ, ਪਾਰਸੀਆਂ, ਇਸਾਈਆਂ ਤੇ ਸਿੱਖਾਂ ਦੇ ਨਾਲ ਨਾਲ ਮੁਸਲਮਾਨਾਂ ਨੂੰ ਵੀ ਭਾਰਤੀ ਨਾਗਰਿਕਤਾ ਦੇਣੀ ਚਾਹੀਦੀ ਹੈ। ਇਹ ਅਕਾਲੀ ਦਲ ਦਾ ਇੱਕ ਯੋਗ ਤੇ ਉਸਾਰੂ ਕਦਮ ਸੀ।

     ਭਾਜਪਾ ਇਸ ਸਮੇਂ ਹਉਮੈਂਵਾਦੀ ਸਿਆਸਤ ਦੀ ਸ਼ਿਕਾਰ ਹੈ ਤੇ ਉਹ ਆਪਣੇ ਭਾਈਵਾਲਾਂ ਦੀ ਜ਼ਿਆਦਾ ਪਰਵਾਹ ਨਹੀਂ ਕਰ ਰਹੀ। ਹਾਲਾਂ ਕਿ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਸ਼ਰਤ ਭਾਜਪਾ ਨੂੰ ਹਮਾਇਤ ਦੇ ਕੇ ਉਸ ਦਾ ਝੰਡਾ ਦਿੱਲੀ ਵਿਚ ਝੁਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਅਕਾਲੀ ਦਲ ਨੇ ਉਸ ਸਮੇਂ ਸਟੈਂਡ ਲਿਆ ਸੀ, ਜਦੋਂ ਸਾਰੀਆਂ ਪ੍ਰਾਂਤਿਕ ਪਾਰਟੀਆਂ ਭਾਜਪਾ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਸਨ। ਪ੍ਰਾਂਤਿਕ ਪਾਰਟੀਆਂ ਨੂੰ ਭਾਜਪਾ ਨਾਲ ਜੋੜਨ ਵਿਚ ਬਾਦਲ ਦੀ ਵੱਡੀ ਭੂਮਿਕਾ ਸੀ।

     ਜੇਕਰ ਭਾਜਪਾ ਦੇ ਪੱਖ ਵਲ ਧਿਆਨ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਅਕਾਲੀਆਂ ਨੇ ਆਪਣੇ ਤੌਰ 'ਤੇ ਹੀ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਲੜਨ ਦੀ ਤਿਆਰੀ ਵਿੱਢੀ ਸੀ। ਭਾਜਪਾ ਦੇ ਲੀਡਰਾਂ ਦਾ ਇਹ ਵੀ ਮੰਨਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੋਂ ਨਰਾਜ਼ ਹਨ, ਕਿਉਂਕਿ ਇਸ ਨਾਲ ਪੰਜਾਬ ਵਿਚ ਭਾਜਪਾ ਦਾ ਵੀ ਨੁਕਸਾਨ ਹੋ ਸਕਦਾ ਹੈ ਤੇ ਭਾਜਪਾ ਦੇ ਹਿੰਦੂ ਕੇਡਰ ਦਾ ਕਾਂਗਰਸ ਵਲ ਝੁਕਾਅ ਵਧ ਰਿਹਾ ਹੈ। ਭਾਜਪਾ ਆਗੂ ਸਮਝਦੇ ਹਨ ਕਿ ਅਕਾਲੀ ਦਲ ਦੀ ਮੰਗ 'ਤੇ ਮੋਦੀ ਸਰਕਾਰ ਵੱਲੋਂ ਕਈ ਫ਼ੈਸਲੇ ਲਏ ਗਏ, ਜਿਵੇਂ ਅਕਾਲੀਆਂ ਦੀ ਮੰਗ 'ਤੇ ਹੀ 1984 ਦੇ ਸਿੱਖ ਕਤਲੇਆਮ ਕੇਸ ਦੇ ਕਈ ਦੋਸ਼ੀਆਂ ਨੂੰ ਜੇਲ੍ਹ ਤੱਕ ਵੀ ਪਹੁੰਚਾਇਆ, ਵਿਦੇਸ਼ਾਂ ਵਿਚਲੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕੀਤੀਆਂ ਪਰ ਅਕਾਲੀ ਦਲ ਆਪਣੀ ਚਮਕ ਪੰਜਾਬ ਵਿਚੋਂ ਦਿਨੋਂ ਦਿਨ ਗੁਆ ਰਿਹਾ ਹੈ। ਉਹ ਇਹ ਵੀ ਸਮਝਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪੰਥਕ ਕੇਡਰ ਜੋ ਅਕਾਲੀ ਦਲ ਦੀ ਤਾਕਤ ਸੀ, ਉਹ ਅਕਾਲੀ ਦਲ ਤੋਂ ਪਰੇ ਹੱਟ ਚੁੱਕਾ ਹੈ। ਦੂਸਰੇ ਪਾਸੇ ਟਕਸਾਲੀਆਂ ਖਾਸ ਕਰਕੇ ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਨਾਲੋਂ ਵੱਖ ਹੋਣ ਨਾਲ ਵੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਸਮਝ ਇਹ ਵੀ ਆਉਂਦੀ ਹੈ ਕਿ ਭਾਜਪਾ ਪੰਜਾਬ ਵਿਚ ਆਪਣੀ ਸਰਦਾਰੀ ਕਾਇਮ ਰੱਖਣ ਲਈ ਤੇ ਕਾਂਗਰਸ ਨੂੰ ਸੱਤਾ ਤੋਂ ਪਰੇ ਰੱਖਣ ਲਈ  ਸਿੱਖਾਂ ਦੀ ਕਿਸੇ ਨੁਮਾਇੰਦਾ ਧਿਰ ਨਾਲ ਸਿਆਸੀ ਗੱਠਜੋੜ ਤਾਂ ਕਰਨਾ ਚਾਹੁੰਦੀ ਹੈ ਪਰ ਬਾਦਲਾਂ ਦਾ 'ਤੋੜ' ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਭਾਜਪਾ ਵੱਲੋਂ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ 'ਤੇ ਲੜਨ ਦਾ ਐਲਾਨ ਇਸੇ ਰਾਜਨੀਤਕ  ਦਾ ਹੀ ਹਿੱਸਾ ਹੈ। ਇਹ ਮੰਨਣਾ ਪਵੇਗਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਵਾਂਗ ਪੰਜਾਬ ਤੇ ਅਕਾਲੀ ਦਲ ਲਈ ਯੋਗ ਭੂਮਿਕਾ ਨਹੀਂ ਨਿਭਾਅ ਸਕੇ। ਅਕਾਲੀ ਦਲ ਦੀ ਵੱਡੀ ਗਲਤੀ ਇਹ ਰਹੀ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਖੁਦਮੁਖਤਿਆਰੀ ਦੀ ਮੰਗ ਤਿਆਗੀ ਹੈ ਤੇ ਦੂਸਰਾ ਆਪਣੇ ਪੰਥਕ ਕੇਡਰ ਵਲ ਧਿਆਨ ਨਹੀਂ ਦਿੱਤਾ ਤੇ ਭਾਜਪਾ ਦੀ ਬੇਵਜ੍ਹਾ ਤੇ ਬਿਨਾਂ ਸ਼ਰਤ ਹਮਾਇਤ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਲਈ ਵੱਡਾ ਝਟਕਾ ਸੀ, ਉਸ ਸੰਬੰਧ ਵਿਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਸਾਰੂ ਸਟੈਂਡ ਨਹੀਂ ਲੈ ਸਕੇ, ਜਿਸ ਨਾਲ ਸਿੱਖ ਸੰਗਤਾਂ ਦੇ ਰੋਸ ਨੂੰ ਠੰਡਾ ਪਾਇਆ ਜਾ ਸਕਦਾ। ਇਸੇ ਦਾ ਨਤੀਜਾ ਸੀ ਕਿ 10 ਸਾਲ ਰਾਜ ਕਰਨ ਵਾਲੀ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਾ ਕਰ ਸਕੀ ਤੇ ਨਵੀਂ ਬਣੀ 'ਆਪ' ਪਾਰਟੀ ਤੋਂ ਵੀ ਹੇਠਾਂ ਤੀਜੇ ਥਾਂ ਲੁੜ੍ਹਕ ਗਈ। ਇਸ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਬਗਾਵਤ ਫੈਲਣੀ ਸ਼ੁਰੂ ਹੋ ਗਈ। ਭਾਰਤ ਵਿੱਚ ਚੱਲੀ ਮੋਦੀ ਲਹਿਰ ਦੇ ਬਾਵਜੂਦ ਪੰਜਾਬ ਵਿੱਚ ਬਾਦਲ ਅਕਾਲੀ ਦਲ ਲੋਕ ਸਭਾ ਦੀਆਂ ਸਿਰਫ਼ ਦੋ ਸੀਟਾਂ ਬਠਿੰਡਾ ਤੇ ਫਿਰੋਜ਼ਪੁਰ ਵਾਲੀਆਂ ਹੀ ਜਿੱਤ ਸਕਿਆ। ਇਸ ਤੋਂ ਬਾਅਦ ਹੀ ਪੰਜਾਬ ਭਾਜਪਾ ਦੇ ਕੇਡਰ ਤੇ ਸੀਨੀਅਰ ਲੀਡਰਸ਼ਿਪ ਨੇ ਵੀ ਬਾਦਲ ਅਕਾਲੀ ਦਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ ਇਕੱਲਿਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਹੁਣ ਅਜੋਕੇ ਸਮੇਂ ਦੌਰਾਨ ਭਾਜਪਾ ਹਾਈਕਮਾਂਡ ਨੇ ਇਸ ਵਲ ਸੋਚਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇ ਇੱਥੇ ਹੀ ਬਸ ਨਹੀਂ ਕੀਤੀ, ਉਸ ਨੇ ਆਰ ਐਸ ਐਸ ਦੇ ਸਹਿਯੋਗ ਨਾਲ ਪਿੰਡਾਂ ਵਿਚ ਸਿੱਖ ਤੇ ਦਲਿਤ ਕੇਡਰ ਜੋ ਅਕਾਲੀ ਦਲ ਦਾ ਕੇਡਰ ਸਨ, ਨੂੰ ਖੋਰਾ ਲਾਉਣਾ ਲਈ ਮੈਂਬਰਸ਼ਿਪ ਕਰਨੀ ਸ਼ੁਰੂ ਕਰ ਦਿੱਤੀ। ਇਹ ਵੱਖਰੀ ਗੱਲ ਹੈ ਕਿ ਭਾਜਪਾ ਨੂੰ ਬੁਰੀ ਤਰ੍ਹਾਂ ਨਿਰਾਸ਼ਾ ਮਿਲੀ।

     ਬਾਦਲ ਅਕਾਲੀ ਦਲ ਨੂੰ ਜੋ ਸਭ ਤੋਂ ਵੱਡਾ ਝਟਕਾ ਅੰਦਰੂਨੀ ਬਗਾਵਤ ਟਕਸਾਲੀ ਅਕਾਲੀਆਂ ਦਾ ਲੱਗਾ ਹੈ ਤੇ ਹੁਣ ਢੀਂਡਸਾ ਪਰਿਵਾਰ ਵੀ ਇਸ ਨਾਲ ਜਾ ਰਲੇ ਹਨ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਖਤਰੇ ਵਿਚ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਬਗਾਵਤ ਪਿੱਛੇ ਭਾਜਪਾ ਦਾ ਹੀ ਹੱਥ ਹੈ।

    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਨ੍ਹਾਂ ਦਾ ਪੰਥਕ ਕੇਡਰ ਗੁਆਚ ਰਿਹਾ ਹੈ ਤੇ ਨਾਲ ਉਹ ਭਾਜਪਾ ਦਾ ਆਸਰਾ ਵੀ ਲੈਣਾ ਚਾਹੁੰਦੀ ਹੈ। ਇਹੀ ਬਾਦਲ ਅਕਾਲੀ ਦਲ ਦਾ ਦੁਖਾਂਤ ਬਣਿਆ ਹੋਇਆ ਹੈ। ਹੁਣੇ ਜਿਹੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਟਕਸਾਲੀਆਂ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਦਿੱਲੀ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ, ਉਹ ਸਪੱਸ਼ਟ ਤੌਰ ਉੱਤੇ ਭਾਜਪਾ ਨੂੰ ਇਹ ਯਕੀਨ ਦਿਵਾਉਣਾ ਹੀ ਸੀ ਕਿ ਦਿੱਲੀ ਦੇ ਸਿੱਖ ਹੁਣ ਉਨ੍ਹਾਂ ਨਾਲ ਹਨ। ਅਸੀਂ ਸਮਝਦੇ ਹਾਂ ਕਿ ਭਾਜਪਾ ਵਲੋਂ ਬਾਦਲ ਅਕਾਲੀ ਦਲ ਨੂੰ ਅੰਗੂਠਾ ਦਿਖਾਉਣ ਪਿੱਛੇ ਇਹ ਵੀ ਕਾਰਨ ਹੋ ਸਕਦਾ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਲ ਬਾਦਲ ਦਿੱਲੀ ਵਿਚ ਵੀ ਆਪਣਾ ਪ੍ਰਭਾਵ ਗੁਆ ਰਿਹਾ ਹੈ। ਪੰਜਾਬੀਆਂ ਦੀ ਅਰਦਾਸ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜਣਾ ਹੋਵੇ ਜਿਸ ਦਾ ਆਧਾਰ ਸਾਡੇ ਬਜ਼ੁਰਗਾਂ ਨੇ ਪੰਜਾਬ ਦੇ ਹਿੱਤਾਂ ਲਈ ਬੁਣਿਆ ਸੀ। ਅਕਾਲੀ ਦਲ ਦਾ ਇਤਿਹਾਸਕ ਕੁਰਬਾਨੀ ਵਾਲਾ ਰਵਾਇਤੀ ਜਜ਼ਬਾ, ਸਰਬੱਤ ਦਾ ਭਲਾ, ਪੰਜਾਬੀਆਂ ਦੀ ਪਹਿਰੇਦਾਰੀ, ਖ਼ਾਸ ਤੌਰ ਉੱਤੇ ਘੱਟ ਗਿਣਤੀਆਂ ਅਤੇ ਮਜ਼ਲੂਮਾਂ ਅਤੇ ਮਨੁੱਖੀ ਬਰਾਬਰੀ ਵਾਲਾ ਏਜੰਡਾ ਅਤੇ ਕੁਰਬਾਨੀ ਵਾਲੀ ਲੀਡਰਸ਼ਿਪ ਕਾਇਮ ਹੋਵੇ।

ਰਜਿੰਦਰ ਸਿੰਘ ਪੁਰੇਵਾਲ