image caption: ਮਹਾਰਾਜਾ ਸ਼ੇਰ ਸਿੰਘ ਮਹੱਲ ਬਟਾਲਾ ਅਤੇ ਲੇਖਕ :– ਜਸਵਿੰਦਰ ਸਿੰਘ

ਮਹਾਰਾਜਾ ਸ਼ੇਰ ਸਿੰਘ ਮਹੱਲ ਬਟਾਲਾ, ਗੁਲਾਮੀ ਤੋਂ ਕਿਰਾਏ ਤੱਕ ......

    ਸਰਕਾਰ-ਏ-ਖਾਲਸਾ ਦੇ ਮਹਾਰਾਜਾ ਸ਼ੇਰ ਸਿੰਘ ਜੋ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਫਰਜ਼ੰਦ ਸਨ ਦਾ ਬਟਾਲਾ ਸ਼ਹਿਰ ਨਾਲ ਬੜਾ ਗੂੜ੍ਹਾ ਸਬੰਧ ਰਿਹਾ ਹੈ। ਮਹਾਰਾਜਾ ਸ਼ੇਰ ਸਿੰਘ ੨ ਸਾਲ ੭ ਮਹੀਨੇ ੨੭ ਦਿਨ ਸਿੱਖ ਰਾਜ ਦੇ ਮਹਾਰਾਜਾ ਰਹੇ ਹਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਵੱਡੇ ਸਪੁੱਤਰ ਖੜਕ ਸਿੰਘ ਖਾਲਸਾ ਰਾਜ ਦੇ ਮਹਾਰਾਜਾ ਬਣੇ। ਖਾਲਸਾ ਦਰਬਾਰ ਵਿੱਚ ਅਸਰ-ਰਸੂਖ ਰੱਖਦੇ ਡੋਗਰਿਆਂ ਨੇ ਪਹਿਲਾਂ ਸਾਜਿਸ਼ ਤਹਿਤ ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਲਾਹਿਆ ਅਤੇ ਉਸਦੇ ੧੮ ਸਾਲਾ ਪੁੱਤਰ ਨੌਨਿਹਾਲ ਸਿੰਘ ਨੂੰ ਤਖਤ ਉਪਰ ਬਿਠਾ ਦਿੱਤਾ। ਜਦੋਂ ਡੋਗਰਿਆਂ ਦੇਖਿਆ ਕਿ ਇਹ ਨੌਜਵਾਨ ਮਹਾਰਾਜਾ ਨੌਨਿਹਾਲ ਸਿੰਘ ਉਨ੍ਹਾਂ ਦੇ ਕਹੇ ਅਨੁਸਾਰ ਨਹੀਂ ਚੱਲਦਾ ਤਾਂ ਉਸ ਨੂੰ ਮਾਰਨ ਦੀ ਸਾਜਿਸ਼ ਰਚ ਦਿੱਤੀ। ਜਦੋਂ ਮਹਾਰਾਜਾ ਨੌਨਿਹਾਲ ਸਿੰਘ ਦੇ ਪਿਤਾ ਖੜਕ ਸਿੰਘ ਦੀ ਮੌਤ ਹੋਈ ਤਾਂ ਆਪਣੇ ਪਿਤਾ ਦਾ ਸਸਕਾਰ ਕਰਨ ਉਪਰੰਤ ਜਦੋਂ ਮਹਾਰਾਜਾ ਨੌਨਿਹਾਲ ਸਿੰਘ ਵਾਪਸ ਜਾ ਰਿਹਾ ਸੀ ਤਾਂ ਡੋਗਰਿਆਂ ਨੇ ਸਾਜ਼ਿਸ਼ ਰਾਹੀਂ ਉਸਦਾ ਵੀ ਕਤਲ ਕਰਵਾ ਦਿੱਤਾ। ਖੜਕ ਸਿੰਘ ਅਤੇ ਆਪਣੇ ਭਤੀਜੇ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਸ਼ੇਰ ਸਿੰਘ ਖਾਲਸਾ ਰਾਜ ਦਾ ਮਹਾਰਾਜਾ ਬਣਿਆ।
  ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਨਿੱਤ ਹੁੰਦੀਆਂ ਸਾਜ਼ਿਸ਼ਾਂ ਨੇ ਕੁਝ ਕੁ ਸਾਲਾਂ ਵਿੱਚ ਹੀ ਸਿੱਖ ਰਾਜ ਨੂੰ ਖਤਮ ਕਰ ਦਿੱਤਾ। ਅੰਗਰੇਜ਼ ਹਕੂਮਤ ਦਾ ਕਬਜ਼ਾ ਹੋਣ ਤੋਂ ਬਾਅਦ ਉਨ੍ਹਾਂ ਦੇ ਰਾਜ-ਭਾਗ, ਕੋਹਿਨੂਰ ਹੀਰੇ ਦੇ ਨਾਲ ਸਿੱਖ ਰਾਜ ਦੀਆਂ ਸਾਰੀਆਂ ਜਾਇਦਾਦਾਂ ਉੱਪਰ ਵੀ ਆਪਣਾ ਕਬਜ਼ਾ ਕਰ ਲਿਆ। ਗੱਲ ਬਟਾਲਾ ਸ਼ਹਿਰ ਦੀ ਕਰੀਏ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਦਰਬਾਰ ਦੀ ਵਾਗਡੋਰ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਸਪੁੱਤਰ ਸ਼ੇਰ ਸਿੰਘ ਬਟਾਲਾ ਵਿਖੇ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਕਸ਼ਮੀਰ ਦਾ ਗਵਰਨਰ ਵੀ ਲਗਾਇਆ ਸੀ ਅਤੇ ਅਫ਼ਗਾਨਾਂ ਕੋਲੋਂ ਪੇਸ਼ਾਵਰ ਫ਼ਤਿਹ ਕਰਨ ਵਿੱਚ ਵੀ ਸ਼ੇਰ ਸਿੰਘ ਮੋਹਰੀ ਸਨ। ਬਟਾਲਾ ਸ਼ਹਿਰ ਵਿਖੇ ਜਿਥੇ ਅੱਜ ਕੱਲ ਬੇਰਿੰਗ ਕਾਲਜ ਦੇ ਪ੍ਰਿੰਸੀਪਲ ਦਾ ਦਫ਼ਤਰ ਹੈ ਉਹ ਇਮਾਰਤ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਸੀ। ਮਹਾਰਾਜਾ ਸ਼ੇਰ ਸਿੰਘ ਨੇ ਇਸ ਮਹੱਲ ਵਿੱਚ ਆਪਣਾ ਲੰਮਾ ਸਮਾਂ ਬਤੀਤ ਕੀਤਾ। ਸੰਨ ੧੮੪੯ ਵਿੱਚ ਲਾਹੌਰ ਦਰਬਾਰ ਉੱਪਰ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਬਟਾਲਾ ਸਥਿਤ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਉੱਪਰ ਵੀ 'ਯੂਨੀਅਨ ਜੈਕ' ਝੂਲਣ ਲੱਗਾ।
  ਜਦੋਂ ਪੰਜਾਬ ਉੱਪਰ ਅੰਗਰੇਜ਼ ਹਕੂਮਤ ਨੇ ਪੂਰਨ ਕਬਜ਼ਾ ਕਰ ਲਿਆ ਤਾਂ ਸੰਨ ੧੮੭੮ ਦੇ ਕਰੀਬ ਇਸਾਈ ਮਿਸ਼ਨਰੀ ਰੇਵ ਹੈਨਰੀ ਫਰਾਂਸਿਸ ਬੇਰਿੰਗ ਬਟਾਲਾ ਵਿਖੇ ਆਏ। ਉਸ ਸਮੇਂ ਕਾਬਜ਼ ਅੰਗਰੇਜ਼ਾਂ ਨੇ ਹੈਨਰੀ ਫਰਾਂਸ਼ਿਸ ਨੂੰ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਦੇ ਦਿੱਤਾ, ਜਿਥੇ ਉਨ੍ਹਾਂ ਨੇ ੧ ਅਪ੍ਰੈਲ ੧੮੭੮ ਵਿੱਚ 'ਬੇਰਿੰਗ ਬੋਆਏਜ਼ ਬੋਰਡਿੰਗ ਸਕੂਲ' ਦੀ ਸ਼ੁਰੂਆਤ ਕੀਤੀ। ਸੰਨ ੧੯੩੦ ਵਿੱਚ ਇਹ ਸਕੂਲ ਬੇਰਿੰਗ ਹਾਈ ਸਕੂਲ ਬਣ ਗਿਆ ਅਤੇ ੧੯੪੪ ਵਿੱਚ ਇਥੇ ਹੀ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਹੋਂਦ ਵਿੱਚ ਆ ਗਿਆ। ਸੰਨ ੧੮੭੮ ਤੋਂ ਹੁਣ ਤੱਕ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਉੱਪਰ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਦਾ ਕਬਜ਼ਾ ਹੈ ਅਤੇ ਉਨ੍ਹਾਂ ਦਾ ਝੰਡਾ ਅੱਜ ਵੀ ਸਿੱਖ ਰਾਜ ਦੇ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਉੱਪਰ ਝੁਲ ਰਿਹਾ ਹੈ।
  ਬੇਰਿੰਗ ਕਾਲਜ ਦੀ ਗਰਾਉਂਡ ਵਿਚੋਂ ਸੜਕ ਨਿਕਲਣ ਦਾ ਮਾਮਲਾ ਇਹਨੀ ਦਿਨੀ ਕਾਫ਼ੀ ਚਰਚਾ ਵਿੱਚ ਹੈ। ਇਸ ਬਾਰੇ ਸਹੀ ਤੱਥ ਤਾਂ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ ਹੋਣਗੇ। ਪਰ ਇੱਕ ਗੱਲ ਜੋ ਬੇਰਿੰਗ ਕਾਲਜ ਦੇ ਪ੍ਰਬੰਧਕ ਵੀ ਮੰਨਦੇ ਹਨ ਕਿ ਜਿਸ ਇਮਾਰਤ ਵਿੱਚ ਪ੍ਰਿੰਸੀਪਲ ਦਾ ਦਫ਼ਤਰ ਚੱਲ ਰਿਹਾ ਹੈ ਇਹ ਮਾਹਾਂਰਾਜਾ ਸ਼ੇਰ ਸਿੰਘ ਦਾ ਮਹੱਲ ਹੈ। ਇਸ ਇਮਾਰਤ ਦੇ ਮੁੱਖ ਦਰਵਾਜੇ ਉੱਪਰ ਉਰਦੂ ਅਤੇ ਅੰਗਰੇਜੀ ਉਕਰੇ 'ਮਹਾਰਾਜਾ ਸ਼ੇਰ ਸਿੰਘ ਦਾ ਮਹੱਲ' ਦੀ ਸਿੱਲ ਲੱਗੀ ਹੋਈ ਹੈ। ਕਾਲਜ ਪ੍ਰਬੰਧਕ ਕਹਿੰਦੇ ਹਨ ਕਿ ਇਹ ਮਹੱਲ ਉਨ੍ਹਾਂ ਲੀਜ਼ ਉੱਪਰ ਲਿਆ ਹੋਇਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਿਸੇ ਇਤਿਹਾਸਕ ਮਹੱਤਤਾ ਵਾਲੀ ਇਮਾਰਤ ਨੂੰ ਕਿਰਾਏ ਉੱਪਰ ਲੈ ਕੇ ਵਰਤਿਆ ਜਾ ਸਕਦਾ ਹੈ? ਉਹ ਵੀ ਉਦੋਂ ਜਦੋਂ ਉਸ ਇਮਾਰਤ ਨੂੰ ਪੁਰਾਤੱਤਵ ਵਿਭਾਗ ਵਲੋਂ ਇਤਿਹਾਸਕ ਧਰੋਹਰ ਐਲਾਨਿਆ ਹੋਵੇ।
   ਬਟਾਲਾ ਸਥਿਤ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਸਿੱਖ ਰਾਜ ਦੇ ਗੌਰਵ ਦੀ ਨਿਸ਼ਾਨੀ ਅਤੇ ਬੇਸ਼ਕੀਮਤੀ ਇਤਿਹਾਸਕ ਧਰੋਹਰ ਹੈ। ਕੀ ਸਾਨੂੰ ਆਪਣੇ ਅਜ਼ਾਦ ਮੁਲਕ ਵਿੱਚ ਇਹ ਵੀ ਹੱਕ ਨਹੀਂ ਕਿ ਕੌਮ ਆਪਣੇ ਮਹਾਂਰਾਜੇ ਦੇ ਮਹਿਲ ਨੂੰ ਵਾਪਸ ਲੈ ਸਕੇ, ਜਦੋਂ ਚਾਹੇ ਉਸ ਅੰਦਰ ਜਾ ਸਕੇ, ਉਸਦੀ ਸਾਂਭ-ਸੰਭਾਲ ਕਰ ਸਕੇ। ਅੱਜ ਬਟਾਲੇ ਦੇ ਹੀ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਹੈ ਵੀ ਜਾਂ ਨਹੀਂ। ਪਤਾ ਵੀ ਕਿਵੇਂ ਹੋਵੇ, ਇਹ ਮਹੱਲ ਇੱਕ ਸੰਸਥਾ ਕੋਲ ਕਿਰਾਏ ਉੱਪਰ ਜੋ ਹੈ ਅਤੇ ਉਸ ਸੰਸਥਾ ਦੀ ਮਰਜ਼ੀ ਹੈ ਕਿਸੇ ਨੂੰ ਓਥੇ ਜਾਣ ਦੇਵੇ ਜਾਂ ਨਾ ਜਾਣ ਦੇਵੇ।
  ਪਹਿਲੀ ਗੱਲ ਕਿਸੇ ਵੀ ਅਣਜਾਣ ਵਿਅਕਤੀ ਨੂੰ ਕਾਲਜ ਦੇ ਸੁਰੱਖਿਆ ਅਮਲੇ ਵਲੋਂ ਕਾਲਜ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਜੇਕਰ ਕੋਈ ਚਲਾ ਵੀ ਜਾਵੇ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਪ੍ਰਿੰਸੀਪਲ ਦੇ ਹੁਕਮ ਤੋਂ ਬਿਨ੍ਹਾਂ ਕੋਈ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ਦੇ ਅੰਦਰ ਵੀ ਚਲਾ ਜਾਵੇ ਕਿਉਂਕਿ ਮਹਿਲ ਦੇ ਅੰਦਰ ਤਾਂ ਪ੍ਰਿੰਸੀਪਲ ਸਾਹਿਬ ਦਾ ਦਫ਼ਤਰ ਚੱਲ ਰਿਹਾ ਹੈ।
  ਸਵਾਲ ਇਹ ਵੀ ਉੱਠ ਰਿਹਾ ਹੈ ਕਿ ਆਪਣੀ ਹੋਂਦ ਤੋਂ ਬਾਅਦ ਬੇਰਿੰਗ ਸਕੂਲ ਤੇ ਕਾਲਜ ਦੀਆਂ ਬੜੀਆਂ ਆਲੀਸ਼ਾਨ ਇਮਾਰਤਾਂ ਬਣੀਆਂ ਹਨ ਪਰ ਪ੍ਰਬੰਧਕਾਂ ਨੇ ਅਜੇ ਤੱਕ ਆਪਣਾ ਪ੍ਰਬੰਧਕੀ ਬਲਾਕ ਅਤੇ ਪ੍ਰਿੰਸੀਪਲ ਦਫ਼ਤਰ ਕਿਉਂ ਨਹੀਂ ਬਣਾਇਆ। ਇਹ ਗੱਲ ਬੇਰਿੰਗ ਕਾਲਜ ਦੇ ਪ੍ਰਬੰਧਕ, ਪ੍ਰਿੰਸੀਪਲ ਅਤੇ ਇਸ ਕਾਲਜ ਦੇ ਇਤਿਹਾਸ ਦੇ ਪ੍ਰੋਫੈਸਰ ਵੀ ਭਲੀਭਾਂਤ ਜਾਣਦੇ ਹਨ ਕਿ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਇੱਕ ਇਤਿਹਾਸਕ ਧਰੋਹਰ ਹੈ ਅਤੇ ਬੇਰਿੰਗ ਕਾਲਜ ਵਲੋਂ ਇਸਨੂੰ ਖੁਦ ਹੀ ਖਾਲੀ ਕਰ ਦੇਣਾ ਚਾਹੀਦਾ ਸੀ। ਦੇਸ਼ ਦੀ ਅਜ਼ਾਦੀ ਦੇ ੭੩ ਸਾਲਾਂ ਬਾਅਦ ਵੀ ਅਸੀਂ ਆਪਣੇ ਮਹਾਰਾਜਾ ਦੇ ਮਹਿਲ ਵਿੱਚ ਨਹੀਂ ਜਾ ਸਕਦੇ ਕਿਉਂਕਿ ਉਹ ਕੁਝ ਕੁ ਰੁਪਿਆਂ ਦੇ ਕਿਰਾਏ (ਲੀਜ਼) ਉੱਪਰ ਚੜਿਆ ਹੋਇਆ ਹੈ। ਬੇਰਿੰਗ ਕਾਲਜ ਕੋਲ ਬਹੁਤ ਜਗ੍ਹਾ ਹੈ, ਉਨ੍ਹਾਂ ਨੂੰ ਕਿਸੇ ਹੋਰ ਥਾਂ ਆਪਣੇ ਪ੍ਰਿੰਸੀਪਲ ਦਾ ਦਫ਼ਤਰ ਬਣਾ ਲੈਣਾ ਚਾਹੀਦਾ ਹੈ। ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦਾ ਕਬਜ਼ਾ ਪੁਰਾਤੱਤਵ ਵਿਭਾਗ ਨੂੰ ਲੈ ਕੇ ਇਸਦੀ ਸਾਂਭ-ਸੰਭਾਲ ਕਰਕੇ ਆਮ ਲੋਕਾਂ ਲਈ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਇਸ ਬੇਸ਼ਕੀਮਤੀ ਇਤਿਹਾਸਕ ਵਿਰਾਸਤ ਨੂੰ ਦੇਖ ਸਕੇ। ਬੇਰਿੰਗ ਯੂਨੀਅਨ ਨੇ ੧੮੭੮ ਤੋਂ ੨੦੨੦ ਤੱਕ ੧੪੨ ਸਾਲ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ਨੂੰ ਵਰਤਿਆ ਹੈ ਅਤੇ ਹੁਣ ਹੀ ਇਸ ਬੇਸ਼ਕੀਮਤੀ ਇਤਿਹਾਸਕ ਧਰੋਹਰ ਨੂੰ ਖਾਲੀ ਕਰ ਦੇਣਾ ਚਾਹੀਦਾ ੍ਹੇ।
  ਸਿੱਖ ਕੌਮ ਦੇ ਵਿਦਵਾਨਾਂ ਅਤੇ ਚਿੰਤਕਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੀ ਕੌਮ ਦੀਆਂ ਇਤਿਹਾਸਕ ਧਰੋਹਰਾਂ ਨੂੰ ਸਾਂਭਣ ਲਈ ਹੋਰ ਸੁਹਿਰਦ ਹੋਣ। ਸਿੱਖ ਰਾਜ ਦੀਆਂ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਪਾਕਿਸਤਾਨ ਵਿੱਚ ਰਹਿ ਗਈਆਂ ਹਨ ਪਰ ਸਿੱਖ ਰਾਜ ਦੀਆਂ ਜੋ ਨਿਸ਼ਾਨੀਆਂ ਸਾਡੇ ਭਾਰਤੀ ਪੰਜਾਬ ਵਿੱਚ ਹਨ ਘੱਟੋ-ਘੱਟ ਉਨ੍ਹਾਂ ਦੀ ਸਾਂਭ-ਸੰਭਾਲ ਲਈ ਯਤਨ ਜਰੂਰ ਕਰਨੇ ਚਾਹੀਦੇ ਹਨ। ਭਾਂਵੇ ਕੌਮ ਅੱਜ ਵੀ ਅੰਗਰੇਜ਼ ਹਕੂਮਤ ਕੋਲੋਂ ਕੋਹੇਨੂਰ ਹੀਰੇ ਦੀ ਮੰਗ ਕਰ ਰਹੀ ਹੈ ਜੋ ਜਾਇਜ਼ ਵੀ ਹੈ ਪਰ ਜਿਹੜੀ ਧਰੋਹਰ ਸਾਡੇ ਕੋਲ ਹੈ ਪਹਿਲਾਂ ਉਸਦੀ ਸਾਂਭ-ਸੰਭਾਲ ਲਈ ਸੁਹਿਰਦ ਹੋਣ ਦੀ ਲੋੜ ਹੈ। ਬਟਾਲਾ ਸ਼ਹਿਰ ਵਿੱਚ ਗੁਰੂ ਸਾਹਿਬ ਅਤੇ ਸਿੱਖ ਰਾਜ ਨਾਲ ਸਬੰਧਤ ਬਹੁਤ ਸਾਰੇ ਧਾਰਮਿਕ ਅਤੇ ਇਤਿਹਾਸਕ ਅਸਥਾਨ ਹਨ ਜਿਨ੍ਹਾਂ ਦੀ ਪਛਾਣ ਅਤੇ ਸੰਭਾਲ ਕਰਨ ਦੀ ਲੋੜ ਹੈ। ਆਓ ਮਿਲ ਕੇ ਯਤਨ ਕਰੀਏ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ਨੂੰ ਆਮ ਲੋਕਾਂ ਦੇ ਸਪੁਰਦ ਕਰਨ ਲਈ ਆਪਣਾ ਯੋਗਦਾਨ ਪਾਈਏ।

ਲੇਖਕ :&ndash ਜਸਵਿੰਦਰ ਸਿੰਘ