image caption: ਲੇਖਕ - ਡਾ: ਅਮਰਜੀਤ ਸਿੰਘ ਯੂ ਐਸ ਏ

ਬਾਦਲ ਅਕਾਲੀ ਦਲ ਦੀ ਅਧੋਗਤੀ: ਦਿੱਲੀ ਚੋਣਾਂ 'ਚੋਂ ਬਾਹਰ, ਚਾਰ-ਚੁਫੇਰੇ ਥੂ-ਥੂ

    ਸ਼੍ਰੋਮਣੀ ਅਕਾਲੀ ਦਲ ਨੂੰ ਵਜੂਦ 'ਚ ਆਇਆਂ ਇੱਕ ਸਦੀ ਗੁਜ਼ਰ ਚੁੱਕੀ ਹੈ। ਭਾਰਤ-ਪਾਕ ਉੱਪ ਮਹਾਂਦੀਪ ਵਿੱਚ ਕਾਂਗਰਸ ਤੋਂ ਬਾਅਦ ਇਹ ਦੂਸਰੀ ਪੁਰਾਣੀ ਸਿਆਸੀ ਪਾਰਟੀ ਹੈ। ਹਾਲਾਂਕਿ ਕਾਂਗਰਸ ਦੀ ਨੀਂਹ ਇੱਕ ਗੋਰੇ ਅੰਗਰੇਜ਼ ਸਰ ਹਿਊ ਰੋਜ਼ ਨੇ ਰੱਖੀ ਸੀ ਅਤੇ 1929 ਤੱਕ ਕਾਂਗਰਸ ਦੀ ਮੰਗ ਕੁਝ ਸੁਧਾਰਾਂ ਤੇ ਅੰਦਰੂਨੀ ਖੁਦਮੁਖਤਿਆਰ (ਡੋਮੀਨੀਅਨ ਸਟੇਟਸ) ਤੱਕ ਹੀ ਮਹਿਦੂਦ ਸੀ। ਜਦੋਂ ਕਿ ਅਕਾਲੀ ਦਲ ਨੇ 1920ਵਿਆਂ ਤੋਂ ਹੀ ਅੰਗਰੇਜ਼ੀ ਸਾਮਰਾਜ ਨਾਲ ਸਿੱਧੀ ਟੱਕਰ ਲਈ ਸੀ। 1925 ਵਿੱਚ ਬਣਿਆ ਗੁਰਦੁਆਰਾ ਐਕਟ, ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਸੀ, ਭਾਵੇਂ ਕਿ ਇਸ ਐਕਟ ਦੀਆਂ ਕੁਝ ਮੂਲਭੂਤ ਖਾਮੀਆਂ ਨੇ ਸਿੱਖ ਕੌਮ ਨੂੰ ਲੀਰੋ-ਲੀਰ ਵੀ ਕੀਤਾ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ ਸਰਕਾਰ ਸਿੱਖ ਕੌਮ ਅਤੇ ਉਸ ਦੀ ਨੁਮਾਇੰਦਾ ਜਮਾਤ ਅਕਾਲੀ ਦਲ ਤੋਂ ਭੈਅ ਖਾਂਦੀ ਸੀ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ 1930ਵਿਆਂ ਤੱਕ ਪਹੁੰਚਦਿਆਂ ਅਕਾਲੀ ਦਲ ਸਿੱਖ ਕੌਮ ਦੀ ਆਜ਼ਾਦੀ ਦਾ ਵਕੀਲ ਬਣਨ ਦੀ ਥਾਂ, ਕਾਂਗਰਸ ਦੇ ਹੱਕ ਵਿੱਚ ਜਾ ਭੁਗਤਿਆ। ਇਸ ਭੰਬਲਭੂਸੇ ਵਾਲੇ ਵਰਤਾਰੇ ਨੇ 1947 ਦੌਰ ਦੀ ਅਕਾਲੀ ਲੀਡਰਸ਼ਿਪ ਨੂੰ ਕਾਂਗਰਸ ਦੇ ਹੱਕ ਵਿੱਚ ਹੀ ਭੁਗਤਾਇਆ ਅਤੇ ਸਿੱਖ ਕੌਮ ਨੇ ਆਪਣੀ ਆਜ਼ਾਦੀ ਦੇ ਮੌਕੇ ਨੂੰ ਹੱਥੋਂ ਗਵਾਇਆ।

ਕਮਜ਼ੋਰੀਆਂ-ਗਦਾਰੀਆਂ-ਖਾਮੀਆਂ ਦੇ ਬਾਵਜੂਦ, ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਕਾਮਯਾਬੀ ਤੱਕ ਪਹੁੰਚਾਇਆ। ਸਿੱਖ ਹੱਕਾਂ ਦੀ ਗੱਲ ਦੀ ਲਗਾਤਾਰਤਾ 'ਚੋਂ ਧਰਮਯੁੱਧ ਮੋਰਚਾ ਨਿੱਕਲਿਆ। ਸਿੱਖ ਕੌਮ ਅਕਾਲ ਤਖਤ ਦੀ ਤਾਬਿਆ ਜੁੜੀ। ਸੰਤ ਭਿੰਡਰਾਂਵਾਲਿਆਂ ਦਾ ਸੁਨਹਿਰੀ ਦੌਰ ਕੌਮ ਦੀ ਜਵਾਨੀ ਵਿੱਚ 'ਆਜ਼ਾਦੀ ਲਈ ਅੱਗ' ਫੂਕ ਗਿਆ। ਅਕਾਲੀ ਦਲ ਦੀ ਵਾਗਡੋਰ ਸੰਭਾਲਣ ਵਾਲੇ ਬਾਦਲ-ਟੌਹੜੇ-ਬਰਨਾਲੇ ਆਦਿ ਨੇ ਕੌਮ ਦੇ ਦਿਲਾਂ ਵਿੱਚ ਆਪਣੀ ਇੱਜ਼ਤ ਗਵਾਈ ਅਤੇ ਅਕਾਲੀ ਦਲ ਦੇ ਪਤਨ ਦਾ ਦੌਰ ਵੀ ਸ਼ੁਰੂ ਹੋ ਗਿਆ। ਚੋਣਾਂ 'ਚ ਜਿੱਤ ਜਾਂ ਹਾਰ ਇੰਨੀ ਅਹਿਮ ਨਹੀਂ ਹੁੰਦੀ, ਜਿੰਨਾ ਕਿ ਵਕਾਰ। ਜਦੋਂ ਦੀ ਬਾਦਲ ਕੋੜਮੇ ਦੀ ਅਕਾਲੀ ਦਲ 'ਤੇ ਮੁਕੰਮਲ ਅਜ਼ਾਰੇਦਾਰੀ ਹੋਈ, ਅਕਾਲੀ ਦਲ ਤੇਜ਼ੀ ਨਾਲ ਪਤਨ ਵੱਲ ਵਧਣ ਲੱਗਾ। 1997 ਦੀ ਮੋਗਾ ਕਾਨਫਰੰਸ ਵਿੱਚ ਅਕਾਲੀ ਦਲ ਨੂੰ ਸਿੱਖ ਨੁਮਾਇੰਦਾ ਜਮਾਤ ਦੀ ਥਾਂ - ਪੰਜਾਬੀ ਪਾਰਟੀ - ਬਣਾ ਦਿੱਤਾ ਗਿਆ। ਪੰਜ ਵਾਰ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਹਰ ਪਾਸਿਓਂ ਸਿੱਖਾਂ ਅਤੇ ਸਿੱਖ ਸੰਸਥਾਵਾਂ ਦਾ ਘਾਣ ਕਰਦਾ ਹੀ ਨਜ਼ਰ ਆਇਆ। ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਵੀ ਢਾਅ ਲੱਗੀ। ਸ਼੍ਰੋਮਣੀ ਕਮੇਟੀ ਮਹਿਜ਼ 'ਬਾਦਲ ਐਂਡ ਕੰਪਨੀ' ਦਾ ਅਦਾਰਾ ਬਣ ਗਈ।

2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਸੌਦਾ ਸਾਧ ਦਾ ਮਾਫੀਨਾਮਾ, ਕੋਟਕਪੂਰਾ- ਬਹਿਬਲ ਕਲਾਂ ਗੋਲੀਕਾਂਡ- ਬਾਦਲ ਕੋੜਮੇ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਏ। ਅੱਜ ਬਾਦਲ ਦਲ ਨੂੰ ਪੰਜਾਬ ਵਿੱਚ ਵਿਰੋਧੀ ਧਿਰ ਦੇ ਲੀਡਰ ਦਾ ਰੁਤਬਾ ਵੀ ਹਾਸਲ ਨਹੀਂ ਹੈ। ਅੰਦਰੂਨੀ ਬਗਾਵਤ ਨੇ ਕਈ 'ਛਾਤੀ ਦੇ ਵਾਲ਼ਾਂ' ਵਰਗੇ ਦੋਸਤਾਂ ਨੂੰ ਅੱਡਰੀ ਪਟੜੀ 'ਤੇ ਚਾੜ੍ਹ ਦਿੱਤਾ ਹੈ। ਜਿਸ ਬਾਦਲ ਕੋੜਮੇ ਨੇ ਆਰ. ਐਸ. ਐਸ. ਦੇ ਪੰਜਾਬ ਵਿੱਚ ਪੈਰ ਲਵਾਏ, ਸਿੱਖ ਸੰਸਥਾਵਾਂ ਵਿੱਚ ਘੁਸਪੈਠ ਕਰਵਾਈ, ਅੱਜ ਉਨ੍ਹਾਂ ਨੇ ਵੀ ਬਾਦਲਾਂ ਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬਾਦਲਾਂ ਨੂੰ ਬਿਲਕੁਲ ਅਣਗੌਲਿਆਂ ਕਰਨਾ, ਹਰਸਿਮਰਤ ਬਾਦਲ ਨੂੰ ਤਰਲੇ ਕਢਾ ਕੇ ਵੀ ਸਿਰਫ ਅਚਾਰ-ਚਟਨੀ ਮੰਤਰੀ ਦੇ ਅਹੁਦੇ ਤੱਕ ਸੀਮਤ ਕਰ ਦੇਣਾ, ਗੁਰੂ ਰਾਮਦਾਸ ਲੰਗਰ ਨੂੰ ਵੀ ਜੀ. ਐਸ. ਟੀ. ਤੋਂ ਮੁਕਤ ਨਾ ਕਰਨਾ, ਤਖਤ ਸ੍ਰੀ ਹਜ਼ੂਰ ਸਾਹਿਬ ਕਮੇਟੀ 'ਤੇ ਬੀਜੇਪੀ ਦਾ ਮੁਕੰਮਲ ਕਬਜ਼ਾ ਆਦਿ ਬੀਤੇ ਸਮੇਂ ਦੀਆਂ ਕੁਝ ਕੁ ਉਦਾਹਰਣਾਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ ਵਿੱਚ ਹੋਣ ਜਾ ਰਹੀਆਂ ਹਨ। ਪਿਛਲੀਆਂ ਚੋਣਾਂ ਵੇਲੇ ਬੀਜੇਪੀ ਨੇ ਬਾਦਲ ਦਲ ਲਈ 4 ਸੀਟਾਂ ਛੱਡੀਆਂ ਸਨ। ਪਰ ਇਸ ਵਾਰ ਬੀਜੇਪੀ ਨੇ ਬਾਦਲ ਦਲ ਨੂੰ ਮੱਖਣ 'ਚੋਂ ਵਾਲ਼ ਵਾਂਗ ਕੱਢ ਕੇ ਬਾਹਰ ਮਾਰਿਆ ਹੈ। ਇਹ ਸਭ ਇਸ ਦੇ ਬਾਵਜੂਦ ਹੈ ਕਿ ਦਿੱਲੀ ਕਮੇਟੀ ਦਾ ਕਰਤਾ-ਧਰਤਾ ਮਨਜਿੰਦਰ ਸਿਰਸਾ ਬੀਜੇਪੀ ਦੇ ਚੋਣ ਨਿਸ਼ਾਨ 'ਤੇ ਜਿੱਤਿਆ ਐਮ. ਐਲ. ਏ. ਹੈ ਅਤੇ ਹਰ ਚੜ੍ਹਦੇ ਸੂਰਜ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਪਾਕਿਸਤਾਨ, ਮੁਸਲਮਾਨਾਂ ਅਤੇ ਆਜ਼ਾਦੀ ਪਸੰਦ ਸਿੱਖਾਂ ਦੇ ਖਿਲਾਫ ਬਿਆਨਬਾਜ਼ੀ ਕਰਦਾ ਰਹਿੰਦਾ ਹੈ। ਅਕਾਲੀ ਦਲ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਹੱਕ ਵਿੱਚ ਵੋਟ ਪਾਈ ਹੈ। ਹੁਣ ਆਪਣਾ ਨੱਕ ਰੱਖਣ ਲਈ ਬਾਦਲ ਦਲ ਕਹਿ ਰਿਹਾ ਹੈ ਕਿ ਦਿੱਲੀ ਚੋਣਾਂ ਤੋਂ ਉਹ ਇਸ ਲਈ ਬਾਹਰ ਹੋ ਰਹੇ ਹਨ ਕਿਉਂਕਿ ਬੀਜੇਪੀ ਉਨ੍ਹਾਂ ਨੂੰ ਸੀ. ਏ. ਏ. ਦੇ ਹੱਕ ਵਿੱਚ ਡਟ ਕੇ ਖਲੋਣ ਲਈ ਕਹਿ ਰਹੀ ਹੈ। ਗਾਲਿਬ ਦਾ ਇਹ ਮਿਸਰਾ ਇਨ੍ਹਾਂ 'ਤੇ ਬਿਲਕੁਲ ਠੀਕ ਢੁਕਦਾ ਹੈ -
'ਦਿਲ ਬਹਿਲਾਨੇ ਕੋ ਗਾਲਿਬ, ਯੇ ਖਿਆਲ ਭੀ ਅੱਛਾ ਹੈ।

ਬੀਜੇਪੀ ਹੁਣ ਪੰਜਾਬ ਵਿੱਚ ਸਿੱਖ ਏਜੰਡਾ,ਸਿੱਖ ਲੀਡਰਸ਼ਿਪ ਦਾ ਸਫਾਇਆ ਕਰਨ ਵਾਲੀ ਖੇਡ ਦਾ ਅੰਤਿਮ ਹਿੱਸਾ, ਲਾਗੂ ਕਰਨ ਜਾ ਰਹੀ ਹੈ। ਬ੍ਰਹਮਪੁਰੇ, ਨਵਜੋਤ ਸਿੱਧੂ, ਢੀਂਡਸਾ ਪਿਉ-ਪੁੱਤ, ਬੈਂਸ ਭਰਾ, ਕਿਸੇ ਹੱਦ ਤੱਕ ਕੇਜਰੀਵਾਲ ਮਹਿਕਮਾ - ਇਹ ਸਭ ਬੀਜੇਪੀ ਦੇ ਅੱਡ-ਅੱਡ ਸਪੀਡ ਵਾਲੇ ਘੋੜੇ ਹਨ। ਇਨ੍ਹਾਂ ਨੂੰ ਅੱਗੇ ਲਾ ਕੇ ਬੀਜੇਪੀ ਖੁਦ ਸਿੱਧੇ ਤੌਰ 'ਤੇ 'ਕੰਟਰੋਲ' ਕਰਨਾ ਚਾਹੁੰਦੀ ਹੈ। ਹਰਿਆਣਾ ਮਾਡਲ ਸਾਹਮਣੇ ਹੈ। 35 ਫੀਸਦੀ ਜਾਟ ਬਹੁਗਿਣਤੀ ਵਾਲਾ ਹਰਿਆਣਾ ਸੂਬਾ ਹੁਣ ਬਾਣੀਏ, ਝਾਂਗੀ ਮਨੋਹਰ ਖੱਟੜ ਰਾਹੀਂ ਬੀਜੇਪੀ ਨੇ ਹਥਿਆ ਲਿਆ ਹੈ।

ਚੌਟਾਲਾ ਟੱਬਰ ਸਮੇਤ ਸਾਰੀਆਂ ਜਾਟ ਜਥੇਬੰਦੀਆਂ, ਬਾਣੀਏ ਦੇ ਤਾਬਿਆ ਹਨ। ਪੰਜਾਬ ਵਿੱਚ ਸਿੱਖ ਕੌਮ ਦੇ ਖਿਲਾਫ ਇਸ ਖੇਡ ਦੀ ਅਖੀਰਲੀ ਝਾਕੀ ਸਾਹਮਣੇ ਆਉਣ ਵਾਲੀ ਹੈ।
ਇੱਕ ਵੀਰ ਨੇ ਕਿਹਾ ਸੋਹਣਾ ਕਿਹਾ ਹੈ, 'ਘੋੜਾ ਮਾੜਾ ਹੋਵੇ ਤਾਂ ਟਾਂਗਾ ਨਹੀਂ ਭੰਨ ਦੇਈਦਾ, ਘੋੜਾ ਚੱਜ ਦਾ ਲੱਭੀਦਾ।'

ਬਾਦਲ ਕੋੜਮੇ ਲਈ ਸਿੱਖ ਕੌਮ ਵਿੱਚ ਨਫਰਤ, ਹੱਕ ਬਨਾਜ਼ਬ ਹੈ ਅਤੇ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਅਤਿ ਜ਼ਰੂਰੀ ਹੈ। ਪਰ ਬੀ. ਜੇ. ਪੀ. ਦੀਆਂ ਕੁਚਾਲਾਂ ਨੂੰ ਸਮਝਣਾ ਅਤੇ ਇਨ੍ਹਾਂ ਨੂੰ ਨਕਾਰਨ ਲਈ ਬਰਾਬਰ ਦੀ ਮੋਰਚਾਬੰਦੀ ਕਰਨਾ ਅਤਿ ਜ਼ਰੂਰੀ ਹੈ। ਇਹ ਨਾ ਹੋਏ ਕਿ ਅਸੀਂ ਇਕੱਲੇ ਕਾਰੇ ਕੰਡਿਆਂ ਦੀ ਚੋਭ ਤੋਂ ਬਚਦਿਆਂ, ਕੰਡਿਆਲੀਆਂ ਝਾੜੀਆਂ ਵਾਲੇ ਰਾਹ ਦਾ ਰੁੱਖ ਕਰ ਲਈਏ। ਬੀ. ਜੇ. ਪੀ. ਨੇ ਦਿੱਲੀ ਚੋਣਾਂ ਲਈ ਤੇਜਿੰਦਰ ਬੱਗੇ ਤੇ ਆਰ. ਪੀ. ਸਿੰਘ ਵਰਗੇ ਉਹ ਸਿੱਖ ਚਿਹਰੇ ਉਤਾਰੇ ਹਨ, ਜਿਨ੍ਹਾਂ ਦੀ ਮਾਨਸਿਕਤਾ ਪੂਰੀ ਤਰ੍ਹਾਂ ਹਿੰਦੂਤਵੀ ਸਾਂਚੇ ਵਿੱਚ ਢਾਲ਼ੀ ਗਈ ਹੈ। ਬਾਦਲਾਂ ਦੇ ਚੱਕਰ ਵਿੱਚ, ਅਸੀਂ ਬੀ. ਜੇ. ਪੀ. ਚੱਕਰਵਿਊ ਦੀਆਂ ਚਾਲਾਂ ਤੋਂ ਖਬਰਦਾਰ ਰਹਿਣਾ ਨਾ ਭੁੱਲੀਏ।
'ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ।'

ਲੇਖਕ - ਡਾ: ਅਮਰਜੀਤ ਸਿੰਘ ਯੂ ਐਸ ਏ