image caption: ਗੁਰਦਵਾਰਾ ਸਾਹਿਬ ਪਿੰਡ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ ਸਾਹਿਬ

( ਇਤਿਹਾਸ ਦੇ ਝਰੋਖੇ 'ਚੋਂ) - ਜਿਲਾ ਫਤਿਹਗੜ ਸਾਹਿਬ ਦਾ ਇਤਿਹਾਸਿਕ ਪਿੰਡ "ਬਡਾਲੀ ਆਲਾ ਸਿੰਘ"

     ਪਿੰਡ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ ਸਾਹਿਬ ਵਿੱਚ ਵਸਿਆ ਇੱਕ ਕਸਬਾਨੁਮਾ ਪਿੰਡ ਹੈ।ਇਹ ਪਿੰਡ ਸਰਹੰਦ ਤੋਂ ਚੰਡੀਗੜ ਨੂੰ ਜਾਂਦੀ ਮੁੱਖ ਸੜਕ ਤੇ ਸਥਿਤ ਹੈ।ਪਿੰਡ ਦੀ ਅਬਾਦੀ ੫੦੦੦ ਅਤੇ ਵੋਟਰਾਂ ਦੀ ਗਿਣਤੀ ੧੮੦੦ ਦੇ ਕਰੀਬ  ਹੈ। ਇਹ ਪਿੰਡ ਬਾਬਾ ਆਲਾ ਸਿੰਘ, ਜੋ ਕਿ ਪਟਿਆਲੇ ਵਾਲੇ ਰਾਜੇ ਦੇ ਦਰਬਾਰ ਵਿੱਚ ਭਲਵਾਨ ਸੀ, ਦੁਆਰਾ ਵਸਾਇਆ ਗਿਆ ਸੀ, ਜਿਸ ਕਾਰਨ ਪਿੰਡ ਦੇ ਨਾਮ ਦੇ ਨਾਲ ਬਾਬਾ ਆਲਾ ਸਿੰਘ ਦਾ ਨਾਮ ਜੁੜ ਗਿਆ। ਇਹ ਪਿੰਡ ਪਹਿਲਾਂ ਪਟਿਆਲਾ ਜਿਲੇ ਨਾਲ ਸਬੰਧ ਰੱਖਦਾ ਸੀ, ਪਰ ਫਤਿਹਗੜ ਸਾਹਿਬ ਜਿਲੇ ਦੇ ਬਨਣ ਨਾਲ ਇਹ ਪਿੰਡ ਇਸ ਜਿਲੇ ਨਾਲ ਜੋੜ ਦਿੱਤਾ ਗਿਆ ਸੀ। ਇਸ ਪਿੰਡ ਦੇ ਨਾਲ ਮੁਕਾਰੋਂਪੁਰ, ਕਾਲਾ ਮਾਜਰਾ, ਘੇਲ, ਹਿੰਦੂਪੁਰ, ਨਿਆਮੂਮਾਜਰਾ, ਨੰਡਿਆਲੀ, ਮਨਹੇੜਾਂ ਜੱਟਾਂ  ਪਿੰਡਾਂ ਦੀ ਹੱਦਾਂ ਲੱਗਦੀਆਂ ਹਨ। ਪਿੰਡ ਵਿੱਚ ਜਿਆਦਾ ਘਰ ਪੰਧੇਰ ਗੋਤ ਨਾਲ ਸਬੰਧਤ ਲੋਕਾਂ ਦੇ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ ।

    ਪਿੰਡ ਦਾ ਇਤਿਹਾਸ ਕਾਫੀ ਪੁਰਾਨਾ ਹੈ। ਜਦੋਂ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਚੱਪੜਚਿੜੀ ਤੋਂ ਹੁੰਦੇ ਹੋਏ ਸਰਹੰਦ ਵੱਲ ਕੂਚ ਕੀਤਾ ਸੀ, ਇਸ ਪਿੰਡ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਮੁਗਲਾਂ ਦੀ ਫੋਜ ਵਿੱਚ ਯੁੱਧ ਹੋਇਆ ਸੀ, ਜਿਸ ਵਿੱਚ ਸਹੀਦ ਹੋਏ ਸਿੰਘਾਂ ਦਾ ਸਸਕਾਰ ਇਸੇ ਪਿੰਡ ਵਿੱਚ ਕੀਤਾ ਗਿਆ ਸੀ। ਇਸ ਸਥਾਨ ਉੱਤੇ ਹੁਣ ਗੁਰਦਵਾਰਾ ਸ੍ਰੀ ਸ਼ਹੀਦ ਗੰਜ਼ ਸਾਹਿਬ ਸਸੋਬਤ ਹੈ। ਬਡਾਲੀ ਆਲਾ ਸਿੰਘ ਸਾਰੇ ਇਲਾਕੇ ਦਾ ਮੁੱਖ ਪਿੰਡ ਹੈ।ਇੱਥੇ ਕਾਫੀ ਵੱਡੀ ਮਾਰਕੀਟ ਹੈ,ਜਿਸ ਕਾਰਨ ਨਾਲ ਵਾਲੇ ਪਿੰਡਾਂ ਦੇ ਲੋਕਾਂ ਨੂੰ ਇਸ ਪਿੰਡ ਤੋਂ ਹੀ ਖਰੀਦ ਫਰੋਕਤ ਕਰਨੀ ਪੈਂਦੀ ਹੈ। ਪਿੰਡ ਵਿੱਚ ਤਕਰੀਬਨ ਹਰ ਕਿਸਮ ਦੀ ਦੁਕਾਨ ਹੈ। ਇਸ ਤੋਂ ਇਲਾਵਾਂ ਪਿੰਡ ਵਿੱਚ ਦੋ ਗੁਰਦਵਾਰਾ ਸਾਹਿਬ, ਇੱਕ ਸ਼ਿਵ ਮੰਦਿਰ, ਖੇੜਾ, ਦੋ ਸ਼ਮਸਾਨ ਘਾਟ, ਸਿਹਤ ਡਿਸਪੈਂਨਸਰੀ, ਪੁਲਿਸ ਥਾਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਈਮਰੀ ਸਕੂਲ਼, ਬਿਜਲੀ ਬੋਰਡ ਦਾ ਦਫਤਰ, ਪਾਣੀ ਵਾਲੀ ਟੈਂਕੀ, ਬੱਸ ਸਟੈਂਡ, ਵੱਖ-ਵੱਖ ਬੈਕਾਂ ਦੀ ਸ਼ਖਾਵਾਂ, ਟੈਲੀਫੋਨ ਅੇਕਸਚੇਂਜ਼, ਡਾਕਘਰ, ਅਨਾਜ ਮੰਡੀ, ਪਟਰੋਲ ਪੰਪ ਆਦਿ ਸਥਿਤ ਹਨ। ਪਿੰਡ ਵਿੱਚ ਸਥਿਤ "ਐਕਟਿਵ ਕਲੋਥਿੰਗ" ਕੱਪੜਾ ਮਿੱਲ ਵਿੱਚ ਇਲਾਕੇ ਦੇ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਪਿੰਡ ਦੀ ਮੁੱਖ ਸੜਕ ਉੱਤੇ ਕਈ ਮਸ਼ਹੂਰ ਢਾਬੇ ਹਨ।

     ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਜਿਆਦਾਤਰ ਲੋਕ ਪੜੇ ਲਿਖੇ, ਅਤੇ ਸਰਕਾਰੀ ਨੌਕਰੀਆਂ ਤੇ ਬਿਰਾਜਮਾਨ ਹਨ। ਪਿੰਡ ਦੇ ਕੁਝ ਨੋਜਵਾਨ ਰੋਜੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਵੀ ਗਏ ਹੋਏ ਹਨ। ਪਿੰਡ ਦਾ ਜੰਮਪਲ ਰਾਮਾਕਾਂਤ ਸ਼ਰਮਾਂ ਸਾਲ ੨੦੦੭ ਵਿੱਚ ਬਾਡੀ ਬਿਲਡਿੰਗ ਦੀ ਵਰਲਡ ਪ੍ਰਤੀਯੋਗਤਾ ਜਿੱਤ ਕੇ "ਮਿਸਟਰ ਵਰਲਡ" ਵੀ ਬਣਿਆ ਸੀ। ਪੁਰਾਣਾ ਲੋਕ ਗਾਇਕ "ਕੇਹਰ ਸਿੰਘ ਪਰਵਾਨਾ" ਵੀ ਇਸ ਪਿੰਡ ਦਾ ਹੀ ਵਸਨੀਕ ਸੀ, ਜੋ ਕਿ ਆਪਣੇ ਸਮੇਂ ਦੀ ਮਸ਼ਹੂਰ ਗਾਇਕਾ ਬੀਬਾ ਸੁਚੇਤ ਬਾਲਾ ਨਾਲ ਜੋੜੀ ਬਣਾ ਕੇ ਦੋਗਾਣੇ ਗਾ ਚੁੱਕਾ ਹੈ। ਪਿੰਡ ਵਿੱਚ ਪਹਿਲਾ ਫੋਕਲ ਪੁਆਇੰਟ ਬਣਨਾ ਮਨਜੂਰ ਹੋਇਆ ਸੀ। ਜਿਸ ਦੀ ਕਾਫੀ ਬਿਲਡਿੰਗ ਵੀ ਬਣ ਗਈ ਸੀ, ਪਰ ਇਸ ਤੋਂ ਬਾਅਦ ਸਰਕਾਰ ਦੀ ਅਣਦੇਖੀ ਸਦਕਾ ਇਹ ਬਿਲਡਿੰਗ ਖੰਡਰ ਬਣ ਕੇ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ, ਸਰਕਾਰ ਨੂੰ ਚਾਹੀਦਾ ਹੈ ਇਸ ਫੋਕਲ ਪੁਆਇੰਟ ਨੂੰ ਜਲਦੀ ਚਾਲੂ ਕਰਵਾ ਦੇਵੇ ਤਾਂ ਜੋ ਇਲਾਕਾ ਨਿਵਾਸੀ ਇਸ ਦਾ ਲਾਭ ਲੈ ਸਕਣ। ਪਿੰਡ ਵਿੱਚ ਸਰਕਾਰੀ ਹਸਪਤਾਲ ਅਤੇ ਪਾਣੀ ਦੇ ਨਿਕਾਸ ਲਈ ਸੀਵਰੇਜ ਅਤੇ ਖੇਡ ਗਰਾਉਂਡ ਦੀ ਬਹੁਤ ਲੋੜ ਹੈ।

ਲੇਖਕ - ਗੁਰਪ੍ਰੀਤ ਸਿੰਘ ਵਿੱਕੀ