image caption:

ਵਿਸ਼ਵ ਕਬੱਡੀ ਚੈਂਪੀਅਨਸ਼ਿਪ : ਬਿਨਾਂ ਮਨਜ਼ੂਰੀ ਭਾਰਤੀ ਟੀਮ ਦੇ ਪਾਕਿਸਤਾਨ ਪਹੁੰਚਣ ‘ਤੇ ਵਿਵਾਦ

ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੇ ਪਾਕਿਸਤਾਨ ਪਹੁੰਚਣ ਨਾਲ ਵਿਵਾਦ ਖੜਾ ਹੋ ਗਿਆ ਹੈ, ਕਿਉਂਕਿ ਖੇਡ ਮੰਤਰਾਲੇ ਵਿਦੇਸ਼ ਮੰਤਰਾਲੇ ਤੇ ਕੌਮੀ ਫੈਡਰੇਸ਼ਨ ਦਾ ਦਾਅਵਾ ਹੈ ਕਿ ਉਨ੍ਹਾਂ ਕਿਸੇ ਵੀ ਅਥਲੀਟ ਨੂੰ ਮੁਕਾਬਲੇ ਲਈ ਗੁਆਂਢੀ ਮੁਲਕ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ| ਦੱਸ ਦੇਈਏ ਲਾਹੌਰ ਵਿੱਚ ਸਥਿਤ ਪੰਜਾਬ ਫੁੱਟਬਾਲ ਸਟੇਡੀਅਮ ਵਿੱਚ ਸੋਮਵਾਰ ਨੂੰ ਸ਼ੁਰੂ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਇਕ ਟੀਮ ਵਾਹਗਾ ਸਰਹੱਦ ਰਾਹੀਂ ਸਨੀਵਾਰ ਨੂੰ ਲਾਹੌਰ ਪਹੁੰਚੀ| ਪਾਕਿਸਤਾਨ ਵਲੋਂ ਪਹਿਲੀ ਵਾਰ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ|

ਦੱਸ ਦੇਈਏ ਭਲਕੇ ਲਾਹੌਰ ਵਿੱਚ ਸ਼ੁਰੂ ਹੋਣ ਵਾਲੀ ਇਸ ਵਿਸ਼ਵ ਚੈਂਪੀਅਨਸ਼ਿਪ ਦੇ ਕੁਝ ਮੈਚ ਫੈਸਲਾਬਾਦ ਤੇ ਗੁਜਰਾਤ ਵਿੱਚ ਵੀ ਹੋਣਗੇ| ਭਾਰਤੀਆਂ ਦੇ ਲਾਹੌਰ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ &lsquoਤੇ ਵਾਇਰਲ ਹੋਈਆਂ ਹਨ| ਉਧਰ ਭਾਰਤ ਦੇ ਖੇਡ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਕਿਸੇ ਅਥਲੀਟ ਨੂੰ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ| ਇਸੇ ਤਰ੍ਹਾਂ ਭਾਰਤੀ ਐਮਚਿਓਰ ਕਬੱਡੀ ਫੈਡਰੇਸ਼ਨ ਦੇ ਪ੍ਰਸ਼ਾਸਕ ਜਸਟਿਸ ਐਸ ਪੀ ਗਰਗ ਨੇ ਕਿਹਾ ਕਿ ਇਸ ਕੌਮੀ ਪਧਰੀ ਸੰਸਥਾ ਵਲੋਂ ਅਜਿਹੀ ਕਿਸੇ ਟੀਮ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ| ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਕੋਲੋਂ ਇਸ ਸੰਬੰਧੀ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ|