image caption:

ਦਿੱਲੀ ਦੇ ਕਾਲਜ ਵਿੱਚ ਵੜ ਕੇ ਵਿਦਿਆਰਥਣਾਂ ਨਾਲ ਛੇੜਛਾੜ

ਨਵੀਂ ਦਿੱਲੀ, - ਦਿੱਲੀ ਯੂਨੀਵਰਸਿਟੀ ਦੇ ਪ੍ਰਸਿੱਧ ਗਾਰਗੀ ਗਰਲਜ਼ ਕਾਲਜ ਦੇ ਸਾਲਾਨਾ ਉਤਸਵ ਵਿੱਚ ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧ ਵਿੱਚ ਵਿਦਿਆਰਥਣਾਂ ਦਾ ਦੋਸ਼ ਹੈ ਕਿ ਪ੍ਰੋਗਰਾਮ ਦੌਰਾਨ ਭੀੜ ਵਿਚਕਾਰ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ ਹੈ। ਇੰਨੀ ਵੱਡੀ ਘਟਨਾ ਬਾਰੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਸ਼ਿਕਾਇਤ ਨਹੀਂ ਮਿਲੀ ਤਾਂ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਹੀ ਨਹੀਂ। ਐੱਮ ਏ ਪੋਲਿਟੀਕਲ ਸਾਇੰਸ ਦੇ ਦੂਸਰੇ ਸਾਲ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ 6 ਫਰਵਰੀ ਨੂੰ ਉਹ ਉਤਸਵ ਵਿੱਚ ਸ਼ਾਮਲ ਹੋਣ ਲਈ ਕਾਲਜ ਗਈਆਂ ਤਾਂ ਓਥੇ ਕਾਫ਼ੀ ਭੀੜ ਸੀ। ਇਸ ਭੀੜ ਵਿੱਚ ਉਨ੍ਹਾਂ ਦੀਆਂ ਸਹੇਲੀਆਂ ਜਦੋਂ ਦੂਰ ਹੋ ਗਈਆਂ ਤਾਂ ਕਿਸੇ ਅਣਜਾਣ ਵਿਅਕਤੀ ਨੇ ਉਨ੍ਹਾਂ ਨੂੰ ਪਿੱਛੋਂ ਫੜ ਲਿਆ। ਉਹ ਕਿਸੇ ਤਰ੍ਹਾਂ ਬਚ ਕੇ ਖੁੱਲ੍ਹੀ ਥਾਂ ਨੂੰ ਭੱਜੀਆਂ ਤਾਂ ਦੇਖਿਆ ਕਿ ਕਰੀਬ 35 ਸਾਲਾ ਵਿਅਕਤੀ ਉਨ੍ਹਾਂ ਨੂੰ ਦੇਖ ਕੇ ਅਸ਼ਲੀਲ ਹਰਕਤਾਂ ਕਰ ਰਿਹਾ ਹੈ। ਕਾਲਜ ਦੀਆਂ ਕੁਝ ਹੋਰ ਵਿਦਿਆਰਥਣਾਂ ਨੇ ਵੀ ਦੱਸਿਆ ਕਿ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਬਾਹਰੀ ਲੋਕ ਪਹੁੰਚ ਗਏ ਸਨ, ਪਰ ਕੋਈ ਸੁਰੱਖਿਆ ਵਿਵਸਥਾ ਨਹੀਂ ਸੀ।
ਕਾਲਜ ਦੀ ਪ੍ਰਿੰਸੀਪਲ ਪ੍ਰੋਮਿਲਾ ਕੁਮਾਰ ਨੇ ਕਿਹਾ ਕਿ ਇਸ ਮੌਕੇ ਸੁਰੱਖਿਆ ਲਈ ਪੁਲਿਸ, ਬਾਊਂਸਰ ਅਤੇ ਕਮਾਂਡੋ ਦੀਆਂ ਸੇਵਾਵਾਂ ਲਈਆਂ ਗਈਆਂ ਸਨ। ਕਿਸੇ ਵਿਦਿਆਰਥਣ ਜਾਂ ਗਰੁੱਪ ਨੇ ਉਨ੍ਹਾਂ ਨੂੰ ਇਸ ਦੀ ਸ਼ਿਕਾਇਤ ਨਹੀਂ ਕੀਤੀ ਤੇ ਉਨ੍ਹਾਂ ਨੂੰ ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਨਹੀਂ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਕਾਲਜ ਵਿੱਚ ਪ੍ਰੋਗਰਾਮ ਦੌਰਾਨ ਅਜਿਹੇ ਬਾਹਰੀ ਵਿਦਿਆਰਥੀ ਤੇ ਨੌਜਵਾਨ ਆ ਵੜੇ, ਜਿਨ੍ਹਾਂ ਕੋਲ ਪਾਸ ਨਹੀਂ ਸਨ ਤੇ ਨਾ ਉਨ੍ਹਾਂ ਕਾਲਜ ਵਿੱਚ ਆਉਣ ਦੀ ਇਜਾਜ਼ਤ ਸੀ। ਕੁਝ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਗ਼ਲਤ ਢੰਗ ਨਾਲ ਕਾਲਜ ਵਿੱਚ ਆਏ ਵਿਦਿਆਰਥੀ ਸ਼ਰੇਆਮ ਡਰੱਗ ਲੈ ਰਹੇ ਸਨ। ਸੈਂਕੜਿਆਂ ਦੀ ਗਿਣਤੀ ਵਿੱਚ ਬਾਹਰੀ ਵਿਦਿਆਰਥੀ ਕਾਲਜ ਵਿੱਚ ਆਏ, ਪਰ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣਾਂ ਤਾਂ ਦੂਰ, ਟੋਕਣ ਤਕ ਦੀ ਕੋਸ਼ਿਸ਼ ਨਹੀਂ ਕੀਤੀ।