image caption:

ਵਿਦੇਸ਼ ਭੇਜਣ ਦੇ ਝਾਂਸੇ ਨਾਲ ਧੋਖਾਦੇਹੀ ਤੇ ਬਲਾਤਕਾਰ ਕਰਨ ਵਾਲੇ ਏਜੰਟ ਉੱਤੇ ਕੇਸ ਦਰਜ

ਭੋਗਪੁਰ - ਸਥਾਨਕ ਪੁਲਸ ਨੇ ਇੱਕ ਏਜੰਟ ਖਿਲਾਫ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਦੇਹੀ ਅਤੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਦਰਜ ਕੀਤੇ ਕੇਸ ਅਨੁਸਾਰ ਕਾਲਾ ਬੱਕਰਾ ਨੇੜਲੇ ਪਿੰਡ ਦੀ ਵਸਨੀਕ ਲੜਕੀ ਨੇ ਐੱਸ ਐੱਸ ਪੀ ਜਲੰਧਰ ਦਿਹਾਤੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਏਜੰਟ ਗੁਰਨਾਮ ਸਿੰਘ ਉਰਫ ਬਾਬਾ ਪੁੱਤਰ ਬਲਵੀਰ ਸਿੰਘ ਪਿੰਡ ਭਟਨੂਰਾ ਲੁਬਾਣਾ ਥਾਣਾ ਭੋਗਪੁਰ ਨੇ ਉਸ ਲੜਕੀ ਨੂੰ ਕੈਨੇਡਾ ਭੇਜਣ ਲਈ ਉਸ ਦਾ ਭੋਗਪੁਰ ਦੇ ਬੈਂਕ ਵਿੱਚ ਖਾਤਾ ਖੁੱਲ੍ਹਵਾਇਆ ਸੀ। ਇਸ ਬੈਂਕ ਖਾਤੇ ਲਈ ਬੈਂਕ ਵੱਲੋਂ ਜਾਰੀ ਕੀਤੀ ਚੈਕ ਬੁੱਕ ਗੁਰਨਾਮ ਸਿੰਘ ਨੇ ਲੜਕੀ ਤੋਂ ਦਸਤਖਤ ਕਰਾਉਣ ਤੋਂ ਬਾਅਦ ਆਪਣੇ ਕੋਲ ਰੱਖ ਲਈ। ਫਿਰ ਉਹ ਏਜੰਟ ਉਸ ਲੜਕੀ ਨੂੰ ਵਿਦੇਸ਼ ਲੈ ਗਿਆ, ਜਿੱਥੇ ਉਸ ਨੇ ਲੜਕੀ ਨਾਲ ਬਲਾਤਕਾਰ ਕੀਤਾ। ਏਜੰਟ ਚੈੱਕ ਬੁੱਕ ਦਾ ਡਰਾਵਾ ਦੇ ਕੇ ਧਮਕਾਉਂਦਾ ਰਿਹਾ ਤੇ ਜਦੋਂ ਲੜਕੀ ਨੇ ਏਜੰਟ ਦਾ ਵਿਰੋਧ ਕੀਤਾ ਤਾਂ ਏਜੰਟ ਨੇ ਲੜਕੀ ਦੇ ਬੈਂਕ ਖਾਤੇ ਦਾ ਦਸਖਤ ਕੀਤਾ ਹੋਇਆ ਚੈਕ ਆਪਣੇ ਕੁੜਮ ਹਰਜਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਠਾਨਕੋਟ ਨੂੰ ਦੇ ਦਿੱਤਾ। ਹਰਜਿੰਦਰ ਸਿੰਘ ਨੇ ਚੈਕ ਵਿੱਚ ਰਕਮ ਭਰ ਕੇ ਆਪਣੇ ਬੈਂਕ ਖਾਤੇ ਵਿੱਚ ਚੈਕ ਜਮ੍ਹਾ ਲਾ ਦਿੱਤਾ। ਜਦੋਂ ਚੈਕ ਫੇਲ੍ਹ ਹੋ ਕੇ ਵਾਪਸ ਆਇਆ ਤਾਂ ਹਰਜਿੰਦਰ ਸਿੰਘ ਨੇ ਲੜਕੀ ਦੇ ਖਿਲਾਫ ਅਦਾਲਤ ਵਿੱਚ ਕੇਸ ਕਰ ਦਿੱਤਾ। ਗੁਰਨਾਮ ਸਿੰਘ ਨੇ ਵੀ ਲੜਕੀ ਦੇ ਦੋ ਚੈੱਕ ਪਾਸ ਨਾ ਹੋਣ ਕਾਰਨ ਉਸ ਦੇ ਖਿਲਾਫ ਅਦਾਲਤ ਵਿੱਚ ਦੋ ਕੇਸ ਦਾਇਰ ਕੀਤੇ ਹਨ। ਸ਼ਿਕਾਇਤ ਦੀ ਪੜਤਾਲ ਦੌਰਾਨ ਪੁਲਸ ਵੱਲੋਂ ਗੁਰਨਾਮ ਸਿੰਘ ਨੂੰ ਪ੍ਰਵਾਨੇ ਭੇਜੇ ਗਏ, ਪਰ ਉਹ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਇਆ। ਉਸ ਨੇ ਲੜਕੀ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਕੇਸ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਜਲੰਧਰ ਦੀ ਇੱਕ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਦਿੱਤੀ। ਪੁਲਸ ਨੇ ਇਸ ਦੀ ਜਾਂਚ ਉਚ ਅਫਸਰਾਂ ਪਾਸੋਂ ਕਰਵਾਈ ਤਾਂ ਲੜਕੀ ਵੱਲੋਂ ਲਾਏ ਦੋਸ਼ ਸਹੀ ਪਾਏ ਗਏ ਅਤੇ ਪੁਲਸ ਵੱਲੋਂ ਡੀ ਏ ਲੀਗਲ ਦੀ ਰਾਏ ਲੈਣ ਤੋਂ ਬਾਅਦ ਏਜੰਟ ਗੁਰਨਾਮ ਸਿੰਘ ਖਿਲਾਫ ਧੋਖਾਦੇਹੀ ਅਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।