image caption:

ਬੋਨੀ ਅਜਨਾਲਾ ਵੱਲੋਂ ਅਕਾਲੀ ਦਲ ਟਕਸਾਲੀ ਛੱਡਣ ਦੀ ਚਰਚਾ ''ਤੇ ਕਾਟਾ

ਅੰਮ੍ਰਿਤਸਰ - ਹਲਕਾ ਅਜਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਕਹਿਣਾ ਹੈ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਨਾਲ ਹੀ ਜੁੜੇ ਰਹਿਣਗੇ ਅਤੇ ਅਕਾਲੀ ਦਲ ਬਾਦਲ ਵਿੱਚ ਵਾਪਸੀ ਨਹੀਂ ਕਰਨਗੇ। ਉਨ੍ਹਾਂ ਇਸ ਸਬੰਧੀ ਚੱਲ ਰਹੀ ਚਰਚਾ ਨੂੰ ਰੱਦ ਕੀਤਾ ਹੈ।
ਵਰਨਣ ਯੋਗ ਹੈ ਕਿ ਪਿਛਲੇ ਕੁਝ ਦਿਨ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਫਿਰ ਘਰ-ਵਾਪਸੀ ਕਰ ਰਹੇ ਹਨ ਤੇ 13 ਫਰਵਰੀ ਨੂੰ ਹੋਣ ਵਾਲੀ ਰੈਲੀ ਸਮੇਂ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ। ਇਸ ਬਾਰੇ ਕੱਲ੍ਹ ਬੋਨੀ ਅਜਨਾਲਾ ਨੇ ਕਿਹਾ ਕਿ ਉਹ ਅਕਾਲੀ ਦਲ ਟਕਸਾਲੀ ਨਾਲ ਜੁੜੇ ਹਨ ਤੇ ਜੁੜੇ ਰਹਿਣਗੇ। ਉਨ੍ਹਾਂ ਨੇ ਇਸ ਬਾਰੇ ਚਲ ਰਹੀ ਚਰਚਾ ਨੂੰ ਅਫਵਾਹ ਅਤੇ ਮੀਡੀਆ ਦੀ ਉਪਜ ਦੱਸ ਕੇ ਕਿਹਾ ਕਿ ਇਸ ਵਿੱਚ ਕੋਈ ਸਚਾਈ ਨਹੀਂ ਤੇ ਨਾ ਉਨ੍ਹਾਂ ਦੀ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ।
ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਇਸ ਬਾਰੇ ਬੋਨੀ ਅਜਨਾਲਾ ਨਾਲ ਗੱਲਬਾਤ ਨਹੀਂ ਹੋਈ, ਪਰ ਉਸ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਸਾਬਕਾ ਪਾਰਲੀਮੈਂਟ ਮੈਂਬਰ ਨੇ ਇਸ ਚਰਚਾ ਨੂੰ ਅਫਵਾਹ ਆਖਿਆ ਹੈ।
ਉਂਜ ਬੇਸ਼ੱਕ ਬੋਨੀ ਅਜਨਾਲਾ ਨੇ ਇਸ ਚਰਚਾ ਨੂੰ ਅਫਵਾਹ ਦੱਸ ਕੇ ਰੋਕਣ ਦਾ ਯਤਨ ਕੀਤਾ ਹੈ, ਪਰ ਸਿਆਸੀ ਹਲਕਿਆਂ ਅਤੇ ਖਾਸ ਕਰਕੇ ਬਾਦਲ ਅਕਾਲੀ ਦਲ ਵਿੱਚ 13 ਫਰਵਰੀ ਨੂੰ ਹੋਣ ਵਾਲੀ ਰੈਲੀ ਸਮੇਂ ਉਸ ਦੀ ਘਰ ਵਾਪਸੀ ਦੀ ਚਰਚਾ ਅਜੇ ਵੀ ਚੱਲ ਰਹੀ ਹੈ। ਕੱਲ੍ਹ ਏਥੇ ਆਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇ ਕੋਈ ਪਾਰਟੀ ਨੀਤੀਆਂ ਦਾ ਸਮਰਥਨ ਕਰ ਕੇ ਘਰ ਵਾਪਸੀ ਕਰਦਾ ਹੈ ਤਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਛੱਡ ਕੇ ਗਏ ਕਈ ਆਗੂ ਅਗਲੇ ਦਿਨਾਂ ਵਿੱਚ ਘਰ ਵਾਪਸੀ ਕਰਨਗੇ।
ਵਰਨਣ ਯੋਗ ਹੈ ਕਿ ਬੋਨੀ ਅਜਨਾਲਾ ਦੀ ਇੱਕ ਤਸਵੀਰ ਸੁਖਬੀਰ ਸਿੰਘ ਬਾਦਲ ਨਾਲ ਵਾਇਰਲ ਹੋਈ ਹੈ ਜਿਸ ਵਿੱਚ ਉਹ ਸੁਖਬੀਰ ਸਿੰਘ ਬਾਦਲ ਦੇ ਨੇੜੇ ਦਿਖਾਈ ਦੇ ਰਿਹਾ ਹੈ। ਇਹ ਤਸਵੀਰ ਸਾਬਕਾ ਭਾਜਪਾ ਮੰਤਰੀ ਅਨਿਲ ਜੋਸ਼ੀ ਦੇ ਬੇਟੇ ਦੇ ਵਿਆਹ ਮੌਕੇ ਦੀ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਬੋਨੀ ਅਜਨਾਲਾ ਦੋਵੇਂ ਪੁੱਜੇ ਹੋੋਏ ਸਨ।