image caption:

ਗਾਇਕ ਅੰਮ੍ਰਿਤ ਮਾਨ ਤੇ ਸਿੱਪੀ ਗਿੱਲ ਨੂੰ ਨਵਾਂ ਸ਼ਹਿਰ ਪੁਲਸ ਅੱਗੇ ਪੇਸ਼ੀ ਦਾ ਹੁਕਮ

ਨਵਾਂ ਸ਼ਹਿਰ - ਪੰਜਾਬੀ ਗਾਇਕਾਂ ਦੇ ਖਿਲਾਫ ਸਮਾਜਕ ਕਾਰਕੁਨਾਂ ਦੀ ਪਹਿਲ 'ਤੇ ਪੰਜਾਬ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਮਾਨਸਾ ਜ਼ਿਲੇ ਦੀ ਪੁਲਸ ਨੇ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਤੇ ਉਸ ਦੇ ਬਾਅਦ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਸ ਨੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਅਤੇ ਸਿੱਪੀ ਗਿੱਲ ਨੂੰ 15 ਫਰਵਰੀ ਨੂੰ ਥਾਣਾ ਸਿਟੀ ਨਵਾਂ ਸ਼ਹਿਰ ਵਿਖੇ ਪੇਸ਼ ਹੋਣ ਲਈ ਸੰਮਣ ਭੇਜ ਦਿੱਤਾ ਹੈ।
ਵਰਨਣ ਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਸਮਾਜਕ ਕਾਰਕੁਨਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ &lsquoਮਿਸ਼ਨ 6213' ਨਾਲ ਸੰਬੰਧਤ ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਨੇ ਦੋ ਵੱਖ-ਵੱਖ ਸਿ਼ਕਾਇਤਾਂ ਦੇ ਕੇ ਇਨ੍ਹਾਂ ਗਾਇਕਾਂ 'ਤੇ ਹਿੰਸਾ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਦੇ ਦੋਸ਼ ਲਾਏ ਹਨ। ਗਾਇਕ ਅੰਮ੍ਰਿਤ ਮਾਨ ਦੇ ਖਿਲਾਫ ਚਾਰ ਜਨਵਰੀ ਅਤੇ ਸਿੱਪੀ ਗਿੱਲ ਖਿਲਾਫ 24 ਜਨਵਰੀ ਨੁੂੰ ਦਰਖਾਸਤਾਂ ਦਿੱਤੀਆਂ ਸਨ। ਇੱਕ ਮਹੀਨਾ ਬੀਤਣ 'ਤੇ ਵੀ ਜਦੋਂ ਕਾਰਵਾਈ ਨਾ ਹੋਈ ਤਾਂ &lsquoਮਿਸ਼ਨ 6213' ਨੇ ਜ਼ਿਲਾ ਸ਼ਹੀਦ ਭਗਤ ਨਗਰ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐੱਸ ਐੱਸ ਪੀ ਅਲਕਾ ਮੀਣਾ ਨੂੰ ਯਾਦ ਪੱਤਰ ਭੇਜ ਕੇ ਕਿਹਾ ਕਿ ਜਿੱਥੇ ਗਾਇਕ ਹਥਿਆਰਾਂ ਤੇ ਹਿੰਸਾ ਵਾਲੇ ਗਾਣੇ ਗਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ, ਉਥੇ ਪ੍ਰਸ਼ਾਸਨ ਵੱਲੋਂ ਮੁਕੱਦਮੇ ਦਰਜ ਨਾ ਕਰਨ ਕਰ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਾਣਕਾਰ ਸੂਤਰਾਂ ਮੁਤਾਬਕ ਇਹ ਮਾਮਲਾ ਅਦਾਲਤ ਦੀ ਮਾਣਹਾਨੀ ਦੇ ਰੂਪ ਵਿੱਚ ਹਾਈ ਕੋਰਟ ਪਹੁੰਚ ਸਕਦਾ ਹੈ। ਕੁਝ ਸਾਲ ਪਹਿਲਾਂ ਗਾਇਕ ਹਨੀ ਸਿੰਘ ਉੱਤੇ ਵੀ ਥਾਣਾ ਸਿਟੀ ਨਵਾਂ ਸ਼ਹਿਰ ਵਿਖੇ ਕੇਸ ਦਰਜ ਹੋਇਆ ਸੀ, ਜਿਸ ਨੂੰ ਰੱਦ ਕਰਨ ਲਈ ਉਸ ਵੱਲੋਂ ਕੇਸ ਲਾਇਆ ਹੋਇਆ ਹੈ, ਪਰ ਉਹ ਹਾਲੇ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ।