image caption:

ਨਿਊਯਾਰਕ ਤੋਂ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਨੇ 4 ਘੰਟੇ 56 ਮਿੰਟ 'ਚ ਲੰਡਨ ਪੁੱਜ ਕੇ ਨਵਾਂ ਰਿਕਾਰਡ ਬਣਾਇਆ

ਲੰਡਨ-  ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਨੇ ਨਿਊਯਾਰਕ ਤੋਂ ਲੰਡਨ ਤੱਕ ਦਾ ਸਫਰ ਸਿਰਫ 4 ਘੰਟੇ 56 ਮਿੰਟ ਵਿਚ ਪੂਰਾ ਕਰਕੇ ਨਿਵਾਂ ਰਿਕਾਰਡ ਬਣਾਇਆ ਹੈ। ਡੇਲੀ ਮੇਲ ਵਿਚ ਪ੍ਰਕਾਸ਼ਤ ਖ਼ਬਰ ਦੇ ਮੁਤਾਬਕ ਆਨਲਾਈਨ ਫਲਾਈਟ ਟਰੈਕਰ ਸਰਵਿਸ ਫਲਾਈਟਰਡਾਰ 24 ਦੁਆਰਾ ਉਪਲਬਧ ਡਾਟਾ ਮੁਤਾਬਕ ਬੋਇੰਗ 747 ਨੇ ਨਿਊਯਾਰਕ ਸਥਿਤ ਜੌਨ ਐਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਅਤੇ ਲੰਡਨ ਸਥਿਤ ਹੀਥਰੋ ਏਅਰਪੋਰਟ ਤੱਕ ਪੁੱਜਣ ਵਿਚ ਸਭ ਤੋਂ ਘੱਟ ਸਮਾਂ ਲਿਆ। ਫਲਾਈਟ ਨੇ 1290 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉਡਾਣ ਭਰੀ। ਦੂਜੇ ਪਾਸੇ 'ਸਿਆਰਾ' ਤੂਫਾਨ ਵੀ ਪਾਇਲਟ ਨੂੰ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਧੱਕ ਰਿਹਾ ਸੀ।
ਫਲਾਈਟ ਰਾਈਡਰ24 ਮੁਤਾਬਕ ਇਸੇ ਰੂਟ 'ਤੇ ਇੱਕ ਹੋਰ ਫਲਾਈਟ ਵਰਜਿਨ ਅਟਲਾਂਟਿਕ ਏਅਰਬਸ ਏ350 ਨੇ ਐਤਵਾਰ ਨੂੰ ਹੀਥਰੋ ਏਅਰਪੋਰਟ ਪੁੱਜਣ ਵਿਚ ਬ੍ਰਿਟਿਸ਼ ਏਅਰਵੇਜ਼ ਤੋਂ 1 ਮਿੰਟ ਸਮਾਂ ਲਿਆ। ਵਰਜਿਨ ਏਅਰਲਾਈਨ ਦੀ ਇੱਕ ਹੋਰ ਫਲਾਈਟ ਨੇ ਇਸ ਤੋਂ 3 ਮਿੰਟ ਜ਼ਿਆਦਾ ਸਮਾਂ ਲਿਆ। ਇਸ ਤਰ੍ਹਾਂ ਤਿੰਨੋਂ ਫਲਾਈਟਾਂ ਨੇ ਪਹਿਲਾਂ ਦੇ ਨੌਰਵਿਅਨ ਏਅਰਲਾਈਨਜ਼ ਦੇ ਰਿਕਾਰਡ ਨੂੰ ਤੋੜ ਦਿੱਤਾ। ਦਰਅਸਲ ਨੌਰਵੀਅਨ ਏਅਰਲਾਈਨਜ਼ ਨੇ ਅਟਲਾਂਟਿਕ ਮਹਾਸਾਗਰ ਨੂੰ ਪਾਰ ਕਰਕੇ ਹੀਥਰੋ ਪੁੱਜਣ ਵਿਚ 5 ਘੰਟੇ 13 ਮਿੰਟ ਦਾ ਸਮਾਂ ਲਿਆ ਸੀ।
ਫਲਾਈਟ ਵਿਚ ਬੈਠੇ ਇੱਕ ਯਾਤਰੀ ਡੇਵਿਡ ਨੇ ਕਿਹਾ ਕਿ ਜਦ ਪਾਇਲਟ ਨੇ ਇਸ ਉਪਲਬਧੀ ਦਾ ਐਲਾਨ ਕੀਤਾ ਤਾਂ ਸਾਰੇ ਹੈਰਾਨ ਸੀ। ਉਨ੍ਹਾਂ ਕਿਹਾ ਕਿ ਫਲਾਈਟ ਦੀ ਸਪੀਡ ਐਨੀ ਤੇਜ਼ ਸੀ ਕਿ ਸਾਨੂੰ ਸੌਣ ਤੱਕ ਦਾ ਸਮਾਂ ਨਹੀਂ ਮਿਲਿਆ।  ਸਾਰੇ ਯਾਤਰੀ ਤਾੜੀਆਂ ਵਜਾ ਰਹੇ ਸੀ।