image caption:

ਕਬੱਡੀ ਕੱਪ ਦੌਰਾਨ ਮੁੜ ਪੁਰਾਣੇ ਅੰਦਾਜ਼ 'ਚ ਗੀਤ ਗਾਉਂਦੇ ਨਜ਼ਰ ਆਏ ਮੂਸੇਵਾਲਾ, ਹੋ ਸਕਦੀ FIR

ਦਿੜ੍ਹਬਾ : ਵਿਵਾਦਿਤ ਗੀਤਾਂ ਤੇ ਬਿਆਨਾਂ ਕਾਰਨ ਲਗਾਤਾਰ ਚਰਚਾ 'ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਿੜ੍ਹਬਾ ਦੇ ਕਬੱਡੀ ਕੱਪ ਦੌਰਾਨ ਇਕ ਵਾਰ ਫਿਰ ਤੋਂ ਪੁਰਾਣੇ ਅੰਦਾਜ਼ 'ਚ ਹੀ ਗੀਤ ਗਾਉਂਦੇ ਨਜ਼ਰ ਆਏ। ਜ਼ਮਾਨਤ 'ਤੇ ਆਏ ਸਿੱਧੂ ਮੂਸੇਵਾਲਾ ਨੇ ਦਿੜ੍ਹਬਾ 'ਚ ਹੀ ਆਪਣਾ ਪਹਿਲਾਂ ਲਾਈਵ ਸ਼ੋਅ ਕੀਤਾ ਅਤੇ ਸ਼ੋਅ ਦੌਰਾਨ ਮੰਚ 'ਤੇ ਫਿਰ ਆਪਣੇ ਵਿਵਾਦਿਤ ਗੀਤ ਸਿੱਧੂ ਮੂਸੇਵਾਲਾ ਨੇ ਭੜਕਾਊ ਗੀਤ 'ਹੁਣ ਦੱਸੋ ਕੀਹਦਾ ਕੀਹਦਾ ਕੰਡਾ ਕੱਢਣਾ ਗੱਭਰੂ ਜ਼ਮਾਨਤ ਤੋਂ ਆਇਆ ਹੋਇਆ ਹੈ' ਗਾ ਕੇ ਨਾ ਸਿਰਫ ਆਪਣੇ ਵਿਰੋਧੀਆਂ 'ਤੇ ਵਿਅੰਗ ਕੱਸਿਆ ਸਗੋਂ ਖੁੱਲ੍ਹੇ ਤੌਰ 'ਤੇ ਕਾਨੂੰਨ ਦੀ ਫਿਰ ਤੋਂ ਧੱਜੀਆਂ ਉਡਾਈਆਂ। ਇਸ ਮਾਮਲੇ 'ਚ ਪੁਲਿਸ ਨੇ ਡੀਡੀਆਰ ਕਟ ਕੇ ਜਾਂਚ ਆਰੰਭ ਕਰ ਦਿੱਤੀ ਹੈ। ਬੇਸ਼ੱਕ ਅਜੇ ਤਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਜਾਂਚ 'ਚ ਸਿੱਧੂ ਮੂਸੇਵਾਲਾ ਗ਼ਲਤ ਪਾਏ ਗਏ ਤਾਂ ਐੱਫਆਈਆਰ ਦਰਜ ਹੋ ਸਕਦੀ ਹੈ। ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਅੱਧਾ ਦਰਜਨ ਤੋਂ ਜ਼ਿਆਦਾ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਖੁੱਲੇ ਅਖਾੜੇ 'ਚ ਵੀ ਜਾਣ ਤੋਂ ਰੋਕਣ ਲਈ ਮਾਮਲਾ ਦਰਜ ਕਰਵਾ ਕੇ ਗ੍ਰਿਫ਼ਤਾਰ ਕਰਵਾਇਆ ਗਿਆ ਪਰ ਉਹ ਫਿਰ ਜ਼ਮਾਨਤ 'ਤੇ ਆ ਗਏ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੀ ਤਰੱਕੀ ਦੇਖੀ ਨਹੀਂ ਜਾਂਦੀ ਜਿਸ ਕਾਰਨ ਉਨ੍ਹਾਂ ਨੂੰ ਦਬਾਉਣ ਅਤੇ ਉਨ੍ਹਾਂ 'ਤੇ ਪਰਚਾ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜਿਹੇ ਵਿਰੋਧੀ ਕਦੀ ਸਫ਼ਲ ਨਹੀਂ ਹੋਣਗੇ। ਹੁਣ ਉਹ ਬਾਹਰ ਆ ਗਏ ਹਨ ਤਾਂ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਗੇ। ਡੀਐੱਸਪੀ ਦਿੜ੍ਹਬਾ ਵਿਲੀਅਮ ਜੇਜੀ ਨੇ ਕਿਹਾ ਕਿ ਪੁਲਿਸ ਸਿੱਧੂ ਮੂਸੇਵਾਲਾ ਦੇ ਲਾਈਵ ਸ਼ੋਅ ਦੀ ਵੀਡੀਓ ਆਦਿ ਦੇਖ ਰਹੀ ਹੈ। ਇਸ ਮਾਮਲੇ 'ਚ ਡੀਡੀਆਰ ਕਟ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਐੱਫਆਈਆਰ ਦਰਜ ਕਰਵਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।