image caption:

ਫਿਰ SC ਪਹੁੰਚਿਆ ਵਿਨੈ ਸ਼ਰਮਾ, ਰਾਸ਼ਟਰਪਤੀ ਦੇ ਤਰਸ ਅਰਜ਼ੀ ਖ਼ਾਰਜ ਕਰਨ ਦੇ ਆਦੇਸ਼ ਨੂੰ ਦਿੱਤੀ ਚੁਣੌਤੀ

ਨਵੀਂ ਦਿੱਲੀ : ਨਿਰਭੈਆ ਮਾਮਲੇ 'ਚ ਚਾਰੇ ਦੋਸ਼ੀਆਂ 'ਚੋਂ ਇਕ ਵਿਨੈ ਕੁਮਾਰ ਸ਼ਰਮਾ ਨੇ ਫਾਂਸੀ ਤੋਂ ਰਾਹਤ ਪਾਉਣ ਲਈ ਇਕ ਵਾਰ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮੰਗਲਵਾਰ ਨੂੰ ਦੋਸ਼ੀ ਵਿਨੇ ਨੇ ਸੁਪਰੀਮ ਕੋਰਟ 'ਚ ਅਰਜ਼ੀ ਦਾਖ਼ਲ ਕਰ ਕੇ ਰਾਸ਼ਟਰਪਤੀ ਵੱਲੋਂ ਤਰਸ ਅਰਜ਼ੀ ਖ਼ਾਰਜ ਕਰਨ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਅਰਜ਼ੀ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਸਾਹਿਬ ਨੇ ਜਲਦਬਾਜ਼ੀ 'ਚ ਤਰਸ ਅਰਜ਼ੀ ਨਿਪਟਾ ਦਿੱਤੀ। ਇਸ 'ਚ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ।
ਉੱਥੇ, ਨਿਰਭੈਆ ਦੀ ਮਾਂ ਨੇ ਪ੍ਰਤੀਕਿਰਿਆ 'ਚ ਕਿਹਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਅਰਜ਼ੀ ਲਾਈ ਹੈ, ਤਾਂਕਿ ਸਾਨੂੰ ਨਵੀਂ ਤਰੀਕ ਮਿਲ ਸਕੇ। ਜਦੋਂ ਤਕ ਇਨ੍ਹਾਂ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤਕ ਉਹ ਨਵਾਂ ਹਕਥੰਡਾ ਅਪਣਾਉਂਦੇ ਰਹਿਣਗੇ। ਉਨ੍ਰਾਂ ਹਾਈ ਕੋਰਟ ਦੇ ਆਦੇਸ਼ ਦਾ ਵੀ ਮਾਣ ਨਹੀਂ ਰੱਖਿਆ। ਉਮੀਦ ਹੈ ਕਿ ਬੁੱਧਵਾਰ ਨੂੰ ਇਕ ਨਵਾਂ ਡੈੱਥ ਵਾਰੰਟ ਜਾਰੀ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦਿੱਲੀ ਦੇ ਵਸੰਤ ਵਿਹਾਰ ਇਲਾਕੇ 'ਚ ਨਿਰਭੈਆ ਦੇ ਨਾਲ ਰਾਮ ਸਿੰਘ (ਤਿਹਾੜ ਜੇਲ੍ਹ 'ਚ ਖ਼ੁਦਕੁਸ਼ੀ ਕਰ ਲਈ ਸੀ), ਇਕ ਨਾਬਾਲਗ (ਇਹ ਤਿੰਨ ਸਾਲ ਦੀ ਸਜ਼ਾ ਪੂਰੀ ਕਰ ਚੁੱਕਿਆ ਹੈ), ਮੁਕੇਸ਼ ਸਿੰਘ, ਅਕਸ਼ੇ ਸਿੰਘ, ਵਿਨੈ ਕੁਮਾਰ ਸ਼ਰਮਾ ਅਤੇ ਪਵਨ ਕੁਮਾਰ ਗੁਪਤਾ ਨੇ ਦਰਿੰਦਗੀ ਕੀਤੀ ਸੀ।
ਸਾਰੇ ਛੇ ਦੋਸ਼ੀਆਂ ਨੇ ਨਿਰਭੈਆ ਨਾਲ ਨਾ ਸਿਰਫ਼ ਸਮੂਹਿਕ ਜਬਰ ਜਨਾਹ ਕੀਤਾ, ਸਗੋਂ ਉਸ ਨੂੰ ਇਸ ਕਦਰ ਸਰੀਰਕ ਤਸੀਹੇ ਦਿੱਤੇ ਕਿ ਉਸ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ। ਇਸ ਤੋਂ ਬਾਅਦ ਹੇਠਲੀ ਅਦਾਲਤ ਤੋਂ ਬਾਅਦ ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਚੁੱਕਾ ਹੈ।