image caption:

ਆਸਟ੍ਰੇਲੀਆ ਨੇ ਪਿਛਲੇ ਸਾਲ 1157 ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਰੱਦ

ਮੈਲਬੋਰਨ-  ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਵਿਭਾਗ ਵਲੋਂ ਪਿਛਲੇ ਸਾਲ ਹਜ਼ਾਰਾਂ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ, ਜਿਸ 'ਚ ਝੂਠੇ ਦਸਤਾਵੇਜ਼ ਮੁਹੱਈਆ ਕਰਵਾਉਣ, ਨਿਯਮਾਂ ਦੀ ਪਾਲਣਾ ਨਾ ਕਰਨਾ ਆਦਿ ਕਈ ਕਾਰਨ ਸਨ | ਵਿਭਾਗ ਅਨੁਸਾਰ ਚੀਨ, ਦੱਖਣੀ ਕੋਰੀਆ ਤੋਂ ਆਏ ਵਿਦਿਆਰਥੀਆਂ ਪਿੱਛੇ ਭਾਰਤ ਦੇ 1100 ਵੀਜ਼ੇ ਰੱਦ ਕੀਤੇ ਗਏ ਸਨ | ਅੰਕੜਿਆਂ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਲ 1157 ਭਾਰਤੀ ਵਿਦਿਆਰਥੀਆਂ ਨੇ ਆਪਣੇ ਵੀਜ਼ੇ ਗੁਆਏ ਹਨ, ਜਿਨ੍ਹਾਂ 'ਚ 2018-19 'ਚ ਸਭ ਤੋਂ ਵੱਡੀ ਗਿਣਤੀ 'ਚ ਰੱਦ ਕੀਤੇ ਗਏ ਸਨ | ਇਸ 'ਤੋਂ ਬਾਅਦ ਚੀਨ 4686 ਦੱਖਣੀ ਕੋਰੀਆ 1503 ਦੇ ਕਰੀਬ ਸਾਹਮਣੇ ਆਏ | ਉਪਰੋਕਤ ਵਿਭਾਗ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਬਹੁਤੇ ਵਿਦਿਆਰਥੀ ਇਥੇ ਆ ਕੇ 20 ਘੰਟੇ ਤੋਂ ਵਧੇਰੇ ਕੰਮ ਕਰਦੇ ਹਨ ਅਤੇ ਕਿਸੇ ਦੀ ਸ਼ਿਕਾਇਤ 'ਤੇ ਉਹ ਕਾਬੂ ਆ ਜਾਂਦੇ ਹਨ | ਕਈ ਆਪਣੇ ਕੋਰਸਾਂ ਦੀ ਤਬਦੀਲੀ ਸਮੇਂ ਵੀ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ | ਉਥੇ 2018-19 'ਚ 1,00000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਦਾਖ਼ਲਾ ਲਿਆ | ਰੱਦ ਕੀਤੇ ਗਏ 17,819 ਵੀਜ਼ਿਆਂ 'ਚੋਂ 8913 ਆਦਮੀ ਅਤੇ 6129 ਔਰਤਾਂ ਸਨ, ਜਿੰਨ੍ਹਾਂ ਦੀ ਉਮਰ 18 ਸਾਲ ਤੋਂ 34 ਸਾਲ ਨਾਲ ਸਬੰਧਿਤ ਸੀ | ਇਸ ਸਬੰਧੀ ਇੰਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੇ ਵਿਦਿਆਰਥੀ ਇਥੇ ਸਹੀ ਤਰੀਕੇ ਨਾਲ ਰਹਿੰਦੇ ਹਨ, ਉਨ੍ਹਾਂ ਨੂੰ ਕਿਸੇ ਕਿਸਮ ਦੀ ਚਿੰਤਾ ਦੀ ਜ਼ਰੂਰਤ ਨਹੀਂ | ਵੀਜ਼ਾ ਨਿਯਮਾਂ ਦੀਆਂ ਸ਼ਰਤਾਂ 'ਤੇ ਪਾਲਣਾ ਕਰਨਾ ਜ਼ਰੂਰੀ ਹੈ | ਮਲੇਸ਼ੀਆ, ਬ੍ਰਾਜ਼ੀਲ ਦੇਸ਼ਾਂ ਦੇ ਲੋਕਾਂ ਦੇ ਵੀ ਵਿਭਾਗ ਵਲੋਂ ਵੀਜ਼ੇ ਰੱਦ ਕੀਤੇ ਗਏ ਸਨ |