image caption:

ਸੁਖਪਾਲ ਸਿੰਘ ਖਹਿਰਾ ਦੇ ਜੋੜੀਦਾਰ ਵਿਧਾਇਕਾਂ ਦੀ ਸੁਰ ਦਿੱਲੀ ਦੇ ਨਤੀਜੇ ਪਿੱਛੋਂ ਬਦਲੀ

ਬਠਿੰਡਾ- ਪੰਜਾਬ ਏਕਤਾ ਪਾਰਟੀ ਨਾਲ ਜੁੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦਿੱਲੀ ਚੋਣਾਂ ਪਿੱਛੋਂ ਸੁਰ ਬਦਲ ਲਈ ਜਾਪਦੀ ਹੈ। ਸੁਖਪਾਲ ਸਿੰਘ ਖਹਿਰਾ ਨਾਲ ਜੁੜੇ ਵਿਧਾਇਕਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦਿੱਲੀ ਚੋਣਾਂ ਵਿੱਚ ਕੰਮਾਂ ਦਾ ਮੁੱਲ ਪਿਆ ਅਤੇ ਫਿਰਕੂ ਤਾਕਤਾਂ ਨੂੰ ਲੋਕਾਂ ਨੇ ਰੱਦ ਕੀਤਾ ਹੈ। ਚੋਣਾਂ ਵਿੱਚ ਵੱਡੀ ਜਿੱਤ ਮਗਰੋਂ ਪੰਜਾਬ 'ਚ ਨਵੇਂ ਸਮੀਕਰਨ ਬਣਦੇ ਲੱਗਦੇ ਹਨ। ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿਚਲਾ ਖਿਲਾਰਾ ਪੰਜਾਬ ਵਿੱਚ ਫਿਰ ਸਮੇਟਿਆ ਜਾਵੇ। ਇਸ ਪਾਰਟੀ ਦੇ ਵਾਲੰਟੀਅਰ ਵੀ ਚਾਹੁੰਦੇ ਹਨ ਕਿ ਸਭ ਆਗੂ ਇਕੱਠੇ ਹੋਣ। ਪਾਰਟੀ ਤੋਂ ਦੂਰ ਹੋਏ ਵਿਧਾਇਕਾਂ ਦੀ ਮੰਗ ਹੈ ਕਿ ਅਰਵਿੰਦ ਕੇਜਰੀਵਾਲ ਖੁਦ ਪੰਜਾਬ 'ਚ ਦਖ਼ਲ ਦੇਣ।
ਹਲਕਾ ਮੌੜ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਰਾਏ ਹੈ ਕਿ ਜੇ ਇਸ ਪਾਰਟੀ ਦੀ ਲੀਡਰਸ਼ਿਪ ਸਤਿਕਾਰ ਨਾਲ ਬੁਲਾਏਗੀ ਤਾਂ ਉਹ ਪਿੱਛੇ ਮੁੜਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਿਆਸੀ ਪਿੜ ਜਿੱਤਣਾ ਆਪਸੀ ਏਕੇ ਨਾਲ ਹੀ ਸੰਭਵ ਹੈ। ਉਹ ਕਦੇ ਵੀ ਏਕੇ ਦੀ ਗੱਲ ਤੋਂ ਇਨਕਾਰੀ ਨਹੀਂ ਹੋਏ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਵਿੱਚ ਪਾਰਟੀ ਵੱਲੋਂ ਕੀਤੇ ਕੰਮਾਂ ਦੀ ਜਿੱਤ ਹੋਈ ਅਤੇ ਲੋਕਾਂ ਨੇ ਵਿਕਾਸ ਨੂੰ ਮਾਨਤਾ ਦੇ ਕੇ ਪਾਰਟੀ ਦੀ ਨੀਤੀ 'ਤੇ ਮੋਹਰ ਲਈ ਹੈ। ਪੰਜਾਬ ਵਿੱਚ ਸਰਮਾਏਦਾਰ ਜੁੰਡਲੀ ਭਾਰੂ ਹੈ, ਜਿਸ ਨੂੰ ਮਾਤ ਦੇਣ ਲਈ ਏਕਤਾ ਜ਼ਰੂਰੀ ਹੈ।
ਇਸੇ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਦਿੱਲੀ ਚੋਣਾਂ ਵਿੱਚ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਫਤਵਾ ਮਿਲਿਆ ਅਤੇ ਫਿਰਕਾਪ੍ਰਸਤੀ ਦੀ ਹਾਰ ਹੋਈ ਹੈ। ਉਨ੍ਹਾ ਕਿਹਾ ਕਿ ਕੁਝ ਸਮਾਂ ਇਨ੍ਹਾਂ ਚੋਣਾਂ ਦਾ ਅਸਰ ਪੰਜਾਬ ਵਿੱਚ ਵੀ ਰਹੇਗਾ, ਪਰ ਪੰਜਾਬ ਦੇ ਮੁੱਦਿਆਂ ਅਤੇ ਜ਼ਮੀਨੀ ਹਕੀਕਤਾਂ ਨੂੰ ਸਮਝਣ ਅਤੇ ਇਹੋ ਜਿਹੀ ਲੀਡਰਸ਼ਿਪ ਦੇਣ ਦੀ ਲੋੜ ਹੈ, ਜੋ ਲੋਕਾਂ ਦੇ ਭਰੋਸੇ ਉੱਤੇ ਖਰੀ ਉਤਰ ਸਕੇ। ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਪੰਜਾਬ ਹਿਤੈਸ਼ੀ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਜੇ ਪਾਰਟੀ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਕਾਮਯਾਬ ਹੋਵੇ ਤਾਂ ਪੰਜਾਬ ਵਿੱਚ ਮਾਹੌਲ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ 'ਤੇ ਧਿਆਨ ਦੇਣਾ ਅਤੇ ਦਖਲ ਦੇ ਕੇ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਰੇ ਨੂੰ ਸਮੇਟਣਾ ਚਾਹੀਦਾ ਹੈ।