image caption:

ਵਾਸ਼ਿੰਗ ਮਸ਼ੀਨ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼, ਪਰਿਵਾਰ ਗਿਆ ਸੀ ਵਿਆਹ 'ਚ, ਪਿੱਛੋਂ ਵਾਪਰੀ ਇਹ ਅਣਹੋਣੀ

ਛੇਹਰਟਾ : ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਬਾਸਰਕੇ ਭੈਣੀ ਦੇ ਇਕ ਘਰ ਵਿਚ ਪਈ ਵਾਸ਼ਿੰਗ ਮਸ਼ੀਨ ਵਿਚੋਂ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਥਾਣਾ ਘਰਿੰਡਾ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਵਾਸੀ ਦਿਆਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਸਾਰਾ ਪਰਿਵਾਰ ਕਿਸੇ ਵਿਆਹ ਵਿਚ ਗਏ ਹੋਏ ਸਨ, ਜਦ ਘਰ ਵਾਪਸ ਪੁੱਜੇ ਤਾਂ ਉਸ ਦੀ ਨੂੰਹ ਸਿਮਰਨਜੀਤ ਕੌਰ ਵਾਸ਼ਿੰਗ ਮਸ਼ੀਨ ਵਿਚ ਕੱਪੜੇ ਸਾਫ਼ ਕਰਨ ਲੱਗੀ ਤਾਂ ਮਸ਼ੀਨ ਨਹੀਂ ਚੱਲੀ।

ਉਸ ਨੇ ਮਸ਼ੀਨ ਵਿਚ ਪਏ ਕੱਪੜੇ ਬਾਹਰ ਕੱਢੇ ਤਾਂ ਉਸ ਵਿਚੋਂ ਇਕ ਮੋਮੀ ਲਿਫਾਫ਼ਾ ਮਿਲਿਆ, ਜਿਸ ਵਿਚ ਨਵਜੰਮੇ ਬੱਚੇ ਦੀ ਲਾਸ਼ ਪਈ ਹੋਈ ਸੀ, ਜਿਸ ਦੇ ਗੱਲ ਵਿਚ ਇਕ ਕੱਪੜਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕੋਈ ਅਣਪਛਾਤੀ ਔਰਤ ਆਪਣਾ ਪਾਪ ਲੁਕਾਉਣ ਲਈ ਇਹ ਕਾਰਾ ਕਰ ਕੇ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਮੌਕੇ 'ਤੇ ਇਲਾਕਾ ਵਾਸੀਆਂ ਤੇ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਾਸ਼ ਕਬਜ਼ੇ ਵਿਚ ਲੈ ਕੇ 72 ਘੰਟੇ ਲਈ ਸਿਵਲ ਹਸਪਤਾਲ ਅੰਮਿ੍ਤਸਰ ਵਿਚ ਪੋਸਟਮਾਰਟਮ ਹਾਊਸ ਵਿਚ ਰੱਖ ਦਿੱਤੀ ਹੈ ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।