image caption:

ਨਾਰਾਜ਼ ਅਜਨਾਲਾ ਨੂੰ ਮਨਾਉਣ ਪਹੁੰਚੇ ਸੁਖਬੀਰ ਬਾਦਲ, ਅਮਰਪਾਲ ਸਿੰੰਘ ਬੋਨੀ ਫਿਰ ਪਾਰਟੀ 'ਚ ਸ਼ਾਮਲ

ਅੰਮ੍ਰਿਤਸਰ : ਦਿੱਲੀ 'ਚ ਆਮ ਆਦਮੀ ਪਾਰਟੀ ਦੀ ਪ੍ਰਚੰਡ ਜਿੱਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਮਜ਼ਬੂਤੀ ਵੱਲ ਕਦਮ ਵਧਾਉਣ ਲੱਗੇ ਹਨ। ਸੁਖਬੀਰ ਬਾਦਲ ਵੀਰਵਾਰ ਨੂੰ ਅਚਾਨਕ ਸਾਬਕਾ ਸੰਸਦ ਮੈਂਬਰ ਡਾਕਟਰ ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਬੇਟੇ ਸਾਬਕਾ ਸੀਪੀਐੱਸ ਅਮਰਪਾਲ ਸਿੰਘ ਬੋਨੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ। ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਅਮਰਪਾਲ ਸਿੰਘ ਬੋਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰ ਪਾਰਟੀ 'ਚ ਦੁਬਾਰਾ ਸ਼ਾਮਲ ਕੀਤਾ। ਇਸ ਦੌਰਾਨ ਸੁਖਬੀਰ ਨੇ ਡਾ.ਅਜਨਾਲਾ ਤੋਂ ਵੀ ਆਸ਼ੀਰਵਾਦ ਲਿਆ।

ਇਸ ਤੋਂ ਬਾਅਦ ਬੋਨੀ ਸੁਖਬੀਰ ਬਾਦਲ ਨਾਲ ਬਾਹਰ ਆਏ ਤੇ ਸਿੱਧੇ ਰਾਜਾਸਾਂਸੀ 'ਚ ਆਯੋਜਿਤ ਵਿਸ਼ਾਲ ਜਨ ਵਿਰੋਧੀ ਰੈਲੀ 'ਚ ਸ਼ਾਮਲ ਹੋਣ ਲਈ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਰਤਨ ਸਿੰਘ ਅਜਨਾਲਾ ਵੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਹਾਲਾਂਕਿ ਉਹ ਰੈਲੀ 'ਚ ਸ਼ਾਮਲ ਹੋਣ ਲਈ ਨਹੀਂ ਆਏ। ਜਦੋਂ ਇਸ ਸਬੰਧ 'ਚ ਅਜਨਾਲਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੱਲ ਘੁੰਮਾ ਦਿੱਤੀ। ਉਨ੍ਹਾਂ ਕਿਹਾ ਕਿ ਸੁਖਬੀਰ ਉਨ੍ਹਾਂ ਦਾ ਹਾਲਚਾਲ ਪੁੱਛਣ ਲਈ ਆਏ ਸਨ। ਉੱਥੇ, ਸੁਖਬੀਰ ਨੇ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਅਜਨਾਲਾ ਪਰਿਵਾਰ ਫਿਰ ਤੋਂ ਅਕਾਲੀ ਦਲ ਬਾਦਲ 'ਚ ਸ਼ਾਮਲ ਹੋ ਗਿਆ ਹੈ। ਦੱਸ ਦੇਈਏ ਕਿ ਅਜਨਾਲਾ ਪਰਿਵਾਰ ਦੀ ਅਕਾਲੀ ਦਲ ਨਾਲ ਸੁਲ੍ਹਾ ਤੋਂ ਬਾਅਦ ਟਕਸਾਲੀ ਆਗੂਆਂ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਅੰਮ੍ਰਿਤਸਰ ਤੋਂ ਸਬੰਧਿਤ ਸੀਨੀਅਰ ਅਕਾਲੀ ਆਗੂਆਂ 'ਚੋਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ 'ਚ ਅਕਾਲੀ ਦਲ ਟਕਸਾਲੀ ਦਾ ਗਠਨ ਹੋਇਆ ਸੀ। ਇਸ ਦੇ ਗਠਨ 'ਚ ਸਾਬਕਾ ਸੰਸਦ ਮੈਂਬਰ ਡਾਕਟਰ ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਬੇਟੇ ਸਾਬਕਾ ਸੀਪੀਐੱਸ ਅਮਰਪਾਲ ਸਿੰਘ ਬੋਨੀ ਸਮੇਤ ਸੀਨੀਅਰ ਆਗੂਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸੁਖਬੀਰ ਬਾਦਲ ਨਾਲ ਬੈਠਕ ਤੋਂ ਬਾਅਦ ਅਜਨਾਲਾ ਪਰਿਵਾਰ ਨੇ ਦੁਬਾਰਾ ਅਕਾਲੀ ਦਲ 'ਚ ਦੁਬਾਰਾ ਵਾਪਸੀ ਕਰ ਲਈ ਹੈ।