image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

"ਸਿੱਖੀ ਸਿਧਾਂਤਾਂ ਨੂੰ ਸਮਰਪਿਤ ਸ: ਜਸਵੰਤ ਸਿੰਘ ਕੰਵਲ ਦੀ ਕੌਮੀ ਵਸੀਅਤ"

  ਪਿਛਲੇ ਹਫ਼ਤੇ 13-02-2020 ਦੇ ਪੰਜਾਬ ਟਾਈਮਜ਼ ਦੇ ਅੰਕ ਨੰ: 2813 ਦੇ ਪੰਨਾ 21 ਉੱਤੇ ਖਬਰ ਛਪੀ ਹੈ ਕਿ "ਤੁਰ ਗਿਆ ਰੁੜ੍ਹ ਚਲੇ ਪੰਜਾਬ ਦਾ ਦਰਦ ਸੀਨੇ 'ਚ ਲੈ ਕੇ ਪੰਜਾਬੀਆਂ ਦਾ ਲੇਖਕ ਜਸਵੰਤ ਸਿੰਘ ਕੰਵਲ, ਕੰਵਲ ਦੇ ਦੋਹਤਰੇ ਸੁਮੇਲ ਸਿੰਘ ਸਿੱਧੂ ਨੇ ਕੰਵਲ ਨੂੰ 'ਸ਼ਾਹ ਰਾਂਝਾ' ਦਾ ਖਿਤਾਬ ਦੇ ਕੇ ਕੰਵਲ ਦੇ ਅਕਸ ਨੂੰ ਵਿਗਾੜਿਆ" ਇਸੇ ਹੀ ਪੰਨੇ 'ਤੇ ਪ੍ਰੋ: ਬਲਵਿੰਦਰ ਸਿੰਘ ਜੀ ਦੀ ਇਹ ਟਿੱਪਣੀ ਵੀ ਛਪੀ ਹੈ ਕਿ "ਹੀਰ ਦੇ ਇਨਕਲਾਬੀ ਕਾਮਰੇਡਾਂ ਨੇ ਜਸਵੰਤ ਸਿੰਘ ਕੰਵਲ ਦਾ ਭਗਵਾਂ ਕਰਨ ਕੀਤਾ" ਟਿਪਣੀ ਦਾ ਸਾਰ ਅੰਸ਼ ਹੈ, ਹੀਰ ਦਾ ਇਨਕਲਾਬ ਘੜਨ ਵਾਲੇ ਭਗਵੇਂ ਕਾਮਰੇਡਾਂ ਨੇ ਪੰਜਾਬ ਦੀ ਸੋਚ ਤੇ ਅਣਖ ਬੁਲੰਦ ਕਰਨ ਵਾਲੇ ਗੁਰਪੁਰ ਵਾਸੀ ਬਾਪੂ ਜਸਵੰਤ ਸਿੰਘ ਕੰਵਲ ਨੂੰ ਕੀ ਘੜ ਦਿੱਤਾ ਧਿਆਨ ਨਾਲ ਦੇਖੋ ਤੇ ਵਾਚੋ ਕਿ ਇਹੀ ਇਤਿਹਾਸ ਦਾ ਵਪਾਰੀਕਰਨ ਤੇ ਭਗਵਾਂਕਰਨ ਹੈ। ਪੰਜਾਬ ਦੀ ਸਰਕਾਰੀ ਕਾਮਰੇਡ ਜਮਾਤ ਇਹੀ ਕੁਝ ਹੈ ਲਗਾਤਾਰ ਪੰਜਾਬ ਸੰਤਾਪ ਤੋਂ ਲੈ ਕੇ ਹੁਣ ਤੱਕ ਪੰਜਾਬ ਵਿਰੋਧੀ ਸੋਚ 'ਕੈਟ ਸੱਭਿਆਚਾਰ' ਨੂੰ ਅਪਨਾਉਂਦੀ ਰਹੀ ਹੈ। ਜਸਵੰਤ ਸਿੰਘ ਕੰਵਲ ਉੱਪਰ ਚਿੱਟੀ ਚਾਦਰ ਦੀ ਥਾਂ ਭਗਵੀਂ ਚਾਦਰ ਦਾ ਇਸ਼ਾਰਾ ਦੱਸਦਾ ਹੈ ਹੀਰ ਰਾਂਝੇ ਦੇ ਇਨਕਲਾਬੀ ਕਾਮਰੇਡਾਂ ਦਾ ਕੇਂਦਰ ਨਾਗਪੁਰ ਹੈ। ਸਮਝਣ ਦਾ ਮਸਲਾ ਇਹ ਹੈ ਕਿ ਕੰਵਲ ਦੀ ਦੇਹ ਨਾਲ ਖਿਲਵਾੜ ਕਰਕੇ ਕੰਵਲ ਦੀ ਰੂਹ ਤੇ ਵਿਚਾਰ ਨਹੀਂ ਮਾਰੇ ਜਾ ਸਕਦੇ।" ਹੀਰ ਰਾਂਝੇ ਦੇ ਇਨਕਲਾਬੀ ਕਾਮਰੇਡਾਂ ਨੇ ਸੱਪ ਵਾਲਾ ਫਾਰਮੂਲਾ ਅਪਣਾਇਆ ਹੈ। ਸੱਪ ਆਪਣੀ ਜੀਭ ਨਾਲ ਕੇਵਲ ਜ਼ਹਿਰੀਲਾ ਡੰਗ ਮਾਰ ਸਕਦਾ ਹੈ ਪਰ ਆਪਣੇ ਲਈ ਘਰ ਨਹੀਂ ਬਣਾ ਸਕਦਾ। ਸੱਪ ਆਪਣੇ ਰਹਿਣ ਲਈ ਆਪ ਖੁੱਡ ਨਹੀਂ ਕੱਢਦਾ (ਕੱਢ ਸਕਦਾ ਵੀ ਨਹੀਂ) ਸਗੋਂ ਕੱਢੀ ਕਢਾਈ ਖੁੱਡ 'ਤੇ ਕਬਜ਼ਾ ਕਰ ਲੈਂਦਾ ਹੈ। ਹੀਰ ਰਾਂਝੇ ਦੇ ਇਨਕਲਾਬੀ ਕਾਮਰੇਡਾਂ ਨੇ 'ਸ਼ਬਦ" ਨੂੰ ਨਗਾਰੇ ਨਾਲੋਂ ਤੋੜ ਕੇ ਤੂੰਬੀ ਨਾਲ ਜੋੜ ਦਿੱਤਾ। 'ਕੈਟ ਸੱਭਿਆਚਾਰ' ਵਾਲੇ ਕਾਮਰੇਡ ਜਸਵੰਤ ਸਿੰਘ ਕੰਵਲ ਦੇ ਵਿਰੁੱਧ ਭੁਗਤਦੇ ਰਹੇ ਹਨ। ਹੱਥਲੇ ਲੇਖ ਵਿੱਚ ਅਸੀਂ ਸ। ਜਸਵੰਤ ਸਿੰਘ ਕੰਵਲ ਦੀ ਲਿਖੀ ਪੁਸਤਕ 'ਕੌਮੀ ਵਸੀਅਤ' ਦੇ ਕੁਝ ਪੰਨਿਆਂ ਦਾ ਜ਼ਿਕਰ ਕਰਾਂਗੇ, ਜਿਸ ਵਿੱਚ ਉਨ੍ਹਾਂ ਨੇ 'ਕੈਟ ਸੱਭਿਆਚਾਰ' ਵਾਲੇ ਕਮਿਊਨਿਸਟਾਂ ਤੇ ਹੀਰ ਰਾਂਝੇ ਦੇ ਇਨਕਲਾਬੀ ਕਾਮਰੇਡਾਂ ਦੇ ਕਿਵੇਂ ਬਖੀਏ ਉਧੇੜੇ ਹਨ। ਸ। ਜਸਵੰਤ ਸਿੰਘ ਕੰਵਲ ਆਪਣੀ ਪੁਸਤਕ 'ਕੌਮੀ ਵਸੀਅਤ' ਦੇ ਅਰੰਭ ਵਿੱਚ ਆਪਣੇ 'ਅਹਿਸਾਸ' ਨੂੰ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕਰਦੇ ਹਨ ਕਿ "ਸਰਬੱਤ ਦੇ ਭਲੇ ਦੇ ਸਿੱਖ ਸਿਧਾਂਤ ਨੇ ਮੈਨੂੰ ਬੜਾ ਬਲ ਬਖਸ਼ਿਆ ਹੈ। ਅਜਿਹੀ ਤਸੱਲੀ ਦੇਣ ਵਾਲਾ ਸਿਧਾਂਤ, ਮੈਨੂੰ ਹੋਰ ਕਿਤੋਂ ਨਹੀਂ ਮਿਲਿਆ। ਗੈਬੀ ਸ਼ਕਤੀਆਂ ਕੋਈ ਨਹੀਂ ਹੁੰਦੀਆਂ। ਮੇਰੀ ਸਾਰੀ ਲਿਖਤ ਕਰਮ ਪਸਾਰੇ ਦਾ ਪ੍ਰਤੀਕਰਮ ਹੈ। ਗੁਰੂ ਨਾਨਕ ਵਰਗੀ ਵਿਆਪਕਤਾ, ਗੁਰੂ ਗੋਬਿੰਦ ਸਿੰਘ ਵਰਗੀ ਦਲੇਰ, ਬਹਾਦਰ ਕਰਨੀ ਤੇ ਜਰਨੀ ਮੈਨੂੰ ਕਿਸੇ ਪੈਗੰਬਰ ਵਿੱਚੋਂ ਨਹੀਂ ਮਿਲੀ। ਉਨ੍ਹਾਂ ਦਾ ਪ੍ਰਭਾਵ ਮੈਨੂੰ ਸਦਾ ਬੇਕਰਾਰ ਕਰਦਾ ਰਿਹਾ ਹੈ"। 'ਕੌਮੀ ਵਸੀਅਤ' ਦੇ ਪੰਨਾ 200/201 ਉੱਤੇ ਸ। ਜਸਵੰਤ ਸਿੰਘ ਕੰਵਲ ਜੀ ਲਿਖਦੇ ਹਨ। ਇਕ ਪਹਾੜੀ ਪੰਡਿਤ ਨੇ ਗੁਰੂ ਜੀ (ਗੁਰੂ ਗੋਬਿੰਦ ਸਿੰਘ) ਤੋਂ ਪੁੱਛਿਆ, 'ਤੁਸਾਂ ਖਾਲਸਾ ਪੰਥ ਕਾਹਦੇ ਲਈ ਸਾਜਿਆ ਹੈ ਜ਼ੁਲਮ ਤੇ ਲੁੱਟ-ਘਸੁੱਟ ਮਿਟਾ ਕੇ ਸਰਬੱਤ ਦੇ ਭਲੇ ਦਾ ਰਾਜ ਪਰਵਾਹ ਚਲਾਉਣ ਲਈ' ਗੁਰੂ ਜੀ ਨੇ ਤਸੱਲੀ ਨਾਲ ਜੁਆਬ ਦਿੱਤਾ। ਗੁਰੂ ਜੀ ਦਾ ਇਹ ਜੁਆਬ ਸੁਣ ਕੇ ਪੰਡਿਤ ਨੇ ਫਿਰ ਆਖਿਆ "ਇਸ ਕੰਮ ਲਈ ਤਾਂ ਰਾਜੇ ਤੇ ਵੱਡੇ-ਵੱਡੇ ਜਗੀਰਦਾਰ ਤੁਹਾਡੀਆਂ ਬਾਹਾਂ ਬਣਨ ਲਈ ਤਿਆਰ ਹਨ"। ਗੁਰੂ ਜੀ ਨੇ ਫਿਰ ਮੋੜਵਾਂ ਜੁਆਬ ਦਿੱਤਾ ਕਿ "ਓਹੀ ਤਾਂ ਲੋਕਾਂ 'ਤੇ ਜੁਲਮ ਕਰਨ ਕਰਾਉਣ ਵਾਲੇ ਐ, ਉਹ ਡਾਕੂਆਂ ਦੀਆਂ ਮਾਵਾਂ ਹਨ। ਜਿਹੜਾ ਖਾਲਸਾ ਮੈਂ ਸਾਜਿਆ ਹੈ, ਉਨ੍ਹਾਂ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ। ਇਕ ਇਕੱਲੀ ਜਾਨ ਹੈ। ਜਿਹੜੀ ਉਨ੍ਹਾਂ ਲਈ ਜੁਲਮ ਵਿਰੁੱਧ ਤੇ ਸਰਬੱਤ ਦੇ ਭਲੇ ਲਈ ਆਪਾ ਵਾਰ ਦੇਣ ਦੀ ਪ੍ਰਤੱਗਿਆ ਬਣ ਚੁੱਕੀ ਹੈ। ਇਹੀ ਲੋਕ ਮਹਾਂਬਾਲੀ ਹੋ ਕੇ ਹੰਕਾਰੇ ਹਾਥੀਆਂ ਨੂੰ ਢਾਹੁਣਗੇ ਅਤੇ ਜ਼ੁਲਮ ਦੇ ਕਿੰਗਰੇ ਤੋੜਨਗੇ। ਤੇਰੇ ਰਾਜੇ ਲੋਕਾਂ ਦੇ ਗੱਦਾਰ ਤੇ ਲੁਟੇਰੇ ਹਨ। ਉਨ੍ਹਾਂ ਨੇ ਆਪਣੀਆਂ ਰਿਆਸਤਾਂ ਕਦੋਂ ਤਿਆਗੀਆਂ, ਪੰਡਿਤਾਂ ਮੈਂ ਇਨ੍ਹਾਂ ਰੰਕਾਂ ਨੂੰ ਤੇਰੇ ਰਾਜਿਆਂ ਨਾਲ ਲੜਾਉਣਾ ਤੇ ਇਨ੍ਹਾਂ ਕਿਰਤੀਆਂ ਦੇ ਸੀਸ 'ਤੇ ਕਲਗੀਆਂ ਸਜਾਊਂਗਾ"। ਰਾਜਿਆਂ ਦਾ ਪਾਨ ਖਾਣ ਵਾਲਾ ਪੰਡਿਤ ਕੰਨ ਵਲ੍ਹੇਟ ਕੇ ਭੀਮ ਚੰਦ ਦੀ ਰਿਆਸਤ ਨੂੰ ਜਾਣ ਲਈ ਪਹਾੜ ਚੜ੍ਹ ਗਿਆ। ਇਸੇ ਪੰਨੇ 'ਤੇ ਅੱਗੇ ਚੱਲ ਕੇ ਕੰਵਲ ਜੀ ਲਿਖਦੇ ਹਨ ਕਿ ਕਮਿਊਨਿਸਟ ਭਾਂਡਾ ਛੋਟਾ, ਖੀਰ ਬਹੁਤੀ, ਪੈ ਕੇ ਡੁੱਲੀ ਤੇ ਬਰਬਾਦ ਹੋ ਗਈ। ਇਹ ਆਮ ਲੋਕਾਂ ਦੀ ਇਤਿਹਾਸਕ ਤੇ ਸੱਭਿਆਚਾਰਕ ਮਨੋ-ਬਿਰਤੀ ਨੂੰ ਨਾ ਸਮਝ ਸਕੇ। ਸਕੂਲਿੰਗ ਦੇਣ ਵਾਲਿਆਂ ਬਰੂਦ ਭਰ ਦਿੱਤਾ। ਲੋਕਾਂ ਦੀ ਮਾਨਸਿਕਤਾ ਸਮਝੇ ਤੋਂ ਬਿਨਾਂ ਜਦੋਂ ਲੋਕਾਂ ਦੇ ਇਕੱਠਾਂ ਵਿੱਚ ਬੋਲਣ ਲੱਗੇ, ਵਿਰੋਧ ਦੇ ਸੁਆਲਾਂ ਬਰੂਦ ਨੂੰ ਚਿਣਗ ਦੇ ਮਾਰੀ। ਬੱਸ ਫੇਰ ਕੀ ਸੀ ਸਾਰਾ ਬਰੂਦ ਸ਼ੁਰਲੀ-ਵਤ ਚੱਲ ਕੇ ਠੇਢਾ ਪੈ ਗਿਆ। ਤੱਤੇ ਕਮਿਊਨਿਸਟਾਂ ਰੂਸ ਚੀਨ ਦੀਆਂ ਮਿਸਾਲਾਂ ਦਿੱਤੀਆਂ। ਲੋਕਾਂ ਦੀ ਸਮਝ ਵਿੱਚ ਕੱਖ ਨਾ ਆਇਆ। ਲੋਕਾਂ ਆਖਿਆ ਸਾਡਾ ਇਤਿਹਾਸ ਕਿਥੇ ਪਿੱਛੇ ਆ ਗੁਰੂ ਗੋਬਿੰਦ ਸਿੰਘ ਦੇ ਸਾਰੇ ਪਰਿਵਾਰ ਦੀ ਕੁਰਬਾਨੀ, ਬੰਦ-ਬੰਦ ਕਟਵਾਉਣ ਪੁਰਖਿਆਂ ਦੀਆਂ ਜਿਊਂਦੀਆਂ ਇਤਿਹਾਸਕ ਸ਼ਹਾਦਤਾਂ ਸਾਹਮਣੇ ਰੂਸ-ਚੀਨ ਦੀਆਂ ਕੁਰਬਾਨੀਆਂ ਸਾਡੇ ਲੋਕਾਂ ਦੇ ਮਨਾਂ ਉੱਤੇ ਕਿਵੇਂ ਚੜਦੀਆਂ ਰੂਸ ਚੀਨ ਦੀਆਂ ਕੁਰਬਾਨੀਆਂ ਉਨ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਸਨ ਤੇ ਸਾਡੇ ਇਤਿਹਾਸ ਦੀਆਂ ਕੁਰਬਾਨੀਆਂ ਸਾਡੇ ਲੋਕਾਂ ਲਈ ਪਹਿਲਾ ਮਹਾਨ ਸਨ। ਕਮਿਊਨਿਸਟ ਸਾਡੇ ਇਤਿਹਾਸ ਵਿੱਚ ਦੀ ਆਪਣੇ ਮਾਰਕਸੀ ਤੱਤ ਦੀ ਗੱਲ ਨਾ ਸਮਝਾ ਸਕੇ, ਇਸੇ ਕਾਰਨ ਸੰਗਤ ਦੇ ਤਖ਼ਤੋਂ ਲਹਿ ਗਏ"।
 'ਕੌਮੀ ਵਸੀਅਤ' ਦੇ ਪੰਨਾ 206/207 ਉੱਤੇ ਸ। ਜਸਵੰਤ ਸਿੰਘ ਕੰਵਲ ਜੀ ਲਿਖਦੇ ਹਨ, ਸਿੱਖ ਸਿਧਾਂਤ ਹੈ ਨਿੱਜੀ ਸ਼ੁੱਧੀ ਤੋਂ ਲੈ ਕੇ ਸਮੁੱਚੀ ਮਨੁੱਖਤਾ ਦੇ ਕਲਿਆਣ ਤੱਕ ਲਗਾਤਾਰ ਸਫਰ ਕਰਦੇ ਜਾਣਾ। ਇਹ ਸਿਧਾਂਤ ਗੁਰੂ ਨਾਨਕ ਤੋਂ ਤੁਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ (ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ) ਤੱਕ ਨੇਮ ਬੱਧ ਹੋ ਗਿਆ ਹੈ। ਇਹ ਸਿਧਾਂਤ ਸਰਬੱਤ ਦਾ ਸਾਂਝਾ ਤੇ ਮੁਕਤੀਦਾਤਾ ਹੋ ਚੁੱਕਾ ਹੈ। ਅਸਾਂ ਗੁਰੂ ਦੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਨੂੰ ਲਾਗੂ ਕਰਨਾ ਹੀ ਕਰਨਾ ਹੈ। ਜੇ ਆਪਣੀ ਹਸਤੀ ਬਚਾ ਕੇ ਰੱਖਾਂਗੇ, ਤੱਦ ਹੀ ਗੁਰੂ ਦੇ ਸਿਧਾਂਤ ਨੂੰ ਸਕਾਰ ਅਵੱਸਥਾ ਵਿੱਚ ਪ੍ਰਵਾਨ ਵੀ ਚੜ੍ਹਾ ਸਕਾਂਗੇ। ਗੁਰੂ ਦੇ ਸਿਧਾਂਤ ਦੀ ਸੇਧ ਮਾਰਚ ਕਰੀ ਚੱਲੋ। ਦੁਸ਼ਮਣ ਵੱਲੋਂ ਸਾਨੂੰ ਆਰਥਿਕ, ਸੱਭਿਆਚਾਰਕ ਅਤੇ ਵਿੱਦਿਅਕ ਪੱਖੋਂ ਨਿੱਤ ਦਿਨ ਖੋਰਿਆ ਜਾ ਰਿਹਾ ਹੈ। ਬ੍ਰਾਹਮਣਵਾਦ ਦਾ ਚੂਹਾ ਗੁਰੂ ਦੇ ਪਹਾੜ ਸਿਧਾਂਤ ਨੂੰ ਖੁੱਡਾਂ ਰਾਹੀਂ ਪੋਲਾ ਕਰ ਰਿਹਾ ਹੈ। ਇਸ ਖੋਰੇ ਨੂੰ ਠੱਲ੍ਹ ਪਾਕੇ ਆਪਣੀ ਵੱਖਰੀ ਹੋਂਦ ਹਸਤੀ ਨੂੰ ਸਰਬ-ਸਾਂਝੀ ਸ਼ਕਤੀ ਬਣਾਉਣਾ ਹੈ। ਗੁਰੂ ਦਾ ਸਿਧਾਂਤ ਸਾਰੀ ਮਨੁੱਖਤਾ ਲਈ ਕਲਿਆਣਕਾਰੀ ਹੈ। ਅਸਾਂ ਸਿਧਾਂਤ ਨੂੰ ਲੱਗੇ ਖੋਰੇ ਤੋਂ ਬਚਾਉਣਾ ਹੈ। ਗੁਰੂ ਸਿਧਾਂਤ ਨੂੰ ਅਸੀਂ ਉਸ ਹਾਲਤ ਵਿੱਚ ਹੀ ਬਚਾ ਸਕਾਂਗੇ, ਜੋ ਆਪਣੀ ਹੋਂਦ ਹਸਤੀ ਦੀ ਸ਼ਕਤੀ ਨੂੰ ਕਾਇਮ ਦਾਇਮ ਰੱਖ ਸਕਾਂਗੇ। ਜੀਣਾ ਤੇ ਜੀਵਨ ਵੰਡਣਾਂ ਗੁਰੂ ਦੇ ਆਦੇਸ਼ਾਂ ਵਿੱਚ ਸ਼ਾਮਿਲ ਹੈ। ਗੁਰੂ ਤੁਹਾਡੇ ਜੇਰੇ-ਜੁਅਰੱਤ ਦੀ ਪ੍ਰੀਖਿਆ ਕਰ ਰਿਹਾ ਹੈ। ਆਪਣੇ ਸਾਨਾ ਮੱਤੇ ਤੇ ਲਹੂ ਨਾਲ ਲਿਖੇ ਇਤਿਹਾਸ ਨੂੰ ਗੁਰੂ ਦੇ ਆਸ਼ੀਰਵਾਦ ਨਾਲ ਅੱਗੇ ਤੋਰੋਗੇ। 'ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ' (ਭਾਈ ਗੁਰਦਾਸ) ਸਰਦਾਰ ਜਸਵੰਤ ਸਿੰਘ ਕੰਵਲ ਜੀ ਅੱਗੇ ਲਿਖਦੇ ਹਨ। 'ਸਿੱਖੀ ਤਾਂ ਸਿਦਕ ਦਲੇਰੀ, ਜੁਅਰੱਤ ਤੇ ਗਿਆਨ ਦਾ ਦੂਜਾ ਨਾਂ ਹੈ। ਸਿੱਖੀ ਜੁਲਮ ਵਿਰੁੱਧ ਸੱਚ ਦੀ ਰੋਹ-ਭਰੀ ਲਲਕਾਰ ਹੈ। ਸਿੱਖੀ ਮਾਰਦੀ ਨਹੀਂ ਹਮੇਸ਼ਾ ਬਚਾਉਂਦੀ ਹੈ। ਸਿੱਖੀ ਇਕ ਪ੍ਰਤੱਗਿਆ ਵਾਲਾ ਸਿਧਾਂਤ ਹੈ। ਸਿੱਖੀ ਜ਼ਿੰਦਗੀ ਦਾ ਮੂਲ ਪਹਿਰਾਵਾ ਤੇ ਸੱਭਿਆਚਾਰ ਹੈ। ਸਿੱਖੀ ਗੁਰੂ ਦੀ ਮਾਰਫਤ ਕੁਦਰਤ ਵੱਲੋਂ ਸਾਨੂੰ ਵਰਦਾਨ ਹੋ ਕੇ ਮਿਲੀ ਹੈ। ਸਿੱਖੀ ਮਨੁੱਖਤਾ ਲਈ ਹਰ ਔਖੀ ਬਲਾ ਤੋਂ ਛੁਟਕਾਰੇ ਦੀ ਢਾਲ ਤੇ ਸ਼ਸ਼ਤਰ ਹੈ। ਸਿੱਖੀ ਜ਼ਿੰਦਗੀ ਨੂੰ ਪਾਲਣਹਾਰ ਤੇ ਉਸਾਰਨ ਹਾਰ ਹੈ। ਅਹਿਸਾਸ ਕਰੋ, ਸਿੱਖੀ ਗੁਲਾਮੀ ਦੀ ਲਾਹਨਤ ਵਿਰੁੱਧ ਜੀ ਜਾਨ ਨਾਲ ਲੜਦੀ ਹੈ। ਸਿੱਖੀ ਜ਼ਿੰਦਗੀ ਦੀ ਸਰਬਰਾਹ ਹੈ, ਇਹ ਘਲੂਘਾਰਿਆਂ ਵਿੱਚ ਦੀ ਲਹੂ ਨਾਲ ਨਹਾਉਂਦੀ, ਮਨੁੱਖਤਾ ਦੀ ਪੱਕੀ ਸੇਵਾਦਾਰਨੀ ਬਣੀ ਰਹੀ ਹੈ। ਇਹ ਸਾਡੇ ਗੁਰੂਆਂ ਤੇ ਸ਼ਹੀਦ ਪੁਰਖਿਆਂ ਦੀ ਕਮਾਈ ਹੋਈ ਵਿਰਾਸਤ ਹੈ। ਇਹਦਾ ਇਤਿਹਾਸ ਲਹੂ ਦੀ ਅੱਗ ਨੇ ਲਿਖਿਆ ਹੈ। ਸਿੰਘੋ! ਤੁਸੀਂ ਮਾਣ ਤੇ ਗਰਵ ਕਰ ਸਕਦੇ ਹੋ ਕਿ ਤੁਸੀਂ ਸਾਰਾ ਪਰਿਵਾਰ ਤੁਹਾਡੇ ਤੋਂ ਕੁਰਬਾਨ ਕਰ ਦੇਣ ਵਾਲੇ ਗੁਰੂ ਦੇ ਸਿੱਖ ਹੋ"। ਸ। ਜਸਵੰਤ ਸਿੰਘ ਕੰਵਲ ਜੀ ਨੇ 'ਕੌਮੀ ਵਿਰਾਸਤ' ਦੇ ਪੰਨਾ 41 ਉੱਤੇ ਸ਼ਹੀਦ ਭਗਤ ਸਿੰਘ ਬਾਰੇ ਇਨ੍ਹਾਂ ਸ਼ਬਦਾਂ ਰਾਹੀਂ ਟਿੱਪਣੀ ਕੀਤੀ ਹੈ ਕਿ-"ਲਾਹੌਰ ਜੇਲ੍ਹ ਵਿੱਚ ਫਾਂਸੀ ਲੱਗਣ ਤੋਂ ਪਹਿਲਾਂ ਉਹ ਸੰਤ ਰਣਧੀਰ ਸਿੰਘ ਨਾਰੰਗਵਾਲ ਦੇ ਸੰਪਰਕ ਵਿੱਚ ਆ ਗਿਆ। ਆਰੀਆ ਸਮਾਜੀਆਂ ਦਾ ਪ੍ਰਭਾਵ ਵਗਾਹ ਮਾਰਿਆ ਤੇ ਬਕਾਇਦਾ ਸਿੱਖ ਸਜਕੇ ਕੇਸ ਰੱਖ ਲਏ"। 'ਕੌਮੀ ਵਿਰਾਸਤ' ਦੇ ਅੰਤ ਵਿੱਚ ਸ। ਜਸਵੰਤ ਸਿੰਘ ਕੰਵਲ ਜੀ ਨੇ ਪੰਜਾਬ ਦੇ ਨੌਂ ਜੁਆਨਾਂ ਨੂੰ ਜੋ ਸੁਨੇਹਾ ਦਿੱਤਾ ਇਸ ਨਾਲ ਸਮਾਪਤੀ ਕਰਦੇ ਹਾਂ-
"ਨੌਜਵਾਨੋ!
 ਪੰਜਾਬੀਅਤ ਦੇ ਵਾਰਸੋ, ਗੁਰੂ ਗੋਬਿੰਦ ਸਿੰਘ ਦੇ ਪੁੱਤਰੋ ਕਦੇ ਇਹ ਵੀ ਸੋਚਿਆ ਏ ਬਾਬਾ ਫ਼ਰੀਦ, ਗੁਰੂ ਨਾਨਕ ਤੇ ਵਾਰਸ ਦੀ ਕਮਾਈ ਵਰਾਸਤ ਸਾਰੀ ਦੁਨੀਆਂ ਵਿੱਚ ਖੇਰੂੰ-ਖੇਰੂੰ ਹੋ ਕੇ ਖਤਮ ਹੋਣ ਵਾਲੀ ਹੈ।
 ਤੇ ਤੁਸੀਂ ਨਸ਼ਿਆਂ ਵਿੱਚ ਬੇਪ੍ਰਵਾਹ ਖੁਦਕੁਸ਼ੀਆਂ ਕਰ ਰਹੇ ਹੋ। ਔਖੇ ਸੁਖਾਲੇ ਜੇ ਮਰਨਾ ਹੀ ਹੈ, ਤਦ ਕਰਤਾਰ, ਭਗਤ ਤੇ ਊਧਮ ਸਿੰਘ ਦੇ ਪੁੱਤਰ ਬਣੋ ਤੇ ਲੋਕਾਂ ਦੇ ਹਿੱਤਾਂ ਲਈ ਸ਼ਹੀਦ ਵੀ ਹੋ ਸਕਦੇ ਹੋ। ਘੱਟੋ ਘੱਟ ਤਾਰੀਖ ਦੀ ਬੁਕਲ ਤਾਂ ਤੁਹਾਨੂੰ ਸਾਂਭ ਲਵੇ।
ਤੁਸੀਂ ਨੌ ਜੁਆਨੋ, ਜੇ ਕੌਮੀ ਘਰ ਦਾ ਕਿਲਾ ਨਾ ਉਸਾਰਿਆ, ਕੋਈ ਵਜਾਹ ਨਹੀਂ ਥਾਂ ਪੁਰ ਥਾਂ ਖਿਲਰੀ ਨਾਨਕੀਅੱਤ ਹਮੇਸ਼ਾ ਲਈ ਗਵਾਚ ਨਾ ਜਾਵੇ।
 ਜੇ ਬਾਪੂ ਜਥੇਦਾਰਾਂ ਵਿੱਚ ਤੱਤ ਹੁੰਦਾ, ਢਾਹੇ ਸ੍ਰੀ ਅਕਾਲ ਤਖ਼ਤ ਤੇ ਪਤ ਲਥੀ ਦੇ ਪਾਏ ਨੂੰ ਕਦੇ ਨਾ ਪਹੁੰਚਦੇ। ਜਿਸ ਕੌਮ ਵਿੱਚੋਂ ਗੈਰਤ ਮਰ ਜਾਵੇ, ਉਹਦਾ ਰਹਿੰਦਾ ਕੀ ਹੈ ਜਸਵੰਤ ਸਿੰਘ ਕੰਵਲ
 ਇਸ ਲੇਖ ਦੇ ਸਾਰੇ ਹਵਾਲੇ ਸ। ਜਸਵੰਤ ਸਿੰਘ ਕੰਵਲ ਦੀ ਪੁਸਤਕ 'ਕੌਮੀ ਵਿਰਾਸਤ' ਵਿੱਚੋਂ ਲਏ ਗਏ ਹਨ। ਭੁੱਲਾਂ ਚੁੱਕਾਂ ਦੀ ਖਿਮਾ


ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ