image caption: ਜਗਦੀਸ਼ ਸਿੰਘ ਚੋਹਕਾ

ਨਫ਼ਰਤ ਤੇ ਹਿੰਸਾਂ ਦੀ ਹਾਰ ਦਿੱਲੀ ਚੋਣ ਨਤੀਜੇ, ਇੱਕ ਵੱਡਾ ਸੁਨੇਹਾ


   ਦਿੱਲੀ ਅੰਦਰ 8 ਫਰਵਰੀ, 2020 ਦੀਆਂ ਅਸੰਬਲੀ ਚੋਣਾਂ ਦੇ 11 ਫਰਵਰੀ ਨੂੰ ਆਏ ਨਤੀਜਿਆਂ ਨੇ, ਇੱਕ ਵਾਰ ਇਹ ਸਾਬਤ ਕਰ ਦਿੱਤਾ ਹੈ,' ਕਿ ਭਾਰਤ ਵਿੱਚ ਚੋਣਾਂ ਦੀ ਸਿਆਸਤ ਨੇ ਇੱਕ ਨਵਾਂ ਪਾਸਾ ਪਲਟਿਆ ਹੈ । ਕੌਮੀ ਪੱਧਰ 'ਤੇ 17-ਵੀਆਂ ਦੇਸ਼ ਅੰਦਰ ਹੋਈਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਦ ਝਾੜਖੰਡ ਅਤੇ ਹੁਣੇ ਦਿੱਲੀ ਅਸੰਬਲੀ ਲਈ ਚੋਣਾਂ ਅੰਦਰ ਦੇਸ਼ ਦੇ ਵੋਟਰਾਂ ਦੇ ਰੁਝਾਂਨਾਂ 'ਚ' ਆ ਰਹੀ ਤਬਦੀਲੀ ਝਲਕ ਰਹੀ ਹੈ। ਭਾਵ ਲੋਕ ਹੁਣ ਵੱਖੋ ਵੱਖ ਮੁੱਦਿਆ ਤੇ ਵੋਟ ਪਾਉਦੇ ਹਨ। ਝਾਰਖੰਡ ਅਤੇ ਹੁਣ ਦਿੱਲੀ ਦੇ ਨਤੀਜੇ ਸਾਡੇ ਸਾਹਮਣੇ ਹਨ। ਕੀ ਅਸੀ ਹੁਣ ਇਹ ਸਮਝੀਏ ਕਿ ਭਾਰਤ ਦੇ ਵੋਟਰ ਦੇਸ਼ ਅੰਦਰ ਕਰਵਟਾ ਲੈ ਰਹੀ ਸਿਆਸਤ ਜਿਸ ਦੇ ਸਾਹਮਣੇ ਸਮਾਜਕ, ਆਰਥਿਕ, ਸੱਭਿਆਚਾਰਕ ਅਤੇ ਵੱਖੋ ਵੱਖ ਸਿਆਸੀ ਸੋਚ ਅਧੀਨ ਸਮੱਸਿਆਂ ਦੇ ਪਹਾੜ ਖੜੇ ਹਨ, ਉਹ ਹੱਲ ਹੋ ਗਏ ਹਨ? ਜਾਂ ਫਿਰ ਇਹ ਸਮਝੀਏ ਕਿ ਭਾਰਤੀ ਸਮਾਜ ਅੰਦਰ ਸਮਾਜਿਕ-ਸੱਭਿਆਚਾਰ, ਆਪਸੀ ਰਿਸ਼ਤਿਆਂ, ਲੋਕ-ਵਿਹਾਰਾਂ ਅਤੇ ਬਹੁਲਤਾਵਾਦੀ ਦੇਸ਼ ਅੰਦਰ ਸਾਰੇ ਆਪਾ-ਵਿਰੋਧੀ ਵਿਰੋਧਤਾਈਆਂ ਨੂੰ ਭੁੱਲ ਕੇ ਅਸੀ ਨਜ਼ਦੀਕ ਆ ਗਏ ਹਨ। ਕੀ ਅਸੀ ਇਹ ਪ੍ਰਵਾਨ ਕਰ ਸਕਦੇ ਹਾਂ ਕਿ ਭਾਰਤੀ ਆਵਾਮ ਜਾਗਰੂਕ ਹੋ ਗਿਆ ? ਉੁਹ ਹੁਣ ਅਗਾਂਹਵਧੂ, ਸਹਿਣਸ਼ੀਲ ਅਤੇ ਜਾਤੀਵਾਦ ਦੇ ਵਿਰੁੱਧ, ਦਲਿਤਾਂ ਤੇ ਇਸਤਰੀ ਵਰਗ ਵਿਰੋਧੀ ਨਹੀ ਹੈ ਅਤੇ ਅਤੇ ਨਾ ਹੀ ਉਸ ਦੀ ਹੁਣ ਜਾਲਮ ਅਤੇ ਧਾਰਮਿਕ ਕੱਟੜਵਾਦੀ ਸੋਚ ਰਹੀ ਹੈ? ਪਰ ਦਿਸਦਾ ਅਤੇ ਮਲੂਮ ਇਹ ਹੁੰਦਾ ਹੈ, ਕਿ ਅੱਜੇ ਵੀ ਅਸੀਂ ਲੋਕ-ਪੱਖੀ ਵਿਚਾਰਧਾਰਾ ਦੀ ਥਾਂ ਖੁਦਗਰਜ਼ੀ, ਨਿਜਵਾਦ ਅਤੇ ਧੱੜਿਆਵਾਲੀ ਗੈਰਵਿਗਿਆਨਿਕ ਸਿਆਸਤ ਦੇ ਸਾਏ ਹੇਠ ਵਿਚਰ ਰਹੇ ਹਾਂ।
  ਦਿੱਲੀ ਚੋਣਾਂ ਅੰਦਰ 'ਆਪ' ਪਾਰਟੀ ਦੀ ਭਾਰੀ ਬਹੁਮੱਤ ਨਾਲ ਜਿੱਤ ਦੇਸ਼ਵਾਸੀਆਂ ਲਈ ਇਕ ਹਾਂ ਪੱਖੀ ਰੁਝਾਂਨ ਅਤੇ ਉਸਾਰੂ ਆਸ ਹੈ। ਇਨਾ੍ਹ ਚੋਣਾਂ ਅੰਦਰ ਜਿਸ ਤਰ੍ਹਾ ਬੀ.ਜੇ.ਪੀ ਅਤੇ ਆਰ. ਐਸ. ਐਸ. ਦੀਆਂ ਕੇਡਰ ਅਧਾਰਿਤ ਧਾਰਮਿਕ ਕੱਟੜ ਵਾਲੀਆਂ ਟੋਹਣੀ ਬਾਹਾਂ ਨੇ ਪੂਰੇ ਕੱਟੜਵਾਦ ਅਤੇ ਹਿੰਦੂਤਵ ਦਾ ਫਿਰਕੂ ਢੰਗ ਨਾਲ ਪ੍ਰ੍ਰਚਾਰ ਕਥਤਾ। ਉਸ ਸਾਹਮਣੇ ਟਿਕਣਾ ਹਾਰੇ-ਸਾਰੇ ਦਾ ਕੰਮ ਨਹੀ ਸੀ। ਭਾਜਪਾ ਦੇ ਇਸ ਫਿਰਕੂ ਧਾਰਨਾ ਵਾਲੇ ਖਾਸੇ ਸਾਹਮਣੇ ਜਿਹੜੀਆ ਬਾਕੀ ਵਿਰੋਧੀ ਪਾਰਟੀਆਂ ਆਪਣੇ ਆਪ ਨੂੰ ਧਰਮ ਨਿਰਪੱਖ ਅਖਵਾਉਂਦੀਆਂ ਸਨ, ਭਾਵੇਂ ਉਹ ਕਾਂਗਰਸ, ਸਮਾਜਵਾਦੀ, ਕਮਿਊਨਿਸਟ ਆਦਿ ਸਨ ਉਨ੍ਹਾ ਨੂੰ ਨਕਲੀ ਧਰਮ-ਨਿਰਪੱਖ ਕਹਿ ਕਿ ਉਨਾਂ ਦਾ ਮੌਜੂ ਬਣਾਇਆ ਗਿਆ। ਬੀ.ਜੇ.ਪੀ. ਨੇ ਦਿੱਲੀ ਅੰਦਰ ਖੁਦ ਨੂੰ ਬਿਹਤਰ ਰਾਮ-ਭਗਤ ਅਤੇ ਹਿੰਦੂ ਸਾਬਤ ਕਰਨ ਲਈ ਸਾਰੀ ਜਨਤਾ ਅੰਦਰ ਹਿੰਦੂ ਭਾਈਚਾਰੇ ਦੇ ਲੋਕਾਂ ਅੰਦਰ ਇੱਕ ਹਿੰਦੂਵਾਦੀ ਜ਼ਬਰਦਸਤ ਲਹਿਰ ਚਲਾਈ। ਮੋਦੀ ਸਰਕਾਰ ਦੇ ਮੰਤਰੀਆਂ, ਬੀ.ਜੇ.ਪੀ. ਦੇ ਸਾੰਸਦਾ ਅਤੇ ਉਸਦੇ ਕੌਮੀ ਪ੍ਰਧਾਨ ਤੇ ਦਿੱਲੀ ਪ੍ਰਧਾਨ ਵੱਲੋ ਵਾਰ ਵਾਰ ਇਹ ਕਹਿਣਾ ਕਿ ਅਸੀ ਜਿਤਾਂਗੇ ਉਹ ਵੀ ਬਹੁਸੰਮਤੀ ਨਾਲ। ਇਹ ਜਿਤ ਹਿੰਦੂਵਾਦੀ ਲਹਿਰ 'ਤੇ ਅਧਾਰਿਤ ਉਨ੍ਹਾਂ ਦੇ ਅਨੁਮਾਨਾਂ ਅਨੁਸਾਰ ਸੀ। ਪਰ ਦੁੱਖ ਦੀ ਗੱਲ ਹੈ, 'ਕਿ ''ਆਪ'' ਨੇ ਭਾਵੇਂ ਵਿਕਾਸ ਕੰਮਾਂ ਨੂੰ ਮੁੱਖ ਰੱਖ ਕੇ ਪ੍ਰਚਾਰ ਤਾਂ ਕੀਤਾ, ਪਰ ਜੈ ਸ਼੍ਰੀ ਰਾਮ ਦੇ ਨਾਹਰੇ ਦਾ ਮੁਕਾਬਲਾ ਜੈ ਹਨੂੰਮਾਨ (ਬਜਰੰਗ ਬਲੀ) ਦਾ ਨਾਹਰਾ ਦੇ ਕੇ ''ਆਪ'' ਬਿਹਤਰ ਹਿੰਦੂ ਪਾਰਟੀ ਹੈ। ਧਰਮ ਨਿਰਪੱਖਤਾ ਨੂੰ ਪਿਛੇ ਸੁਟਣਾ ਹੈ।
    ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆ ਅੰਦਰ 70 ਸੀਟਾਂ ਵਿੱਚੋਂ ''ਆਪ'' ਨੇ 62 ਸੀਟਾਂ ਜਿਤ ਕੇ ਮੁੜ ਇਕ ਰਿਕਾਰਡ ਕਾਇਮ ਕੀਤਾ ਹੈ। ਪਰ ਬੀ.ਜੇ.ਪੀ. ਨੇ ਵੀ ਆਪਣੀ ਪਿਛਲੀ ਲੀਡ 3-ਸੀਟਾਂ ਤੋਂ ਵਧਾਕੇ 8-ਸੀਟਾਂ ਤਕ ਪੁਚਾ ਲਈ ਹੈ। ਪਿਛਲੇ ਸਮਿਆਂ 'ਚ ਦਿਲੀ ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ। ਬੀ.ਜੇ.ਪੀ. ਦਾ ਵੋਟ ਬੈਂਕ 32.3- ਫੀਸਦ ਤੋਂ ਵੱਧ ਕੇ 38.52- ਫੀਸਦ ਵੱਧਣਾ ਚਿੰਤਾਜਨਕ ਵੀ ਹੈ। ਬੀ. ਜੇ. ਪੀ. ਨੇ ਦਿੱਲੀ ਚੋਣਾਂ ਦੌਰਾਨ ਹਰ ਦਾਅ ਪੇਚ ਵਰਤੇ। ਚੋਣ ਮੁਹਿੰਮ ਦੌਰਾਨ ਰੱਜ ਕੇ ਫਿਰਕੂ ਪਤਾ ਖੇਡਿਆ। ਡਰਾਵੇ ਦਿੱਤੇ, ਵਿਰੋਧੀਆਂ ਨੂੰ ਗ਼ਦਾਰ ਕਹਿਣ ਤੋਂ ਸੰਕੋਚ ਨਹੀਂ ਕੀਤਾ ਅਤੇ ਗੋਲੀ ਮਾਰੋ ਤੇ ਸ਼ਾਹੀਨ ਬਾਗ ਵਿੱਚ ਗੋਲੀਆਂ ਵੀ ਚੱਲੀਆਂ। ਦਿੱਲੀ ਦੇ ਮੁਸਲਮਾਨਾਂ ਵਿਰੁਧ ਹਿੰਦੂਆਂ ਨੂੰੰ ਲਾਮਬੰਦ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ। ਭਾਵ ਦਿੱਲੀ ਅੰਦਰ ਫਿਰਕੂ ਧਰੁਵੀਕਰਨ ਦੀ ਕੋਸ਼ਿਸ਼ ਮੋਦੀ ਤੋਂ ਲੈ ਕੇ ਹੇਠਾਂ ਤੱਕ ਵਰਕਰਾਂ ਵਲੋਂ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਗਈ। ਬੀ.ਜੇ.ਪੀ. ਫਿਰ ਵੀ ਹਿੰਦੂ ਵੋਟ ਪ੍ਰਾਪਤ ਕਰਨ ਦੇ ਟੀਚੇ ਤੱਕ ਨਹੀਂ ਪੁੱਜ ਸਕੀ। ਇਸ ਵਿੱਚ ਕੋਈ ਸ਼ੱਕ ਨਹੀ ਕਿ ਪਿਛਲੇ ਕੁਝ ਸਮੇਂ ਤੋਂ ਅਰਵਿੰਦ ਕੇਜਰੀਵਾਲ ਦੀ ਕਾਰਜ-ਸ਼ੈਲੀ ਵਿੱਚ ਕਾਫੀ ਬਦਲਾਅ ਆਇਆ ਹੈ। ਉਸ ਦੀ ਕਾਰਜ ਸ਼ੈਲੀ ਅੰਦਰ ਪਹੁੰਚ ਅਤੇ ਸੋਚ ਵੀ ਕਾਫੀ ਬਦਲ ਗਈ। ਉਸ ਦੀ ਇਹ ਸੋਚ ਅਤੇ ਚੋਣ ਮੁਹਿੰਮ ਦੌਰਾਨ ਵਰਤੀ ਸੰਜ਼ਮ ਦੇ ਨਾਲ-ਨਾਲ ਦਿੱਲੀ ਅੰਦਰ ਕੀਤੇ ਸਕਾਰਾਤਮਕ ਵਿਕਾਸ ਕੰਮਾਂ ਕਾਰਨ ਹੀ ਉਹ ਫਿਰਕੂ ਰਾਜਨੀਤੀ ਨੂੰ ਹਰਾ ਸਕਿਆ।
   ਦਿੱਲੀ ਅੰਦਰ ਆਏ ਅਸੰਬਲੀ ਨਤੀਜਿਆ ਨੇ ਬੀ.ਜੇ.ਪੀ. ਦੀ ਨਮੋਸ਼ੀ ਭਰੀ ਹਾਰ ਨੂੰ, 'ਦੇਸ਼ ਅੰਦਰ ਜਮਹੂਰੀ ਸੋਚ ਰੱਖਣ ਵਾਲੇ ਜਾਗਰੂਕ ਅਤੇ ਧਰਮ ਨਿਰਪੱਖਤਾ ਦਾ ਪਲਾ ਫੜਨ ਵਾਲੇ ਜਨ-ਸਮੂਹ ਅੰਦਰ, 'ਨਾਗਰਿਕਤਾ ਸੋਧ ਕਾਨੂੰਨ, ਕੌਮੀ ਆਬਾਦੀ ਰਜਿਸਟਰ ਅਤੇ ਨਾਗਰਿਕ ਕੌਮੀ ਰਜਿਸਟਰ ਜਿਹੇ ਖਤਰਨਾਕ ਮਨਸੂਬਿਆ ਪ੍ਰਤੀ, 'ਬੀ.ਜੇ.ਪੀ. ਦੀਆਂ ਚਾਲਾਂ ਨੂੰ ਨੰਗਾ ਕਰ ਦਿੱਤਾ ਹੈ। ਬੀ.ਜੇ.ਪੀ. ਦੀ ਫਿਰਕੂ ਚੋਣ ਰਣ-ਨੀਤੀ, ਵਰਤੇ ਜਾਂਦੇ ਹੱਥ ਕੰਡੇ ਲੋਕਾਂ ਨੂੰ ਘੱਟੋ ਘੱਟ ਸਹੂਲਤਾਂ ਵੀ ਨਾ ਦੇਣੀਆਂ ਤੇ ਬਹੁ-ਗਿਣਤੀ ਭਾਰੂ ਹਿੰਦੂ ਜਨਸਮੂਹ ਦੀਆਂ ਭਾਵਨਾਵਾਂ ਵਰਤੇ ਕੇ ਵੋਟ ਪ੍ਰਾਪਤ ਕਰਨ ਦੀਆਂ ਚਾਲਾਂ ਹੌਲੀ-ਹੌਲੀ ਹੁਣ ਨੰਗੀਆਂ ਹੋ ਰਹੀਆਂ ਹਨ। ਭਾਵੇਂ ਇਹ ਨਹੀਂ ਕਿਹਾ ਜਾ ਸਕਦਾ ਹੈ, 'ਕਿ ਬੀ.ਜੇ.ਪੀ. ਕਮਜ਼ੋਰ ਹੋ ਰਹੀ ਹੈ ਜਾਂ ਇਸ ਦਾ ਹਿੰਦੂ ਪ੍ਰਭਾਵੀ ਖੇਤਰ ਸੁੰਘੜ ਰਿਹਾ ਹੈ। ਕਿਉਂਕਿ ਇਸ ਦੀਆ ਜੜ੍ਹਾਂ ਆਰ.ਐਸ.ਐਸ. ਅੰਦਰ ਹਨ ਜਿਹੜੀ ਕਾਡਰ ਅਧਾਰਿਤ ਮਜ਼ਬੂਤ ਜੱਥੇਬੰਦੀ ਹੈ। ਫਿਰ ਵੀ ਦੇਸ਼ ਦੀ ਅਗਾਮੀ ਰਾਜਨੀਤੀ ਨੂੰ ਦਿੱਲੀ ਚੋਣਾਂ ਦੇ ਨਤੀਜੇ ਜ਼ਰੂਰ ਪ੍ਰਭਾਵ ਪਾਉਣਗੇ? ਅੱਗੋ ਲਈ ਬੀ.ਜੇ.ਪੀ. ਦੀ ਫਿਰਕੂ, ਨਫਰਤ-ਵਾਲੀ ਅਤੇ ਜ਼ਾਲਮ ਤੇ ਧਾਰਮਿਕ ਕੱਟੜਤਾ ਵਾਲੀ ਨੀਤੀ ਵਿਰੁੱਧ, 'ਕੌਮੀ ਜਾਂ ਖੇਤਰੀ ਪ੍ਰਭਾਵ ਵਾਲੀਆਂ ਜੋ ਪਾਰਟੀਆਂ ਹਨ ਉਹ ਭਵਿੱਖ 'ਚ ਲੋਕਪੱਖੀ ਮੁਦੇ ਲੈ ਕੇ ਹੀ ਅੱਗੇ ਵੱਧਣ ਲਈ ਇਸ ਦਾ ਮੁਕਾਬਲਾ ਕਰ ਸਕਦੇ ਹਨ।
   ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਦੇਸ਼ ਅਤੇ ਲੋਕਾਂ ਉਪਰ ਹਰ ਤਰ੍ਹਾਂ ਦੇ ਘਿਣਾਉਣੇ ਹਮਲੇ ਸ਼ੁਰੂ ਕੀਤੇ ਹੋਏ ਹਨ। ਸਾਮਰਾਜੀ ਨਵ-ਉਦਾਰੀਵਾਦੀ ਆਰਥਿਕ ਨੀਤੀਆਂ ਨੂੰ ਹਮਲਾਵਰੀ ਢੰਗ ਨਾਲ ਬੜੀ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਨਤਕ ਅਦਾਰਿਆਂ ਦਾ ਨਿਜੀਕਰਨ, ਕਿਰਤੀ ਜਮਾਤ ਦੇ ਲੰਬੇ ਸਮਿਆਂ ਬਾਦ ਪ੍ਰਾਪਤ ਕੀਤੀਆਂ ਆਰਥਿਕ ਪ੍ਰਾਪਤੀਆਂ ਨੂੰ ਖੋਰਾ ਲਾਉਣਾ, ਵੱਖ-ਵੱਖ ਰੂਪਾਂ 'ਚ ਫਿਰਕੂ-ਧਰੂਵੀਕਰਨ ਤਿਖਾ ਕਰਕੇ, ਪਾਰਲੀਮਾਨੀ ਜਮਹੂਰੀ ਅਦਾਰਿਆਂ ਤੇ ਸੰਸਥਾਵਾਂ ਵਿਰੁਧ ਏਕਾਅਧਿਕਾਰਵਾਦੀ ਹਮਲਿਆਂ ਨੂੰ ਤੇਜ ਕਰਕੇ ਦੇਸ਼ ਨੂੰ ਸਾਮਰਾਜੀ ਅਮਰੀਕਾ ਦਾ ਛੋਟਾ ਭਾਈਵਾਲ ਬਣਾਇਆ ਜਾ ਰਿਹਾ ਹੈ। ਦੇਸ਼ ਅਤੇ ਲੋਕਾਂ ਦੇ ਹਿਤਾਂ ਨੂੰ ਸਾਮਰਾਜੀ ਕੰਪਨੀਆਂ ਅਤੇ ਵੱਡੇ ਵੱਡੇ ਭਾਰਤੀ ਪੂੰਜੀਪਤੀਆਂ ਦੇ ਹੇਠਾਂ ਲਾਇਆ ਜਾ ਰਿਹਾ ਹੈ। ਇਸ ਦੇ ਫਲਸਰੂਪ ਭਾਰਤ ਦੀ ਵਿਸ਼ਾਲ ਬਹੁਗਿਣਤੀ ਦਾ ਆਰਿਥਕ ਸ਼ੋਸ਼ਣ ਬੜੀ ਤੇਜੀ ਨਾਲ ਹੋ ਰਿਹਾ ਹੈ। ਇਨ੍ਹਾਂ ਨੀਤੀਆਂ ਕਾਰਨ ਆਵਾਮ ਅੰਦਰ ਫੈਲ ਰਹੀ ਬੇਚੈਨੀ ਕਾਰਨ ਉਠ ਰਹੇ ਲੋਕ ਰੋਹਾਂ ਨੂੰ ਦਬਾਉਣ ਲਈ ਲੋਕਾਂ ਦੇ ਜਮਹੂਰੀ ਅਧਿਕਾਰਾਂ ਉਪਰ ਹਮਲੇ ਤੇਜ ਹੋ ਰਹੇ ਹਨ। ਮੋਦੀ ਸਰਕਾਰ ਵਲੋਂ ਲੋਕ ਮੱਸਲਿਆਂ ਦੇ ਹੱਲ ਕਰਨ ਦੀ ਥਾਂ ਪਹਿਲਾ ਜੰਮੂ-ਕਸ਼ਮੀਰ ਅੰਦਰ ਧਾਰਾ 370 ਤੇ 35-ਏ ਨੂੰ ਖਤਮ ਕਰਨਾ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ. ਵਰਗੇ ਕਾਲੇ ਕਾਨੂੰਨ ਲਿਆ ਕੇ ਦੇਸ਼ ਦੇ ਬਹੁਲਤਾਵਾਦੀ ਸੱਭਿਆਚਾਰ ਨੂੰ ਸੱਟ ਮਾਰੀ ਜਾ ਰਹੀ ਹੈ। ਉਪਰੋਕਤ ਬੀ.ਜੇ.ਪੀ. ਦੀਆਂ ਫਾਂਸ਼ੀਵਾਦੀ ਨੀਤੀਆਂ ਦੇ ਟਾਕਰੇ ਲਈ ਅਤੇ ਲੋਕਾਂ ਦੇ ਮੱਸਲੇ - ਬੇਰੁਜ਼ਗਾਰੀ ਦਾ ਹੱਲ, ਮਹਿੰਗਾਈ ਨੂੰ ਨੱਥ ਪਾਉਣੀ, ਲੋਕਾਂ ਨੂੰ ਪਹੁੰਚ ਵਾਲੀ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦਾ ਪ੍ਰਬੰਧ ਕਰਕੇ ਹੀ ਬੀ.ਜੇ.ਪੀ. ਦਾ ਟਾਕਰਾ ਕੀਤਾ ਜਾ ਸਕਦਾ ਹੈ।
  ਦਿੱਲੀ ਅੰਦਰ ''ਆਪ'' ਪਾਰਟੀ ਦੀ ਜਿੱਤ ਦੀ ਚਰਚਾ ਤਾਂ ਦੇਸ਼ ਅੰਦਰ ਹਰ ਪਾਸੇ ਹੋ ਰਹੀ ਹੈ ਅਤੇ ਹੋਣੀ ਵੀ ਚਾਹੀਦੀ ਹੈ। ਕਿਉਂਕਿ ਬੀ.ਜੇ.ਪੀ. ਦੀ ਨਫ਼ਰਤ ਅਤੇ ਹਿੰਸਾ ਦੀ ਰਾਜਨੀਤੀ ਵਿਰੁਧ ਇਹ ਫ਼ਤਵਾ ਹੈ। ਕਿਉਂਕਿ ਦਿੱਲੀ ਦੇ ਵੋਟਰਾਂ ਨੇ ਨਾ ਸਿਰਫ ਨਫ਼ਰਤ ਹਿੰਸਾ ਦੀ ਰਾਜਨੀਤੀ ਨੂੰ ਠੁਕਰਾਇਆ ਹੈ, ਸਗੋਂ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਜਨਸੰਖਿਆ ਰਜਿਸਟਰ ਤਿੰਨਾਂ ਨੂੰ ਨਕਾਰ ਦਿਤਾ । ਹੁਣ ਬੀ.ਜੇ.ਪੀ. ਤੇ ਐਨ.ਡੀ.ਏ. ਤੋਂ ਬਿਨਾਂ ਬਾਕੀ ਕੋਮੀ ਤੇ ਖੇਤਰੀ ਪਾਰਟੀਆਂ ਸਾਹਮਣੇ ਇਹ ਸਪਸ਼ਟ ਹੋ ਗਿਆ ਹੈ, 'ਕਿ ਨਫ਼ਰਤ ਤੇ ਹਿੰਸਾ ਦੀ ਰਾਜਨੀਤੀ ਨੂੰ ਠੁਕਰਾਅ ਕੇ ਦੇਸ਼ ਦੇ ਆਵਾਮ ਦੀ ਭਲਾਈ ਲਈ ਕਦਮ ਪੁਟੱਣ ਲਈ ਅੱਗੇ ਆਉਣਾ ਪਏਗਾ। ਫਿਰਕਾਪ੍ਰਸਤੀ ਵਿਰੁਧ, ਨਵਉਦਾਰਵਾਦ ਅਤੇ ਪਿਛਾਖੜੀ ਵਿਚਾਰਧਾਰਾਵਾਂ ਵਿਰੁੱਧ ਜੇਕਰ ਅਜਿਹੇ ਗੁਣਵੱਤਾ ਵਾਲੀਆਂ ਨੀਤੀਆਂ ਜੋ ਲੋਕਾਂ ਦੀ ਭਲਾਈ, ਰੁਜਗਾਰ, ਸਿਹਤ-ਸਿਖਿਆ ਅਤੇ ਵਿਕਾਸ ਵਲ ਨਾ ਹੋਣ ਤਾਂ ਲੋਕ ਉਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਦੇਸ਼ ਅੰਦਰ ਜਮਹੂਰੀ, ਧਰਮ ਨਿਰਪੱਖ, ਸਮਾਜਕ ਨਿਆਂ ਅਤੇ ਸਮਾਜਵਾਦ ਲਈ ਮਜਬੂਤ ਲਹਿਰ ਚਲਾਈ ਜਾਵੇ ਅਤੇ ਲੋਕ ਪੱਖੀ ਧਿਰਾਂ ਮਜ਼ਬੂਤ ਹੋਣ ।
   ਦਿੱਲੀ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਦੌਰਾਨ ਸਿਆਸੀ, ਸਮਾਜਿਕ, ਧਾਰਮਿਕ, ਸੱਭਿਆਚਾਰ ਅਤੇ ਰਾਜਨੀਤਕ ਪਾਰਟੀਆਂ ਦੇ ਉਹ ਕੌਣ-ਕੌਣ ਨੇਤਾ, ਬੁੱਧੀਜੀਵੀ, ਚਿੰਤਕ, ਸਮਾਜ ਸ਼ਾਸਤਰੀ ਅਤੇ ਮੀਡੀਆਂ ਸੀ ਜੋ ਲੋਕਾਂ ਸਾਹਮਣੇ ਕਈ ਕਈ ਤਰ੍ਹਾਂ ਦੇ ਖੇਖਣ ਕਰਕੇ ਫਿਰਕੂ ਤੇ ਹਿੰਸਾ ਵਾਲੀ ਰਾਜਨੀਤੀ ਨੂੰ ਪਲੋਸ ਰਹੇ ਸਨ? ਪਰ ਉਹ ਰਾਜਨੀਤਕ ਪਾਰਟੀਆਂ, ਬੁੱਧੀਜੀਵੀ, ਕਾਰਕੁੰਨ ਅਤੇ ਚਿੰਤਕ ਭਾਈਚਾਰਾ ਜੋ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਅੰਦੋਲਨਕਾਰੀ- ਜੇ.ਐਨ.ਯੂ., ਏ.ਐਮ.ਯੂ., ਜਾਮੀਆਂ ਮਿਲੀਆ ਇਸਲਾਮਿਕ ਯੂਨੀਵਰਸਿਟੀ, ਸ਼ਾਹੀਨ ਬਾਗ ਦੇ ਲੋਕਾਂ ਨਾਲ ਹਾਕਮਾਂ ਦੀਆਂ ਫਿਰਕੂ ਤੇ ਏਕਾਅਧਿਕਾਰ ਨੀਤੀਆਂ ਵਿਰੁਧ ਸਾਥ ਦੇ ਰਹੇ ਸਨ। ਹੁਣ ਉਹ ਕਦੋਂ ਮੌਕਾ ਆਵੇਗਾ ਜਦੋਂ ਧਾਰਾ-370 ਨੂੰ ਖਤਮ ਕਰਨ ਵੇਲੇ ਬੀ.ਜੇ.ਪੀ.ਦਾ ਸਾਥ ਦੇਣ ਵਾਲੀਆਂ ਪਾਰਟੀਆਂ ਦੇ ਨਿਕਾਬ ਵੀ ਨੰਗੇ ਹੋਣਗੇ ? ਬੀ.ਜੇ.ਪੀ. ਦੀ ਹਾਰ ਅਤੇ ''ਆਪ'' ਦੀ ਜਿੱਤ ਕੇਵਲ ਵੋਟਾਂ ਤੇ ਹੀ ਨਿਰਭਰ ਨਹੀਂ ਕਰਦੀ ਹੈ। ਸਗੋਂ ਇਸ ਜਿਤ ਹਾਰ ਲਈ ਜਿਹੜੀਆਂ ਧਿਰਾਂ ਪ੍ਰਗਤੀਸ਼ੀਲ, ਧਰਮ ਨਿਰਪੱਖ ਤੇ ਜਮਹੂਰੀ ਸੋਚ ਵਾਲੀਆਂ ਸਨ, ਜੋ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਸਮੂਹਾਂ ਨੂੰ ਬਣਦੀ ਹਮਦਰਦੀ ਦੇ ਰਹੀਆਂ ਸਨ। ਉਨ੍ਹਾਂ ਦੀ ਇਸ ਹਮਦਰਦੀ ਨੇ ਹੀ ਇਕ ਅਜਿਹਾ ਮਾਹੌਲ ਚਿਤਵਿਆ ਸੀ ਜਿਸ ਨੇ ਦਿੱਲੀ ਅੰਦਰ ਕੱਟੜਵਾਦੀ, ਫਿਰਕੂ ਅਤੇ ਹਿੰਸਾਵਾਦੀ ਸ਼ਕਤੀਆਂ ਨੂੰ ਪਸਤ ਕਰਨ ਲਈ ਜੇਤੂ ਧਿਰ ਨੂੰ ਬਲ ਬਖਸ਼ਿਆ। ਉਨ੍ਹਾਂ ਨੂੰ ਵੀ ਅਣਗੌਲਿਆਂ ਨਹੀਂ ਕਰ ਸਕਦੇ ਹਾਂ।
   ਇਸ ਚੋਣ ਯੁੱਧ ਅੰਦਰ ਪ੍ਰਧਾਨਮੰਤਰੀ, ਗ੍ਰਹਿਮੰਤਰੀ, ਭਾਜਪਾ ਪ੍ਰਧਾਨ, ਰਾਜਾਂ ਦੇ ਮੁੱਖ ਮੰਤਰੀ, ਦੋ ਸੌ ਤੋਂ ਵੱਧ ਸੰਸਦ ਮੈਂਬਰ, ਆਰ.ਐਸ.ਐਸ. ਦਾ ਸਾਰਾ ਲਾਣਾ, ਪਾਰਟੀ ਦੀ ਸਾਰੀ ਚੋਣ ਮਸ਼ੀਨਰੀ ਬੀ.ਜੇ.ਪੀ. ਦੀ ਜਿੱਤ ਲਈ ਲੜ ਰਹੀ ਸੀ। ਇਸ ਸਾਰੇ ਲਾਣੇ ਨੇ ਵਿਰੋਧੀ ਧਿਰਾਂ ਨੂੰ ਪਾਕਿਸਤਾਨ ਦੇ ਹਮਾਇਤੀ, ਟੁਕੜੇ-ਟੁਕੜੇ ਗੈਂਗ, ਸ਼ਹਿਰੀ ਨਕਸਲੀ ਦੱਸਣ ਤੋਂ ਬਿਨਾਂ ਤਿਖੀ ਭਾਸ਼ਾ ਰਾਹੀਂ ਜ਼ਹਿਰੀਲੇ ਭਾਸ਼ਣਾਂ 'ਚ ਦੇਸ਼ ਦੇ ਗਦਾਰੋ ਕੋ - ਗੋਲੀ ਮਾਰੋ ਤਕ ਗਰਦਾਨਿਆ। ਆਮ ਲੋਕਾਂ ਅੰਦਰ ਇਸ ਫਿਰਕੂ ਰਣਨੀਤੀ ਰਾਹੀਂ ਚੋਣ ਬ੍ਰਹਮ-ਅਸਤਰ ਵਰਤ ਕੇ ਪੂਰੇ ਜੋਸ਼ੋ-ਖਰੋਸ਼ ਨਾਲ ਫਿਰਕੂ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁਝ ਨੇਤਾਵਾਂ ਸਮੇਤ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਬੀ.ਜੇ.ਪੀ. ਦੇ ਵੱਡੇ ਨੇਤਾਵਾਂ ਸਾਰਿਆਂ  ਨੇ ਇਕ ਖਾਸ ਭਾਸ਼ਾ, ਲੜੀ ਅਤੇ ਸੁਰ ਰਾਹੀਂ ਸਾਰੀਆਂ ਸੱਭਿਅਕ ਮਰਿਆਦਾਵਾਂ ਦੇ ਮਿਆਰਾਂ ਨੂੰ ਛਿਕੇ ਟੰਗ ਕੇ ਨਫ਼ਰਤ ਅਤੇ ਹਿੰਸਾ ਉਕਸਾਉਣ ਵਾਲੇ ਭਾਸ਼ਣ ਕੀਤੇ। ਦੇਸ਼ ਦਾ ਕੌਮੀ ਚੋਣ ਕਮਿਸ਼ਨ ਕਿੰਨਾ ਕੁ ਕਾਰਗਰ ਸੀ ਸਾਹਮਣੇ ਹੀ ਹੈ ?  ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਹੁਣ ਦੇਸ਼ ਦੇ ਗ੍ਰਹਿ ਮੰਤਰੀ ਨੇ ਮੂੰਹ ਖੋਲ੍ਹਿਆ, ਹਾਰ ਤਾਂ ਮੰਨਣੀ ਸੀ। ਪਰ ਇਹ ਵੀ ਮੰਨ ਲਿਆ ਕਿ ਗੋਲੀ ਮਾਰੋ ਤੇ ਭੜਕਾਊ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਕੀ ਇਸ ਬਿਆਨ ਨੂੰ ਇਹ ਸਵਿਕਾਰਿਆ ਜਾਵੇਗਾ ਕਿ ਗ੍ਰਹਿਮੰਤਰੀ ਦਾ ਇਹ ਖੁਦ ਦਾ ਬਿਆਨ ਹੈ ? ਬੀ.ਜੇ.ਪੀ. ਦੀ ਇਸ ਫਾਸ਼ੀਵਾਦੀ ਵਿਚਾਰਧਾਰਾ, ਉਸ ਦਾ ਹਿੰਦੂ ਰਾਜ ਸਥਾਪਤ ਕਰਨ ਦਾ ਸੰਕਲਪ ਜਿਹੜੀ ਇਕ ਕਾਡਰ ਅਧਾਰਿਤ ਪਾਰਟੀ ਜਿਸ ਦੀ ਵਾਂਗਡੋਰ ਆਰ.ਐਸ.ਐਸ. ਹੱਥ ਹੈ, ਕੀ  ਉਸ ਦਾ ਮੁਕਾਬਲਾ ''ਆਪ'' ਪਾਰਟੀ ਕਰ ਸਕਦੀ ਹੈ, ਇਕ ਭੱਖਵਾ ਸਵਾਲ ਵੀ ਹੈ।
  ਭਾਰਤ ਇਕ ਬਹੁਤ ਸਾਰੀਆਂ ਸਮੱਸਿਆਵਾਂ, ਮੁਸ਼ਕਲਾਂ ਅਤੇ ਸਮਾਜਕ ਮੋੜ-ਘੇੜਾ ਨਾਲ ਘਿਰਿਆ ਹੋਇਆ ਬਹੁਲਤਾਵਾਦੀ ਦੇਸ਼ ਹੈ। ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਪਿਛਲੇ 25 ਸਾਲਾਂ ਤੋਂ ਚਾਲੂ ਤੇ ਲਾਗੂ ਕੀਤੀਆਂ ਜਾਂਦੀਆਂ ਉਦਾਰੀਕਰਨ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਸਮੁੱਚੀ ਦੌਲਤ ਦਾ 30-ਫੀਸਦ ਹਿੱਸਾ ਇਕ-ਫੀਸਦ ਸਭ ਤੋਂ ਅਮੀਰ ਭਾਰਤੀਆਂ ਕੋਲ ਹੈ। ਜਾਇਦਾਦ ਮਾਲਕੀ ਵੰਡ ਵਿਚਲੀ ਨਾਬਰਾਬਰੀ ਸ਼ਹਿਰੀ ਭਾਰਤ ਵਿੱਚ ਵਧੇਰੇ ਪ੍ਰਤੱਖ ਹੈ।ਜਿਥੇ ਉਪਰਲੇ 10-ਫੀਸਦ ਕੋਲ ਜਾਇਦਾਦ ਦੇ 63-ਫੀਸਦ ਦੀ ਮਾਲਕੀ ਹੈ। ਜਦ ਕਿ ਪੇਂਡੂ ਖੇਤਰਾਂ ਵਿੱਚ ਉਪਰਲੇ 10-ਫੀਸਦ ਕੋਲ 48-ਫੀਸਦ ਜਾਇਦਾਦ ਦੀ ਮਾਲਕੀ ਹੈ। ਭਾਵ ਦੇਸ਼ ਅੰਦਰ ਆਰਥਿਕ ਅਸਾਵਾਪਣ ਬਹੁਤ ਤੇਜੀ ਨਾਲ ਵੱਧ ਰਿਹਾ ਹੈ। ਰੁਜ਼ਗਾਰ ਦਾ ਸਮੁੱਚਾ ਪੱਧਰ ਸੁੰਗੜ ਰਿਹਾ ਹੈ। ਪੇਂਡੂ ਭਾਰਤ ਵਿੱਚ ਕਿਰਤੀ ਲੋਕਾਂ ਦਾ ਹਰ ਖੇਤਰ ਦਾ ਜੀਵਨ ਅਤੇ ਆਰਥਿਕ ਸਰਗਰਮੀਆਂ ਅੰਦਰ ਹਾਕਮਾਂ ਦੀਆ ਨੀਤੀਆਂ ਕਾਰਨ ਨਿਘਾਰ ਆਇਆ ਹੈ। ਸ਼ਹਿਰੀ ਤੇ ਪੇਂਡੂ ਖੇਤਰ ਅੰਦਰ ਬੇਰੁਜ਼ਗਾਰੀ ਵੱਧਣ ਕਾਰਨ ਬੇਰੁਜ਼ਗਾਰਾਂ ਦੀ ਫੌਜ ਦਾ ਹੜ੍ਹ ਆ ਗਿਆ ਹ। ਕਿਰਤੀ ਵਰਗ ਦਾ ਸ਼ੋਸ਼ਣ ਤੇਜ ਹੋ ਰਿਹਾ ਹੈ। ਦੇਸ਼ ਅੰਦਰ ਘੱਟ ਗਿਣਤੀ ਫਿਰਕੇ, ਦਲਿਤ ਅਤੇ ਇਸਤਰੀਆਂ ਨਾਲ ਅਨਿਆਏ ਅਤੇ ਤਸ਼ਦਦ ਦੀਆਂ ਵਾਰਦਾਤਾਂ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਸਮਾਜਕ ਨਿਆਂ ਅਤੇ ਨਾਗਰਿਕਾਂ ਲਈ ਅਧਿਕਾਰ, ਵਿਦਿਆ, ਸਿਹਤ ਤੇ ਵਾਤਾਵਰਨ ਆਦਿ ਸਮੱਸਿਆਵਾਂ ਦੇ ਹਲ ਲਈ ਸਮਾਜਕ-ਪ੍ਰੀਵਰਤਨ ਲਿਆਉਣਾ। ਹੁਣ ਇਕ ਟੀਚਾ ਹੈ। ਕੀ ਇਹ ਟੀਚਾ ਜਿਵੇਂ ਦਿੱਲੀ ਚੋਣਾਂ ਬਾਦ ''ਆਪ'' ਨੂੰ ਪੇਸ਼ ਕੀਤਾ ਜਾ ਰਿਹਾ ਹੈ, ਪ੍ਰਾਪਤ ਕਰਨ ਦੇ ਯੋਗ ਹੈ ?
  ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਅੰਦਰ ਕੌਮੀ ਪੱਧਰ 'ਤੇ ਫਿਰਕਾਪ੍ਰਸਤੀ ਵਿਰੁੱਧ ਦਿੱਲੀ ਚੋਣਾਂ ਨੇ ਇਕ ਨਵੇਂ ਰੁਝਾਨ ਨੂੰ ਮੁੜ ਸੁਰਜੀਤ ਕੀਤਾ ਹੈ। ਨਫ਼ਰਤ ਤੇ ਹਿੰਸਾ ਦੀ ਰਾਜਨੀਤੀ ਨੂੰ ਹਾਰ ਦਿੱਤੀ ਗਈ ਹੈ। ਲੋਕਾਂ ਅੰਦਰ ਪੈਦਾ ਹੋਇਆ ਇਹ ਰੁਝਾਂਨ ਉਠੀਆਂ ਅਵਾਜ਼ਾਂ ਅਨੁਸਾਰ ਕੀ ਕੌਮੀ ਪੱਧਰ ਤਕ ਨਹੀਂ ਲਿਜਾਇਆ ਜਾ ਸਕਦਾ ਹੈ? ਵਿਕਾਸਵਾਦੀ ਕੌਮੀ ਮਾਡਲ ਦੀ ਕਲਪਨਾ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਅੰਦਰ ਬਿਨਾਂ ਵਿਚਾਰਧਾਰਕ ਸੰਘਰਸ਼ਾਂ ਅਤੇ ਸਮਾਜਕ ਪ੍ਰੀਵਰਤਨ ਲਿਆਉਣ ਲਈ ਇੱਛਾ ਸ਼ਕਤੀ, ਸਿਰੜੀ ਸੇਧ ਅਤੇ ਇਕ ਲੋਕ ਪੱਖੀ ਬਦਲ ਤੋਂ ਬਿਨਾਂ ਕਿਵੇਂ ਅਮਲ ਵਿੱਚ ਆ ਸਕਦੀ ਹੈ।ਭਾਰਤ ਜਿਥੇ ਰਾਜਸੱਤਾ ਤੇ ਬੈਠੀਆਂ ਅਜਾਰੇਦਾਰ ਧਿਰਾਂ, ਪੂੰਜੀਪਤੀ, ਜਾਗੀਰਦਾਰ, ਬਿਊਕਰੇਸੀ, ਮਾਫੀਆ-ਗਰੁਪ ਜਿਨਾਂ ਸਾਰਿਆਂ ਦੀ ਭਾਈਵਾਲੀ ਸਾਮਰਾਜ ਨਾਲ ਹੋਵੇ। ਜਾਤ-ਪਾਤ, ਛੂਆ-ਛੂਤ ਅਤੇ ਅਤਿ ਪਿਛਾਖੜੀ ਸ਼ਕਤੀਆਂ ਕਾਇਮ ਹਨ। ਜਿਨ੍ਹਾਂ ਵਿਰੁਧ ਜਮਾਤੀ ਅਤੇ ਜਨਤਕ ਸੰਘਰਸ਼ਾਂ ਦੀ ਉਸਾਰੀ ਤੋਂ ਬਿਨਾਂ ਕੀ ਵੋਟਾਂ ਰਾਹੀ ਭਾਰਤੀ ਆਵਾਮ ਨੂੰ ਮੁਕਤੀ ਦੁਆ ਸਕਦੇ ਹਾਂ? ਕੀ ਸਮਾਜਕ ਪ੍ਰੀਵਰਤਨ ਵੋਟਾਂ ਰਾਹੀਂ ਹੀ ਸੰਭਵ ਹੈ? ਫਿਰਕਾਪ੍ਰਸਤੀ, ਨਵ ਉਦਾਰੀਵਾਦ ਅਤੇ ਪਿਛਾਖੜੀ ਵਿਚਾਰਧਾਰਾਵਾਂ ਵਿਰੁਧ ਅਤੇ ਮਾਜੂਦਾ ਵੱਧ ਰਹੇ ਏਕਾਅਧਿਕਾਰ ਵਾਦੀ ਫਿਰਕੂ ਹਾਕਮਾਂ ਨੂੰ ਹਰਾਉਣ ਲਈ, ਜਮਹੂਰੀਅਤ, ਧਰਮਨਿਰਪੱਖਤਾ, ਸਮਾਜਕ ਨਿਆ ਵਾਲੇ ਅਤੇ ਸਮਾਜਵਾਦੀ ਭਾਈਚਾਰੇ ਨੂੰ ਸਥਾਪਤ ਕਰਨ ਲਈ ਖੱਬੀ ਸੋਚ ਤੇ ਜਮਹੂਰੀ ਬਦਲ ਪੈਦਾ ਕਰਕੇ ਲੋਕ ਜਮਹੂਰੀ ਮੋਰਚਾ ਹੀ ਭਾਰਤ ਅੰਦਰ ਸਮਾਜਕ ਪ੍ਰੀਵਰਤਨ ਲਿਆਉਣ ਲਈ ਕਾਰਗਰ ਹੀ ਹੋ ਸਕਦਾ ਹੈ? ਦਿੱਲੀ ਜਿੱਤ ਅਤੇ ਪੂਣੀ ਛੋਹਣ ਵਾਲੀ ਬਾਤ ਹੈ।
   ਦਿੱਲੀ ਅਸੰਬਲੀ ਚੋਣਾਂ ਦੇ ਨਤੀਜਿਆਂ ਨੇ ਕੌਮੀ ਪੱਧਰ ਤੇ ਕਈ ਤਰ੍ਹਾਂ ਦੇ ਰਾਜਨੀਤਕ-ਵਿਚਾਰਧਾਰਕ ਵਿਚਾਰ ਸਾਹਮਣੇ ਲਿਆਕੇ ਇਕ ਚਰਚਾ ਛੇੜ ਦਿੱਤੀ ਹੈ। ਕੀ ਕੇਜਰੀਵਾਲ ਭਾਰਤ ਦੀ ਸਿਆਸਤ ਨੂੰ ਘੁੰਮਾਵੇਗਾ ? ਉਸ ਦਾ ਵਿਕਾਸਵਾਦੀ ਕੌਮੀ ਮਾਡਲ, ਹੀ ਹੁਣ ਦੇਸ਼ ਦੀ ਵੱਡੀ ਗਿਣਤੀ ਦੇ ਲੋਕ ਅਵਚੇਤਨ ਨੂੰ ਸਫਲਤਾ ਵਲ ਖੜਨ ਵਾਲਾ ਹੋ ਗੁਜ਼ਰੇਗਾ। ਸਾਨੂੰ ਉਸ ਦੀ ਸਫਲਤਾ ਨੂੰ ਚੰਗੀ ਤਰ੍ਹਾਂ ਵਾਚਣਾ ਚਾਹੀਦਾ ਹੈ। ਕਿਉਂਕਿ ਉਹ ਆਪਣੇ ਆਪ  ਨੂੰ ਇਕ ਧਾਰਮਿਕ ਇਨਸਾਨ ਅਤੇ ਵਿਕਾਸ ਦੇ ਮੁੱਦੇ ਲੈ ਕੇ ਇਕ ਸਮਰਪਿਤ ਰਾਜਨੀਤਕ ਸਾਬਤ ਹੋਣ ਵਿੱਚ ਕਾਮਯਾਬ ਹੋਇਆ ਹੈ। ਸੀਮਤ ਭਾਵਨਾਵਾਂ ਦੇ ਇਸ ਦੌਰ ਵਿੱਚ ਉਸ ਦੀ ਦਿੱਲੀ ਸਰ ਕਰ ਲੈਣੀ ਇਕ ਵੱਡੀ ਕਾਮਯਾਬੀ ਹੈ। ਪਰ ਅਸੀਂ ਭੁਲ ਜਾਂਦੇ ਹਾਂ, 'ਕਿ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਅੰਦਰ ਪੈਦਾ ਹੋਈਆਂ ਗੰਭੀਰ ਬੇਚੈਨੀਆਂ ਨੇ ਹੀ ਕਾਂਗਰਸ ਪਾਰਟੀ ਦੇ ਰਾਜ ਸੱਤਾਂ ਤੋਂ ਹੇਠਾਂ ਲੱਥਣ ਕਾਰਨ ਪੈਦਾ ਹੋਈ ਖਾਲੀ ਥਾਂ ਨੂੰ ਬੀ.ਜੇ.ਪੀ. ਜੋ ਇਕ ਫਿਰਕੂ, ਪਿਛਾਖੜੀ ਕੌਮੀ ਸ਼ਾਵਨਵਾਦੀ ਅਧਾਰਿਤ ਪਾਰਟੀ ਹੈ। ਜਿਸ ਦਾ ਰਿਮੋਟ ਕੰਟਰੋਲ ਆਰ.ਐਸ.ਐਸ. ਪਾਸ ਹੈ ਅਤੇ ਜੋ ਸਾਮਰਾਜ ਪੱਖੀ ਪਹੁੰਚ ਅਪਣਾਅ ਰਹੀ ਹੈ, ਰਾਜ ਸੱਤਾ ਤੇ ਕਾਬਜ਼ ਹੋ ਗਈ। ਕੀ ਇਕ ਛੋਟੀ ਜਿਹੀ ਸੋਚ ਅਤੇ ਬਿਨਾਂ ਰਾਜਨੀਤਕ ਵਿਚਾਰਧਾਰਕ ਸੋਚ ਵਾਲੀ ''ਆਪ'' ਪਾਰਟੀ ਕੀ ਬੀ.ਜੇ.ਪੀ. ਦਾ ਬਦਲ ਪੇਸ਼ ਕਰ ਸਕਦੀ ਹੈ।
  ਸਾਡਾ ਇਹ ਸੰਕਲਪ ਅਤੇ ਯਕੀਨ ਹੈ, 'ਕਿ ਦੇਸ਼ ਦੀ ਜਨਤਾ, ਕਿਰਤੀ ਜਮਾਤ ਅਤੇ ਇਸ ਦੇ ਇਨਕਲਾਬੀ ਹਰਾਵਲ ਦਸਤਿਆਂ ਦੀ ਰਹਿਨੁਮਾਈ ਵਿਚ ਹੀ ਇਕ ਸਫਲ ਲੋਕ ਜਮਹੂਰੀ ਮੋਰਚਾ ਉਸਾਰ ਕੇ ਹੀ ਦੇਸ਼ ਅੰਦਰ ਸਮਾਜਕ ਪ੍ਰੀਵਰਤਨ ਲਿਆ ਕੇ ਭਾਰਤੀ ਆਵਾਮ ਨੂੰ ਮੁਕਤੀ ਦਿਵਾ ਸਕਦੇ ਹਨ। ਪਰ ਪੈਂਡਾ ਕਾਫੀ ਲੰਬਾ ਤੇ ਸੰਘਰਸ਼ਾਂ ਭਰਿਆ ਹੈ। ਰਾਜਸਤਾ ਤੇ ਕਬਜ਼ਾ ਕਰਨਾ ਲੋਕ ਜਮਹੂਰੀ ਇਨਕਲਾਬ ਤੋਂ ਬਿਨਾਂ ਸੰਭਵ ਨਹੀਂ। ਵੋਟ ਤਬਾਦਲੇ ਵਾਲੀ ਨੀਤੀ ਨਾ ਤਾਂ ਕੋਈ ਤਬਦੀਲੀ ਲਿਆ ਸਕਦੀ ਹੈ। ਪਰ ਇਹ ਮਨ ਨੂੰ ਧੀਰਜ ਬਨਾਉਣਾ ਅਤੇ ਪੌੜੀ ਦੇ ਪਹਿਲੇ ਡੰਡੇ ਤੇ ਖੜੇ ਹੋਣ ਤੁਲ ਹੈ।

ਜਗਦੀਸ਼ ਸਿੰਘ ਚੋਹਕਾ