image caption: ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ ਅਤੇ ਗੁਰਦੁਆਰਾ ਕਰਤਾਰਪੁਰ

ਕੀ ਕਰਤਾਰਪੁਰ ਦੇ ਦਰਸ਼ਨ ਅਭਿਲਾਖੀ ਅੱਤਵਾਦੀ ਹਨ ?

   ਹਿੰਦੁਸਤਾਨ ਚ ਫਿਰਕੂ ਜ਼ਹਿਰ ਕਿਸ ਕਦਰ ਹਾਵੀ ਹੈ, ਇਸ ਸੰਬੰਧੀ ਹਰ ਰੋਜ਼ ਬਹੁਤ ਕੁਝ ਹੁੰਦਾ ਵਾਪਰਦਾ ਉਂਜ ਤਾਂ ਅਸੀਂ ਦੇਖਦੇ ਸੁਣਦੇ ਹੀ ਰਹਿੰਦੇ ਹਾਂ, ਪਰ ਅੱਜ ਦੀ ਤਾਜਾ ਉਦਾਹਰਣ ਪੰਜਾਬ ਦੇ ਡੀ ਜੀ ਪੀ ਦਿਨਕਰਗੁਪਤਾ ਦਾ ਉਹ ਬਿਆਨ ਹੈ ਜਿਸ ਰਾਹੀਂ ਉਸ ਨੇ ਇਹ ਕਹਿਕੇ ਕਿ ਜਿੰਨੇ ਲੋਕ ਕਰਤਾਰ ਪੁਰ ਜਾਂਦੇ ਹਨ ਸ਼ਾਮ ਨੂੰ ਅੱਤਵਾਦੀ ਬਣਕੇ ਵਾਪਸ ਮੁੜਦੇ ਹਨ, ਇਕ ਬਹੁਤ ਵੱਡਾ ਬਿਖੇੜਾ ਖੜ੍ਹਾ ਕਰ ਦਿੱਤਾ ਹੈ। ਦਿਨਕਰ ਦੇ ਇਸ ਬਿਆਨ ਨੇ ਹੁਣ ਤੱਕ ਕਰਤਾਰਪੁਰ ਗਏ ਲਗਭਗ ੫੨੦੦੦ ਉਹਨਾਂ ਸਮੂਹ ਸ਼ਰਧਾਲੂਆ ਨੂੰ ਅੱਤਵਾਦੀ ਸਾਬਤ ਕਰਨ ਦੇ ਨਾਲ ਨਾਲ ਗੁਰਦੁਆਰਾ ਕਰਤਾਰ ਪੁਰ ਕੌਰੀਡੋਰ ਉਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
   ਸਮੁੱਚੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਕਤ ਪੁਲਿਸ ਅਧਿਕਾਰੀ ਦੇ ਅਤੀ ਗ਼ੈਰ ਜਿੱਮੇਵਾਰਾਨਾ ਬਿਆਨ ਨਾਲ ਭਾਰੀ ਠੇਸ ਪਹੁੰਚੀ ਹੈ । ਬੇਸ਼ੱਕ ਕਰਤਾਰਪੁਰ ਲਾਂਘੇ ਨੂੰ ਬੰਦ ਕਰਾਉਣ ਦੀਆ ਸ਼ਾਜਿਸ਼ਾਂ ਉਸੇ ਦਿਨ ਤੋਂ ਸ਼ੁਰੂ ਹੋ ਗਈਆਂ ਸਨ ਜਿਸ ਦਿਨ ਤੋਂ ਪਾਕਿਸਤਾਨ ਸਰਕਾਰ ਨੇ ੨੦੧੮ ਚ ਇਸ ਦੀ ਉਸਾਰੀ ਦਾ ਇਕਤਰਫਾ ਐਲਾਨ ਕੀਤਾ ਸੀ । ਉਸੇ ਦਿਨ ਤੋਂ ਹਿੰਦੁਸਤਾਨ ਦੀ ਭਗਵੀਂ ਲਾਬੀ ਇਹ ਕਹਿਕੇ ਕੂਕ ਰੋਲਾ ਪਾਉਣ ਲੱਗ ਪਈ ਸੀ ਕਿ ਇਸ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਕੋਈ ਡੂੰਘੀ ਚਾਲ ਹੈ । ਇਹ ਵੀ ਕਿਹਾ ਜਾਂਦਾ ਰਿਹਾ ਕਿ ਕਰਤਾਰਪੁਰ ਗੁਰਦੁਆਰੇ ਦੇ ਆਸ ਪਾਸ ਅੱਤਵਾਦੀ ਕੈਂਪ ਚੱਲ ਰਹੇ ਹਨ। ਇਸ ਤਰਾਂ ਦੇ ਬਿਆਨ ਵੀ ਆਏ ਕਿ ਪਾਕਿਸਤਾਨ ਇਸ ਲਾਂਘੇ ਨੂੰ ਖਾਲਿਸਤਾਨੀਆ ਦੇ ਤਾਲਮੇਲ ਦੇ ਤੌਰ 'ਤੇ ਵਰਤੇਗਾ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਸੰਬੰਧ ਵਿੱਚ ਬਹੁਤ ਅਵਾ ਤਵਾ ਤੇ ਊਲ ਜਲੂਲ ਬੋਲਿਆ। ਇੱਥੋਂ ਤੱਕ ਕਿ ਇਕ ਚੰਦਰਾ ਸਵਾਮੀ ਨਾਮ ਦੇ ਚੰਦਰੀ ਸੋਚ ਵਾਲੇ ਬੰਦੇ ਨੇ ਇਸ ਲਾਂਘੇ ਦੀ ਉਸਾਰੀ ਨੂੰ ਤਾਂ ਅੱਧ ਵਿਚਕਾਰ ਚ ਹੀ ਰੋਕ ਦੇਣ ਵਾਸਤੇ ਵੀ ਬਿਆਨ ਦੇ ਦਿੱਤਾ ਸੀ । ਕਹਿਣ ਦਾ ਭਾਵ ਇਹ ਕਿ ਕਰਤਾਰ ਪੁਰ ਦਾ ਲਾਂਘਾ ਹਿੰਦੂ ਫਿਰਕਾਪ੍ਰਸਤਾਂ ਨੂੰ ਪਹਿਲੇ ਦਿਨ ਤੋਂ ਹੀ ਫੁੱਟੀ ਅੱਖ ਵੀ ਨਹੀਂ ਭਾ ਰਿਹਾ । ਹਿੰਦੂ ਲੋਕ ਮਾਨਸਰੋਵਰ ਦੇ ਦਰਸ਼ਨ ਕਰਨ ਵਾਸਤੇ ਜਾਣ ਤਾਂ ਸਭ ਕੁਝ ਠੀਕ ਹੈ, ਮੁਸਲਮਾਨ ਮੱਕੇ ਦੇ ਹੱਜ ਵਾਸਤੇ ਜਾਣ ਤਾਂ ਕੋਈ ਖਤਰਾ ਨਹੀਂ, ਪਰ ਜੇਕਰ ਸਿੱਖ ਕਰਤਾਰ ਪੁਰ ਨਤਮਸਤਕ ਹੋਣ ਜਾਣ ਤਾਂ ਉਹ ਅੱਤਵਾਦੀ ਹੋ ਜਾਂਦੇ ਹਨ । ਇਸ ਤੋਂ ਘਟੀਆ ਸੋਚ ਦੁਨੀਆ ਦੇ ਕਿਸੇ ਵੀ ਹੋਰ ਖਿੱਤੇ ਵਿੱਚ ਕਿਧਰੇ ਵੀ ਹੋ ਹੀ ਨਹੀਂ ਸਕਦੀ ।
  ਦਿਨਕਰ ਗੁਪਤਾ ਨੇ ਉਕਤ ਬਿਆਨ ਦੇ ਕੇ ਆਪਣੇ ਅਧਿਕਾਰ ਖੇਤਰ ਦਾ ਘੋਰ ਉਲ਼ੰਘਣ ਕੀਤਾ ਹੈ । ਇਕ ਸਰਕਾਰੀ ਨੌਕਰ ਹੋਣ ਦੇ ਨਾਤੇ ਉਸ ਦਾ ਕੰਮ ਲੋਕਾਂ ਦੇ ਜਾਨ ਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਤਾਂ ਹੋ ਸਕਦਾ ਹੈ ਪਰ ਲੋਕਾਂ ਨੂੰ ਉਹਨਾ ਦੇ ਧਾਰਮਿਕ ਅਕੀਦੇ ਦੇ ਅਧਾਰ 'ਤੇ ਅੱਤਵਾਦੀ ਜਾਂ ਗੈਰ ਅਤਵਾਦੀ ਸਾਬਤ ਕਰਨਾ ਨਹੀਂ । ਇਕ ਸਰਕਾਰੀ ਨੌਕਰ ਫਿਰਕੂ ਬਿਆਨਬਾਜੀ ਕਰਕੇ ਸਮਾਜ ਵਿੱਚ ਜ਼ਹਿਰ ਘੋਲੇ ਤਾਂ ਉਸ ਨੂੰ ਬਿਨਾ ਕਿਸੇ ਨੋਟਿਸ ਸਿੱਧੇ ਤੌਰ 'ਤੇ ਨੌਕਰੀਆਂ ਬਰਖਾਸਤ ਕੀਤਾ ਜਾਣਾ ਬਣਦਾ ਹੈ, ਪਰ ਪੰਜਾਬ ਵਿੱਚ ਅਜਿਹਾ ਕਦਾਚਿਤ ਵੀ ਨਹੀਂ ਹੋਵੇਗਾ ਕਿਉਂਕਿ ਇਸ ਦਿਨਕਰ ਗੁਪਤਾ ਨੂੰ ਪੰਜਾਬ ਦਾ ਡੀ ਜੀ ਪੀ ਨਿਯੁਕਤ ਕਰਨ ਵਾਲ਼ਿਆਂ ਦੀ ਸੋਚ ਵੀ ਫਿਰਕਾਪ੍ਰਸਤੀ ਵਾਲੀ ਹੀ ਹੈ, ਨਹੀਂ ਤਾਂ ਅੱਠ ਨੌਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸੀਨੀਅਰਟੀ ਦਾ ਉਲੰਘਣ ਕਰਕੇ ਇਸ ਨੂੰ ਡੀ ਜੀ ਪੀ ਨਿਯੁਕਤ ਕਰਨ ਦੀ ਕੀ ਤੁਕ ਸੀ !
   ਦਿਨਕਰ ਦਾ ਬਿਆਨ ਜਿੱਥੇ ਉਸ ਦੇ ਅਧਿਕਾਰ ਘੇਰੇ ਤੋਂ ਬਾਹਰ ਹੈ ਉੱਥੇ ਸਮੁੱਚੇ ਸਿੱਖ ਭਾਈਚਾਰੇ ਨੂੰ ਪੂਰੇ ਵਿਸ਼ਵ ਦੇ ਭਾਈਚਾਰੇ ਚ ਅੱਤਵਾਦੀ ਤੇ ਵੱਖਵਾਦੀ ਸਾਬਤ ਕਰਕੇ ਭੰਡਣ ਦੀ ਗਹਿਰੀ ਸ਼ਾਜਿਸ਼ ਵੀ ਹੈ ਤੇ ਕੌਰੀਡੋਰ ਉਤੇ ਸਵਾਲੀਆ ਨਿਸ਼ਾਨ ਲਗਾ ਕੇ ਉਸ ਨੂੰ ਬੰਦ ਕਰਾਉਣ ਦੀ ਭੱਦੀ ਸ਼ਾਜਿਸ਼ ਵੀ।
   ਇਥੇ ਇਹ ਜਿਕਰ ਕਰ ਦੇਵਾਂ ਕਿ ਇਕ ਪੁਲਿਸ ਅਧਿਕਾਰੀ ਦੀ ਉਨਾ ਚਿਰ ਕਦੇ ਵੀ ਏਨੀ ਹਿਮਾਕਤ ਨਹੀਂ ਹੋ ਸਕਦੀ ਕਿ ਉਹ ਇਸ ਤਰਾਂ ਦੇ ਅਣਅਧਿਕਾਰਤ ਬਿਆਨ ਦੇਵੇ ਜਿੰਨਾ ਚਿਰ ਉਸ ਦੇ ਪਿੱਛੇ ਕੋਈ ਵੱਡੀ ਸਿਆਸੀ ਤਾਕਤ ਨਾ ਕੰਮ ਕਰਦੀ ਹੋਵੇ। ਪੰਜਾਬ ਸਰਕਾਰ ਨੇ ਜੇਕਰ ਕੋਈ ਢੁਕਵੀਂ ਕਾਰਵਾਈ ਇਸ ਪੁਲਿਸ ਅਧਿਕਾਰੀ ਵਿਰੁੱਧ ਨਾ ਕੀਤੀ ਤਾਂ ਸਮਝ ਲੈਣਾ ਕਿ ਇਸ ਪਿੱਛੇ ਸਰਕਾਰ ਦੀ ਨੀਤੀ ਹੀ ਕੰਮ ਕਰ ਰਹੀ ਹੈ।
   ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਵੇਲੇ ਇਸ ਉਕਤ ਮਾਮਲੇ ਨੂੰ ਲੈ ਕੇ ਆਪਣਾ ਸਟੈਂਡ ਫ਼ੌਰੀ ਤੌਰ 'ਤੇ ਸ਼ਪੱਸ਼ਟ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਸਟੈਂਡ ਤੋਂ ਬਿਲਕੁਲ ਸਾਫ ਹੋ ਜਾਵੇਗਾ ਕਿ ਸਰਕਾਰ ਪੰਜਾਬ ਵਿੱਚ ਇਸੇ ਤਰਾਂ ਦੇ ਲੋਕਾਂ ਨੂੰ ਸਰਕਾਰੀ ਆਹੁਦਿਆ 'ਤੇ ਬਿਠਾਈ ਦਾਂ ਨਿਮਾਜੀ ਰੱਖਣਾ ਚਾਹੁੰਦੀ ਹੈ ਜਾਂ ਫੇਰ ਪੰਜਾਬ ਨੂੰ ਫ਼ਿਰਕਾ ਪ੍ਰਸਤੀ ਦੇ ਲਾਂਬੂ ਤੋਂ ਬਚਾਉਣ ਵਾਸਤੇ ਏਹੋ ਜਿਹੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਕੇ ਕੋਈ ਢੁਕਵੀਂ ਉਦਾਹਰਨ ਪੇਸ਼ ਕਰਨਾ ਚਾਹੇਗੀ ਤਾਂ ਕਿ ਭਵਿੱਖ ਵਿਚ ਕੋਈ ਵੀ ਸਰਕਾਰੀ ਨੌਕਰ ਇਸ ਤਰਾ ਦੀ ਬਿਆਨਬਾਜੀ ਕਰਨ ਦੀ ਹਿੰਮਤ ਨਾ ਕਰੇ । ਇਸ ਸੰਬੰਧ ਵਿੱਚ ਊਠ ਦੀ ਕਰਵਟ ਕਿਸ ਤਰਫ਼ ਬਦਲਦੀ ਹੈ, ਇਸ ਬਾਰੇ ਸਮੂੰਹ ਪੰਜਾਬੀ ਬੇਸਬਰੀ ਨਾਲ ਇੰਤਜ਼ਾਰ ਕਰਨਗੇ ।
ਪੰਜਾਬ ਦੇ ਉਚ ਪੁਲਿਸ ਅਧਿਕਾਰੀ ਦਾ ਕਰਤਾਰਪੁਰ ਲਾਂਘੇ ਸਬੰਧੀ ਦਿੱਤਾ ਗਿਆ ਬਿਆਨ ਉਹਨਾਂ ਲੋਕਾ, ਜਿਹਨਾ ਨੇ ਮੁਲਕ ਦੀ ਅਜਾਦੀ ਵਾਸਤੇ ਸਭ ਤੋ ਵੱਧ ਕੁਰਬਾਨੀਆ ਕੀਤੀਆ, ਦੀਆਂ ਸਿਰਫ ਧਾਰਮਿਕ ਭਾਵਨਾਵਾ ਨੁੰ ਹੀ ਆਹਟ ਨਹੀ ਕਰਦਾ ਸਗੋ ਉਹਨਾ ਨੂੰ ਦੇਸ਼ ਦੇ ਇਕ ਸ਼ੱਕੀ ਕਿਸਮ ਦੇ ਸ਼ਹਿਰੀਆ ਵਜੋ ਵੀ ਪੇਸ਼ ਕਰਨ ਵਾਲਾ ਹੈ ਜੋ ਕਿਸੇ ਵੀ ਤਰਾਂ ਮੁਆਫੀਯੋਗ ਨਹੀ ਹੈ । ਏਹੀ ਕਾਰਨ ਹੈ ਕਿ ਪੰਜਾਬ ਵਿਚ ਦਿਨਕਰ ਦੇ ਬਿਆਨ ਤੋ ਬਾਦ ਮਸਲਾ ਇਕਦਮ ਭਖ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਬਾਰੇ ਕੀ ਰੁਖ ਅਖਤਿਆਰ ਕਰਦੀ ਹੈ ।
  ਨਿਰਪੱਖ ਹੋ ਕੇ ਸੋਚਿਆ ਜਾਵੇ ਤਾ ਇਸ ਉਕਤ ਬਹੁਤ ਹੀ ਗੈਰ ਜਿੰਮੇਵਾਰਾਨਾ ਬਿਆਨ ਨੂੰ ਲੈ ਕੇ ਦਿਨਕਰ ਗੁਪਤਾ ਨੂੰ ਬਰਖਾਸਤ ਕਰਕੇ ਉਸ ਉਤੇ ਪੰਜਾਬ ਵਿਚ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਭੜਕਾ ਕੇ ਅਸ਼ਾਂਤੀ ਫੈਲਾਉਣ ਦਾ ਕੇਸ ਦਰਜ ਕਰਨ ਤੋ ਇਲਾਵਾ ਹੋਰ ਕੋਈ ਵੀ ਦੂਸਰੀ ਕਾਰਵਾਈ ਢੁੱਕਵੀ ਨਹੀ ਹੋਵੇਗੀ ।
  ਹੁਣ ਪੰਜਾਬ ਸਰਕਾਰ ਇਸ ਮਸਲੇ ਪ੍ਰਤੀ ਕੀ ਰੁਖ ਅਪਣਾਉਦੀ ਹੈ ਇਸ ਦਾ ਸਭ ਨੂੰ ਇੰਤਜਾਰ ਹੈ ਜਿਸ ਤੋ ਇਹ ਤਹਿ ਹੋਵੇਗਾ ਕਿ ਕਰਤਾਰ ਪੁਰ ਜਾਣ ਵਾਲੇ ਦਰਸ਼ਨ ਅਭਿਲ਼ਾਖੀ ਗੁਰੂ ਦੇ ਸੱਚੇ ਸਿੱਖ ਹਨ ਜਾਂ ਫੇਰ ਅਤਵਾਦੀ, ਕੀ ਉਹ ਦੇਸ਼ ਭਗਤ ਹਨ ਜਾਂ ਫੇਰ ਦੇਸ਼ ਧਰੋਹੀ, ਕੀ ਸਿੱਖਾਂ ਨੂੰ ਦਿਨਕਰ ਗੁਪਤਾ ਵਰਗੇ ਲੋਕਾਂ ਤੋਂ ਦੇਸ਼ ਭਗਤੀ ਦੇ ਕਿਸੇ ਸਰਟੀਫਿਕੇਟ ਦੀ ਲੋੜ ਹੈ ਜਾ ਫੇਰ ਏਹੋ ਜਿਹੇ ਅਫਸਰਾ ਨੂੰ ਨਕੇਲ ਪਾਉਣ ਦੀ ਅਜ ਲੋੜ ਹੈ । ਸਰਕਾਰ ਦੇ ਰੁਖ ਤੋ ਇਹ ਗੱਲ ਵੀ ਸਾਫ ਹੋ ਜਾਏਗੀ ਕਿ ਕੀ ਪੰਜਾਬ ਵਿਚ ਸ਼ਾਂਤੀ ਬਰਕਰਾਰ ਰੱਖਣੀ ਹੈ ਜਾਂ ਫਿਰ ਇਸ ਨੂੰ ਫੇਰ ਅੱਸੀ ਨੱਬੇ ਵਾਲੇ ਦਹਾਕੇ ਵਾਂਗ ਬਲਦੀ ਦੇ ਬੂਥੇ ਚ ਸੁੱਟਣਾ ਹੈ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ