image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ

ਤ੍ਰੈਕਾਲ ਦਰਸ਼ੀ ਗੁਰੂ ਨਾਨਕ ਦੇ ਰਾਜਸੀ ਚਿੰਤਨ ਨੇ 'ਹਿੰਦ' ਦੇ ਗਲੋਂ ਗੁਲਾਮੀ ਦਾ ਜੂਲਾ ਲਾਹਿਆ - ਅਠਾਰਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਉਨੀਵੀਂ ਸਦੀ ਦੇ ਅੱਧ ਤੱਕ 'ਨਾਨਕ' ਦੇ ਨਾਨਕਸ਼ਾਹੀ ਰਾਜ ਦਾ ਸਿੱਕਾ ਚੱਲਿਆ

  ਸਦੀਆਂ ਦੀ ਮਾਰੂ ਚੁੱਪ ਤੋਂ ਬਾਅਦ ਪਹਿਲੋ ਪਹਿਲ ਅਣਖ ਅਤੇ ਸੱਚ ਦੀ ਦੋਹੀ ਦੇਣ ਵਾਲੀ ਸਾਹਿਬ ਸਤਿਗੁਰੂ ਨਾਨਕ ਦੀ ਅਵਾਜ਼ ਹੀ ਸੀ। ਸਭ ਤੋਂ ਪਹਿਲਾਂ ਆਪ ਨੇ ਹੀ ਭਾਰਤ ਦੇ ਰਾਜਸੀ ਚਿੰਤਨ ਨੂੰ ਇਹ ਅਣਮੁੱਲਾ ਵਿਚਾਰ ਦਿੱਤਾ ਕਿ ਪਰਜਾ ਦੇ ਵੀ ਹੱਕ ਹੁੰਦੇ ਹਨ ਅਤੇ ਉਨ੍ਹਾਂ ਹੱਕਾਂ ਦੀ ਰਾਖੀ ਲਈ ਅਜਿਹਾ ਸਮਾਂ ਆਉਂਦਾ ਹੈ, ਜਦੋਂ ਜੂਝ ਮਰਨਾ ਜਿਊਂਦੇ ਰਹਿਣ ਨਾਲੋਂ ਵਧੇਰੇ ਸੋਭਨੀਕ ਹੁੰਦਾ ਹੈ: "ਮਰਣ ਮੁਣਸਾ ਸੂਰਿਆਂ ਹਕੁ ਹੈ ਜੋ ਹੋਇ ਮਰਨ ਪਰਵਾਣੋ"। ਸਿਆਸੀ ਅਤੇ ਧਾਰਮਿਕ ਜੀਵਨ ਦੇ ਸੁਮੇਲ ਦੀ ਲੜੀ ਵਿੱਚ ਇਕ ਹੋਰ ਭੇਤ ਦੀ ਗੱਲ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਰਾਜੇ ਕੁਝ ਦਿਨਾਂ ਦੇ ਹੀ ਪ੍ਰਾਹੁਣੇ ਹੁੰਦੇ ਹਨ "ਆਵਨਿ ਅਠਤਰੈ ਜਾਨਿ ਸਤਾਨਵੈ" ਅਤੇ ਉਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਜੁਲਮ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ। ਸੱਚ ਦੇ ਰਾਹ ਉੱਤੇ ਮੌਤ ਕਬੂਲਣ ਨੂੰ ਸਿੱਖੀ ਜੀਵਨ ਦਾ ਅਰੰਭ ਦੱਸਿਆ, "ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਵਿ ਨਾ ਕੀਜੈ।। (ਸਲੋਕ ਵਾਰਾਂ ਤੇ ਵਧੀਕ ਪੰਨਾ ੧੪੧੨)
  ਗੁਰੂ ਨਾਨਕ ਦੇ ਆਗਮਨ ਸਮੇਂ ਰਾਜਨੀਤੀ ਦੇ ਖੇਤਰ ਵਿੱਚ ਭਾਰਤ ਦੇ ਮੂੰਹ ਉੱਤੇ ਮੁਰਦੇ ਹਾਣੀ ਛਾਈ ਹੋਈ ਸੀ। ਰਾਜਾ ਪ੍ਰਮਾਤਮਾ ਦੀ ਛਾਂ ਸੀ ਅਤੇ ਪਰਜਾ ਦਾ ਕੋਈ ਹੱਕ ਨਹੀਂ ਸੀ, ਅਣਖ ਸਵੈਮਾਣ ਦੀ ਤਾਂ ਗੱਲ ਹੀ ਕੀ ਕਰਨੀ ਸੀ (ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਨਰਿੰਦਰ ਮੋਦੀ ਨੂੰ ਵੀ ਭਾਰਤ ਦੇ ਇਕ ਰਾਜੇ ਵਜੋਂ ਉਭਾਰਿਆ ਜਾ ਰਿਹਾ ਹੈ) ਪਰਜਾ ਦਾ ਕੰਮ ਜੋ ਰਾਜਾ ਆਖੇ, ਉਸ ਸਾਹਮਣੇ ਸਿਰ ਝੁਕਾ ਕੇ ਤਨ, ਮਨ, ਧਨ ਹਾਜ਼ਰ ਕਰਨ ਦਾ ਹੀ ਸੀ: ਅਜਿਹਾ ਕਰਨਾ ਧਰਮ ਦਾ ਅੰਗ ਅਤੇ ਸ਼ਾਸ਼ਤਰਾਂ ਦਾ ਆਦੇਸ਼ ਸੀ। ਮੁਸਲਮਾਨ ਰਾਜ ਦੇ ਕਹਿਰ ਦੇ ਦਗਦੇ ਸੂਰਜ ਦੀ ਦੁਪਹਿਰ ਵਿੱਚ ਸੂਰਦਾਸ (ਜਨਮ ੧੪੮੩ ਈ: ਅਤੇ ਤੁਲਸੀ ਦਾਸ ੧੫੩੪ ਤੋਂ ੧੬੨੩ ਈ:) ਮਣਾਂ ਮੂੰਹੀ ਕਵਿਤਾ ਰੱਚਦੇ ਰਹੇ, ਪ੍ਰੰਤੂ ਉਨ੍ਹਾਂ ਨੇ ਆਪਣੀ ਸੱਭਿਅਤਾ ਅਤੇ ਧਰਮ ਦੇ ਸਿਰ ਉੱਤੇ ਜੁੱਤੀ ਦੀ ਅੱਡੀ ਰੱਖ ਕੇ ਯਵਨਾਂ ਵਿਰੁੱਧ ਇਕ ਸ਼ਬਦ ਵੀ ਨਾਂ ਲਿਖਿਆ "ਖਤ੍ਰੀਆਂ ਤਾ ਧਰਮ ਛੋਡਿਆ ਮਲੇਛ ਭਾਖਿਆ ਗਹੀ" ਦੀ ਹੂਕ ਮੱਧ ਕਾਲ ਦੇ ਸਾਰੇ ਬ੍ਰਜਭਾਸ਼ੀ ਸਾਹਿਤ ਵਿੱਚ ਸੁਣਨ ਨੂੰ ਨਹੀਂ ਮਿਲਦੀ ਅਤੇ ਨਾ ਹੀ ਗਊ ਬ੍ਰਾਹਮਣ ਕਉ ਕਰੁ ਲਾਵਹੁ ਗੌਬਰਿ ਤਰਣ ਨਾ ਜਾਈ" ਦੀ ਪੁਕਾਰ। ਬਲਕਿ ਗੁਲਾਮੀ ਦੇ ਸੰਗਲਾਂ ਨੂੰ ਚਾਅ ਨਾਲ ਚੁੰਮ ਕੇ ਗੱਲ ਪਾਉਣ ਦੀ ਚਾਹ ਕਈ ਲਿਖਤਾਂ ਤੋਂ ਪ੍ਰਗਟਹੁੰਦੀ ਹੈ।    
  ਸੂਨਯ ਪੁਰਾਣ ਦਾ ਕਰਤਾ ਬੰਗਾਲ ਦਾ ਰਮਾਈ ਪੰਡਿਤ ਲਿਖਦਾ ਹੈ "ਧਰਮ ਰਖ਼ਸ਼ਕ ਦੇਵਤਿਆਂ ਨੇ ਧਰਮ ਦੀ ਰਖਸ਼ਾ ਲਈ ਰੂਪ ਬਦਲਿਆ। ਬ੍ਰਹਮਾ, ਮੁਹੰਮਦ ਹੋ ਗਏ, ਵਿਸ਼ਨੂੰ ਪੈਗੰਬਰ ਹੋ ਗਏ, ਮਹਾਂਦੇਵ, ਆਦਮ ਹੋ ਗਏ, ਗਣੇਸ਼, ਗਾਜੀ ਹੋ ਗਏ, ਕਾਰਤਿਕ, ਕਾਜ਼ੀ ਤੇ ਰਿਸ਼ੀਗਣ, ਫਕੀਰ ਬਣ ਗਏ: ਨਾਰਦ ਵੇਸ਼ ਬਦਲ ਕੇ ਸ਼ੈਖ ਬਣੇ, ਇੰਦਰ ਦੇਵਤਾ ਮੌਲਾਣਾ ਬਣ ਗਿਆ ਅਤੇ ਚੰਡਿਕਾ, ਹਾਯਾ ਬੀਬੀ ਬਣ ਗਈ। ਸਭ ਦੇਵਗਣ ਮੁਸਲਮਾਨ ਭੇਸ ਬਦਲ ਕੇ ਆਏ"। ਇਸ ਤਰ੍ਹਾਂ "ਧਰਮ ਦੇ ਪਾਂਵ ਪਕੜ ਕਰ ਰਮਾਈ ਪੰਡਤ ਗਾਤੇ ਹੈਂ"। ਕਰਨੀ ਦੇ ਮੈਦਾਨ ਵਿੱਚ ਇਹ ਇਤਿਹਾਸਕ ਘਟਨਾ ਚਿਤਰਣ ਨਾਲ ਵੀ ਉਸ ਵੇਲੇ ਦੇ ਹਿੰਦੋਸਤਾਨ ਦੇ ਲੋਕਾਂ ਦੀ ਮਨੋਬਿਰਤੀ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਜਦੋਂ ਬੰਗਾਲ ਵਿੱਚ ਇਸਲਾਮੀ ਰਾਜ ਦੀ ਸਥਾਪਨਾ ਬਖ਼ਤਿਆਰ ਖਿਲਜੀ ਨੇ ਕੇਵਲ ਸਤਾਰਾਂ ਸਿਪਾਹੀਆਂ ਨਾਲ ਹਿੰਦੂ ਸੇਨ ਰਾਜੇ ਨੂੰ ਤਖ਼ਤੋਂ ਲਾਹ ਕੇ ਕੀਤੀ ਸੀ। ਸਿੱਖ ਧਰਮ, ਨਾਨਕ ਨਿਰਮਲ ਪੰਥ ਤੇ ਬਾਬਰ ਦਾ ਮੁਗਲ ਰਾਜ ਇਕੋ ਵਕਤ ਵਿੱਚ ਸ਼ੁਰੂ ਹੋਏ। ਇਸ ਸਮੇਂ ਨੂੰ ਇਤਿਹਾਸ ਨੇ ਬਾਬੇ ਕੇ ਤੇ ਬਾਬਰ ਕੇ ਦਾ ਨਾਂਅ ਦਿੱਤਾ ਹੈ। ਬਾਬੇਕਿਆਂ ਦੇ ਦੱਸਵੇਂ ਨਾਨਕ ਨੇ ਜਫਰਨਾਮਾ (ਜਿੱਤ ਦੀ ਚਿੱਠੀ) ਲਿਖਿਆ ਅਤੇ ਬਾਬਰਕਿਆਂ ਦਾ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਸ਼ਿਕਸ਼ਤਨਾਮਾ (ਹਾਰ ਮੰਨ ਲੈਣੀ) ਲਿਖ ਕੇ ੧੭੦੭ ਈ: ਵਿੱਚ ਮਰ ਗਿਆ। ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਨੇ ੧੭੦੮ ਈ: ਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ 'ਤੇ ਸੁਭਾਇਮਾਨ ਕਰਕੇ ਬਚਨ ਕੀਤਾ ਸਾਡੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ, ਗੁਰੂ ਪੰਥ ਦੇ ਸੰਵਿਧਾਨ ਤਹਿਤ ਕਲਗੀਧਰ ਦਸ਼ਮੇਸ਼ ਪਿਤਾ ਨੇ ਗੁਰੂ ਨਾਨਕ ਦੀ ਨਾਦੀ ਸੰਤਾਨ ਖਾਲਸਾ ਪੰਥ ਦਾ ਪਹਿਲਾ ਜਰਨੈਲ ਅੰਮ੍ਰਿਤਧਾਰੀ ਸਿੰਘ ਬੰਦਾ ਸਿੰਘ ਬਹਾਦਰ ਨੂੰ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਨਗਾਰਾ, ਨਿਸ਼ਾਨ, ਪੰਜ ਤੀਰ, ਤੇ ੨੫ ਸਿੰਘਾਂ ਦਾ ਜਥਾ ਦੇ ਕੇ ਖਾਲਸਾ ਰਾਜ ਦੀ ਸਥਾਪਨਾ ਵਾਸਤੇ ਪੰਜਾਬ ਨੂੰ ਤੋਰ ਦਿੱਤਾ। ਮਈ ੧੭੧੦ ਨੂੰ ਬੰਦਾ ਸਿੰਘ ਬਹਾਦਰ ਨੇ ੨੮ ਪਰਗਣਿਆਂ ਵਾਲੇ ਸੂਬੇ ਦੇ ਸੂਬੇ ਸਰਹੰਦ ਵਜੀਦਖਾਨ ਨੂੰ ਮਾਰ ਕੇ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ।
  ਜਿਸ ਸ਼ਹਿਰ ਸਰਹੰਦ ਵਿੱਚ ਦਸ਼ਮੇਸ਼ ਪਿਤਾ ਦੇ ਛੋਟੇ ਦੋ ਸਾਹਿਬਜ਼ਾਦੇ ਸਾਹਿਬ ਜ਼ੋਰਾਵਰ ਸਿੰਘ ਤੇ ਸਾਹਿਬ ਫਤਹਿ ਸਿੰਘ ਜੀ ਨਿਰਦੋਸ਼ ਸ਼ਹੀਦ ਕੀਤੇ ਗਏ ਸਨ, ਉਸੇ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪਵਿੱਤਰ ਹੱਥਾਂ ਨਾਲ 'ਸਿੱਖ ਰਾਜ' ਦੀ ਨੀਂਹ ਰੱਖੀ, ਜਿਥੇ ਛੋਟੇ ਸਾਹਿਬਜ਼ਾਦਿਆਂ ਦਾ ਸੁੱਚਾ ਖੂਨ ਡੁੱਲਿਆ ਸੀ ਉਸੇ ਥਾਂ 'ਤੇ 'ਖਾਲਸਾ ਰਾਜ' ਦਾ ਉੱਚਾ ਨਿਸ਼ਾਨ ਝੁਲਾਇਆ ਗਿਆ। 'ਸਰਕਾਰ' ਸਰਹਿੰਦ ਵਿੱਚ 'ਸਿੱਖ ਰਾਜ' ਦੀ ਕਾਇਮੀ ਦਾ ਐਲਾਨ ਕੀਤਾ ਗਿਆ ਤੇ ਸ: ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਗਿਆ। ਹੁਣ ਗੁਰੂ ਨਾਨਕ ਦੀ ਨਾਦੀ ਸੰਤਾਨ ਖਾਲਸਾ ਪੰਥ (ਸਿੱਖ ਕੌਮ) ਕੋਲ ਮੁਲਕ ਆਪਣਾ, ਰਾਜਧਾਨੀ ਆਪਣੀ, ਦਸ਼ਮੇਸ਼ ਪਿਤਾ ਦਾ ਬਖਸ਼ਿਆ ਕੌਮੀ ਨਿਸ਼ਾਨ (ਝੰਡਾ) ਆਪਣਾ, ਫੌਜ ਆਪਣੀ, ਬਾਦਸ਼ਾਹ ਆਪਣਾ, ਸਿੱਕਾ ਤੇ ਮੋਹਰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਆਪਣੀ। ਹੁਣ ਉਸ ਨੇ ਸਦੀਵੀ ਪੱਕੀ ਨਿਸ਼ਾਨੀ ਗੁਰੂਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਉਂ 'ਤੇ ਸਿੱਕਾ ਵੀ ਜਾਰੀ ਕਰ ਦਿੱਤਾ, ਜਿਸ ਉੱਤੇ ਵੇਲੇ ਦੇ ਰਿਵਾਜ ਅਨੁਸਾਰ ਇਨ੍ਹਾਂ ਫਾਰਸੀ ਸ਼ਬਦਾਂ ਦਾ ਠੱਪਾ ਲਾਇਆ ਗਿਆ।
 ਸਿੱਕਾ ਜਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਸਾਹਿਬ ਅਸਤ । ਫਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫਸਲਿ ਸੱਚਾ ਸਾਹਿਬ ਅਸਤ ।
ਅਰਥਾਤ: ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖਸ਼ਾਂ ਬਖਸ਼ੀਆਂ ਨਾਨਕ ਦੀ ਤੌਰ ਨੇ ਜੀ।
ਫਤਿਹ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।
 ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ:ਜਰਖ ਖ-ਆਮਨੁ-ਦਹਿਬ, ਮੁਸੱਵਥਨ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ। ਅਰਥਾਤ: ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤੀ, ਧੰਨਭਾਗੀ ਰਾਜਧਾਨੀ ਤ੍ਰੈ।
 ਇਹ ਸਨ ਸ਼ਬਦ ਜੋ ਲੋਹਗੜ੍ਹ ਦੀ ਉਸਤਤਿ ਵਿੱਚ ਵਰਤੇ ਗਏ ਸਨ। ਇਸ ਤੋਂ ਬਾਅਦ ਉਸ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼ਾਂ, ਸਨਦਾਂ, ਪਰਗਨਿਆਂ ਆਦਿ ਲਈ ਮੋਹਰ ਬਣਵਾਈ ਜਿਸ ਦੇ ਇਹ ਸ਼ਬਦ ਸਨ: ਅਜ਼ਮਤਿ ਨਾਨਕ ਗੁਰੂ ਹਮ ਜਾਹਿਰੇ ਹਮ ਬਾਤਨ ਅਸਤ । ਪਾਦਸ਼ਾਹਿ ਦੀਨੋ ਦੁਨੀਆ ਆਪ ਸੱਚਾ ਸਾਹਬ ਅਸਤ । ਅਰਥਾਤ: ਗੁਰੂ ਨਾਨਕ ਦੀ ਵਡਿਆਈ ਹੈ ਬਾਹਰ ਅੰਦਰ ਸਾਰੇ। ਦੀਨ ਦੁਨੀ ਦਾ ਵਾਲੀ ਹੈ ਉਹ ਆਪੇ ਰੱਬ ਸੱਚਾ ਹੇ।
  ਇਸ ਨੂੰ ਬਦਲ ਕੇ ਬਾਅਦ ਵਿੱਚ ਇਸ ਤਰ੍ਹਾਂ ਕਰ ਦਿੱਤਾ ਗਿਆ ਅਤੇ ਜਿਥੇ ਕਿਧਰੇ ਵੀ ਬੰਦਾ ਸਿੰਘ ਦੀਆਂ ਮੋਹਰਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਦੇ ਇਹ ਹੀ ਸ਼ਬਦ ਹਨ:
ਦੇਗੋ ਤੇਗੋ ਫ਼ਤਿਹ ਓ ਨੁਸਰਤਿ ਬੇ-ਦਰੰਗ ॥ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ
 (ਨੋਟ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ, ਆਦੇਸ਼ਾਂ, ਸੰਦੇਸ਼ਾਂ 'ਤੇ ਅੱਜ ਵੀ ਇਹੀ ਮੋਹਰ ਲੱਗਦੀ ਹੈ)
  "ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਸਮੇਂ-ਸਮੇਂ ਗੁਰੂ ਘਰ ਦੇ ਵਿਰੋਧੀਆਂ, ਸਮਾਜਿਕ, ਰਾਜਸੀ ਬੇ-ਇਨਸਾਫੀਆਂ, ਜ਼ਬਰ-ਜੁਲਮ ਦੇ ਖਿਲਾਫ ਤੇ ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ ਤੇ ਨਾਨਕ ਸ਼ਾਹੀ ਸਿੱਖੀ ਦੇ ਪ੍ਰਚਾਰ-ਪ੍ਰਸਾਰ ਹਿੱਤ ਸਿੱਖ ਹਿੱਤਕਾਰੀ ਲਹਿਰਾਂ ਉੱਠਦੀਆਂ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ, 'ਨਾਨਕ ਨਿਰਮਲ ਪੰਥ' ਦੀ ਨਿਰਮਲ ਖਾਲਸਾਈ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਪੜਾਅ ਹੈ ਸਿੱਖ ਧਰਮ ਦੇ ਵਿਕਾਸ ਅਤੇ ਸਥਾਪਤੀ ਲਈ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੇ ਮੀਲ-ਪੱਥਰ ਦਾ ਕਾਰਜ ਕੀਤਾ ਹੈ"।
  ਤਖ਼ਤ ਦਾ ਅਰਥ ਹੈ "ਰਾਜ ਸਿੰਘਾਸਨ ਜਿਥੋਂ ਰਾਜ ਸ਼ਾਸ਼ਨ, ਪ੍ਰਸਾਰ ਤੇ ਨਿਰਮਤ ਕੀਤਾ ਜਾਵੇ ਇਨ੍ਹਾਂ ਅਰਥਾਂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ "ਤਖਤ ਬਹੈ ਤਖਤੈ ਕੀ ਲਾਇਕ" (ਗੁਰੂ ਗ੍ਰੰਥ ਸਾਹਿਬ ਪੰਨਾ ੧੦੩੯) ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਦੇ ਸਨਮੁੱਖ ਦੁਨਿਆਵੀ ਅਜ਼ਾਦੀ ਦੇ ਚਿੰਨ ਦੇ ਤੌਰ 'ਤੇ ਅਕਾਲ ਤਖ਼ਤ ਤਾਮੀਰ ਕੀਤਾ। ਇਸ ਨਾਲ ਮੀਰੀ-ਪੀਰੀ ਦਾ ਸੰਕਲਪ ਮੁਕੰਮਲ ਹੋ ਗਿਆ। ਦੁਨਿਆਵੀ ਤਾਕਤ ਦਾ ਰੂਹਾਨੀ ਤਾਕਤ ਨਾਲ ਸੁਮੇਲ ਹੋ ਗਿਆ ਅਰਥਾਤ ਜਦੋਂ ਹਰਿਗੋਬਿੰਦ ਸਾਹਿਬ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਹੁੰਦੇ ਤਾਂ ਧਾਰਮਿਕ ਗੁਰੂ ਸਨ ਤੇ ਜਦੋਂ 'ਤਖ਼ਤ' 'ਤੇ ਸੁਭਾਇਮਾਨ ਹੁੰਦੇ ਸਨ ਤਾਂ ਉਹ ਬਾਦਸ਼ਾਹ ਸਨ।
  ਇਨ੍ਹਾਂ ਦਿਨਾਂ ਵਿੱਚ ਇਕ ਸਿੱਖ ਵਿਰੋਧੀ ਹੱਥ ਠੋਕੇ ਅਖੌਤੀ ਇਤਿਹਾਸਕਾਰ ਨੇ ਪ੍ਰਚਾਰਨਾ ਸ਼ੁਰੂ ਕੀਤਾ ਹੈ ਕਿ 'ਗੁਰੂ ਹਰਿਗੋਬਿੰਦ ਸਾਹਿਬ ਨੇ ਕੋਈ ਤਖ਼ਤ ਨਹੀਂ ਬਣਾਇਆ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ ਗੁਰੂ ਹਰਿਗੋਬਿੰਦ ਸਾਹਿਬ ਦਾ ਆਪਣੇ ਹੱਥੀਂ ਨਿੱਕੀ ਇੱਟ ਦਾ ਉਸਾਰਿਆ ਹੋਇਆ 'ਤਖ਼ਤ' ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਵੀ ਮੌਜੂਦ ਹੈ। ੧੭੮੩ ਵਿੱਚ ਖਾਲਸਾ ਪੰਥ ਨੇ ਜਦੋਂ ਦਿੱਲੀ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਝੁਲਾਇਆ ਸੀ ਤਾਂ ਖਾਲਸੇ ਨੇ ਦਿੱਲੀ ਦਾ ਤਖ਼ਤ, ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਦੇ ਪੈਰਾਂ ਵਿੱਚ ਲਿਆ ਸੁਟਿਆ ਸੀ ।
  ਸੁਤੰਤਰਤਾ ਦੀ ਜੋ ਚੰਗਿਆੜੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਨੇ ਸੁਲਗਾਈ ਸੀ ਅਤੇ ਜਿਸ ਨੂੰ ਬੰਦਾ ਸਿੰਘ ਬਹਾਦਰ ਨੇ ਹਵਾ ਝੱਲੀ ਸੀ, ਬੁਝਾਈ ਨਾ ਜਾ ਸਕੀ ਬਲਕਿ ਚਾਲੀ ਵਰ੍ਹਿਆਂ ਪਿੱਛੋਂ ਉਹ ਭਾਂਬੜ ਵਾਂਗ ਮੱਚ ਉੱਠੀ ਅਤੇ ਪੰਜਾਬ ਨੂੰ ਮੁਗਲਾਂ ਤੇ ਅਫਗਾਨਾਂ ਤੋਂ ਅਜ਼ਾਦ ਕਰਵਾ ਕੇ ਹੀ ਠੰਡੀ ਹੋਈ। ੧੭੯੯ ਨੂੰ ਲਾਹੌਰ ਦੇ ਤਖ਼ਤ 'ਤੇ ਸਿੱਖ ਕੌਮ ਤੇ ਸਿੱਖ ਰਾਜ ਦਾ ਪਰੰਚਮ ਝੁਲਾ ਦਿੱਤਾ ਗਿਆ ਅਤੇ ਸਿੱਖ ਰਾਜ ਵੇਲੇ 'ਰਾਜਸੀ ਨਾਨਕ ਸ਼ਾਹੀ ਸਿੱਕਾ' ਨਾਨਕ ਦੇ ਨਾਂਅ ਦਾ ਹੀ ਚੱਲਿਆ। ਅਰਥਾਤ "ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ" (ਵਾਰ ਰਾਮਕਲੀ ਪੰਨਾ ੯੬੬)
  ਗੁਰੂ ਨਾਨਕ ਨੇ ਨਾ ਕੇਵਲ ਇਕ ਰਾਜਸੀ ਕੌਮ ਦੀ ਸਿਰਜਨਾ ਕੀਤੀ, ਸਗੋਂ ਇਸ ਤੋਂ ਅਜੋਕੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਬਦ ਪੰਜਾਬ ਇਕ ਅੱਡਰੇ ਰਾਜਸੀ ਖੇਤਰ ਦੇ ਨਾਂ ਨਾਲ ਉਭਰਿਆ ਹੈ। ਗੁਰੂ ਨਾਨਕ ਤੋਂ ਪਹਿਲਾਂ ਪੰਜਾਬ ਦੇ ਸ਼ਬਦ ਦਾ ਜ਼ਿਕਰ ਸੰਸਾਰ ਦੇ ਕਿਸੇ ਲਿਖਤੀ ਰਿਕਾਰਡ ਵਿੱਚ ਨਹੀਂ ਆਉਂਦਾ। ਇਹ ਪੰਜਾਬ ਗੁਰੁ ਗੋਬਿੰਦ ਸਿੰਘ ਤੋਂ ਸੌ ਕੁ ਸਾਲ ਬਾਅਦ ਆਪਣੀਆਂ ਸਿਆਸੀ ਸਰਹੱਦਾਂ ਰਾਹੀਂ ਪਿਸ਼ਾਵਰ ਤੋਂ ਪਾਨੀਪਤ ਅਤੇ ਗਿਲਗਿਤ ਤੋਂ ਸਪਿਤੀ ਤੱਕ ਫੈਲਿਆ। ਇਸ ਦੇ ਨਾਲ ਇਕ ਨਵੀਂ ਤੇ ਮੁਕੰਮਲ ਬੋਲੀ ਪੰਜਾਬੀ ਨੇ ਇਕ ਸਾਹਿਤਕ ਦਰਜਾ ਪ੍ਰਾਪਤ ਕੀਤਾ ਜੋ ਕਿ ਕਲਾਤਮਕ ਨਿਪੁੰਨਤਾ ਅਤੇ ਸ਼ਬਦ ਕੋਸ਼ ਦੇ ਸੋਮਿਆਂ ਕਾਰਨ ਹੋਰ ਇੰਡੋ ਆਰੀਅਨ ਭਾਸ਼ਾਵਾਂ ਵਿੱਚੋਂ ਸਭ ਤੋਂ ਅਮੀਰ ਹੈ। ਭਾਰਤ ਦੇ ਲਿਖਤੀ ਇਤਿਹਾਸ ਵਿੱਚ ਪਹਿਲੀ ਵਾਰ ਕੁਦਰਤੀ ਹਮਲਿਆਂ ਤੇ ਬਾਹਰੋਂ ਆਉਣ ਵਾਲਿਆਂ ਦਾ ਰੁੱਖ ਉੱਤਰ ਪੱਛਮ ਤੋਂ ਦੱਖਣ ਪੂਰਬ ਦੀ ਥਾਂ ਦੱਖਣ ਪੂਰਬ ਤੋਂ ਉੱਤਰ-ਪੱਛਮ ਵੱਲ ਮੋੜ ਦਿੱਤਾ ਗਿਆ ਅਤੇ ਉਨੀਵੀਂ ਸਦੀ ਵਿੱਚ ਕਾਬੁਲ ਤੇ ਗਜਨੀ ਦੀਆਂ ਗਲੀਆਂ ਵਿੱਚ ਇਸ ਤਬਦੀਲੀ ਦੇ ਸਬੂਤ ਵਜੋਂ ਸਤਿ ਸ੍ਰੀ ਅਕਾਲ ਦੇ ਜੰਗੀ ਜੈਕਾਰੇ ਗੂੰਜਦੇ ਸੁਣੇ ਗਏ ਅਤੇ ਮਹਿਮੂਦ ਗਜ਼ਨਵੀ ੧੧ਵੀਂ ਸਦੀ ਵਿੱਚ ਜੋ ਸੋਮਨਾਥ ਦੇ ਮੰਦਿਰ ਦੇ ਸੰਦਲ ਦੀ ਲਕੜੀ ਦੇ ਜੋ ਦਰਵਾਜ਼ੇ ਪੁੱਟ ਕੇ ਲੈ ਗਿਆ ਸੀ ਉਹ ੧੮੪੬ ਵਿੱਚ ਗਜ਼ਨੀ ਤੋਂ ਲਿਆ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਉੜੀ ਨੂੰ ਲਾ ਦਿੱਤੇ। ਇਹ ਵੀ ਦੱਸਣ ਯੋਗ ਹੈ ਕਿ ਹਾਲ ਹੀ ਵਿੱਚ ਬੀ ਬੀ ਸੀ ਵੱਲੋਂ ਕਰਵਾਏ ਸਰਵੇ ਦੇ ਅਨੁਸਾਰ ਸਰਕਾਰ-ਏ-ਖਾਲਸਾ ਦਾ ਸੰਚਾਲਕ ਰਣਜੀਤ ਸਿੰਘ ਏਸ਼ੀਆ ਦਾ ਸਭ ਤੋਂ ਵਧੀਆ ਸ਼ਾਸਕ (ਰੂਲਰ) ਮੰਨਿਆ ਗਿਆ ਹੈ ।

(ਨੋਟ-ਇਸ ਲੇਖ ਲਈ ਹਵਾਲਾ ਪੁਸਤਕਾਂ: ਸਿੰਘ ਨਾਦ-ਸ: ਗੁਰਤੇਜ ਸਿੰਘ-ਗੁਰੂ ਗੋਬਿੰਦ ਸਿੰਘ ਜੀ ਵੈਸਾਖੀ-ਤੇ ਰਾਜ ਕਰੇਗਾ ਖਾਲਸਾ-ਸਿਰਦਾਰ ਕਪੂਰ ਸਿੰਘ-ਬੰਦਾ ਸਿੰਘ ਬਹਾਦਰ' ਲੇਖਕ ਡਾ: ਗੰਡਾ ਸਿੰਘ ਹੁਕਮਨਾਮੇ, ਆਦੇਸ਼, ਸੰਦੇਸ਼, ਸ੍ਰੀ ਅਕਾਲ ਤਖ਼ਤ ਸਾਹਿਬ-ਰੂਪ ਸਿੰਘ-ਸਿੱਖ ਰਾਜ ਕਿਵੇਂ ਬਣਿਆ-ਗਿ: ਸੋਹਣ ਸਿੰਘ 'ਸੀਤਲ')

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ