image caption:

ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੰਡਨ 'ਚ ਫਸੇ ਵਿਦਿਆਰਥੀਆਂ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ 'ਚ ਲਈ ਸ਼ਰਨ

ਲੰਡਨ- 19 ਭਾਰਤੀ ਵਿਦਿਆਰਥੀਆਂ ਦੇ ਇਕ ਸਮੂਹ ਨੇ ਸ਼ਨਿਚਰਵਾਰ ਨੂੰ ਰਾਤ ਭਰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ 'ਚ ਸ਼ਰਨ ਲਈ। ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹਵਾਈ ਯਾਤਰਾ 'ਤੇ ਪਾਬੰਦੀਆਂ ਦੇ ਬਾਵਜੂਦ ਇਹ ਲੋਕ ਖ਼ੁਦ ਨੂੰ ਜਹਾਜ਼ ਰਾਹੀਂ ਭਾਰਤ ਭੇਜੇ ਜਾਣ ਦੀ ਮੰਗ ਕਰ ਰਹੇ ਸਨ।
ਇਨ੍ਹਾਂ ਵਿਚੋਂ ਜ਼ਿਆਦਾਤਰ ਤੇਲੰਗਾਨਾ ਦੇ ਵਿਦਿਆਰਥੀ ਹਨ। ਇਨ੍ਹਾਂ ਲੋਕਾਂ ਨੇ ਲੰਡਨ ਦੇ ਭਾਰਤੀ ਪਰਵਾਸੀ ਸਮੂਹਾਂ ਦੀ ਮਦਦ ਨਾਲ ਚੱਲ ਰਹੇ ਬਦਲਵੇਂ ਆਵਾਸ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਦਰਅਸਲ ਭਾਰਤ ਸਰਕਾਰ ਨੇ 31 ਮਾਰਚ ਤਕ ਬਿ੍ਟੇਨ ਅਤੇ ਯੂਰਪ ਤੋਂ ਕਿਸੇ ਵੀ ਉਡਾਣ 'ਤੇ ਪਾਬੰਦੀ ਲਗਾ ਰੱਖੀ ਹੈ।
ਭਾਰਤੀਆਂ ਦੀ ਮਦਦ ਕਰਨ ਵਾਲੇ ਇਕ ਸਮੂਹ ਦੇ ਆਗੂ ਨੇ ਕਿਹਾ ਕਿ ਭਾਰਤੀ ਭਾਈਚਾਰੇ ਨੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਸ਼ੁਰੂ 'ਚ ਇਹ 59 ਵਿਦਿਆਰਥੀਆਂ ਦਾ ਇਕ ਸਮੂਹ ਸੀ। ਇਨ੍ਹਾਂ ਵਿੱਚੋਂ 40 ਨੇ ਬਦਲਵੇਂ ਆਵਾਸ 'ਚ ਰਹਿਣਾ ਮਨਜ਼ੂਰ ਕਰ ਲਿਆ ਪ੍ਰੰਤੂ ਬਾਕੀ 19 ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਦਰਅਸਲ ਕਈ ਸਮੂਹ ਭਾਰਤੀ ਹਾਈ ਕਮਿਸ਼ਨ ਨਾਲ ਮਿਲ ਕੇ ਸੰਕਟ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਮਦਦ ਕਰ ਰਹੇ ਹਨ।
ਬਿ੍ਟੇਨ ਵਿਚ ਈਸਟਰ ਦੀਆਂ ਛੁੱਟੀਆਂ ਦੌਰਾਨ ਕਈ ਭਾਰਤੀ ਵਿਦਿਆਰਥੀਆਂ ਨੇ ਦੇਸ਼ ਪਰਤਣ ਦੀ ਤਿਆਰੀ ਕਰ ਰੱਖੀ ਸੀ। ਕਈਆਂ ਨੇ ਇਸ ਮਹੀਨੇ ਦੇ ਅੰਤ ਵਿਚ ਭਾਰਤ ਲਈ ਉਡਾਣਾਂ ਬੁੱਕ ਕੀਤੀਆਂ ਸਨ। ਹਾਲਾਂਕਿ, ਭਾਰਤ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਯਾਤਰਾ ਸਬੰਧੀ ਤਾਜ਼ਾ ਐਡਵਾਈਜ਼ਰੀ ਜਾਰੀ ਕੀਤੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ 18 ਮਾਰਚ ਦੀ ਅੱਧੀ ਰਾਤ ਤੋਂ 31 ਮਾਰਚ ਤਕ ਕਿਸੇ ਵੀ ਯਾਤਰੀ ਨੂੰ ਭਾਰਤ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸਮੂਹ ਦੇ ਆਗੂ ਨੇ ਦੱਸਿਆ ਕਿ ਫਿਲਹਾਲ ਕੋਈ ਉਡਾਣ ਨਹੀਂ ਹੈ। ਇਸ ਸਮੇਂ ਅਸੀਂ ਕਿਸੇ ਦੀ ਜਾਨ ਖ਼ਤਰੇ 'ਚ ਨਹੀਂ ਪਾ ਸਕਦੇ। ਮਨੁੱਖੀ ਆਧਾਰ 'ਤੇ ਇਨ੍ਹਾਂ ਵਿਦਿਆਰਥੀਆਂ ਨੂੰ ਹਾਈ ਕਮਿਸ਼ਨ ਦੇ ਭਵਨ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ। ਭੋਜਨ, ਪਾਣੀ ਅਤੇ ਅਸਥਾਈ ਆਸਰਾ ਵੀ ਦਿੱਤਾ ਗਿਆ ਪ੍ਰੰਤੂ ਹੁਣ ਉਹ ਆਪਣੇ ਬੈਗ ਅਤੇ ਸਾਮਾਨ ਦੇ ਨਾਲ ਉੱਥੇ ਡੇਰਾ ਪਾ ਕੇ ਬੈਠ ਗਏ ਹਨ। ਉਨ੍ਹਾਂ ਦੱਸਿਆ ਕਿ ਮੱਧ ਲੰਡਨ ਦੇ ਐਲਡਵਿਚ ਇਲਾਕੇ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਭਵਨ ਦੇ ਅੰਦਰ ਜਿੱਥੇ ਵੀਜ਼ਾ ਅਤੇ ਕੌਂਸਲਰ ਸੈਕਸ਼ਨ ਹੈ ਉੱਥੇ ਵਿਦਿਆਰਥੀਆਂ ਨੂੰ ਕੁਆਰੰਟਾਈਨ ਦੀ ਸਥਿਤੀ 'ਚ ਰੱਖਿਆ ਗਿਆ ਹੈ।
ਬਿ੍ਟੇਨ 'ਚ ਸ਼ਨਿਚਰਵਾਰ ਤੋਂ ਪੂਰੀ ਤਰ੍ਹਾਂ ਲਾਕਡਾਊਨ ਹੋਣ ਕਾਰਨ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਯੂਨੀਵਰਸਿਟੀਆਂ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਹਾਲਤ ਨੂੰ ਲੈ ਕੇ ਚਿੰਤਤ ਹਨ। ਕੈਂਪਸ ਬੰਦ ਹੋਣ ਨਾਲ ਇਨ੍ਹਾਂ ਵਿਦਿਆਰਥੀਆਂ ਕੋਲ ਕਿਤੇ ਸੁਰੱਖਿਅਤ ਰਹਿਣ ਦਾ ਟਿਕਾਣਾ ਨਹੀਂ ਹੈ।