image caption:

ਸਕਿਓਰਿਟੀ ਗਾਰਡ ਦੀ ਸਾਥੀ ਨਾਲ ਹੋਈ ਬਹਿਸ, ਡੰਡੇ ਨਾਲ ਕੁੱਟ-ਕੁੱਟ ਕਰ ਦਿੱਤਾ ਕਤਲ

 ਲੁਧਿਆਣਾ ਦੇ ਸ਼ਿਮਲਾਪੁਰੀ ਏਰੀਆ ਵਿੱਚ ਇੱਕ ਕੋਰੀਅਰ ਦਫਤਰ ਦੇ ਸਕਿਓਰਿਟੀ ਗਾਰਡ ਨੇ ਦੂਸਰੇ ਗਾਰਡ ਦੀ ਡੰਡੇ ਨਾਲ ਕੁੱਟ- ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਦੋਸ਼ੀ ਤੋਂ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਫੜ੍ਹਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਮਹਾਵੀਰ ਸ਼ਰਮਾ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਇੱਥੇ ਗਿੱਲ ਰੋਡ &lsquoਤੇ ਇੱਕ ਕੋਰੀਅਰ ਦਫ਼ਤਰ ਵਿੱਚ ਨੌਕਰੀ ਕਰਦਾ ਸੀ। ਦਿਨ ਦੇ ਸਮੇਂ ਉਹ ਸਾਥੀ ਕੁਲਵਿੰਦਰ ਸਿੰਘ ਦੇ ਨਾਲ ਡਿਊਟੀ ਕਰਦਾ ਸੀ ਅਤੇ ਰਾਤ ਨੂੰ ਨਵੀਨ ਨਾਮ ਦੇ ਨੌਜਵਾਨ ਨਾਲ ਡਿਊਟੀ ਕਰਦਾ ਸੀ। ਉਹ ਸਾਰੇ ਦਫ਼ਤਰ ਦੇ ਹੀ ਉੱਪਰ ਬਣੇ ਕਮਰੇ ਵਿੱਚ ਰਹਿੰਦੇ ਸਨ। ਸੋਮਵਾਰ ਨੂੰ ਵੀ ਕੁਲਵਿੰਦਰ ਸਿੰਘ ਅਤੇ ਮਹਾਵੀਰ ਸ਼ਰਮਾ ਨੇ ਰਾਤ ਨੂੰ ਸ਼ਰਾਬ ਪੀਤੀ ਹੋਈ ਸੀ ਅਤੇ ਇਸੇ ਦੌਰਾਨ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।

ਇਸੇ ਬਹਿਸ ਦੇ ਚੱਲਦਿਆਂ ਕੁਲਵਿੰਦਰ ਨੇ ਮਹਾਂਵੀਰ &lsquoਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਹ ਖੁਦ ਫਰਾਰ ਹੋ ਗਿਆ। ਸਵੇਰੇ ਜਦੋਂ ਨਵੀਨ ਉੱਪਰ ਬਣੇ ਕਮਰੇ ਵਿੱਚ ਗਿਆ ਤਾਂ ਮਹਾਵੀਰ ਦੀ ਲਾਸ਼ ਖੂਨ ਨਾਲ ਭਰੀ ਉਥੇ ਪਈ ਸੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸ਼ਿਮਲਾਪੁਰੀ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਿਮਲਾਪੁਰੀ ਇੰਚਾਰਜ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਫਿਲਹਾਲ ਫਰਾਰ ਹੋ ਗਿਆ ਹੈ ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।