image caption:

ਸਬਜ਼ੀ ਤੇ ਬਾਕੀ ਚੀਜ਼ਾਂ ਲਈ ਕਰਫਿਊ ਵਿਚ ਦਿੱਤੀ ਜਾਵੇਗੀ ਢਿੱਲ

ਫਿਰੋਜ਼ਪੁਰ ਵਿਚ ਸੋਮਵਾਰ ਤੋਂ ਲੱਗੇ ਕਰਫਿਊ ਵਿਚ ਮੰਗਲਵਾਰ ਨੂੰ ਵੀ ਛੋਟ ਨਹੀਂ ਦਿੱਤੀ ਗਈ। ਲੋਕ ਦੁੱਧ ਅਤੇ ਸਬਜ਼ੀ ਲਈ ਤਰਸਦੇ ਰਹੇ। ਸਵੇਰੇ ਸ਼ਹਿਰ ਦੀ ਸਬਜ਼ੀ ਮੰਡੀ ਜਿਵੇਂ ਹੀ ਖੁੱਲ੍ਹੀ, ਉਸੇ ਸਮੇਂ ਪੁਲਿਸ ਨੇ ਉਥੇ ਪਹੁੰਚ ਕੇ ਲਾਠੀਆਂ ਵਰ੍ਹਾ ਕੇ ਮੰਡੀ ਬੰਦ ਕਰਵਾ ਦਿੱਤੀ। ਇਸ ਤੋਂ ਇਲਾਵਾ ਇਛੇਵਾਲਾ ਰੋਡ ਸਥਿਤ ਡੇਰੇ ਵਿਚ ਲੱਗੇ ਆਰ. ਓ. ਨੂੰ ਬੰਦ ਕਰ ਦਿੱਤਾ ਹੈ। ਲੋਕਾਂ ਨੂੰ ਪੀਣ ਲਈ ਪਾਣੀ ਤਕ ਨਹੀਂ ਮਿਲ ਰਿਹਾ ਹੈ। ਕਰਫਿਊ ਵਿਚ ਦੂਜੇ ਦਿਨ ਰਾਹਤ ਨਾ ਦੇਣ ਕਾਰਨ ਲੋਕ ਘਰਾਂ ਵਿਚ ਬੰਦ ਰਹੇ।
ਲੋਕਾਂ ਨੂੰ ਸਵੇਰੇ ਆਪਣੇ ਛੋਟੇ ਬੱਚਿਆਂ ਲਈ ਦੁੱਧ ਤਕ ਨਹੀਂ ਮਿਲਿਆ। ਮੰਗਲਵਾਰ ਸਵੇਰੇ ਸ਼ਹਿਰ ਦੀ ਸਬਜ਼ੀ ਮੰਡੀ ਥੋਡੇ ਸਮੇਂ ਲਈ ਖੋਲ੍ਹੀ ਗਈ ਸੀ ਕਿ ਪੁਲਿਸ ਨੇ ਉਥੇ ਪਹੁੰਚ ਕੇ ਲਾਠੀਆਂ ਵਰ੍ਹਾ ਕੇ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ। ਪਿਛਲੇ ਦੋ ਦਿਨਾਂ ਤੋਂ ਸਬਜ਼ੀ ਅਤੇ ਰਾਸ਼ਨ ਤਕ ਨਾ ਮਿਲਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀਆਂ ਵਿਚ ਵੀ ਕਰਿਆਨੇ ਦੀਆਂ ਦੁਕਾਨਾਂ ਨਹੀਂ ਖੁੱਲ੍ਹੀਆਂ। ਪੁਲਿਸ ਨੇ ਗਲੀਆਂ ਵਿਚ ਪਹੁੰਚ ਕੇ ਕਰਿਆਨੇ ਦੀਆਂ ਦੁਕਾਨਾਂ ਅਤੇ ਡੇਅਰੀ ਤਕ ਬੰਦ ਕਰਵਾ ਦਿੱਤੀ ਹੈ। ਜਲਾਲਾਬਾਦ ਵਿਚ ਕਿਸੇ ਨੇ ਸੋਸ਼ਲ ਮੀਡੀਆ ਉਤੇ ਪਾ ਦਿੱਤਾ ਕਿ ਮੰਗਲਵਾਰ ਸਵੇਰੇ 6 ਤੋਂ 9 ਵਜੇ ਤਕ ਦੁਕਾਨਾਂ ਖੁੱਲ੍ਹਣਗੀਆਂ ਜਿਸ ਕਾਰਨ ਦੁਕਾਨਾਂ ਖੁੱਲ੍ਹ ਗਈਆਂ।
ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਦੁਕਾਨਾਂ ਬੰਦ ਕਰਵਾਈਆਂ ਗਈਆਂ। ਡੀ. ਸੀ. ਫਾਜ਼ਿਲਕਾ ਨੇ ਹੁਕਮ ਦਿੱਤਾ ਕਿ ਸਵੇਰੇ 6 ਤੋਂ 8 ਵਜੇ ਤਕ ਹਾਕਰ ਅਖਬਾਰ ਵੰਡ ਸਕਦੇ ਹਨ ਅਤੇ ਦੋਧੀ ਸਵੇਰੇ 7 ਤੋਂ 10 ਵਜੇ ਤਕ ਦੁੱਧ ਵੰਡ ਸਕਦੇ ਹਨ। ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਲਈ ਸਵੇਰੇ 7 ਤੋਂ 10 ਵਜੇ ਤਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸਬਜ਼ੀ ਤੇ ਬਾਕੀ ਚੀਜ਼ਾਂ ਲਈ ਸਮੇਂ ਨੂੰ ਦੇਖ ਕੇ ਕਰਫਿਊ ਵਿਚ ਢਿੱਲ ਦਿੱਤੀ ਜਾਵੇਗੀ।